ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਮਿਥੁਨ ਦਾਅ ਦੀ ਭਾਰਤੀ ਸਿਨੇਮਾ ਦੇ ਸਿਖਰ ਤੱਕ ਪਹੁੰਚਣ ਦੀ ਆਸ-ਉਮੀਦ, ਲਗਨ ਅਤੇ ਸੁਪਨੇ ਦੇ ਸਾਕਾਰ ਹੋਣ ਦੀ ਯਾਤਰਾ ਦਾ ਜਸ਼ਨ
ਸਾਲ 2022 ਲਈ ਦਾਦਾ ਸਾਹਿਬ ਫਾਲਕੇ ਲਾਈਫਟਾਈਮ ਅਚੀਵਮੈਂਟ ਐਵਾਰਡ ਮਕਬੂਲ ਅਭਿਨੇਤਾ ਮਿਥੁਨ ਚੱਕਰਵਰਤੀ ਨੂੰ ਦਿੱਤਾ ਜਾਵੇਗਾ
ਇਸ ਅਭਿਨੇਤਾ ਦੀ ਸਿਨੇਮੈਟਿਕ ਯਾਤਰਾ ਬੇਹੱਦ ਸ਼ਾਨਦਾਰ ਅਤੇ ਪ੍ਰੇਰਨਾਦਾਇਕ ਰਹੀ ਹੈ; ਉਨ੍ਹਾਂ ਦੇ ਸਮਰਪਣ ਅਤੇ ਮਿਹਨਤ ਨੇ ਉਨ੍ਹਾਂ ਨੂੰ ਉਭਰਦੇ ਅਦਾਕਾਰਾਂ ਅਤੇ ਕਲਾਕਾਰਾਂ ਲਈ ਇੱਕ ਰੋਲ ਮਾਡਲ ਬਣਾ ਦਿੱਤਾ ਹੈ: ਸ਼੍ਰੀ ਅਸ਼ਵਿਨੀ ਵੈਸ਼ਨਵ
ਇਹ ਮਹਾਨ ਅਭਿਨੇਤਾ ਆਪਣੇ ਸਿਨੇਮੈਟਿਕ ਯੋਗਦਾਨ ਅਤੇ ਉੱਤਮਤਾ ਅਤੇ ਹਮਦਰਦੀ ਦੀ ਸਦੀਵੀ ਵਿਰਾਸਤ ਛੱਡਦੇ ਹੋਏ ਪਰਉਪਕਾਰ ਅਤੇ ਲੋਕ ਸੇਵਾ ਦੇ ਖੇਤਰ ਵਿੱਚ ਕੰਮ ਕਰਕੇ ਪੀੜ੍ਹੀਆਂ ਨੂੰ ਪ੍ਰੇਰਿਤ ਕਰਨਗੇ
Posted On:
30 SEP 2024 9:58AM by PIB Chandigarh
ਮਹਾਨ ਅਭਿਨੇਤਾ ਮਿਥੁਨ ਚੱਕਰਵਰਤੀ ਨੂੰ ਸਾਲ 2022 ਲਈ ਦਾਦਾ ਸਾਹਿਬ ਫਾਲਕੇ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਕੇਂਦਰੀ ਸੂਚਨਾ ਅਤੇ ਪ੍ਰਸਾਰਣ, ਰੇਲਵੇ ਅਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਨਵ ਨੇ ਅੱਜ ਭਾਰਤ ਲਈ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਪੁਰਸਕਾਰ ਦਾ ਐਲਾਨ ਕੀਤਾ। ਮੰਤਰੀ ਨੇ ਫਿਲਮ ਉਦਯੋਗ ਦੀਆਂ ਸਭ ਤੋਂ ਪਿਆਰੀਆਂ ਅਤੇ ਸਤਿਕਾਰਤ ਸ਼ਖਸੀਅਤਾਂ ਵਿੱਚੋਂ ਇੱਕ ਨੂੰ ਸਨਮਾਨਿਤ ਕਰਨ ਵਿੱਚ ਬਹੁਤ ਖੁਸ਼ੀ ਅਤੇ ਮਾਣ ਦਾ ਪ੍ਰਗਟਾਵਾ ਕੀਤਾ, ਜੋ ਆਪਣੀ ਬਹੁਮੁਖੀ ਅਦਾਕਾਰੀ ਅਤੇ ਕ੍ਰਿਸ਼ਮਈ ਸਕ੍ਰੀਨ ਮੌਜੂਦਗੀ ਲਈ ਜਾਣੇ ਜਾਂਦੇ ਹਨ।
ਮਿਥੁਨ ਦਾਅ ਦੀ ਸ਼ਾਨਦਾਰ ਯਾਤਰਾ
ਮਿਥੁਨ ਚੱਕਰਵਰਤੀ, ਜਿਨ੍ਹਾਂ ਨੂੰ ਮਿਥੁਨ ਦਾਅ ਵੀ ਕਿਹਾ ਜਾਂਦਾ ਹੈ, ਇੱਕ ਪ੍ਰਤੀਕ ਭਾਰਤੀ ਅਭਿਨੇਤਾ, ਨਿਰਮਾਤਾ ਅਤੇ ਰਾਜਨੇਤਾ ਹਨ, ਜੋ ਆਪਣੀਆਂ ਬਹੁਮੁਖੀ ਭੂਮਿਕਾਵਾਂ ਅਤੇ ਵਿਲੱਖਣ ਡਾਂਸਿੰਗ ਸ਼ੈਲੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਆਪਣੀਆਂ ਫਿਲਮਾਂ ਵਿੱਚ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਈਆਂ ਹਨ, ਜਿਨ੍ਹਾਂ ਵਿੱਚ ਐਕਸ਼ਨ ਨਾਲ ਭਰਪੂਰ ਕਿਰਦਾਰਾਂ ਤੋਂ ਲੈ ਕੇ ਪ੍ਰਭਾਵਸ਼ਾਲੀ ਨਾਟਕੀ ਭੂਮਿਕਾਵਾਂ ਸ਼ਾਮਲ ਹਨ।
ਕੇਂਦਰੀ ਮੰਤਰੀ ਨੇ ਕਿਹਾ ਕਿ ਮਿਥੁਨ ਚੱਕਰਵਰਤੀ ਦੀ ਨਿਮਾਣੀ ਸ਼ੁਰੂਆਤ ਤੋਂ ਲੈ ਕੇ ਮਕਬੂਲ ਫਿਲਮ ਅਭਿਨੇਤਾ ਬਣਨ ਤੱਕ ਦੀ ਯਾਤਰਾ ਉਮੀਦ ਅਤੇ ਲਗਨ ਦੀ ਭਾਵਨਾ ਨੂੰ ਦਰਸਾਉਂਦੀ ਹੈ, ਜੋ ਇਹ ਸਾਬਿਤ ਕਰਦੀ ਹੈ ਕਿ ਜਨੂੰਨ ਅਤੇ ਸਮਰਪਣ ਨਾਲ, ਕੋਈ ਵੀ ਆਪਣੇ ਖਾਹਿਸ਼ੀ ਸੁਪਨਿਆਂ ਨੂੰ ਸਾਕਾਰ ਕਰ ਸਕਦਾ ਹੈ। ਉਨ੍ਹਾਂ ਦੀ ਲਗਨ ਅਤੇ ਮਿਹਨਤ ਨੇ ਉਨ੍ਹਾਂ ਨੂੰ ਉਭਰਦੇ ਅਦਾਕਾਰਾਂ ਅਤੇ ਕਲਾਕਾਰਾਂ ਲਈ ਇੱਕ ਰੋਲ ਮਾਡਲ ਬਣਾਇਆ ਹੈ।
16 ਜੂਨ 1950 ਨੂੰ ਕੋਲਕਾਤਾ, ਪੱਛਮ ਬੰਗਾਲ ਵਿੱਚ ਜਨਮੇ, ਗੌਰੰਗ ਚੱਕਰਵਰਤੀ ਨੇ ਆਪਣੀ ਪਹਿਲੀ ਫਿਲਮ "ਮ੍ਰਿਗਯਾ" (1976) ਲਈ ਸਰਬੋਤਮ ਅਦਾਕਾਰ ਦਾ ਰਾਸ਼ਟਰੀ ਫਿਲਮ ਪੁਰਸਕਾਰ ਹਾਸਲ ਕੀਤਾ। ਵੱਕਾਰੀ ਫਿਲਮ ਅਤੇ ਟੈਲੀਵਿਜ਼ਨ ਇੰਸਟੀਟਿਊਟ ਆਵੑ ਇੰਡੀਆ (ਐੱਫਟੀਆਈਆਈ) ਦੇ ਸਾਬਕਾ ਵਿਦਿਆਰਥੀ, ਮਿਥੁਨ ਚੱਕਰਵਰਤੀ ਨੇ ਆਪਣੀ ਕਲਾ ਨੂੰ ਨਿਖਾਰਿਆ ਅਤੇ ਸਿਨੇਮਾ ਵਿੱਚ ਆਪਣੇ ਸ਼ਾਨਦਾਰ ਕਰੀਅਰ ਦੀ ਨੀਂਹ ਰੱਖੀ।
ਮ੍ਰਿਣਾਲ ਸੇਨ ਦੀ ਫਿਲਮ ਵਿੱਚ ਇੱਕ ਸੰਥਾਲ ਬਾਗੀ ਦੀ ਭੂਮਿਕਾ ਨੇ ਉਨ੍ਹਾਂ ਨੂੰ ਰਾਸ਼ਟਰੀ ਮਕਬੂਲੀਅਤ ਦਿਵਾਈ। ਮਿਥੁਨ ਨੇ "ਡਿਸਕੋ ਡਾਂਸਰ" (1982) ਵਿੱਚ ਆਪਣੀ ਭੂਮਿਕਾ ਨਾਲ 1980 ਦੇ ਦਹਾਕੇ ਵਿੱਚ ਬਹੁਤ ਮਕਬੂਲੀਅਤ ਹਾਸਲ ਕੀਤੀ। ਇਹ ਫਿਲਮ ਭਾਰਤ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਇੱਕ ਸ਼ਾਨਦਾਰ ਸਫ਼ਲਤਾ ਸੀ ਅਤੇ ਇਸ ਫਿਲਮ ਨੇ ਉਨ੍ਹਾਂ ਨੂੰ ਡਾਂਸ ਵਿੱਚ ਇੱਕ ਉੱਤਮ ਅਦਾਕਾਰ ਵਜੋਂ ਸਥਾਪਿਤ ਕੀਤਾ। ਡਿਸਕੋ ਡਾਂਸਰ (1982) ਵਿੱਚ ਆਪਣੀ ਇਤਿਹਾਸਕ ਭੂਮਿਕਾ ਨਾਲ ਉਹ ਹਰ ਘਰ ਵਿੱਚ ਜਾਣਿਆ-ਪਛਾਣਿਆ ਨਾਮ ਬਣ ਗਏ। ਇਹ ਇੱਕ ਅਜਿਹੀ ਫ਼ਿਲਮ ਸੀ ਜਿਸ ਨੇ ਨਾ ਸਿਰਫ਼ ਉਨ੍ਹਾਂ ਦੇ ਅਸਾਧਾਰਨ ਡਾਂਸਿੰਗ ਸਕਿੱਲ ਦਾ ਪ੍ਰਦਰਸ਼ਨ ਕੀਤਾ, ਬਲਕਿ ਭਾਰਤੀ ਸਿਨੇਮਾ ਵਿੱਚ ਡਿਸਕੋ ਸੰਗੀਤ ਨੂੰ ਵੀ ਮਕਬੂਲ ਕੀਤਾ। ਅਗਨੀਪਥ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਨੇ ਉਨ੍ਹਾਂ ਨੂੰ 1990 ਵਿੱਚ ਸਰਬੋਤਮ ਸਹਾਇਕ ਅਦਾਕਾਰ ਦਾ ਫਿਲਮਫੇਅਰ ਐਵਾਰਡ ਵੀ ਦਿਵਾਇਆ।
ਬਾਅਦ ਵਿੱਚ, ਉਨ੍ਹਾਂ ਨੇ ਤਾਹਾਦੇਰ ਕਥਾ (1992) ਅਤੇ ਸਵਾਮੀ ਵਿਵੇਕਾਨੰਦ (1998) ਵਿੱਚ ਆਪਣੀਆਂ ਭੂਮਿਕਾਵਾਂ ਲਈ ਦੋ ਹੋਰ ਰਾਸ਼ਟਰੀ ਫਿਲਮ ਐਵਾਰਡ ਹਾਸਲ ਕੀਤੇ। ਆਪਣੇ ਲੰਬੇ ਕਰੀਅਰ ਵਿੱਚ, ਮਿਥੁਨ ਨੇ ਹਿੰਦੀ, ਬੰਗਾਲੀ, ਉੜੀਆ, ਭੋਜਪੁਰੀ ਅਤੇ ਤੇਲਗੂ ਸਮੇਤ ਵਿਭਿੰਨ ਭਾਰਤੀ ਭਾਸ਼ਾਵਾਂ ਵਿੱਚ 350 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ। ਉਹ ਐਕਸ਼ਨ ਤੋਂ ਡਰਾਮੇ ਤੋਂ ਲੈ ਕੇ ਕਾਮੇਡੀ ਤੱਕ ਦੇ ਆਪਣੇ ਵਿਭਿੰਨ ਪ੍ਰਦਰਸ਼ਨਾਂ ਲਈ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਨੇ ਕਈ ਪੁਰਸਕਾਰ ਜਿੱਤੇ ਹਨ, ਜਿਨ੍ਹਾਂ ਵਿੱਚ ਸਰਬੋਤਮ ਅਦਾਕਾਰ ਲਈ ਤਿੰਨ ਰਾਸ਼ਟਰੀ ਫਿਲਮ ਐਵਾਰਡ ਸ਼ਾਮਲ ਹਨ।
ਮਿਥੁਨ ਦਾਅ ਦੀ ਦੋਹਰੀ ਵਿਰਾਸਤ
ਕੇਂਦਰੀ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮਿਥੁਨ ਦਾਅ ਨੂੰ ਨਾ ਸਿਰਫ਼ ਆਪਣੀਆਂ ਸਿਨੇਮੈਟਿਕ ਪ੍ਰਾਪਤੀਆਂ ਲਈ ਜਾਣਿਆ ਜਾਂਦਾ ਹੈ, ਬਲਕਿ ਸਮਾਜਿਕ ਕਾਰਜਾਂ ਪ੍ਰਤੀ ਆਪਣੇ ਸਮਰਪਣ ਲਈ ਵੀ ਜਾਣਿਆ ਜਾਂਦਾ ਹੈ। ਮਿਥੁਨ ਦਾਅ ਸਿੱਖਿਆ, ਸਿਹਤ ਸੰਭਾਲ਼ ਅਤੇ ਪਛੜੇ ਭਾਈਚਾਰਿਆਂ ਦਾ ਸਮਰਥਨ ਕਰਨ ਦੇ ਉਦੇਸ਼ ਨਾਲ ਵਿਭਿੰਨ ਚੈਰੀਟੇਬਲ ਕੰਮਾਂ ਵਿੱਚ ਸਰਗਰਮੀ ਨਾਲ ਸ਼ਾਮਲ ਰਹੇ ਹਨ, ਜੋ ਸਮਾਜ ਨੂੰ ਵਾਪਸ ਦੇਣ ਦੀ ਉਨ੍ਹਾਂ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਲੋਕ ਸੇਵਾ ਅਤੇ ਸ਼ਾਸਨ ਪ੍ਰਤੀ ਆਪਣੀ ਪ੍ਰਤੀਬੱਧਤਾ ਦਾ ਪ੍ਰਦਰਸ਼ਨ ਕਰਦੇ ਹੋਏ ਸੰਸਦ ਮੈਂਬਰ ਵਜੋਂ ਵੀ ਸੇਵਾ ਨਿਭਾਈ ਹੈ।
ਮਿਥੁਨ ਚੱਕਰਵਰਤੀ ਨੂੰ ਲਗਭਗ ਪੰਜ ਦਹਾਕਿਆਂ ਦੇ ਆਪਣੇ ਕਰੀਅਰ ਵਿੱਚ, ਭਾਰਤੀ ਸਿਨੇਮਾ ਵਿੱਚ ਆਪਣੇ ਮਹੱਤਵਪੂਰਨ ਯੋਗਦਾਨ ਲਈ ਬਹੁਤ ਸਾਰੇ ਪੁਰਸਕਾਰ ਅਤੇ ਪ੍ਰਸ਼ੰਸਾ ਮਿਲੀ ਹੈ।
ਉਨ੍ਹਾਂ ਨੂੰ ਹਾਲ ਹੀ ਵਿੱਚ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਵੱਕਾਰੀ ਪਦਮ ਭੂਸ਼ਣ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। "ਡਿਸਕੋ ਡਾਂਸਰ" ਅਤੇ "ਘਰ ਏਕ ਮੰਦਿਰ" ਜਿਹੀਆਂ ਕਲਾਸਿਕ ਫਿਲਮਾਂ ਨੂੰ ਸ਼ਾਮਲ ਕਰਨ ਵਾਲੀ ਫਿਲਮੋਗ੍ਰਾਫੀ ਦੇ ਨਾਲ, ਉਨ੍ਹਾਂ ਨੇ ਨਾ ਸਿਰਫ ਕਰੋੜਾਂ ਲੋਕਾਂ ਦਾ ਮਨੋਰੰਜਨ ਕੀਤਾ ਹੈ ਬਲਕਿ ਬਾਲੀਵੁੱਡ ਅਤੇ ਖੇਤਰੀ ਸਿਨੇਮਾ ਦੇ ਲੈਂਡਸਕੇਪ ਨੂੰ ਵੀ ਆਕਾਰ ਦਿੱਤਾ ਹੈ। ਉਨ੍ਹਾਂ ਦਾ ਪ੍ਰਭਾਵ ਸਿਲਵਰ ਸਕ੍ਰੀਨ ਤੋਂ ਪਰੇ ਹੈ, ਕਿਉਂਕਿ ਉਹ ਫਿਲਮ ਅਤੇ ਪਰਉਪਕਾਰੀ ਵਿੱਚ ਆਪਣੇ ਕੰਮ ਦੁਆਰਾ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ।
ਇਹ ਪੁਰਸਕਾਰ ਸ਼੍ਰੀ ਮਿਥੁਨ ਚੱਕਰਵਰਤੀ ਨੂੰ ਮੰਗਲਵਾਰ, 8 ਅਕਤੂਬਰ 2024 ਨੂੰ ਹੋਣ ਵਾਲੇ 70ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਦੌਰਾਨ ਦਿੱਤਾ ਜਾਵੇਗਾ। ਨਿਮਨਲਿਖਿਤ ਮੈਂਬਰ ਦਾਦਾ ਸਾਹਿਬ ਫਾਲਕੇ ਪੁਰਸਕਾਰ ਚੋਣ ਕਮੇਟੀ ਦਾ ਹਿੱਸਾ ਸਨ:
1. ਸੁਸ਼੍ਰੀ ਆਸ਼ਾ ਪਾਰੇਖ
2. ਸੁਸ਼੍ਰੀ ਖੁਸ਼ਬੂ ਸੁੰਦਰ
3. ਸ਼੍ਰੀ ਵਿਪੁਲ ਅੰਮ੍ਰਿਤਲਾਲ ਸ਼ਾਹ
ਵੱਕਾਰੀ ਦਾਦਾ ਸਾਹਿਬ ਫਾਲਕੇ ਲਾਈਫਟਾਈਮ ਅਚੀਵਮੈਂਟ ਐਵਾਰਡ ਨਾ ਸਿਰਫ ਸ਼੍ਰੀ ਮਿਥੁਨ ਚੱਕਰਵਰਤੀ ਦੇ ਕਲਾਤਮਕ ਕੌਸ਼ਲ ਨੂੰ ਮਾਨਤਾ ਦਿੰਦਾ ਹੈ, ਬਲਕਿ ਇਹ ਇੱਕ ਹਮਦਰਦ ਅਤੇ ਸਮਰਪਿਤ ਵਿਅਕਤੀ ਵਜੋਂ ਉਨ੍ਹਾਂ ਦੀ ਸਥਾਈ ਵਿਰਾਸਤ ਨੂੰ ਵੀ ਮਾਨਤਾ ਦਿੰਦਾ ਹੈ ਜਿਸਨੇ ਬਹੁਤ ਸਾਰੇ ਲੋਕਾਂ ਦੇ ਜੀਵਨ ਵਿੱਚ ਤਬਦੀਲੀ ਲਿਆਂਦੀ ਹੈ।
************
ਧਰਮੇਂਦਰ ਤਿਵਾੜੀ/ਕਸ਼ਤਿਜ ਸਿੰਘਾ
(Release ID: 2060628)
Visitor Counter : 25
Read this release in:
Malayalam
,
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada