ਭਾਰਤ ਚੋਣ ਕਮਿਸ਼ਨ
ਭਲਕੇ ਹੋਣ ਵਾਲੇ ਪੰਜਵੇਂ ਪੜਾਅ ਦੇ ਮਤਦਾਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ
ਵਿਸਤਾਰ: 49 ਲੋਕ ਸਭਾ ਸੀਟਾਂ, 8.95 ਕਰੋੜ ਵੋਟਰ, 94 ਹਜ਼ਾਰ ਤੋਂ ਵੱਧ ਪੋਲਿੰਗ ਸਟੇਸ਼ਨ, 8 ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
ਓਡੀਸ਼ਾ ਵਿੱਚ 35 ਵਿਧਾਨ ਸਭਾ ਹਲਕਿਆਂ ਲਈ ਵੀ ਨਾਲੋ-ਨਾਲ ਵੋਟਾਂ ਪੈਣਗੀਆਂ
Posted On:
19 MAY 2024 1:31PM by PIB Chandigarh
ਭਾਰਤੀ ਚੋਣ ਕਮਿਸ਼ਨ ਕੱਲ੍ਹ ਤੋਂ ਸ਼ੁਰੂ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਫ਼ੇਜ਼-5 ਲਈ ਪੂਰੀ ਤਰ੍ਹਾਂ ਤਿਆਰ ਹੈ। 8 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 49 ਸੰਸਦੀ ਹਲਕਿਆਂ ਵਿੱਚ ਪੋਲਿੰਗ ਹੋਣੀ ਹੈ। ਓਡੀਸ਼ਾ ਵਿਧਾਨ ਸਭਾ ਦੇ 35 ਵਿਧਾਨ ਸਭਾ ਹਲਕਿਆਂ ਲਈ ਵੀ ਨਾਲੋ-ਨਾਲ ਵੋਟਾਂ ਪੈਣਗੀਆਂ। ਪੋਲਿੰਗ ਸਟੇਸ਼ਨ ਵੋਟਰਾਂ ਦਾ ਸਵਾਗਤ ਕਰਨ ਲਈ ਢੁਕਵੇਂ ਸ਼ੈੱਡ, ਪੀਣ ਵਾਲੇ ਪਾਣੀ, ਰੈਂਪ, ਟਾਇਲਟਸ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਤਿਆਰ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੋਲਿੰਗ ਆਰਾਮਦਾਇਕ ਅਤੇ ਸੁਰੱਖਿਅਤ ਮਾਹੌਲ ਵਿੱਚ ਹੋਵੇ। ਗਰਮ ਮੌਸਮ ਦੇ ਪੂਰਵ ਅਨੁਮਾਨ ਵਾਲੇ ਖੇਤਰਾਂ ਵਿੱਚ ਸਥਿਤੀ ਨਾਲ ਨਜਿੱਠਣ ਲਈ ਸਬੰਧਿਤ ਸੀਈਓਜ਼/ਡੀਈਓਜ਼ ਅਤੇ ਰਾਜ ਮਸ਼ੀਨਰੀ ਨੂੰ ਢੁਕਵੇਂ ਉਪਾਅ ਕਰਨ ਦੀ ਸਲਾਹ ਦਿੱਤੀ ਗਈ ਹੈ। ਪੋਲਿੰਗ ਪਾਰਟੀਆਂ ਨੂੰ ਮਸ਼ੀਨਾਂ ਅਤੇ ਚੋਣ ਸਮੱਗਰੀ ਸਮੇਤ ਆਪੋ-ਆਪਣੇ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ।
ਕਮਿਸ਼ਨ ਨੇ ਵੋਟਰਾਂ ਨੂੰ ਵੱਡੀ ਗਿਣਤੀ ਵਿਚ ਪੋਲਿੰਗ ਸਟੇਸ਼ਨਾਂ 'ਤੇ ਆਉਣ ਅਤੇ ਜ਼ਿੰਮੇਵਾਰੀ ਅਤੇ ਮਾਣ ਨਾਲ ਵੋਟ ਪਾਉਣ ਦਾ ਸੱਦਾ ਦਿੱਤਾ ਹੈ। ਲੋਕ ਸਭਾ ਚੋਣਾਂ 2024 ਵਿੱਚ ਹੁਣ ਤੱਕ ਸਾਰੇ ਪੋਲਿੰਗ ਸਟੇਸ਼ਨਾਂ ਵਿੱਚ ਲਗਭਗ 66.95% ਵੋਟਿੰਗ ਹੋ ਚੁੱਕੀ ਹੈ। ਚੱਲ ਰਹੀਆਂ ਆਮ ਚੋਣਾਂ ਦੇ ਪਹਿਲੇ ਚਾਰ ਪੜਾਵਾਂ ਦੌਰਾਨ ਲਗਭਗ 45 ਕਰੋੜ 10 ਲੱਖ ਲੋਕ ਪਹਿਲਾਂ ਹੀ ਵੋਟ ਪਾ ਚੁੱਕੇ ਹਨ।
ਜਿਨ੍ਹਾਂ 8 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਫ਼ੇਜ਼-5 ਵਿੱਚ ਵੋਟਿੰਗ ਹੋਣੀ ਹੈ, ਉਹ ਹਨ- ਬਿਹਾਰ, ਜੰਮੂ ਅਤੇ ਕਸ਼ਮੀਰ, ਲੱਦਾਖ, ਝਾਰਖੰਡ, ਮਹਾਰਾਸ਼ਟਰ, ਓਡੀਸ਼ਾ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ। ਇਸ ਪੜਾਅ 'ਚ ਮੁੰਬਈ, ਠਾਣੇ, ਲਖਨਊ ਵਰਗੇ ਸ਼ਹਿਰਾਂ 'ਚ ਵੋਟਿੰਗ ਹੋ ਰਹੀ ਹੈ, ਜੋ ਪਿਛਲੇ ਸਮੇਂ 'ਚ ਵੋਟਿੰਗ ਪ੍ਰਤੀ ਸ਼ਹਿਰੀ ਉਦਾਸੀਨਤਾ ਤੋਂ ਪ੍ਰਭਾਵਿਤ ਰਹੇ ਹਨ। ਕਮਿਸ਼ਨ ਨੇ ਵਿਸ਼ੇਸ਼ ਤੌਰ 'ਤੇ ਇਨ੍ਹਾਂ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਆ ਕੇ ਇਸ ਦਾਗ਼ ਨੂੰ ਮਿਟਾਉਣ ਦਾ ਸੱਦਾ ਦਿੱਤਾ ਹੈ।
ਭਾਰਤੀ ਚੋਣ ਕਮਿਸ਼ਨ (ਈਸੀਆਈ) ਨੇ ਮੌਜੂਦਾ ਚੋਣਾਂ ਦੌਰਾਨ ਵੋਟਰਾਂ ਨੂੰ ਆਪਣੀ ਵੋਟ ਪਾਉਣ ਲਈ ਅਪੀਲ ਕਰਨ ਅਤੇ ਪ੍ਰੇਰਿਤ ਕਰਨ ਲਈ ਕਈ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਭਾਈਵਾਲੀ ਕੀਤੀ ਹੈ। ਇਸ ਲਈ ਹੈਰਾਨ ਨਾ ਹੋਵੋ, ਉਦਾਹਰਣ ਲਈ ਜੇਕਰ ਤੁਹਾਨੂੰ ਕ੍ਰਿਕੇਟ ਦੀ ਨਾਮਵਰ ਹਸਤੀ ਅਤੇ ਈਸੀਆਈ ਨੈਸ਼ਨਲ ਆਈਕਾਨ, ਸਚਿਨ ਤੇਂਦੁਲਕਰ ਤੋਂ ਆਪਣੀ ਵੋਟ ਪਾਉਣ ਦੀ ਅਪੀਲ ਨਾਲ ਇੱਕ ਕਾਲ ਆਉਂਦੀ ਹੈ!
ਇਨ੍ਹਾਂ ਬਾਕੀ 3 ਪੜਾਵਾਂ ਲਈ ਵੋਟਿੰਗ 1 ਜੂਨ ਤੱਕ ਜਾਰੀ ਰਹੇਗੀ ਅਤੇ ਵੋਟਾਂ ਦੀ ਗਿਣਤੀ 4 ਜੂਨ, 2024 ਨੂੰ ਹੋਵੇਗੀ। ਆਮ ਚੋਣਾਂ ਦੇ ਪਹਿਲੇ ਚਾਰ ਪੜਾਵਾਂ ਵਿੱਚ 23 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ 379 ਲੋਕ ਸਭਾ ਸੰਸਦੀ ਹਲਕਿਆਂ (ਪੀਸੀਜ਼) ਲਈ ਵੋਟਿੰਗ ਨਿਰਵਿਘਨ ਅਤੇ ਸ਼ਾਂਤੀਪੂਰਵਕ ਸੰਪੰਨ ਹੋਈ।
ਫ਼ੇਜ਼ 5 ਤੱਥ:
-
ਆਮ ਚੋਣਾਂ 2024 ਦੇ ਪੜਾਅ-5 ਲਈ 8 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 49 ਸੰਸਦੀ ਹਲਕਿਆਂ (ਜਨਰਲ-39; ਐੱਸਟੀ-03; ਐੱਸਸੀ-07) ਲਈ 20 ਮਈ, 2024 ਨੂੰ ਵੋਟਾਂ ਪੈਣਗੀਆਂ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 6 ਵਜੇ ਸਮਾਪਤ ਹੋਵੇਗੀ (ਵੋਟਿੰਗ ਬੰਦ ਹੋਣ ਦਾ ਸਮਾਂ ਸੰਸਦੀ ਹਲਕੇ ਅਨੁਸਾਰ ਵੱਖਰਾ ਹੋ ਸਕਦਾ ਹੈ)।
-
ਓਡੀਸ਼ਾ ਦੇ 35 ਵਿਧਾਨ ਸਭਾ ਹਲਕਿਆਂ (ਜਨਰਲ-21; ਐੱਸਟੀ-08; ਐੱਸਸੀ-06;) ਵਿੱਚ ਵੀ ਓਡੀਸ਼ਾ ਵਿਧਾਨ ਸਭਾ ਦੀਆਂ ਸੀਟਾਂ ਲਈ ਵੋਟਾਂ ਪੈਣਗੀਆਂ।
-
ਲਗਭਗ 9.47 ਲੱਖ ਪੋਲਿੰਗ ਅਧਿਕਾਰੀ 94,732 ਪੋਲਿੰਗ ਸਟੇਸ਼ਨਾਂ 'ਤੇ 8.95 ਕਰੋੜ ਤੋਂ ਵੱਧ ਵੋਟਰਾਂ ਦਾ ਸਵਾਗਤ ਕਰਨਗੇ।
-
8.95 ਕਰੋੜ ਤੋਂ ਵੱਧ ਵੋਟਰਾਂ ਵਿੱਚ 4.69 ਕਰੋੜ ਮਰਦ; 4.26 ਕਰੋੜ ਔਰਤਾਂ ਅਤੇ 5409 ਤੀਜੇ ਲਿੰਗ (ਥਰਡ ਜੈਂਡਰ) ਵੋਟਰ ਸ਼ਾਮਲ ਹਨ।
-
ਫ਼ੇਜ਼ 5 ਲਈ, 85+ ਸਾਲ ਦੀ ਉਮਰ ਦੇ 7.81 ਲੱਖ ਤੋਂ ਵੱਧ ਰਜਿਸਟਰਡ ਵੋਟਰ, 100 ਸਾਲ ਤੋਂ ਵੱਧ ਉਮਰ ਦੇ 24,792 ਵੋਟਰ ਅਤੇ 7.03 ਲੱਖ ਦਿਵਿਯਾਂਗ (ਪੀਡਬਲਿਊਡੀ) ਵੋਟਰ ਹਨ ਜਿਨ੍ਹਾਂ ਨੂੰ ਆਪਣੇ ਘਰ ਦੇ ਆਰਾਮ ਤੋਂ ਵੋਟ ਪਾਉਣ ਦਾ ਵਿਕਲਪ ਦਿੱਤਾ ਗਿਆ ਹੈ। ਵਿਕਲਪਿਕ ਹੋਮ ਵੋਟਿੰਗ ਸਹੂਲਤ ਨੂੰ ਪਹਿਲਾਂ ਹੀ ਬਹੁਤ ਪ੍ਰਸ਼ੰਸਾ ਅਤੇ ਚੰਗਾ ਹੁੰਗਾਰਾ ਮਿਲ ਰਿਹਾ ਹੈ।
-
ਪੋਲਿੰਗ ਅਤੇ ਸੁਰੱਖਿਆ ਕਰਮਚਾਰੀਆਂ ਨੂੰ 17 ਵਿਸ਼ੇਸ਼ ਰੇਲ ਗੱਡੀਆਂ ਅਤੇ 508 ਹੈਲੀਕਾਪਟਰ ਉਡਾਣਾਂ ਰਾਹੀਂ ਲਿਜਾਇਆ ਗਿਆ।
-
153 ਅਬਜ਼ਰਵਰ (55 ਜਨਰਲ ਅਬਜ਼ਰਵਰ, 30 ਪੁਲਿਸ ਅਬਜ਼ਰਵਰ, 68 ਖ਼ਰਚਾ ਅਬਜ਼ਰਵਰ) ਵੋਟਾਂ ਤੋਂ ਕੁਝ ਦਿਨ ਪਹਿਲਾਂ ਆਪਣੇ ਹਲਕਿਆਂ ਵਿੱਚ ਪਹੁੰਚ ਗਏ ਹਨ। ਉਹ ਪੂਰੀ ਚੌਕਸੀ ਰੱਖਣ ਲਈ ਕਮਿਸ਼ਨ ਦੀਆਂ ਅੱਖਾਂ ਅਤੇ ਕੰਨਾਂ ਵਜੋਂ ਕੰਮ ਕਰਦੇ ਹਨ। ਇਸ ਤੋਂ ਇਲਾਵਾ ਕੁਝ ਰਾਜਾਂ ਵਿੱਚ ਵਿਸ਼ੇਸ਼ ਨਿਗਰਾਨ ਵੀ ਤਾਇਨਾਤ ਕੀਤੇ ਗਏ ਹਨ।
-
ਕੁੱਲ 2000 ਫਲਾਇੰਗ ਸਕੂਐਡ, 2105 ਸਟੈਟਿਕ ਸਰਵੇਲੈਂਸ ਟੀਮਾਂ, 881 ਵੀਡੀਓ ਸਰਵੇਲੈਂਸ ਟੀਮਾਂ ਅਤੇ 502 ਵੀਡੀਓ ਸਰਵੇਲੈਂਸ ਟੀਮਾਂ ਵੋਟਰਾਂ ਨੂੰ ਦਿੱਤੇ ਜਾਣ ਵਾਲੇ ਕਿਸੇ ਵੀ ਤਰ੍ਹਾਂ ਦੇ ਲਾਲਚ ਨਾਲ ਸਖ਼ਤੀ ਨਾਲ ਨਜਿੱਠਣ ਲਈ ਚੌਵੀ ਘੰਟੇ ਚੌਕਸੀ ਰੱਖ ਰਹੀਆਂ ਹਨ।
-
ਕੁੱਲ 216 ਅੰਤਰਰਾਸ਼ਟਰੀ ਸਰਹੱਦੀ ਚੌਕੀਆਂ ਅਤੇ 565 ਅੰਤਰਰਾਜੀ ਸਰਹੱਦੀ ਚੌਕੀਆਂ ਸ਼ਰਾਬ, ਨਸ਼ੀਲੇ ਪਦਾਰਥਾਂ, ਨਕਦੀ ਅਤੇ ਮੁਫ਼ਤ ਸਮਾਨ ਦੇ ਕਿਸੇ ਵੀ ਗ਼ੈਰ-ਕਾਨੂੰਨੀ ਪ੍ਰਵਾਹ 'ਤੇ ਸਖ਼ਤ ਨਜ਼ਰ ਰੱਖ ਰਹੀਆਂ ਹਨ। ਸਮੁੰਦਰੀ ਅਤੇ ਹਵਾਈ ਮਾਰਗਾਂ 'ਤੇ ਸਖ਼ਤ ਨਿਗਰਾਨੀ ਰੱਖੀ ਗਈ ਹੈ।
-
ਪੀਣ ਵਾਲਾ ਪਾਣੀ, ਸ਼ੈੱਡ, ਟਾਇਲਟ, ਰੈਂਪ, ਵਲੰਟੀਅਰ, ਵ੍ਹੀਲ ਚੇਅਰ ਅਤੇ ਬਿਜਲੀ ਵਰਗੀਆਂ ਯਕੀਨਨ ਘੱਟੋ-ਘੱਟ ਸਹੂਲਤਾਂ ਨੂੰ ਯਕੀਨੀ ਬਣਾਇਆ ਗਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਬਜ਼ੁਰਗ ਅਤੇ ਦਿਵਿਯਾਂਗਜਨਾਂ ਸਮੇਤ ਹਰ ਵੋਟਰ ਆਪਣੀ ਵੋਟ ਅਸਾਨੀ ਨਾਲ ਪਾ ਸਕੇ।
-
ਸਾਰੇ ਰਜਿਸਟਰਡ ਵੋਟਰਾਂ ਨੂੰ ਵੋਟਰ ਜਾਣਕਾਰੀ ਸਲਿੱਪਾਂ ਵੰਡੀਆਂ ਗਈਆਂ ਹਨ। ਇਹ ਪਰਚੀਆਂ ਸੁਵਿਧਾ ਉਪਾਅ ਦੇ ਤੌਰ 'ਤੇ ਵੀ ਕੰਮ ਕਰਦੀਆਂ ਹਨ ਅਤੇ ਕਮਿਸ਼ਨ ਵੱਲੋਂ ਆਉਣ ਅਤੇ ਵੋਟ ਪਾਉਣ ਦੇ ਸੱਦੇ ਵਜੋਂ ਵੀ ਕੰਮ ਕਰਦੀਆਂ ਹਨ।
-
ਵੋਟਰ ਇਸ ਲਿੰਕ https://electoralsearch.eci.gov.in/ ਰਾਹੀਂ ਆਪਣੇ ਪੋਲਿੰਗ ਸਟੇਸ਼ਨ ਦੇ ਵੇਰਵਿਆਂ ਅਤੇ ਪੋਲਿੰਗ ਦਿਨ ਦੀ ਜਾਂਚ ਕਰ ਸਕਦੇ ਹਨ।
-
ਕਮਿਸ਼ਨ ਨੇ ਪੋਲਿੰਗ ਸਟੇਸ਼ਨਾਂ 'ਤੇ ਪਛਾਣ ਦੀ ਤਸਦੀਕ ਲਈ ਵੋਟਰ ਸ਼ਨਾਖ਼ਤੀ ਕਾਰਡ (ਈਪੀਆਈਸੀ) ਤੋਂ ਇਲਾਵਾ 12 ਵਿਕਲਪਿਕ ਦਸਤਾਵੇਜ਼ ਵੀ ਪ੍ਰਦਾਨ ਕੀਤੇ ਕਰਵਾਏ ਹਨ। ਜੇਕਰ ਕੋਈ ਮਤਦਾਤਾ ਵੋਟਰ ਸੂਚੀ ਵਿੱਚ ਦਰਜ ਹੈ ਤਾਂ ਉਹ ਇਨ੍ਹਾਂ ਵਿੱਚੋਂ ਕੋਈ ਵੀ ਦਸਤਾਵੇਜ਼ ਦਿਖਾ ਕੇ ਆਪਣੀ ਵੋਟ ਪਾ ਸਕਦਾ ਹੈ। ਵਿਕਲਪਕ ਪਛਾਣ ਦਸਤਾਵੇਜ਼ਾਂ ਲਈ ਈਸੀਆਈ ਆਰਡਰ ਨਾਲ ਲਿੰਕ ਕਰੋ: https://www.eci.gov.in/eci-backend/public/api/download?
-
ਫ਼ੇਜ਼ 5 ਲਈ ਸੰਸਦੀ ਹਲਕਾ ਅਨੁਸਾਰ ਵੋਟਰਾਂ ਦੀ ਜਾਣਕਾਰੀ ਪ੍ਰੈੱਸ ਨੋਟ ਨੰਬਰ-89 ਮਿਤੀ 17 ਮਈ, 2024 ਰਾਹੀਂ ਜਾਰੀ ਕੀਤੀ ਗਈ ਸੀ।
-
ਲੋਕ ਸਭਾ ਆਮ ਚੋਣਾਂ 2019 ਵਿੱਚ ਵੋਟਰਾਂ ਵੱਲੋਂ ਮਤਦਾਨ ਦਾ ਡੇਟਾ ਹੇਠਾਂ ਦਿੱਤੇ ਲਿੰਕ 'ਤੇ ਉਪਲਬਧ ਹੈ: https://old.eci.gov.in/files/file/13579-13-pc-wise-voters-turn-out/
-
ਵੋਟਰ ਟਰਨਆਊਟ ਐਪ ਹਰੇਕ ਪੜਾਅ ਲਈ ਲਾਈਵ ਸਮੁੱਚੀ ਅੰਦਾਜ਼ਨ ਵੋਟਿੰਗ ਪ੍ਰਦਰਸ਼ਿਤ ਕਰਦਾ ਹੈ। ਇਹ ਧਿਆਨ ਦੇਣ ਯੋਗ ਹੈ ਕਿ ਪੜਾਅਵਾਰ/ਰਾਜ ਅਨੁਸਾਰ/ਵਿਧਾਨ ਸਭਾ (ਏਸੀ) ਵਾਰ/ਸੰਸਦੀ ਚੋਣ ਖੇਤਰ (ਪੀਸੀ) ਵਾਰ ਅਨੁਮਾਨਿਤ ਵੋਟਿੰਗ ਡੇਟਾ ਪੋਲਿੰਗ ਵਾਲੇ ਦਿਨ ਹਰ ਦੋ ਘੰਟੇ ਦੇ ਅਧਾਰ 'ਤੇ ਸ਼ਾਮ 7 ਵਜੇ ਤੱਕ ਵੋਟਰ ਟਰਨਆਊਟ ਐਪ 'ਤੇ ਲਾਈਵ ਉਪਲਬਧ ਹੁੰਦਾ ਹੈ, ਜਿਸ ਤੋਂ ਬਾਅਦ ਸਬੰਧਿਤ ਪੋਲਿੰਗ ਪਾਰਟੀਆਂ ਦੇ ਹੈੱਡਕੁਆਰਟਰ 'ਤੇ ਪਹੁੰਚਣ 'ਤੇ ਇਸ ਨੂੰ ਲਗਾਤਾਰ ਅਪਡੇਟ ਕੀਤਾ ਜਾਂਦਾ ਹੈ।
*** *** *** ***
ਡੀਕੇ/ਆਰਪੀ
(Release ID: 2021101)
Visitor Counter : 120
Read this release in:
English
,
Urdu
,
Hindi
,
Hindi_MP
,
Marathi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam