ਪ੍ਰਧਾਨ ਮੰਤਰੀ ਦਫਤਰ

ਭਾਰਤ - ਭੂਟਾਨ ਊਰਜਾ ਭਾਈਵਾਲੀ 'ਤੇ ਸੰਯੁਕਤ ਦ੍ਰਿਸ਼ਟੀਕੋਣ ਬਿਆਨ

Posted On: 22 MAR 2024 5:20PM by PIB Chandigarh

ਭਾਰਤ ਅਤੇ ਭੂਟਾਨ ਇੱਕ ਮਿਸਾਲੀ ਦੁਵੱਲੇ ਸਬੰਧ ਸਾਂਝੇ ਕਰਦੇ ਹਨ, ਜਿਸ ਵਿੱਚ ਵਿਸ਼ਵਾਸ, ਸਦਭਾਵਨਾ ਅਤੇ ਹਰ ਪੱਧਰ 'ਤੇ ਆਪਸੀ ਸਮਝ, ਦੋਸਤੀ ਦੇ ਮਜ਼ਬੂਤ ਬੰਧਨ ਅਤੇ ਲੋਕਾਂ ਦੇ ਲੋਕਾਂ ਨਾਲ ਨਜ਼ਦੀਕੀ ਸੰਪਰਕ ਸ਼ਾਮਲ ਹਨ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਪ੍ਰਧਾਨ ਮੰਤਰੀ ਦਾਸ਼ੋ ਸ਼ੇਰਿੰਗ ਟੋਬਗੇ ਨੇ ਥਿੰਪੂ ਵਿੱਚ ਫਲਦਾਇਕ ਅਤੇ ਵਿਆਪਕ ਚਰਚਾ ਕੀਤੀ, ਜਿਸ ਵਿੱਚ ਦੋਵਾਂ ਨੇਤਾਵਾਂ ਨੇ ਭਵਿੱਖ ਨੂੰ ਦੇਖਦੇ ਹੋਏ ਇਸ ਅਸਾਧਾਰਣ ਦੁਵੱਲੀ ਭਾਈਵਾਲੀ ਨੂੰ ਨਵੀਆਂ ਉਚਾਈਆਂ ਤੱਕ ਲਿਜਾਣ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ।

ਦੋਵਾਂ ਨੇਤਾਵਾਂ ਨੇ ਭੂਟਾਨ ਦੇ ਹਾਈਡ੍ਰੋ-ਪਾਵਰ ਸੈਕਟਰ ਦੇ ਵਿਕਾਸ ਅਤੇ ਖੇਤਰ ਨੂੰ ਊਰਜਾ ਸੁਰੱਖਿਆ ਪ੍ਰਦਾਨ ਕਰਨ ਵਿੱਚ ਸਵੱਛ ਊਰਜਾ ਭਾਈਵਾਲੀ ਦੇ ਸ਼ਾਨਦਾਰ ਯੋਗਦਾਨ ਨੂੰ ਨੋਟ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਊਰਜਾ ਪ੍ਰੋਜੈਕਟਾਂ ਨੂੰ ਲਾਗੂ ਕਰਨ ਵਿੱਚ ਭੂਟਾਨੀ ਫਰਮਾਂ ਅਤੇ ਤਕਨੀਕੀ ਏਜੰਸੀਆਂ ਦੀ ਵਧਦੀ ਘਰੇਲੂ ਸਮਰੱਥਾ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਟੋਬਗੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਹਾਲ ਹੀ ਦੇ ਸਾਲਾਂ ਵਿੱਚ ਭਾਰਤ ਦੇ ਅਖੁੱਟ ਊਰਜਾ ਖੇਤਰ ਦੇ ਸ਼ਾਨਦਾਰ ਵਿਕਾਸ ਲਈ ਅਤੇ ਅੰਤਰਰਾਸ਼ਟਰੀ ਸੌਰ ਗਠਜੋੜ ਅਤੇ ਭਾਰਤ ਦੇ ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਵਰਗੀਆਂ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਵਿੱਚ ਉਨ੍ਹਾਂ ਦੀ ਅਗਵਾਈ ਲਈ ਵਧਾਈ ਦਿੱਤੀ।

ਦੋਵਾਂ ਪ੍ਰਧਾਨ ਮੰਤਰੀਆਂ ਨੇ ਦੁਵੱਲੇ ਊਰਜਾ ਸਹਿਯੋਗ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕੀਤੀ ਅਤੇ ਤਸੱਲੀ ਪ੍ਰਗਟਾਈ ਕਿ ਸਾਂਝੇ ਤੌਰ 'ਤੇ ਲਾਗੂ ਕੀਤੇ ਗਏ ਪ੍ਰੋਜੈਕਟ ਵਧੀਆ ਢੰਗ ਨਾਲ ਕੰਮ ਕਰ ਰਹੇ ਹਨ ਅਤੇ ਭੂਟਾਨ ਵਿੱਚ ਆਰਥਿਕ ਵਿਕਾਸ ਵਿੱਚ ਯੋਗਦਾਨ ਦੇ ਰਹੇ ਹਨ। 720 ਮੈਗਾਵਾਟ ਦੇ ਮਾਂਗਡੇਚੂ ਹਾਈਡ੍ਰੋ-ਇਲੈਕਟ੍ਰਿਕ ਪ੍ਰੋਜੈਕਟ ਦੀ ਸਫਲਤਾ ਦੇ ਆਧਾਰ 'ਤੇ, ਦੋਵੇਂ ਨੇਤਾ ਇਸ ਸਾਲ 1020 ਮੈਗਾਵਾਟ ਪੁਨਤਸੰਗਚੂ-2 ਹਾਈਡ੍ਰੋ-ਇਲੈਕਟ੍ਰਿਕ ਪ੍ਰੋਜੈਕਟ ਨੂੰ ਚਾਲੂ ਕਰਨ ਦੀ ਉਮੀਦ ਰੱਖਦੇ ਹਨ। ਦੋਵਾਂ ਧਿਰਾਂ ਨੇ 1200 ਮੈਗਾਵਾਟ ਪੁਨਤਸੰਗਚੂ - I ਐੱਚਈਪੀ ਲਈ ਤਕਨੀਕੀ ਤੌਰ 'ਤੇ ਸਹੀ ਅਤੇ ਲਾਗਤ ਪ੍ਰਭਾਵਸ਼ਾਲੀ ਤਰੀਕੇ ਨਾਲ ਅੱਗੇ ਵਧਣ 'ਤੇ ਸਕਾਰਾਤਮਕ ਮਾਹਿਰ-ਪੱਧਰ ਦੀ ਚਰਚਾ ਦਾ ਸਵਾਗਤ ਕੀਤਾ।

ਦੋਵੇਂ ਪ੍ਰਧਾਨ ਮੰਤਰੀ ਸਹਿਮਤ ਹੋਏ:

(i) ਇਹ ਕਿ ਭਾਰਤ-ਭੂਟਾਨ ਊਰਜਾ ਭਾਈਵਾਲੀ ਵਿੱਚ ਊਰਜਾ ਸੁਰੱਖਿਆ ਨੂੰ ਵਧਾ ਕੇ, ਉਨ੍ਹਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ, ਰੋਜ਼ਗਾਰ ਪੈਦਾ ਕਰਨ, ਨਿਰਯਾਤ ਆਮਦਨ ਨੂੰ ਵਧਾਉਣ, ਅਤੇ ਉਦਯੋਗਿਕ ਅਤੇ ਵਿੱਤੀ ਸਮਰੱਥਾਵਾਂ ਦੇ ਹੋਰ ਵਿਕਾਸ ਵਿੱਚ ਯੋਗਦਾਨ ਪਾ ਕੇ ਦੋਵਾਂ ਦੇਸ਼ਾਂ ਨੂੰ ਲਾਭ ਪਹੁੰਚਾਉਣ ਦੀ ਸਮਰੱਥਾ ਹੈ।

(ii) ਇਹ ਕਿ ਇਸ ਆਪਸੀ ਲਾਭਕਾਰੀ ਦੁਵੱਲੀ ਸਵੱਛ ਊਰਜਾ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਬੇਮਿਸਾਲ ਮੌਕੇ ਹਨ, ਜਿਸ ਵਿੱਚ ਨਵੇਂ ਊਰਜਾ ਪ੍ਰੋਜੈਕਟਾਂ ਦੇ ਵਿਕਾਸ ਅਤੇ ਬਿਜਲੀ ਵਿੱਚ ਵਪਾਰ ਸ਼ਾਮਲ ਹਨ।

(iii) ਰਣਨੀਤਕ ਭਾਈਵਾਲਾਂ ਵਜੋਂ ਭਾਰਤੀ ਇਕਾਈਆਂ ਦੀ ਭਾਗੀਦਾਰੀ ਸਮੇਤ ਹਾਈਡ੍ਰੋ-ਪਾਵਰ, ਸੌਰ ਅਤੇ ਗ੍ਰੀਨ ਹਾਈਡ੍ਰੋਜਨ ਦੇ ਖੇਤਰਾਂ ਵਿੱਚ ਨਵੇਂ ਊਰਜਾ ਪ੍ਰੋਜੈਕਟਾਂ ਦੇ ਵਿਕਾਸ ਵਿੱਚ ਸ਼ਾਮਲ ਹੋਣਾ।

(iv) ਇਹ ਕਿ ਦੋਵੇਂ ਸਰਕਾਰਾਂ ਨਵੇਂ ਪ੍ਰੋਜੈਕਟਾਂ ਲਈ ਪ੍ਰੋਜੈਕਟ ਵਿਸ਼ੇਸ਼ ਅਮਲ ਰੂਪ-ਰੇਖਾ ਦੀ ਸਮੀਖਿਆ ਕਰਨਗੀਆਂ ਅਤੇ ਅੰਤਿਮ ਰੂਪ ਦੇਣਗੀਆਂ, ਜਿਸ ਵਿੱਚ ਰਿਜ਼ਰਵਾਇਰ ਹਾਈਡ੍ਰੋ ਪ੍ਰੋਜੈਕਟ ਵੀ ਸ਼ਾਮਲ ਹਨ।

(v) ਇਹ ਕਿ ਭਾਰਤ ਸਰਕਾਰ ਭੂਟਾਨ ਵਿੱਚ ਨਵੇਂ ਅਤੇ ਆਗਾਮੀ ਪਣ-ਬਿਜਲੀ ਪ੍ਰੋਜੈਕਟਾਂ ਲਈ ਭਾਰਤ ਵਿੱਚ ਵਿੱਤੀ ਸੰਸਥਾਵਾਂ ਦੇ ਨਾਲ-ਨਾਲ ਬਿਜਲੀ ਦੀ ਵਿਕਰੀ ਲਈ ਮਾਰਕੀਟ ਲਈ ਜ਼ਰੂਰੀ ਪਹੁੰਚ ਦੀ ਸਹੂਲਤ ਦੇਵੇਗੀ।

(vi) ਖੇਤਰ ਵਿੱਚ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਪਾਵਰ ਐਕਸਚੇਂਜ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਰਹੇਗਾ। ਇਸ ਸਬੰਧ ਵਿੱਚ, ਆਪਸੀ ਸਹਿਮਤੀ ਵਾਲੇ ਪ੍ਰਬੰਧਾਂ ਅਤੇ ਡਿਲੀਵਰੀ ਪੁਆਇੰਟਾਂ ਰਾਹੀਂ, ਲਾਗੂ ਘਰੇਲੂ ਨਿਯਮਾਂ ਅਤੇ ਪ੍ਰਕਿਰਿਆਵਾਂ ਦੇ ਅਨੁਸਾਰ ਭੂਟਾਨੀ ਬਿਜਲੀ ਉਤਪਾਦਕਾਂ ਤੱਕ ਮਾਰਕਿਟ ਪਹੁੰਚ ਦੀ ਸਹੂਲਤ ਦਿੱਤੀ ਜਾਵੇਗੀ।

(vii) ਵਿਕਸਿਤ ਹੋ ਰਹੇ ਊਰਜਾ ਬਜ਼ਾਰਾਂ ਦੇ ਮੱਦੇਨਜ਼ਰ, ਭੂਟਾਨ ਦੇ ਊਰਜਾ ਪ੍ਰੋਜੈਕਟਾਂ ਵਿੱਚ ਨਿਵੇਸ਼ ਨੂੰ ਸਮਰੱਥ ਬਣਾਉਣ ਲਈ ਅਤੇ ਬਿਜਲੀ ਵਿੱਚ ਨਿਰਵਿਘਨ ਸਰਹੱਦ ਪਾਰ ਵਪਾਰ ਨੂੰ ਯਕੀਨੀ ਬਣਾਉਣ ਲਈ ਨਿਯਮਿਤ ਸਲਾਹ-ਮਸ਼ਵਰੇ ਲਈ।

(viii) ਵਧੇਰੇ ਉਪ-ਖੇਤਰੀ ਊਰਜਾ ਸਹਿਯੋਗ ਵੱਲ ਕੰਮ ਕਰਨਾ, ਜਿਸ ਨਾਲ ਸਾਰੇ ਹਿਤਧਾਰਕਾਂ ਦੇ ਆਪਸੀ ਲਾਭ ਲਈ ਅਰਥਵਿਵਸਥਾਵਾਂ ਦਰਮਿਆਨ ਅੰਤਰ-ਸਬੰਧ ਵਧੇਗਾ।

(ix) ਸਮਰੱਥਾ ਵਿਕਾਸ, ਨੀਤੀਆਂ ਅਤੇ ਟੈਕਨੋਲੋਜੀਆਂ 'ਤੇ ਜਾਣਕਾਰੀ ਦੇ ਅਦਾਨ-ਪ੍ਰਦਾਨ ਅਤੇ ਊਰਜਾ ਕੁਸ਼ਲ ਟੈਕਨੋਲੋਜੀਆਂ 'ਤੇ ਖੋਜ ਅਤੇ ਵਿਕਾਸ ਦੁਆਰਾ ਊਰਜਾ ਕੁਸ਼ਲਤਾ ਅਤੇ ਊਰਜਾ ਸੰਭਾਲ਼ ਦੇ ਖੇਤਰ ਵਿੱਚ ਊਰਜਾ ਸਹਿਯੋਗ ਨੂੰ ਮਜ਼ਬੂਤ ਕਰਨਾ।

ਦੋਵੇਂ ਪ੍ਰਧਾਨ ਮੰਤਰੀ ਆਪਸੀ ਲਾਭ ਲਈ ਸੰਯੁਕਤ ਦ੍ਰਿਸ਼ਟੀਕੋਣ ਬਿਆਨ ਦੇ ਅਧਾਰ 'ਤੇ ਪ੍ਰੋਜੈਕਟਾਂ ਅਤੇ ਪਹਿਲਕਦਮੀਆਂ 'ਤੇ ਗਤੀ ਤੇਜ਼ ਕਰਨ ਲਈ ਸਹਿਮਤ ਹੋਏ।

*********

ਡੀਐੱਸ/ਐੱਸਟੀ 



(Release ID: 2016280) Visitor Counter : 24