ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਵਿੱਚ ਗੁਜਰਾਤ ਸਹਿਕਾਰੀ ਦੁੱਧ ਮਾਰਕੀਟਿੰਗ ਮਹਾਸੰਘ ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਹਿੱਸਾ ਲਿਆ


“ਗੁਜਰਾਤ ਸਹਿਕਾਰੀ ਦੁੱਧ ਮਾਰਕੀਟਿੰਗ ਮਹਾਸੰਘ ਦਾ ਗੋਲਡਨ ਜੁਬਲੀ ਸਮਾਰੋਹ ਇਸ ਦੀ ਗੌਰਵਸ਼ਾਲੀ ਯਾਤਰਾ ਵਿੱਚ ਇਤਿਹਾਸਿਕ ਅਵਸਰ ਹੈ”

“ਅਮੂਲ ਭਾਰਤ ਦੇ ਪਸ਼ੂਪਾਲਕਾਂ ਦੀ ਤਾਕਤ ਦਾ ਪ੍ਰਤੀਕ ਬਣ ਗਿਆ ਹੈ”

“ਅਮੂਲ ਇਸ ਗੱਲ ਦਾ ਉਦਾਹਰਣ ਹੈ ਕਿ ਦੂਰਗਾਮੀ ਫ਼ੈਸਲੇ ਕਿਵੇਂ ਭਾਵੀ ਪੀੜ੍ਹੀਆਂ ਦੀ ਕਿਸਮਲ ਬਦਲ ਦਿੰਦੇ ਹਨ”

“ਭਾਰਤ ਦੇ ਡੇਅਰੀ ਖੇਤਰ ਦੀ ਅਸਲੀ ਮਜ਼ਬੂਤੀ ਨਾਰੀ ਸ਼ਕਤੀ ਹੈ”

“ਅੱਜ ਸਾਡੀ ਸਰਕਾਰ ਮਹਿਲਾਵਾਂ ਦੀ ਆਰਥਿਕ ਸ਼ਕਤੀ ਵਧਾਉਣ ਦੇ ਲਈ ਬਹੁਆਯਾਮੀ ਰਣਨੀਤੀ ‘ਤੇ ਕੰਮ ਕਰ ਰਹੀ ਹੈ”

“ਅਸੀਂ ਜਾਨਵਰਾਂ ਵਿੱਚ ਖੁਰਪਕਾ-ਮੁੰਹਪਕਾ ਰੋਗ ਨੂੰ 2030 ਤੱਕ ਜੜ ਤੋਂ ਮਿਟਾਉਣ ਦੇ ਲਈ ਕੰਮ ਕਰ ਰਹੇ ਹਾਂ”

“ਸਰਕਾਰ ਦਾ ਫੋਕਸ ਕਿਸਾਨਾਂ ਨੂੰ ਊਰਜਾ ਉਤਪਾਦਕ ਅਤੇ ਫਰਟੀਲਾਈਜ਼ਰ ਸਪਲਾਇਰਸ ਬਣਾਉਣ ‘ਤੇ ਹੈ”

“ਸਰਕਾਰ ਗ੍ਰਾਮੀਣ ਅਰਥਵਿਵਸਥਾ ਵਿੱਚ ਸਹਿਯੋਗ ਦਾ ਦਾਇਰਾ ਮਹੱਤਵਪੂਰਨ ਤੌਰ ‘ਤੇ ਵਧਾ ਰਹੀ ਹੈ”

“ਦੇਸ਼ ਭਰ ਦੇ 2 ਲੱਖ ਤੋਂ ਵੱਧ ਪਿੰਡਾਂ ਵਿੱਚ ਦੋ ਲੱਖ ਤੋਂ ਅਧਿਕ ਸਹਿਕਾਰੀ ਕਮੇਟੀਆਂ ਦੀ ਸਥਾਪਨਾ ਦੇ ਨਾਲ ਸਹਿਕਾਰੀ ਅੰਦੋਲਨ ਗਤੀ ਪਕੜ ਰਿਹਾ ਹੈ”

“ਸਰਕਾਰ ਹਰ ਤਰ੍ਹਾਂ ਨਾਲ ਤੁਹਾਡੇ ਨਾਲ ਖੜੀ ਹੈ ਅਤੇ ਇਹ ਮੋਦੀ ਦੀ ਗਾਰੰਟੀ ਹੈ”

Posted On: 22 FEB 2024 12:43PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਹਿਮਦਾਬਾਦ ਦੇ ਮੋਟੇਰਾ ਸਥਿਤ ਨਰੇਂਦਰ ਮੋਦੀ ਸਟੇਡੀਅਮ ਵਿੱਚ ਗੁਜਰਾਤ ਸਹਿਕਾਰੀ ਦੁੱਧ ਮਾਰਕੀਟਿੰਗ ਮਹਾਸੰਘ (ਜੀਸੀਐੱਮਐੱਮਐੱਫ) ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਆਯੋਜਿਤ ਪ੍ਰਦਰਸ਼ਨੀ ਦਾ ਅਵਲੋਕਨ ਕੀਤਾ ਅਤੇ ਗੋਲਡਨ ਜੁਬਲੀ ਕੌਫੀ ਟੇਬਲ ਬੁੱਕ ਦਾ ਵੀ ਅਨਾਵਰਣ ਕੀਤਾ। ਜੀਸੀਐੱਮਐੱਮਐੱਫ ਸਹਿਕਾਰੀ ਕਮੇਟੀਆਂ ਦੀ ਆਤਮਨਿਰਭਰਤਾ, ਉਨ੍ਹਾਂ ਦੀ ਉੱਦਮਸ਼ੀਲਤਾ ਦੀ ਭਾਵਨਾ ਅਤੇ ਕਿਸਾਨਾਂ ਦੇ ਦ੍ਰਿੜ੍ਹ ਸੰਕਲਪ ਦਾ ਪ੍ਰਮਾਣ ਹੈ, ਜਿਸ ਨੇ ਅਮੂਲ ਨੂੰ ਦੁਨੀਆ ਦੇ ਸਭ ਤੋਂ ਮਜ਼ਬੂਤ ਡੇਅਰੀ ਬ੍ਰਾਂਡਾਂ ਵਿੱਚੋਂ ਇੱਕ ਬਣਾ ਦਿੱਤਾ ਹੈ।

ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਗੁਜਰਾਤ ਸਹਿਕਾਰੀ ਦੁੱਧ ਮਾਰਕੀਟਿੰਗ ਮਹਾਸੰਘ (ਜੀਸੀਐੱਮਐੱਮਐੱਫ) ਦੇ ਗੋਲਡਨ ਜੁਬਲੀ ਸਮਾਰੋਹ ਦੇ ਲਈ ਸਭ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ 50 ਸਾਲ ਪਹਿਲਾਂ ਗੁਜਰਾਤ ਦੇ ਕਿਸਾਨਾਂ ਦਾ ਲਗਾਇਆ ਗਿਆ ਇੱਕ ਪੌਦਾ ਅੱਜ ਇੱਕ ਵਿਸ਼ਾਲ ਰੁੱਖ ਬਣ ਗਿਆ ਹੈ। ਜਿਸ ਦੀ ਸ਼ਾਖਾਵਾਂ ਪੂਰੀ ਦੁਨੀਆ ਵਿੱਚ ਫੈਲੀਆਂ ਹਨ। ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਸ਼ਵੇਤ ਕ੍ਰਾਂਤੀ ਵਿੱਚ ਪਸ਼ੂਆਂ ਦੇ ਯੋਗਦਾਨ ਨੂੰ ਸਵੀਕਾਰ ਕਰਨਾ ਨਹੀਂ ਭੁੱਲੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਲੇ ਹੀ ਆਜ਼ਾਦੀ ਦੇ ਬਾਅਦ ਭਾਰਤ ਵਿੱਚ ਕਈ ਬ੍ਰਾਂਡ ਉਭਰੇ, ਲੇਕਿਨ ਅਮੂਲ ਜਿਹਾ ਕੋਈ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮੂਲ ਭਾਰਤ ਦੇ ਪਸ਼ੂਪਾਲਕਾਂ ਦੀ ਤਾਕਤ ਦਾ ਪ੍ਰਤੀਕ ਬਣ ਗਿਆ ਹੈ। ਅਮੂਲ ਦਾ ਮਤਲਬ ਹੈ ਵਿਸ਼ਵਾਸ, ਵਿਕਾਸ, ਜਨ ਭਾਗੀਦਾਰੀ, ਕਿਸਾਨਾਂ ਦਾ ਸਸ਼ਕਤੀਕਰਣ ਅਤੇ ਸਮੇਂ ਦੇ ਨਾਲ ਤਕਨੀਕੀ ਪ੍ਰਗਤੀ। ਉਨ੍ਹਾਂ ਨੇ ਕਿਹਾ ਕਿ ਅਮੂਲ ਆਤਮਨਿਰਭਰ ਭਾਰਤ ਦੀ ਪ੍ਰੇਰਣਾ ਹੈ।

ਪ੍ਰਧਾਨ ਮੰਤਰੀ ਨੇ ਅਮੂਲ ਦੀਆਂ ਉਪਲਬਧੀਆਂ ‘ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਅਮੂਲ ਉਤਪਾਦ ਦੁਨੀਆ ਭਰ ਦੇ 50 ਤੋਂ ਅਧਿਕ ਦੇਸ਼ਾਂ ਵਿੱਚ ਨਿਰਯਾਤ ਕੀਤੇ ਜਾਂਦੇ ਹਨ। ਉਨ੍ਹਾਂ ਨੇ 18,000 ਤੋਂ ਅਧਿਕ ਦੁੱਧ ਸਹਿਕਾਰੀ ਕਮੇਟੀਆਂ, 36,000 ਕਿਸਾਨਾਂ ਦੇ ਨੈੱਟਵਰਕ, ਪ੍ਰਤੀਦਿਨ 3.5 ਕਰੋੜ ਲੀਟਰ ਤੋਂ ਵੱਧ ਦੁੱਧ ਦੀ ਪ੍ਰੋਸੈੱਸਿੰਗ ਅਤੇ ਪਸ਼ੂਪਾਲਕਾਂ ਨੂੰ 200 ਕਰੋੜ ਰੁਪਏ ਤੋਂ ਅਧਿਕ ਦਾ ਔਨਲਾਈਨ ਭੁਗਤਾਨ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਛੋਟੇ ਪਸ਼ੂਪਾਲਕਾਂ ਦੇ ਇਸ ਸੰਗਠਨ ਦੁਆਰਾ ਕੀਤਾ ਜਾ ਰਿਹਾ ਮਹੱਤਵਪੂਰਨ ਕਾਰਜ ਅਮੂਲ ਅਤੇ ਉਸ ਦੀ ਸਹਿਕਾਰੀ ਕਮੇਟੀਆਂ ਨੂੰ ਮਜ਼ਬੂਤ ਬਣਾਉਂਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮੂਲ ਉਸ ਬਦਲਾਵ ਦਾ ਉਦਾਹਰਣ ਹੈ ਜੋ ਦੂਰਦਰਸ਼ਿਤਾ ਨਾਲ ਲਏ ਗਏ ਫ਼ੈਸਲਿਆਂ ਤੋਂ ਆਉਂਦਾ ਹੈ। ਉਨ੍ਹਾਂ ਨੇ ਯਾਦ ਦਿਲਵਾਇਆ ਕਿ ਅਮੂਲ ਦੀ ਉਤਪਤੀ ਸਰਦਾਰ ਪਟੇਲ ਦੇ ਮਾਰਗਦਰਸ਼ਨ ਵਿੱਚ ਖੇੜਾ ਦੁੱਧ ਸੰਘ ਨਾਲ ਹੋਈ ਸੀ। ਗੁਜਰਾਤ ਵਿੱਚ ਸਹਿਕਾਰੀ ਕਮੇਟੀਆਂ ਦੇ ਵਿਸਤਾਰ ਦੇ ਨਾਲ ਹੀ ਜੀਸੀਐੱਮਐੱਮਐੱਫ ਹੋਂਦ ਵਿੱਚ ਆਇਆ। ਉਨ੍ਹਾਂ ਨੇ ਦੱਸਿਆ ਕਿ ਇਹ ਸਹਿਕਾਰੀ ਕਮੇਟੀਆਂ ਅਤੇ ਸਰਕਾਰ ਦਰਮਿਆਨ ਤਾਲਮੇਲ ਦਾ ਇੱਕ ਵੱਡਾ ਉਦਾਹਰਣ ਹੈ ਅਤੇ ਅਜਿਹੇ ਪ੍ਰਯਤਨਾਂ ਨੇ ਸਾਨੂੰ 8 ਕਰੋੜ ਲੋਕਾਂ ਨੂੰ ਰੋਜ਼ਗਾਰ ਦੇ ਕੇ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਦੇਸ਼ ਬਣਾ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 10 ਵਰ੍ਹਿਆਂ ਵਿੱਚ ਦੁੱਧ ਉਤਪਾਦਨ ਵਿੱਚ ਲਗਭਗ 60 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਅਤੇ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ ਵਿੱਚ ਵੀ ਲਗਭਗ 40 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਡੇਅਰੀ ਖੇਤਰ ਆਲਮੀ ਔਸਤ 2 ਪ੍ਰਤੀਸ਼ਤ ਦੀ ਤੁਲਨਾ ਵਿੱਚ ਪ੍ਰਤੀ ਵਰ੍ਹੇ 6 ਪ੍ਰਤੀਸ਼ਤ ਦੀ ਦਰ ਤੋਂ ਵਧ ਰਿਹਾ ਹੈ।

ਪ੍ਰਧਾਨ ਮੰਤਰੀ ਨੇ 10 ਲੱਖ ਕਰੋੜ ਰੁਪਏ ਦੇ ਡੇਅਰੀ ਖੇਤਰ ਵਿੱਚ ਮਹਿਲਾਵਾਂ ਦੀ ਕੇਂਦਰੀ ਭੂਮਿਕਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ 70 ਪ੍ਰਤੀਸ਼ਤ ਤੱਕ ਮਹਿਲਾਵਾਂ ਨਾਲ ਸੰਚਾਲਿਤ ਡੇਅਰੀ ਖੇਤਰ ਦਾ ਕਾਰੋਬਾਰ ਕਣਕ, ਚਾਵਲ ਅਤੇ ਗੰਨੇ ਦੇ ਕੁੱਲ ਕਾਰੋਬਾਰ ਤੋਂ ਵੀ ਅਧਿਕ ਹੈ। ਉਨ੍ਹਾਂ ਨੇ ਕਿਹਾ ਕਿ ਇਹ ਨਾਰੀ ਸ਼ਕਤੀ ਡੇਅਰੀ ਖੇਤਰ ਦੀ ਅਸਲੀ ਤਾਕਤ ਹੈ। ਅੱਜ, ਜਦੋਂ ਭਾਰਤ ਮਹਿਲਾ ਅਗਵਾਈ ਵਾਲੇ ਵਿਕਾਸ ਦੇ ਨਾਲ ਅੱਗੇ ਵਧ ਰਿਹਾ ਹੈ, ਤਾਂ ਉਸ ਦੇ ਡੇਅਰੀ ਖੇਤਰ ਦੀ ਸਫ਼ਲਤਾ ਇੱਕ ਵੱਡੀ ਪ੍ਰੇਰਣਾ ਹੈ। ਵਿਕਸਿਤ ਭਾਰਤ ਦੀ ਯਾਤਰਾ ਵਿੱਚ ਮਹਿਲਾਵਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਦੀ ਮਹੱਤਤਾ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਮੁਦਰਾ ਯੋਜਨਾ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ 30 ਲੱਖ ਕਰੋੜ ਰੁਪਏ ਦੀ ਮਦਦ ਰਾਸ਼ੀ ਦਾ 70 ਪ੍ਰਤੀਸ਼ਤ ਲਾਭ ਮਹਿਲਾ ਉੱਦਮੀਆਂ ਨੇ ਚੁੱਕਿਆ ਹੈ। ਨਾਲ ਹੀ ਸਵੈ ਸਹਾਇਤਾ ਸਮੂਹਾਂ ਵਿੱਚ ਮਹਿਲਾਵਾਂ ਦੀ ਸੰਖਿਆ 10 ਕਰੋੜ ਤੋਂ ਅਧਿਕ ਹੋ ਗਈ ਹੈ ਅਤੇ ਉਨ੍ਹਾਂ ਨੂੰ 6 ਲੱਖ ਕਰੋੜ ਤੋਂ ਵੱਧ ਦੀ ਵਿੱਤੀ ਮਦਦ ਮਿਲੀ ਹੈ। 4 ਕਰੋੜ ਪੀਐੱਮ ਆਵਾਸ ਵਿੱਚੋਂ ਜ਼ਿਆਦਾਤਰ ਘਰ ਮਹਿਲਾਵਾਂ ਦੇ ਨਾਮ ‘ਤੇ ਹਨ। ਪ੍ਰਧਾਨ ਮੰਤਰੀ ਨੇ ਨਮੋ ਡ੍ਰੋਨ ਦੀਦੀ ਯੋਜਨਾ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ 15,000 ਐੱਸਐੱਚਜੀ ਨੂੰ ਡ੍ਰੋਨ ਦਿੱਤੇ ਜਾ ਰਹੇ ਹਨ ਅਤੇ ਇਸ ਦੇ ਮੈਂਬਰਾਂ ਨੂੰ ਡ੍ਰੋਨ ਟ੍ਰੇਨਿੰਗ ਦਿੱਤੀ ਜਾ ਰਹੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਦੀ ਡੇਅਰੀ ਸਹਿਕਾਰੀ ਕਮੇਟੀਆਂ ਵਿੱਚ ਮਹਿਲਾਵਾਂ ਦੀ ਵਧਦੀ ਸੰਖਿਆ ‘ਤੇ ਪ੍ਰਸੰਨਤਾ ਵਿਅਕਤ ਕੀਤੀ ਅਤੇ ਡੇਅਰੀ ਤੋਂ ਹੋਣ ਵਾਲੀ ਆਮਦਨ ਨੂੰ ਸਿੱਧਾ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜਣ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਅਮੂਲ ਦੇ ਪ੍ਰਯਤਨਾਂ ਦੀ ਵੀ ਸਰਾਹਨਾ ਕੀਤੀ ਅਤੇ ਖੇਤਰ ਵਿੱਚ ਪਸ਼ੂਪਾਲਕਾਂ ਨੂੰ ਨਕਦੀ ਕੱਢਣ ਵਿੱਚ ਮਦਦ ਕਰਨ ਦੇ ਲਈ ਪਿੰਡਾਂ ਵਿੱਚ ਮਾਈਕ੍ਰੋ ਏਟੀਐੱਮ ਸਥਾਪਿਤ ਕਰਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਪਸ਼ੂਪਾਲਕਾਂ ਨੂੰ ਰੁਪੇ ਕਿਸਾਨ ਕ੍ਰੈਡਿਟ ਕਾਰਡ ਪ੍ਰਦਾਨ ਕਰਨ ਦੀਆਂ ਯੋਜਨਾਵਾਂ ‘ਤੇ ਵੀ ਚਰਚਾ ਕੀਤੀ ਅਤੇ ਪੰਚਪਿਪਲਾ ਅਤੇ ਬਨਾਸਕਾਂਠਾ ਵਿੱਚ ਚਲ ਰਹੇ ਪਾਇਲਟ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ।

ਗਾਂਧੀ ਜੀ ਦੇ ਕਥਨ ਨੂੰ ਯਾਦ ਕਰਦੇ ਹੋਏ ਕਿ ਭਾਰਤ ਪਿੰਡਾਂ ਵਿੱਚ ਵੱਸਦਾ ਹੈ, ਪ੍ਰਧਾਨ ਮੰਤਰੀ ਨੇ ਗ੍ਰਾਮੀਣ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਪਿਛਲੀ ਸਰਕਾਰ ਦਾ ਗ੍ਰਾਮੀਣ ਅਰਥਵਿਵਸਥਾ ਦੇ ਪ੍ਰਤੀ ਖੰਡਿਤ ਦ੍ਰਿਸ਼ਟੀਕੋਣ ਸੀ, ਜਦਕਿ ਵਰਤਮਾਨ ਸਰਕਾਰ ਪਿੰਡ ਦੇ ਹਰ ਪਹਿਲੂ ਨੂੰ ਪ੍ਰਾਥਮਿਕਤਾ ਦੇ ਕੇ ਪ੍ਰਗਤੀ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਛੋਟੇ ਕਿਸਾਨਾਂ ਦੇ ਜੀਵਨ ਨੂੰ ਸੁਗਮ ਬਣਾਉਣ ਦੇ ਲਈ ਪਸ਼ੂਪਾਲਨ ਦੀ ਸੰਭਾਵਨਾ ਵਧਾਉਣ, ਪਸ਼ੂਆਂ ਦੇ ਲਈ ਸਵਸਥ ਜੀਵਨ ਮਹੁੱਈਆ ਕਰਵਾਉਣ ਦਾ ਮਾਹੌਲ ਬਣਾਉਣ ਅਤੇ ਪਿੰਡਾਂ ਵਿੱਚ ਮੱਛੀ ਪਾਲਨ ਅਤੇ ਮਧੂਮੱਖੀ ਪਾਲਨ ਨੂੰ ਹੁਲਾਰਾ ਦੇਣ ‘ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ। ਇਸ ਦੇ ਲਈ ਸਰਕਾਰ ਪਸ਼ੂਪਾਲਕਾਂ ਅਤੇ ਮੱਛੀ ਪਾਲਕਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਵੀ ਮੁਹੱਈਆ ਕਰਵਾ ਰਹੀ ਹੈ।

ਉਨ੍ਹਾਂ ਨੇ ਕਿਸਾਨਾਂ ਨੂੰ ਜਲਵਾਯੂ ਪਰਿਵਰਤਨ ਦੇ ਅਨੁਕੂਲ ਆਧੁਨਿਕ ਬੀਜ ਉਪਲਬਧ ਕਰਵਾਉਣ ਦੀ ਵੀ ਗੱਲ ਕਹੀ। ਪ੍ਰਧਾਨ ਮੰਤਰੀ ਨੇ ਰਾਸ਼ਟਰੀ ਗੋਕੁਲ ਮਿਸ਼ਨ ਦਾ ਵੀ ਜ਼ਿਕਰ ਕੀਤਾ, ਜਿਸ ਦਾ ਉਦੇਸ਼ ਡੇਅਰੀ ਮਵੇਸ਼ੀਆਂ ਦੀਆਂ ਪ੍ਰਜਾਤੀਆਂ ਵਿੱਚ ਸੁਧਾਰ ਕਰਨਾ ਹੈ। ਖੁਰਪਕਾ-ਮੁੰਹਪਕਾ ਰੋਗ ਦੇ ਕਾਰਨ ਮਵੇਸ਼ੀਆਂ ਨੂੰ ਹੋਣ ਵਾਲੀਆਂ ਕਠਿਨਾਈਆਂ ਅਤੇ ਪਸ਼ੂਪਾਲਕਾਂ ਨੂੰ ਹੋਣ ਵਾਲੇ ਹਜ਼ਾਰਾਂ ਕਰੋੜ ਰੁਪਏ ਦੇ ਭਾਰੀ ਨੁਕਸਾਨ ‘ਤੇ ਅੰਕੁਸ਼ ਲਗਾਉਣ ਦੇ ਸਰਕਾਰ ਦੇ ਪ੍ਰਯਤਨ ‘ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ 15,000 ਕਰੋੜ ਰੁਪਏ ਦੇ ਮੁਫ਼ਤ ਟੀਕਾਕਰਣ ਪ੍ਰੋਗਰਾਮ ਦੀ ਸ਼ੁਰੂਆਤ ਬਾਰੇ ਜਾਣਕਾਰੀ ਦਿੱਤੀ। ਇਸ ਦੇ ਤਹਿਤ ਹੁਣ ਤੱਕ 7 ਕਰੋੜ ਤੋਂ ਅਧਿਕ ਟੀਕਾਕਰਣ ਕੀਤਾ ਜਾ ਚੁੱਕਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ 2030 ਤੱਕ ਖੁਰਪਕਾ-ਮੁੰਹਪਕਾ ਰੋਗ ਨੂੰ ਜੜ ਤੋਂ ਮਿਟਾਉਣ ਦੇ ਲਈ ਕੰਮ ਕਰ ਰਹੇ ਹਾਂ।

ਪ੍ਰਧਾਨ ਮੰਤਰੀ ਨੇ ਕੱਲ੍ਹ ਰਾਤ ਕੈਬਨਿਟ ਮੀਟਿੰਗ ਵਿੱਚ ਪਸ਼ੂਧਨ ਨਾਲ ਜੜੇ ਫ਼ੈਸਲੇ ਦਾ ਵੀ ਜ਼ਿਕਰ ਕੀਤਾ। ਕੈਬਨਿਟ ਨੇ ਸਵਦੇਸ਼ੀ ਪ੍ਰਜਾਤੀਆਂ ਨੂੰ ਹੁਲਾਰਾ ਦੇਣ ਦੇ ਲਈ ਰਾਸ਼ਟਰੀ ਪਸ਼ੂਧਨ ਮਿਸ਼ਨ ਵਿੱਚ ਸੰਸ਼ੋਧਨ ਦਾ ਫ਼ੈਸਲਾ ਲਿਆ। ਗ਼ੈਰ-ਖੇਤੀਬਾੜੀ ਯੋਗ ਭੂਮੀ ਨੂੰ ਚਾਰੇ ਦੇ ਲਈ ਉਪਯੋਗ ਕਰਨ ਦੇ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਪਸ਼ੂਧਨ ਸੰਭਾਲ ਦੇ ਲਈ ਬੀਮਾ ਪ੍ਰੀਮੀਅਮ ਬਹੁਤ ਘੱਟ ਕਰ ਦਿੱਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਸੌਰਾਸ਼ਟਰ ਅਤੇ ਕੱਛ ਵਿੱਚ ਸੋਕੇ ਦੇ ਦੌਰਾਨ ਦੇਖੀਆਂ ਗਈਆਂ ਕਠਿਨਾਈਆਂ ਦਾ ਜ਼ਿਕਰ ਕਰਦੇ ਹੋਏ, ਜਿੱਥੇ ਪਾਣੀ ਦੀ ਕਮੀ ਦੇ ਕਾਰਨ ਹਜ਼ਾਰਾਂ ਜਾਨਵਰ ਮਾਰੇ ਗਏ ਸਨ, ਗੁਜਰਾਤ ਵਿੱਚ ਜਲ ਸੰਭਾਲ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਇਨ੍ਹਾਂ ਖੇਤਰਾਂ ਤੱਕ ਪਹੁੰਚਣ ਵਾਲੇ ਨਰਮਦਾ ਜਲ ਦੇ ਸਕਾਰਾਤਮਕ ਪ੍ਰਭਾਵ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਨਰਮਦਾ ਜਲ ਦੇ ਆਉਣ ਦੇ ਬਾਅਦ ਇਨ੍ਹਾਂ ਖੇਤਰਾਂ ਦੇ ਹਾਲਾਤ ਬਦਲ ਗਏ ਹਨ। ਇਸ ਨਾਲ ਇਨ੍ਹਾਂ ਖੇਤਰਾਂ ਵਿੱਚ ਲੋਕਾਂ ਦੇ ਜੀਵਨ ਅਤੇ ਖੇਤੀਬਾੜੀ ਅਭਿਆਸਾਂ ਵਿੱਚ ਮਹੱਤਵਪੂਰਨ ਸੁਧਾਰ ਹੋਏ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਾਣੀ ਦੀ ਕਮੀ ਨੂੰ ਦੂਰ ਕਰਨ ਅਤੇ ਦੇਸ਼ ਭਰ ਵਿੱਚ ਗ੍ਰਾਮੀਣ ਅਰਥਵਿਵਸਥਾਵਾਂ ਨੂੰ ਵਧਾਉਣ ਦੇ ਲਈ ਸਰਕਾਰ ਦੇ ਸਰਗਰਮ ਉਪਾਵਾਂ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਰਕਾਰ ਇਹ ਸੁਨਿਸ਼ਚਿਤ ਕਰਨ ਦਾ ਪ੍ਰਯਤਨ ਕਰ ਰਹੀ ਹੈ ਕਿ ਭਵਿੱਖ ਵਿੱਚ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਕਿਹਾ ਕਿ 60 ਤੋਂ ਵੱਧ ਅੰਮ੍ਰਿਤ ਸਰੋਵਰਾਂ ਦੇ ਨਿਰਮਾਣ ਨਾਲ ਦੇਸ਼ ਦੀ ਗ੍ਰਾਮੀਣ ਅਰਥਵਿਵਸਥਾ ਨੂੰ ਬਹੁਤ ਫਾਇਦਾ ਹੋਇਆ ਹੈ।

ਪ੍ਰਧਾਨ ਮੰਤਰੀ ਨੇ ਤਕਨੀਕੀ ਪ੍ਰਗਤੀ ਦੇ ਮਾਧਿਅਮ ਨਾਲ ਛੋਟੇ ਕਿਸਾਨਾਂ ਨੂੰ ਸਸ਼ਕਤ ਬਣਾਉਣ ਦੀ ਸਰਕਾਰ ਦੀ ਪ੍ਰਤੀਬੱਧਤਾ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਰਕਾਰ ਦਾ ਪ੍ਰਯਤਨ ਪਿੰਡਾਂ ਵਿੱਚ ਛੋਟੇ ਕਿਸਾਨਾਂ ਨੂੰ ਆਧੁਨਿਕ ਤਕਨੀਕ ਨਾਲ ਜੋੜਨਾ ਹੈ। ਉਨ੍ਹਾਂ ਨੇ ਡ੍ਰਿਪ ਸਿੰਚਾਈ ਜਿਹੀਆਂ ਕੁਸ਼ਲ ਸਿੰਚਾਈ ਵਿਧੀਆਂ ਨੂੰ ਹੁਲਾਰਾ ਦੇਣ ਵਿੱਚ ਸਰਕਾਰ ਦੇ ਪ੍ਰਯਤਨਾਂ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਗੁਜਰਾਤ ਵਿੱਚ, ਅਸੀਂ ਹਾਲ ਦੇ ਵਰ੍ਹਿਆਂ ਵਿੱਚ ਸੂਖਮ ਸਿੰਚਾਈ ਦੇ ਦਾਇਰੇ ਵਿੱਚ ਕਈ ਗੁਣਾ ਵਾਧਾ ਦੇਖਿਆ ਹੈ। ਸ਼੍ਰੀ ਮੋਦੀ ਨੇ ਕਿਸਾਨਾਂ ਨੂੰ ਉਨ੍ਹਾਂ ਦੇ ਪਿੰਡਾਂ ਦੇ ਕੋਲ ਹੀ ਵਿਗਿਆਨਿਕ ਸਮਾਧਾਨ ਪ੍ਰਦਾਨ ਕਰਨ ਦੇ ਲਈ ਲੱਖਾਂ ਕਿਸਾਨ ਸਮ੍ਰਿੱਧੀ ਕੇਂਦਰਾਂ ਦੀ ਸਥਾਪਨਾ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਕਿਸਾਨਾਂ ਨੂੰ ਜੈਵਿਕ ਖਾਦ ਬਣਾਉਣ ਵਿੱਚ ਮਦਦ ਕਰਨ ਦੇ ਪ੍ਰਯਤਨ ਜਾਰੀ ਹਨ। ਜੈਵਿਕ ਖਾਦ ਦੇ ਉਤਪਾਦਨ ਦੇ ਸਬੰਧ ਵਿੱਚ ਪ੍ਰਾਵਧਾਨ ਕੀਤੇ ਜਾ ਰਹੇ ਹਨ।

ਪ੍ਰਧਾਨ ਮੰਤਰੀ ਨੇ ਗ੍ਰਾਮੀਣ ਅਰਥਵਿਵਸਥਾ ਦੇ ਉਥਾਨ ਵਿੱਚ ਸਰਕਾਰ ਦੇ ਬਹੁਮੁਖੀ ਦ੍ਰਿਸ਼ਟੀਕੋਣ ‘ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਸਾਡੀ ਸਰਕਾਰ ਕਿਸਾਨਾਂ ਨੂੰ ਊਰਜਾ ਉਤਪਾਦਕ ਅਤੇ ਖਾਦ ਸਪਲਾਇਰ ਬਣਾਉਣ ‘ਤੇ ਕੇਂਦ੍ਰਿਤ ਹੈ। ਉਨ੍ਹਾਂ ਨੇ ਖੇਤੀਬਾੜੀ ਵਿੱਚ ਟਿਕਾਊ ਊਰਜਾ ਸਮਾਧਾਨਾਂ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੇ ਹੋਏ ਦੱਸਿਆ ਕਿ ਕਿਸਾਨਾਂ ਨੂੰ ਸੋਲਰ ਪੰਪ ਪ੍ਰਦਾਨ ਕਰਨ ਦੇ ਇਲਾਵਾ, ਖੇਤੀਬਾੜੀ ਪਰਿਸਰ ਵਿੱਚ ਛੋਟੇ ਪੈਮਾਨੇ ‘ਤੇ ਸੋਲਰ ਪਲਾਂਟ ਸਥਾਪਿਤ ਕਰਨ ਦੇ ਲਈ ਸਹਾਇਤਾ ਦਿੱਤੀ ਜਾ ਰਹੀ ਹੈ।

ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਨੇ ਗੋਬਰ ਧਨ ਯੋਜਨਾ ਦੇ ਤਹਿਤ ਪਸ਼ੂਪਾਲਕਾਂ ਤੋਂ ਗਾਂ ਦਾ ਗੋਬਰ ਖਰੀਦਣ ਦੀ ਯੋਜਨਾ ਦੇ ਲਾਗੂਕਰਨ ਦਾ ਐਲਾਨ ਕੀਤਾ, ਜਿਸ ਨਾਲ ਬਿਜਲੀ ਉਤਪਾਦਨ ਦੇ ਲਈ ਬਾਇਓਗੈਸ ਦੇ ਉਤਪਾਦਨ ਦੀ ਸੁਵਿਧਾ ਮਿਲੇਗੀ। ਉਨ੍ਹਾਂ ਨੇ ਡੇਅਰੀ ਖੇਤਰ ਵਿੱਚ ਸਫ਼ਲ ਪਹਿਲ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਬਨਾਸਕਾਂਠਾ ਵਿੱਚ ਅਮੂਲ ਦੇ ਬਾਇਓਗੈਸ ਪਲਾਂਟ ਦੀ ਸਥਾਪਨਾ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਰਥਿਕ ਵਿਕਾਸ ਦੇ ਵਾਹਕ ਦੇ ਰੂਪ ਵਿੱਚ ਸਹਿਕਾਰੀ ਕਮੇਟੀਆਂ ਨੂੰ ਹੁਲਾਰਾ ਦੇਣ ਦੀ ਸਰਕਾਰ ਦੀ ਪ੍ਰਤੀਬੱਧਤਾ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਗ੍ਰਾਮੀਣ ਅਰਥਵਿਵਸਥਾ ਵਿੱਚ ਸਹਿਯੋਗ ਦੇ ਦਾਇਰੇ ਨੂੰ ਤੇਜ਼ੀ ਨਾਲ ਵਧਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਕੇਂਦਰੀ ਪੱਧਰ ‘ਤੇ ਇੱਕ ਅਲੱਗ ਸਹਿਕਾਰਤਾ ਮੰਤਰਾਲਾ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਦੇ ਦੋ ਲੱਖ ਤੋਂ ਵੱਧ ਪਿੰਡਾਂ ਵਿੱਚ ਦੋ ਲੱਖ ਤੋਂ ਵੱਧ ਸਹਿਕਾਰੀ ਕਮੇਟੀਆਂ ਦੀ ਸਥਾਪਨਾ ਦੇ ਨਾਲ, ਸਹਿਕਾਰੀ ਅੰਦੋਲਨ ਗਤੀ ਪਕੜ ਰਿਹਾ ਹੈ।

ਖੇਤੀਬਾੜੀ, ਪਸ਼ੂਪਾਲਨ ਅਤੇ ਮੱਛੀ ਪਾਲਨ ਜਿਹੇ ਖੇਤਰਾਂ ਵਿੱਚ ਇਨ੍ਹਾਂ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਟੈਕਸ ਪ੍ਰੋਤਸਾਹਨ ਅਤੇ ਫੰਡਿੰਗ ਦੇ ਰੂਪ ਵਿੱਚ ਸਰਕਾਰ ਦੀ ਮਦਦ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ‘ਮੇਡ ਇਨ ਇੰਡੀਆ’ ਪਹਿਲ ਦੇ ਮਾਧਿਅਮ ਨਾਲ ਨਿਰਮਾਣ ਵਿੱਚ ਸਹਿਕਾਰੀ ਕਮੇਟੀਆਂ ਨੂੰ ਪ੍ਰੋਤਸਾਹਿਤ ਕਰ ਰਹੀ ਹੈ। ਇਨ੍ਹਾਂ ਸਹਿਕਾਰੀ ਕਮੇਟੀਆਂ ਨੂੰ ਟੈਕਸ ਪ੍ਰੋਤਸਾਹਨ ਦੇ ਮਾਧਿਅਮ ਨਾਲ ਮੇਡ-ਇਨ-ਇੰਡੀਆ ਨਿਰਮਾਣ ਦਾ ਹਿੱਸਾ ਬਣਨ ਦੇ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ 10 ਹਜ਼ਾਰ ਐੱਫਪੀਓ ਛੋਟੇ ਕਿਸਾਨਾਂ ਦੇ ਵੱਡੇ ਸੰਗਠਨ ਹਨ ਜਿਨ੍ਹਾਂ ਵਿੱਚੋਂ 8 ਹਜ਼ਾਰ ਪਹਿਲਾਂ ਤੋਂ ਹੀ ਕੰਮ ਕਰ ਰਹੇ ਹਨ। ਇਨ੍ਹਾਂ ਦਾ ਮਿਸ਼ਨ ਛੋਟੇ ਕਿਸਾਨਾਂ ਨੂੰ ਉਤਪਾਦਕ ਤੋਂ ਖੇਤੀਬਾੜੀ-ਉੱਦਮੀ ਬਣਾਉਣਾ ਹੈ। ਉਨ੍ਹਾਂ ਨੇ ਦੱਸਿਆ ਕਿ ਪੀਏਸੀ, ਐੱਫਪੀਓ ਅਤੇ ਹੋਰ ਸਹਿਕਾਰੀ ਸੰਸਥਾਵਾਂ ਨੂੰ ਕਰੋੜਾਂ ਰੁਪਏ ਦੀ ਸਹਾਇਤਾ ਮਿਲ ਰਹੀ ਹੈ। ਉਨ੍ਹਾਂ ਨੇ ਖੇਤੀਬਾੜੀ-ਬੁਨਿਆਦੀ ਢਾਂਚੇ ਦੇ ਲਈ 1 ਲੱਖ ਕਰੋੜ ਰੁਪਏ ਦੇ ਫੰਡ ਦਾ ਵੀ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਪਸ਼ੂਧਨ ਬੁਨਿਆਦੀ ਢਾਂਚੇ ਦੇ ਲਈ 30 ਹਜ਼ਾਰ ਕਰੋੜ ਰੁਪਏ ਦੇ ਫੰਡ ਨਾਲ ਰਿਕਾਰਡ ਨਿਵੇਸ਼ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਡੇਅਰੀ ਸਹਿਕਾਰੀ ਕਮੇਟੀਆਂ ਨੂੰ ਹੁਣ ਵਿਆਜ ‘ਤੇ ਵੱਧ ਛੂਟ ਮਿਲ ਰਹੀ ਹੈ। ਸਰਕਾਰ ਦੁੱਧ ਪਲਾਂਟਾਂ ਦੇ ਆਧੁਨਿਕੀਕਰਣ ‘ਤੇ ਵੀ ਹਜ਼ਾਰਾਂ ਕਰੋੜ ਰੁਪਏ ਖਰਚ ਕਰ ਰਹੀ ਹੈ। ਇਸੇ ਯੋਜਨਾ ਦੇ ਤਹਿਤ ਅੱਜ ਸਾਬਰਕਾਂਠਾ ਦੁੱਧ ਸੰਘ ਦੀ ਦੋ ਵੱਡੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ। ਇਸ ਵਿੱਚ ਪ੍ਰਤੀਦਿਨ 800 ਟਨ ਪਸ਼ੂ ਚਾਰਾ ਦਾ ਉਤਪਾਦਨ ਕਰਨ ਵਾਲਾ ਇੱਕ ਆਧੁਨਿਕ ਪਲਾਂਟ ਵੀ ਸ਼ਾਮਲ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਮੈਂ ਵਿਕਸਿਤ ਭਾਰਤ ਦੀ ਗੱਲ ਕਰਦਾ ਹਾਂ ਤਾਂ ਮੈਂ ਸਬਕਾ ਪ੍ਰਯਾਸ ਵਿੱਚ ਵਿਸ਼ਵਾਸ ਕਰਦਾ ਹਾਂ।” ਉਨ੍ਹਾਂ ਨੇ ਦੱਸਿਆ ਕਿ ਜਦੋਂ ਭਾਰਤ ਆਪਣੀ ਆਜ਼ਾਦੀ ਦੇ 100ਵੇਂ ਵਰ੍ਹੇ ਵਿੱਚ ਪਹੁੰਚੇਗਾ ਤਾਂ ਅਮੂਲ 75 ਵਰ੍ਹੇ ਪੂਰੇ ਕਰ ਲਵੇਗਾ। ਪ੍ਰਧਾਨ ਮੰਤਰੀ ਨੇ ਤੇਜ਼ੀ ਨਾਲ ਵਧਦੀ ਆਬਾਦੀ ਦੀ ਪੋਸ਼ਣ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਅਮੂਲ ਦੀ ਭੂਮਿਕਾ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਇਸ ਗੱਲ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਅਮੂਲ ਨੇ ਅਗਲੇ 5 ਵਰ੍ਹਿਆਂ ਵਿੱਚ ਆਪਣੇ ਪਲਾਂਟਾਂ ਦੀ ਪ੍ਰੋਸੈੱਸਿੰਗ ਸਮਰੱਥਾ ਨੂੰ ਦੁੱਗਣਾ ਕਰਨ ਦਾ ਲਕਸ਼ ਰੱਖਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਅਮੂਲ ਦੁਨੀਆ ਦੀ ਅੱਠਵੀਂ ਸਭ ਤੋਂ ਵੱਡੀ ਡੇਅਰੀ ਕੰਪਨੀ ਹੈ। ਤੁਹਾਨੂੰ ਇਸ ਨੂੰ ਜਲਦੀ ਤੋਂ ਜਲਦੀ ਦੁਨੀਆ ਦੀ ਸਭ ਤੋਂ ਵੱਡੀ ਡੇਅਰੀ ਕੰਪਨੀ ਬਣਾਉਣਾ ਹੋਵੇਗਾ। ਸਰਕਾਰ ਹਰ ਤਰ੍ਹਾਂ ਦੀ ਮਦਦ ਕਰਨ ਦੇ ਲਈ ਤੁਹਾਡੇ ਨਾਲ ਖੜੀ ਹੈ ਅਤੇ ਇਹ ਮੋਦੀ ਦੀ ਗਾਰੰਟੀ ਹੈ। ਪ੍ਰਧਾਨ ਮੰਤਰੀ ਨੇ ਅਮੂਲ ਦੇ 50 ਸਾਲ ਪੂਰੇ ਹੋਣ ‘ਤੇ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਆਪਣੇ ਸੰਬੋਧਨ ਦਾ ਸਮਾਪਨ ਕੀਤਾ।

ਇਸ ਅਵਸਰ ‘ਤੇ ਹੋਰ ਲੋਕਾਂ ਦੇ ਦਰਮਿਆਨ ਗੁਜਰਾਤ ਦੇ ਗਵਰਨਰ, ਸ਼੍ਰੀ ਅਚਾਰਿਆ ਦੇਵਵ੍ਰਤ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਕੇਂਦਰੀ ਪਸ਼ੂਪਾਲਨ, ਡੇਅਰੀ ਅਤੇ ਮੱਛੀ ਪਾਲਨ ਰਾਜ ਮੰਤਰੀ, ਸ਼੍ਰੀ ਪਰਸ਼ੋਤਮ ਰੂਪਾਲਾ ਅਤੇ ਗੁਜਰਾਤ ਸਹਿਕਾਰੀ ਦੁੱਧ ਮਾਰਕੀਟਿੰਗ ਮਹਾਸੰਘ ਦੇ ਚੇਅਰਮੈਨ ਸ਼੍ਰੀ ਸ਼ਾਮਲ ਬੀ ਪਟੇਲ ਮੌਜੂਦ ਸਨ। ਇਸ ਸਮਾਰੋਹ ਵਿੱਚ 1.25 ਲੱਖ ਤੋਂ ਅਧਿਕ ਕਿਸਾਨ ਸ਼ਾਮਲ ਹੋਏ।

 

************

ਡੀਐੱਸ/ਟੀਐੱਸ



(Release ID: 2008316) Visitor Counter : 41