ਵਿੱਤ ਮੰਤਰਾਲਾ

ਵਿੱਤ ਮੰਤਰੀ ਨੇ ਉੱਭਰ ਰਹੀਆਂ ਤਕਨਾਲੋਜੀਆਂ ਵਿੱਚ ਨਿੱਜੀ ਨਿਵੇਸ਼ ਨੂੰ ਹੁਲਾਰਾ ਦੇਣ ਲਈ ਇੱਕ ਲੱਖ ਕਰੋੜ ਰੁਪਏ ਦੇ ਇੱਕ ਨਵੇਂ ਕੋਸ਼ ਦਾ ਮਤਾ ਪੇਸ਼ ਕੀਤਾ


"ਇਹ ਸਾਡੇ ਤਕਨੀਕੀ ਗਿਆਨਵਾਨ ਨੌਜਵਾਨਾਂ ਲਈ ਇੱਕ ਸੁਨਹਿਰੀ ਯੁਗ ਦੀ ਨਿਸ਼ਾਨਦੇਹੀ ਕਰੇਗਾ": ਸ਼੍ਰੀਮਤੀ ਨਿਰਮਲਾ ਸੀਤਾਰਮਨ

ਕੋਸ਼ ਨੂੰ ਪੰਜਾਹ-ਸਾਲ ਦੇ ਵਿਆਜ ਮੁਕਤ ਕਰਜ਼ੇ ਦੇ ਨਾਲ ਸਥਾਪਤ ਕੀਤਾ ਜਾਵੇਗਾ

ਰੱਖਿਆ ਵਿੱਚ ਡੀਪ ਟੈੱਕ ਤਕਨੀਕਾਂ ਨੂੰ ਮਜ਼ਬੂਤ ਕਰਨ ਅਤੇ 'ਆਤਮਨਿਰਭਰਤਾ' ਨੂੰ ਤੇਜ਼ ਕਰਨ ਲਈ ਪ੍ਰਸਤਾਵਿਤ ਇੱਕ ਨਵੀਂ ਯੋਜਨਾ

ਨਵੇਂ ਯੁੱਗ ਦੀਆਂ ਤਕਨੀਕਾਂ ਅਤੇ ਡੇਟਾ ਲੋਕਾਂ ਅਤੇ ਕਾਰੋਬਾਰਾਂ ਦੀ ਜ਼ਿੰਦਗੀ ਨੂੰ ਬਦਲ ਰਹੇ ਹਨ: ਵਿੱਤ ਮੰਤਰੀ

Posted On: 01 FEB 2024 12:52PM by PIB Chandigarh

ਸਰਕਾਰ ਨੇ ਉੱਭਰ ਰਹੀਆਂ ਤਕਨਾਲੋਜੀਆਂ ਵਿੱਚ ਨਿੱਜੀ ਨਿਵੇਸ਼ ਨੂੰ ਹੁਲਾਰਾ ਦੇਣ ਲਈ ਇੱਕ ਲੱਖ ਕਰੋੜ ਰੁਪਏ ਦਾ ਫੰਡ ਬਣਾਉਣ ਦਾ ਪ੍ਰਸਤਾਵ ਰੱਖਿਆ ਹੈ।

ਅੱਜ ਸੰਸਦ ਵਿੱਚ ਅੰਤਰਿਮ ਬਜਟ 2024-25 ਪੇਸ਼ ਕਰਦੇ ਹੋਏ, ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਹ ਸਾਡੇ ਤਕਨੀਕੀ ਗਿਆਨਵਾਨ ਨੌਜਵਾਨਾਂ ਲਈ ਇੱਕ ਸੁਨਹਿਰੀ ਯੁੱਗ ਦੀ ਨਿਸ਼ਾਨਦੇਹੀ ਕਰੇਗਾ।

ਕੋਸ਼ ਦੀ ਸਥਾਪਨਾ ਪੰਜਾਹ ਸਾਲਾਂ ਦੇ ਵਿਆਜ ਮੁਕਤ ਕਰਜ਼ੇ ਨਾਲ ਕੀਤੀ ਜਾਵੇਗੀ। ਇਹ ਲੰਬੇ ਸਮੇਂ ਦੀ ਮਿਆਦ ਅਤੇ ਘੱਟ ਜਾਂ ਸਿਫ਼ਰ ਵਿਆਜ ਦਰਾਂ ਦੇ ਨਾਲ ਲੰਬੇ ਸਮੇਂ ਲਈ ਵਿੱਤ ਜਾਂ ਮੁੜਵਿੱਤ ਪ੍ਰਦਾਨ ਕਰੇਗਾ।

ਵਿੱਤ ਮੰਤਰੀ ਨੇ ਕਿਹਾ, “ਇਹ ਨਿੱਜੀ ਖੇਤਰ ਨੂੰ ਉੱਭਰ ਰਹੇ ਖੇਤਰ ਵਿੱਚ ਖੋਜ ਅਤੇ ਨਵੀਨਤਾ ਨੂੰ ਮਹੱਤਵਪੂਰਨ ਰੂਪ ਵਿੱਚ ਵਧਾਉਣ ਲਈ ਉਤਸ਼ਾਹਿਤ ਕਰੇਗਾ। ਸਾਨੂੰ ਅਜਿਹੇ ਪ੍ਰੋਗਰਾਮਾਂ ਦੀ ਜ਼ਰੂਰਤ ਹੈ ਜੋ ਸਾਡੇ ਨੌਜਵਾਨਾਂ ਅਤੇ ਤਕਨਾਲੋਜੀ ਦੀਆਂ ਸ਼ਕਤੀਆਂ ਨੂੰ ਜੋੜਦੇ ਹਨ”।

ਸ਼੍ਰੀਮਤੀ ਸੀਤਾਰਮਨ ਨੇ ਰੱਖਿਆ ਉਦੇਸ਼ਾਂ ਲਈ ਡੀਪ ਟੈੱਕ ਤਕਨੀਕਾਂ ਨੂੰ ਮਜ਼ਬੂਤ ਕਰਨ ਅਤੇ 'ਆਤਮਨਿਰਭਰ ਭਾਰਤ' ਨੂੰ ਤੇਜ਼ ਕਰਨ ਲਈ ਇੱਕ ਨਵੀਂ ਯੋਜਨਾ ਸ਼ੁਰੂ ਕਰਨ ਦਾ ਪ੍ਰਸਤਾਵ ਵੀ ਰੱਖਿਆ।

ਤਕਨੀਕੀ ਤਬਦੀਲੀਆਂ

ਨਵੀਂ ਯੁੱਗ ਦੀਆਂ ਤਕਨੀਕਾਂ ਅਤੇ ਅੰਕੜੇ ਲੋਕਾਂ ਅਤੇ ਕਾਰੋਬਾਰਾਂ ਦੇ ਜੀਵਨ ਨੂੰ ਬਦਲ ਰਹੇ ਹਨ, ਇਸ ਵੱਲ ਇਸ਼ਾਰਾ ਕਰਦੇ ਹੋਏ, ਵਿੱਤ ਮੰਤਰੀ ਨੇ ਕਿਹਾ ਕਿ ਉਹ ਨਵੇਂ ਆਰਥਿਕ ਮੌਕਿਆਂ ਨੂੰ ਵੀ ਸਮਰੱਥ ਬਣਾ ਰਹੇ ਹਨ ਅਤੇ ਸਭ ਲਈ ਸਸਤੀਆਂ ਕੀਮਤਾਂ 'ਤੇ ਉੱਚ-ਗੁਣਵੱਤਾ ਸੇਵਾਵਾਂ ਪ੍ਰਦਾਨ ਕਰਨ ਦੀ ਸਹੂਲਤ ਪ੍ਰਦਾਨ ਕਰ ਰਹੇ ਹਨ, ਜਿਸ ਵਿੱਚ 'ਪਿਰਾਮਿਡ ਦੇ ਸਭ ਤੋਂ ਹੇਠਲੇ ਪੱਧਰ' ਦੀਆਂ ਸੇਵਾਵਾਂ ਵੀ ਸ਼ਾਮਲ ਹਨ।

ਇਹ ਦੱਸਦੇ ਹੋਏ ਕਿ ਵਿਸ਼ਵ ਪੱਧਰ 'ਤੇ ਭਾਰਤ ਲਈ ਮੌਕੇ ਵਧ ਰਹੇ ਹਨ, ਸ਼੍ਰੀਮਤੀ ਸੀਤਾਰਮਨ ਨੇ ਕਿਹਾ, "ਭਾਰਤ ਆਪਣੇ ਲੋਕਾਂ ਦੀ ਨਵੀਨਤਾ ਅਤੇ ਉੱਦਮਤਾ ਰਾਹੀਂ ਹੱਲ ਦਿਖਾ ਰਿਹਾ ਹੈ।"

ਖੋਜ ਅਤੇ ਨਵੀਨਤਾ

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਖੋਜ ਅਤੇ ਨਵੀਨਤਾ ਭਾਰਤ ਦੇ ਵਿਕਾਸ ਨੂੰ ਪ੍ਰੇਰਿਤ ਕਰੇਗੀ, ਰੋਜ਼ਗਾਰ ਪੈਦਾ ਕਰੇਗੀ ਅਤੇ ਵਿਕਾਸ ਵੱਲ ਲੈ ਜਾਵੇਗੀ, ਸ਼੍ਰੀਮਤੀ ਸੀਤਾਰਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਨੇ “ਜੈ ਜਵਾਨ, ਜੈ ਕਿਸਾਨ” ਦਾ ਨਾਅਰਾ ਦਿੱਤਾ ਅਤੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ “ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ” ਦਾ ਨਾਅਰਾ ਦਿੱਤਾ।

"ਪ੍ਰਧਾਨ ਮੰਤਰੀ ਮੋਦੀ ਨੇ ਅੱਗੇ "ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ ਅਤੇ ਜੈ ਅਨੁਸੰਧਾਨ" ਦਾ ਨਾਅਰਾ ਦਿੱਤਾ ਹੈ, ਕਿਉਂਕਿ ਨਵੀਨਤਾ ਵਿਕਾਸ ਦੀ ਬੁਨਿਆਦ ਹੈ।

***

ਵਾਈਕੇਬੀਐੱਨਬੀ/ਪੀਕੇ 



(Release ID: 2001282) Visitor Counter : 49