ਸਿੱਖਿਆ ਮੰਤਰਾਲਾ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਭਾਰਤ ਮੰਡਪਮ ਵਿਖੇ 29 ਜਨਵਰੀ, 2024 ਨੂੰ ਹੋਣ ਵਾਲੀ ਪ੍ਰੀਕਸ਼ਾ ਪੇ ਚਰਚਾ ਦੇ 7ਵੇਂ ਸੰਸਕਰਨ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ
ਇਸ 7ਵੇਂ ਸੰਸਕਰਨ ਲਈ ਮਾਈਗੌਵ (MyGov) ਪੋਰਟਲ 'ਤੇ 2.26 ਕਰੋੜ ਰਜਿਸਟ੍ਰੇਸ਼ਨਾਂ ਦਰਜ ਕੀਤੀਆਂ ਗਈਆਂ, ਜੋ ਦੇਸ਼ ਭਰ ਦੇ ਵਿਦਿਆਰਥੀਆਂ ਵਿੱਚ ਵਿਆਪਕ ਉਤਸ਼ਾਹ ਨੂੰ ਉਜਾਗਰ ਕਰਦੀਆਂ ਹਨ
ਏਕਲਵਯ ਮਾਡਲ ਰਿਹਾਇਸ਼ੀ ਸਕੂਲਾਂ ਦੇ ਸੌ ਵਿਦਿਆਰਥੀ ਪਹਿਲੀ ਵਾਰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ
ਦੇਸ਼ ਭਰ ਵਿੱਚ 12 ਜਨਵਰੀ ਤੋਂ 23 ਜਨਵਰੀ, 2024 ਤੱਕ ਵੱਖ-ਵੱਖ ਸਕੂਲ ਪੱਧਰੀ ਗਤੀਵਿਧੀਆਂ ਕਰਵਾਈਆਂ ਗਈਆਂ
23 ਜਨਵਰੀ, 2024 ਨੂੰ 774 ਜ਼ਿਲ੍ਹਿਆਂ ਦੇ 657 ਕੇਂਦਰੀ ਵਿਦਿਆਲਿਆ ਅਤੇ 122 ਨਵੋਦਿਆ ਵਿਦਿਆਲਿਆ ਵਿੱਚ ਇੱਕ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ 60 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ
Posted On:
27 JAN 2024 2:25PM by PIB Chandigarh
ਕੇਂਦਰੀ ਸਿੱਖਿਆ ਅਤੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕੱਲ੍ਹ ਪ੍ਰੀਕਸ਼ਾ ਪੇ ਚਰਚਾ 2024 ਦੀਆਂ ਚੱਲ ਰਹੀਆਂ ਤਿਆਰੀਆਂ ਦੀ ਸਮੀਖਿਆ ਕੀਤੀ।
ਸ਼੍ਰੀ ਪ੍ਰਧਾਨ ਨੇ ਕਿਹਾ ਕਿ ਪ੍ਰੀਕਸ਼ਾ ਪੇ ਚਰਚਾ ਇੱਕ ਸਲਾਨਾ ਪਰੰਪਰਾ ਬਣ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੀਖਿਆ ਦੀ ਚਿੰਤਾ ਤੋਂ ਬਾਹਰ ਆਉਣ ਅਤੇ ਇਸ ਵਿੱਚ ਚੰਗਾ ਪ੍ਰਦਰਸ਼ਨ ਕਰਨ ਲਈ ਵਿਦਿਆਰਥੀ, ਮਾਪੇ ਅਤੇ ਅਧਿਆਪਕ ਪ੍ਰੀਕਸ਼ਾ ਪੇ ਚਰਚਾ ਪ੍ਰੋਗਰਾਮ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ।
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਪ੍ਰੀਕਸ਼ਾ ਪੇ ਚਰਚਾ (ਪੀਪੀਸੀ) 2024 ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਆਪਣੀ ਗੱਲਬਾਤ ਲਈ ਲੋਕਾਂ ਵਿੱਚ ਵਿਆਪਕ ਉਤਸ਼ਾਹ ਪ੍ਰਗਟ ਕੀਤਾ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ “ਪ੍ਰੀਕਸ਼ਾ ਪੇ ਚਰਚਾ” (ਪੀਪੀਸੀ) ਪ੍ਰੀਖਿਆਵਾਂ ਨਾਲ ਜੁੜੇ ਤਣਾਅ ਨੂੰ ਦੂਰ ਕਰਨ ਅਤੇ ‘ਪ੍ਰੀਕਸ਼ਾ ਯੋਧਿਆਂ’ਦੀਆਂ ਤਿਆਰੀਆਂ ਨਾਲ ਤਾਲਮੇਲ ਰੱਖਦੇ ਹੋਏ ਜੀਵਨ ਪ੍ਰਤੀ ਤਿਉਹਾਰ ਦੇ ਦ੍ਰਿਸ਼ਟੀਕੋਣ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਲੱਖਣ ਪਹਿਲ ਹੈ। "ਪ੍ਰੀਕਸ਼ਾ ਪੇ ਚਰਚਾ" ਪ੍ਰੋਗਰਾਮ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ, ਸਿੱਖਿਆ ਮੰਤਰਾਲੇ ਵੱਲੋਂ ਆਯੋਜਿਤ ਕੀਤਾ ਗਿਆ ਹੈ ਅਤੇ ਪਿਛਲੇ ਛੇ ਸਾਲਾਂ ਤੋਂ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਸਫਲਤਾਪੂਰਵਕ ਸ਼ਾਮਲ ਕਰ ਰਿਹਾ ਹੈ। ਪੀਪੀਸੀ ਦਾ ਚੌਥਾ ਐਡੀਸ਼ਨ ਕੋਵਿਡ -19 ਮਹਾਮਾਰੀ ਦੇ ਕਾਰਨ ਆਨਲਾਈਨ ਆਯੋਜਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਪੰਜਵਾਂ ਅਤੇ ਛੇਵਾਂ ਐਡੀਸ਼ਨ ਟਾਊਨ-ਹਾਲ ਫਾਰਮੈਟ ਵਿੱਚ ਆਯੋਜਿਤ ਕੀਤਾ ਗਿਆ। ਪਿਛਲੇ ਸਾਲ ਪ੍ਰੋਗਰਾਮ ਵਿੱਚ 31.24 ਲੱਖ ਵਿਦਿਆਰਥੀਆਂ, 5.60 ਲੱਖ ਅਧਿਆਪਕਾਂ ਅਤੇ 1.95 ਲੱਖ ਮਾਪਿਆਂ ਦੀ ਉਤਸ਼ਾਹੀ ਭਾਗੀਦਾਰੀ ਵੇਖੀ ਗਈ ਸੀ।
ਹੁਣ 7ਵੇਂ ਸੰਸਕਰਨ ਲਈ ਮਾਈਗੌਵ (MyGov) ਪੋਰਟਲ 'ਤੇ 2.26 ਕਰੋੜ ਰਜਿਸਟ੍ਰੇਸ਼ਨਾਂ ਦਰਜ ਕੀਤੀਆਂ ਗਈਆਂ ਹਨ, ਜੋ ਦੇਸ਼ ਭਰ ਦੇ ਵਿਦਿਆਰਥੀਆਂ ਵਿੱਚ ਵਿਆਪਕ ਉਤਸ਼ਾਹ ਨੂੰ ਦਰਸਾਉਂਦੀਆਂ ਹਨ। ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਆਈਟੀਪੀਓ ਦਾ ਭਾਰਤ ਮੰਡਪਮ ਲਗਭਗ 3000 ਭਾਗੀਦਾਰਾਂ ਦੀ ਮੇਜ਼ਬਾਨੀ ਕਰੇਗਾ, ਜੋ 29 ਜਨਵਰੀ, 2024 ਨੂੰ ਟਾਊਨ ਹਾਲ ਫਾਰਮੈਟ ਵਿੱਚ ਹੋਣ ਵਾਲੇ ਪ੍ਰੀਕਸ਼ਾ ਪੇ ਚਰਚਾ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨਗੇ। ਇਸ ਪ੍ਰੋਗਰਾਮ ਵਿੱਚ ਕਲਾ ਉਤਸਵ ਦੇ ਜੇਤੂਆਂ ਦੇ ਨਾਲ-ਨਾਲ ਹਰੇਕ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਦੋ ਵਿਦਿਆਰਥੀਆਂ ਅਤੇ ਇੱਕ ਅਧਿਆਪਕ ਨੂੰ ਸੱਦਾ ਦਿੱਤਾ ਗਿਆ ਹੈ। ਏਕਲਵਯ ਮਾਡਲ ਰਿਹਾਇਸ਼ੀ ਸਕੂਲਾਂ (ਈਐੱਮਆਰਐੱਸ) ਦੇ ਸੌ ਵਿਦਿਆਰਥੀ ਪਹਿਲੀ ਵਾਰ ਇਸ ਵਿੱਚ ਹਿੱਸਾ ਲੈਣਗੇ।
ਭਾਗੀਦਾਰਾਂ ਦੀ ਚੋਣ 11 ਦਸੰਬਰ, 2023 ਤੋਂ 12 ਜਨਵਰੀ, 2024 ਤੱਕ ਮਾਈ ਗੌਵ ਪੋਰਟਲ 'ਤੇ ਇੱਕ ਆਨਲਾਈਨ ਬਹੁ ਵਿਕਲਪ ਪ੍ਰਸ਼ਨ (ਐੱਮਸੀਕਿਊ) ਮੁਕਾਬਲੇ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਕੀਤੀ ਗਈ ਹੈ। ਚੁਣੇ ਗਏ ਭਾਗੀਦਾਰਾਂ ਨੂੰ ਇੱਕ ਪ੍ਰੀਕਸ਼ਾ ਪੇ ਚਰਚਾ ਕਿੱਟ ਮਿਲੇਗੀ, ਜਿਸ ਵਿੱਚ ਪ੍ਰਧਾਨ ਮੰਤਰੀ ਵੱਲੋਂ ਲਿਖੀ ਗਈ "ਐਗਜ਼ਾਮ ਵਾਰੀਅਰਜ਼" ਪੁਸਤਕ ਅਤੇ ਇੱਕ ਪ੍ਰਮਾਣ ਪੱਤਰ ਸ਼ਾਮਲ ਹੋਵੇਗਾ।
12 ਜਨਵਰੀ ਤੋਂ 23 ਜਨਵਰੀ 2024 ਤੱਕ ਦੇਸ਼ ਭਰ ਵਿੱਚ ਵੱਖ-ਵੱਖ ਸਕੂਲ ਪੱਧਰੀ ਗਤੀਵਿਧੀਆਂ ਜਿਵੇਂ ਕਿ ਮੈਰਾਥਨ ਦੌੜਾਂ, ਸੰਗੀਤ ਅਤੇ ਮੀਮ ਮੁਕਾਬਲੇ, ਨੁੱਕੜ ਨਾਟਕ ਅਤੇ ਵਿਦਿਆਰਥੀਆਂ ਵਿੱਚ ਚਰਚਾਵਾਂ ਦਾ ਆਯੋਜਨ ਕੀਤਾ ਗਿਆ। 23 ਜਨਵਰੀ, 2024 ਨੂੰ 774 ਜ਼ਿਲ੍ਹਿਆਂ ਦੇ 657 ਕੇਂਦਰੀ ਵਿਦਿਆਲਿਆ ਅਤੇ 122 ਨਵੋਦਿਆ ਵਿਦਿਆਲਿਆ ਵਿੱਚ "ਐਗਜ਼ਾਮ ਵਾਰੀਅਰਜ਼" ਪੁਸਤਕ ਵਿੱਚ ਪ੍ਰੀਖਿਆ ਮੰਤਰ ਨਾਲ ਸਬੰਧਤ ਵਿਸ਼ਿਆਂ 'ਤੇ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ 60 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।
2.26 ਕਰੋੜ ਰਜਿਸਟ੍ਰੇਸ਼ਨਾਂ ਦੇ ਨਾਲ 29 ਜਨਵਰੀ, 2024 ਨੂੰ ਪ੍ਰੀਕਸ਼ਾ ਪੇ ਚਰਚਾ ਦੇ ਆਗਾਮੀ 7ਵੇਂ ਸੰਸਕਰਨ ਨੂੰ ਲੈ ਕੇ ਬਹੁਤ ਉਮੀਦਾਂ ਹਨ, ਜੋ ਇਮਤਿਹਾਨਾਂ ਦੇ ਤਣਾਅ ਨੂੰ ਦੂਰ ਕਰਨ ਅਤੇ ਸਿੱਖਣ ਦੇ ਸਕਾਰਾਤਮਕ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਵਿੱਚ ਪ੍ਰੋਗਰਾਮ ਦੀ ਭੂਮਿਕਾ ਨੂੰ ਉਜਾਗਰ ਕਰਦਾ ਹੈ।
****
ਐੱਸਐੱਸ/ਏਕੇ
(Release ID: 2001060)
Visitor Counter : 86
Read this release in:
Odia
,
Tamil
,
Assamese
,
Bengali-TR
,
English
,
Urdu
,
Marathi
,
Nepali
,
Hindi
,
Bengali
,
Manipuri
,
Kannada