ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕੇਵਡੀਆ, ਗੁਜਰਾਤ ਵਿੱਚ ਰਾਸ਼ਟਰੀ ਏਕਤਾ ਦਿਵਸ ਸਮਾਰੋਹ ਵਿੱਚ ਹਿੱਸਾ ਲਿਆ


“31 ਅਕਤੂਬਰ ਦੇਸ਼ ਦੇ ਹਰ ਕੋਨੇ ਵਿੱਚ ਰਾਸ਼ਟਰਵਾਦ ਦੀ ਭਾਵਨਾ ਦਾ ਪਰਵ ਬਣ ਗਿਆ ਹੈ”

“ਲਾਲ ਕਿਲ੍ਹੇ ‘ਤੇ 15 ਅਗਸਤ, ਕਰਤੱਵਯ ਪਥ ‘ਤੇ 26 ਜਨਵਰੀ ਦੀ ਪਰੇਡ ਅਤੇ ਸਟੈਚਿਊ ਆਫ਼ ਯੂਨਿਟੀ ਦੇ ਥੱਲੇ ਏਕਤਾ ਦਿਵਸ ਰਾਸ਼ਟਰੀ ਉਭਾਰ ਦੀ ਤ੍ਰਿਏਕ ਬਣ ਗਏ ਹਨ”

"ਸਟੈਚਿਊ ਆਫ਼ ਯੂਨਿਟੀ ਏਕ ਭਾਰਤ ਸ੍ਰੇਸ਼ਠ ਭਾਰਤ ਦੇ ਆਦਰਸ਼ਾਂ ਨੂੰ ਦਰਸਾਉਂਦੀ ਹੈ"

"ਭਾਰਤ ਗੁਲਾਮੀ ਦੀ ਮਾਨਸਿਕਤਾ ਨੂੰ ਤਿਆਗਣ ਦੇ ਸੰਕਲਪ ਨਾਲ ਅੱਗੇ ਵਧ ਰਿਹਾ ਹੈ"

"ਭਾਰਤ ਦੀ ਪਹੁੰਚ ਤੋਂ ਬਾਹਰ ਕੋਈ ਉਦੇਸ਼ ਨਹੀਂ ਹੈ"

"ਅੱਜ ਏਕਤਾ ਨਗਰ ਗਲੋਬਲ ਗ੍ਰੀਨ ਸਿਟੀ ਵਜੋਂ ਪਹਿਚਾਣਿਆ ਜਾਂਦਾ ਹੈ"

"ਅੱਜ, ਪੂਰੀ ਦੁਨੀਆ ਭਾਰਤ ਦੇ ਅਟੁੱਟ ਸੰਕਲਪ, ਇਸ ਦੇ ਲੋਕਾਂ ਦੇ ਸਾਹਸ ਅਤੇ ਲਚੀਲੇਪਣ ਨੂੰ ਮੰਨਦੀ ਹੈ"

"ਰਾਸ਼ਟਰੀ ਏਕਤਾ ਦੇ ਰਾਹ ਵਿੱਚ, ਸਾਡੀ ਵਿਕਾਸ ਯਾਤਰਾ ਵਿੱਚ, ਤੁਸ਼ਟੀਕਰਣ ਦੀ ਰਾਜਨੀਤੀ ਸਭ ਤੋਂ ਵੱਡੀ ਰੁਕਾਵਟ ਹੈ"

“ਸਾਨੂੰ ਇੱਕ ਸਮ੍ਰਿੱਧ ਭਾਰਤ ਦੀਆਂ ਉਮੀਦਾਂ-ਇੱਛਾਵਾਂ ਨੂੰ ਸਾਕਾਰ ਕਰਨ ਲਈ ਆਪਣੇ ਦੇਸ਼ ਦੀ ਏਕਤਾ ਨੂੰ ਬਰਕਰਾਰ ਰੱਖਣ ਲਈ ਨਿਰੰਤਰ ਕੰਮ ਕਰਨਾ ਚਾਹੀਦਾ ਹੈ”

Posted On: 31 OCT 2023 11:09AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰੀ ਏਕਤਾ ਦਿਵਸ ਨਾਲ ਸਬੰਧਿਤ ਸਮਾਗਮਾਂ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਸਰਦਾਰ ਪਟੇਲ ਨੂੰ ਉਨ੍ਹਾਂ ਦੀ ਜਯੰਤੀ 'ਤੇ ਸਟੈਚਿਊ ਆਫ਼ ਯੂਨਿਟੀ 'ਤੇ ਸ਼ਰਧਾਂਜਲੀ ਦਿੱਤੀ। ਸ਼੍ਰੀ ਮੋਦੀ ਨੇ ਰਾਸ਼ਟਰੀ ਏਕਤਾ ਦਿਵਸ ਪਰੇਡ ਦੇਖੀ ਜਿਸ ਵਿੱਚ ਬੀਐੱਸਐੱਫ ਅਤੇ ਵਿਭਿੰਨ ਰਾਜਾਂ ਦੀ ਪੁਲਿਸ ਦੀ ਟੁਕੜੀ, ਸਾਰੀਆਂ ਮਹਿਲਾ ਸੀਆਰਪੀਐੱਫ ਬਾਈਕਰਸ ਦੁਆਰਾ ਇੱਕ ਦਲੇਰਾਨਾ ਪ੍ਰਦਰਸ਼ਨ, ਬੀਐੱਸਐੱਫ ਦੀ ਮਹਿਲਾ ਪਾਈਪ ਬੈਂਡ, ਗੁਜਰਾਤ ਮਹਿਲਾ ਪੁਲਿਸ ਦੁਆਰਾ ਇੱਕ ਕੋਰੀਓਗ੍ਰਾਫ਼ ਕੀਤਾ ਗਿਆ ਪ੍ਰੋਗਰਾਮ, ਵਿਸ਼ੇਸ਼ ਐੱਨਸੀਸੀ ਸ਼ੋਅ, ਸਕੂਲੀ ਬੈਂਡ ਦੁਆਰਾ ਪ੍ਰਦਰਸ਼ਨ, ਭਾਰਤੀ ਹਵਾਈ ਫ਼ੌਜ ਦਾ ਫਲਾਈਪਾਸਟ ਅਤੇ ਹੋਰਾਂ ਸਮੇਤ ਜੀਵੰਤ ਪਿੰਡਾਂ ਦੀ ਆਰਥਿਕ ਵਿਹਾਰਕਤਾ ਦਾ ਪ੍ਰਦਰਸ਼ਨ ਸ਼ਾਮਲ ਸੀ। 

 

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਏਕਤਾ ਦਿਵਸ ਭਾਰਤ ਦੇ ਨੌਜਵਾਨਾਂ ਅਤੇ ਇਸ ਦੇ ਯੋਧਿਆਂ ਦੀ ਏਕਤਾ ਦੀ ਤਾਕਤ ਦਾ ਜਸ਼ਨ ਮਨਾਉਂਦਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਇਕ ਤਰ੍ਹਾਂ ਨਾਲ, ਮੈਂ ਮਿੰਨੀ ਇੰਡੀਆ ਦੇ ਰੂਪ ਨੂੰ ਦੇਖ ਸਕਦਾ ਹਾਂ।” ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਭਾਵੇਂ ਭਾਸ਼ਾਵਾਂ, ਰਾਜ ਅਤੇ ਪਰੰਪਰਾਵਾਂ ਵੱਖਰੀਆਂ ਹਨ, ਪਰ ਦੇਸ਼ ਦਾ ਹਰ ਵਿਅਕਤੀ ਏਕਤਾ ਦੇ ਮਜ਼ਬੂਤ ​​ਧਾਗੇ ਵਿੱਚ ਬੁਣਿਆ ਹੋਇਆ ਹੈ। ਉਨ੍ਹਾਂ ਕਿਹਾ “ਮੋਤੀ ਬਹੁਤ ਹਨ, ਪਰ ਮਾਲਾ ਇੱਕ ਹੈ। ਭਾਵੇਂ ਅਸੀਂ ਵੰਨ-ਸੁਵੰਨੇ ਹਾਂ, ਅਸੀਂ ਇਕਜੁੱਟ ਹਾਂ।” ਜਿਵੇਂ 15 ਅਗਸਤ ਅਤੇ 26 ਜਨਵਰੀ ਨੂੰ ਆਜ਼ਾਦੀ ਅਤੇ ਗਣਤੰਤਰ ਦਿਵਸ ਵਜੋਂ ਮਾਨਤਾ ਦਿੱਤੀ ਜਾਂਦੀ ਹੈ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ 31 ਅਕਤੂਬਰ ਦਾ ਦਿਨ ਪੂਰੇ ਦੇਸ਼ ਵਿੱਚ ਏਕਤਾ ਦਾ ਤਿਉਹਾਰ ਬਣ ਗਿਆ ਹੈ। 

 

ਉਨ੍ਹਾਂ ਕਿਹਾ ਕਿ ਲਾਲ ਕਿਲ੍ਹੇ 'ਤੇ ਆਜ਼ਾਦੀ ਦਿਵਸ ਦੇ ਜਸ਼ਨ, ਕਰਤਵਯ ਪਥ 'ਤੇ ਗਣਤੰਤਰ ਦਿਵਸ ਪਰੇਡ ਅਤੇ ਮਾਂ ਨਰਮਦਾ ਦੇ ਕਿਨਾਰੇ 'ਸਟੈਚਿਊ ਆਫ਼ ਯੂਨਿਟੀ' ਦੁਆਰਾ ਰਾਸ਼ਟਰੀ ਏਕਤਾ ਦਿਵਸ ਦੇ ਜਸ਼ਨ ਰਾਸ਼ਟਰੀ ਉਭਾਰ ਦੀ ਤ੍ਰਿਏਕ ਬਣ ਗਏ ਹਨ। ਅੱਜ ਦੇ ਪ੍ਰੋਗਰਾਮ ਬਾਰੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਏਕਤਾ ਨਗਰ ਦਾ ਦੌਰਾ ਕਰਨ ਵਾਲੇ ਨਾ ਸਿਰਫ਼ ਸਟੈਚਿਊ ਆਫ਼ ਯੂਨਿਟੀ ਨੂੰ ਦੇਖਦੇ ਹਨ, ਬਲਕਿ ਸਰਦਾਰ ਸਾਹਬ ਦੇ ਜੀਵਨ ਅਤੇ ਭਾਰਤ ਦੀ ਰਾਸ਼ਟਰੀ ਏਕਤਾ ਵਿੱਚ ਯੋਗਦਾਨ ਦੀ ਝਲਕ ਵੀ ਪ੍ਰਾਪਤ ਕਰਦੇ ਹਨ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ, “ਏਕਤਾ ਦੀ ਪ੍ਰਤਿਮਾ ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਆਦਰਸ਼ਾਂ ਨੂੰ ਦਰਸਾਉਂਦੀ ਹੈ।” ਉਨ੍ਹਾਂ ਨੇ ਪ੍ਰਤਿਮਾ ਦੇ ਨਿਰਮਾਣ ਵਿੱਚ ਨਾਗਰਿਕਾਂ ਦੇ ਯੋਗਦਾਨ ਨੂੰ ਨੋਟ ਕੀਤਾ ਅਤੇ ਆਪਣੇ ਸੰਦ ਦਾਨ ਕਰਨ ਵਾਲੇ ਕਿਸਾਨਾਂ ਦੀਆਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਨੇ 'ਵਾਲ ਆਫ਼ ਯੂਨਿਟੀ' (Wall of Unity) ਦੇ ਨਿਰਮਾਣ ਲਈ ਭਾਰਤ ਦੇ ਵਿਭਿੰਨ ਹਿੱਸਿਆਂ ਤੋਂ ਮਿੱਟੀ ਦੇ ਰਲੇਵੇਂ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਭਰ ਵਿੱਚ ‘ਰਨ ਫਾਰ ਯੂਨਿਟੀ’ ਅਤੇ ਹੋਰ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਕੇ ਕਰੋੜਾਂ ਨਾਗਰਿਕ ਰਾਸ਼ਟਰੀ ਏਕਤਾ ਦਿਵਸ ਦੇ ਜਸ਼ਨਾਂ ਨਾਲ ਜੁੜੇ ਹੋਏ ਹਨ। ਪ੍ਰਧਾਨ ਮੰਤਰੀ ਨੇ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅਤੇ ਰਾਸ਼ਟਰੀ ਏਕਤਾ ਦਿਵਸ ਲਈ ਨਾਗਰਿਕਾਂ ਨੂੰ ਵਧਾਈਆਂ ਦਿੰਦੇ ਹੋਏ ਕਿਹਾ, “ਸਰਦਾਰ ਸਾਹਿਬ ਦੇ ਆਦਰਸ਼ 140 ਕਰੋੜ ਨਾਗਰਿਕਾਂ ਦਾ ਮੂਲ ਬਣਦੇ ਹਨ ਜੋ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਮਨਾਉਣ ਲਈ ਇਕੱਠੇ ਹੁੰਦੇ ਹਨ।”

 

ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਅਗਲੇ 25 ਵਰ੍ਹੇ ਰਾਸ਼ਟਰ ਲਈ ਇਸ ਸਦੀ ਦੇ ਸਭ ਤੋਂ ਮਹੱਤਵਪੂਰਨ 25 ਵਰ੍ਹੇ ਹਨ ਕਿਉਂਕਿ ਇਸ ਸਮੇਂ ਦੌਰਾਨ ਭਾਰਤ ਨੂੰ ਇੱਕ ਸਮ੍ਰਿੱਧ ਅਤੇ ਵਿਕਸਿਤ ਦੇਸ਼ ਵਿੱਚ ਬਦਲਣਾ ਹੈ। ਉਨ੍ਹਾਂ ਦੇਸ਼ ਲਈ ਸਮਰਪਣ ਦੀ ਉਸੇ ਭਾਵਨਾ ਦਾ ਸੱਦਾ ਦਿੱਤਾ ਜੋ ਆਜ਼ਾਦੀ ਤੋਂ ਠੀਕ ਪਹਿਲਾਂ 25 ਵਰ੍ਹਿਆਂ ਵਿੱਚ ਦੇਖਣ ਨੂੰ ਮਿਲੀ ਸੀ। ਉਨ੍ਹਾਂ ਨੇ ਦੁਨੀਆ ਵਿੱਚ ਭਾਰਤ ਦੀ ਵਧ ਰਹੀ ਪ੍ਰੋਫਾਈਲ ਨੂੰ ਨੋਟ ਕੀਤਾ। ਉਨ੍ਹਾਂ ਕਿਹਾ "ਸਾਨੂੰ ਮਾਣ ਮਹਿਸੂਸ ਹੁੰਦਾ ਹੈ ਕਿਉਂਕਿ ਅਸੀਂ ਸਭ ਤੋਂ ਵੱਡੇ ਲੋਕਤੰਤਰ ਦੇ ਕੱਦ ਨੂੰ ਇੱਕ ਨਵੀਂ ਉਚਾਈ 'ਤੇ ਲੈ ਜਾ ਰਹੇ ਹਾਂ।” ਉਨ੍ਹਾਂ ਸੁਰੱਖਿਆ, ਅਰਥਵਿਵਸਥਾ, ਵਿਗਿਆਨ, ਸਵਦੇਸ਼ੀ ਰੱਖਿਆ ਉਤਪਾਦਨ ਅਤੇ ਪ੍ਰਮੁੱਖ ਗਲੋਬਲ ਕੰਪਨੀਆਂ ਅਤੇ ਖੇਡਾਂ ਵਿੱਚ ਭਾਰਤੀਆਂ ਦੁਆਰਾ ਪ੍ਰਦਾਨ ਕੀਤੀ ਜਾ ਰਹੀ ਗਲੋਬਲ ਕਾਰਪੋਰੇਟ ਲੀਡਰਸ਼ਿਪ ਵਿੱਚ ਭਾਰਤ ਦੀ ਮਜ਼ਬੂਤ ​​ਸਥਿਤੀ ਦਾ ਜ਼ਿਕਰ ਕੀਤਾ। 

 

ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਵਧਣ ਅਤੇ ਗੁਲਾਮੀ ਦੀ ਮਾਨਸਿਕਤਾ ਨੂੰ ਤਿਆਗਣ ਦੇ ਸੰਕਲਪ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਭਾਰਤ ਵਿਕਾਸ ਵੀ ਕਰ ਰਿਹਾ ਹੈ ਅਤੇ ਆਪਣੀ ਵਿਰਾਸਤ ਨੂੰ ਸੰਭਾਲ਼ ਵੀ ਰਿਹਾ ਹੈ। ਉਨ੍ਹਾਂ ਨੇ ਨੇਵੀ ਫਲੈਗ ਤੋਂ ਬਸਤੀਵਾਦੀ ਚਿੰਨ੍ਹ ਨੂੰ ਹਟਾਉਣ, ਬਸਤੀਵਾਦੀ ਯੁੱਗ ਦੇ ਬੇਲੋੜੇ ਕਾਨੂੰਨਾਂ ਨੂੰ ਖ਼ਤਮ ਕਰਨ, ਆਈਪੀਸੀ ਨੂੰ ਬਦਲੇ ਜਾਣ ਅਤੇ ਇੰਡੀਆ ਗੇਟ 'ਤੇ ਬਸਤੀਵਾਦੀ ਪ੍ਰਤੀਨਿਧੀਆਂ ਦੀ ਥਾਂ ਨੇਤਾ ਜੀ ਦੀ ਪ੍ਰਤਿਮਾ ਲਗਾਉਣ ਦਾ ਜ਼ਿਕਰ ਕੀਤਾ।

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਅੱਜ ਭਾਰਤ ਦੀ ਪਹੁੰਚ ਤੋਂ ਬਾਹਰ ਕੋਈ ਉਦੇਸ਼ ਨਹੀਂ ਹੈ।" ਸਬਕਾ ਪ੍ਰਯਾਸ ਦੀ ਸ਼ਕਤੀ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਨੇ ਧਾਰਾ 370 ਨੂੰ ਖ਼ਤਮ ਕਰਨ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਅੱਜ ਧਾਰਾ 370 ਦੀ ਦੀਵਾਰ ਜੋ ਕਸ਼ਮੀਰ ਅਤੇ ਬਾਕੀ ਦੇਸ਼ ਦੇ ਦਰਮਿਆਨ ਖੜ੍ਹੀ ਸੀ, ਨੂੰ ਢਾਹ ਦਿੱਤਾ ਗਿਆ ਹੈ ਅਤੇ ਇਹ ਸਰਦਾਰ ਸਾਹਬ ਜਿੱਥੇ ਵੀ ਹਨ, ਜ਼ਰੂਰ ਖੁਸ਼ ਹੋਏ ਹੋਣਗੇ।

ਲੰਮੇ ਸਮੇਂ ਤੋਂ ਲਟਕਦੇ ਮੁੱਦਿਆਂ ਸਬੰਧੀ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸਰਦਾਰ ਸਰੋਵਰ ਡੈਮ ਦਾ ਵੀ ਜ਼ਿਕਰ ਕੀਤਾ ਜੋ 5-6 ਦਹਾਕਿਆਂ ਤੋਂ ਲਟਕ ਰਿਹਾ ਸੀ ਪਰ ਪਿਛਲੇ ਕੁਝ ਵਰ੍ਹਿਆਂ ਵਿੱਚ ਪੂਰਾ ਹੋ ਗਿਆ ਹੈ। ਉਨ੍ਹਾਂ ਨੇ ਕੇਵਡੀਆ - ਏਕਤਾ ਨਗਰ ਦੇ ਪਰਿਵਰਤਨ ਨੂੰ ਸੰਕਲਪ ਸੇ ਸਿੱਧੀ ਦੀ ਉਦਾਹਰਣ ਵਜੋਂ ਦਰਸਾਇਆ। ਉਨ੍ਹਾਂ ਕਿਹਾ ਕਿ ਅੱਜ ਏਕਤਾ ਨਗਰ ਨੂੰ ਗਲੋਬਲ ਗ੍ਰੀਨ ਸਿਟੀ ਵਜੋਂ ਜਾਣਿਆ ਜਾਂਦਾ ਹੈ। ਵਿਭਿੰਨ ਟੂਰਿਸਟ ਸਥਾਨਾਂ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ 6 ਮਹੀਨਿਆਂ ਵਿੱਚ ਹੀ ਏਕਤਾ ਨਗਰ ਵਿੱਚ 1.5 ਲੱਖ ਤੋਂ ਵੱਧ ਰੁੱਖ ਲਗਾਏ ਗਏ ਹਨ। ਇਲਾਕੇ ਵਿੱਚ ਪਹਿਲਾਂ ਤੋਂ ਹੀ ਮਜ਼ਬੂਤ ​​ਸੌਰ ਊਰਜਾ ਉਤਪਾਦਨ ਅਤੇ ਸਿਟੀ ਗੈਸ ਦੀ ਵੰਡ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਏਕਤਾ ਨਗਰ ਵਿੱਚ ਇੱਕ ਵਿਰਾਸਤੀ ਟ੍ਰੇਨ ਦਾ ਆਕਰਸ਼ਣ ਜੋੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ 5 ਸਾਲਾਂ ਵਿੱਚ 1.5 ਕਰੋੜ ਤੋਂ ਵੱਧ ਸੈਲਾਨੀ ਇੱਥੇ ਆਏ ਹਨ, ਜਿਸ ਨਾਲ ਸਥਾਨਕ ਕਬਾਇਲੀ ਭਾਈਚਾਰਿਆਂ ਨੂੰ ਰੋਜ਼ਗਾਰ ਦੇ ਮੌਕੇ ਮਿਲਣ ਵਿੱਚ ਮਦਦ ਮਿਲੀ ਹੈ। 

 

ਪ੍ਰਧਾਨ ਮੰਤਰੀ ਨੇ ਕਿਹਾ, "ਅੱਜ ਪੂਰੀ ਦੁਨੀਆ ਭਾਰਤ ਦੇ ਅਟੁੱਟ ਸੰਕਲਪ ਅਤੇ ਇਸ ਦੇ ਲੋਕਾਂ ਦੇ ਸਾਹਸ ਅਤੇ ਲਚੀਲੇਪਣ ਨੂੰ ਸਵੀਕਾਰ ਕਰਦੀ ਹੈ।" ਜਦੋਂ ਕਿ ਦੁਨੀਆ ਇਸ ਤੋਂ ਪ੍ਰੇਰਨਾ ਲੈ ਰਹੀ ਹੈ, ਉਨ੍ਹਾਂ ਨੇ ਕੁਝ ਰੁਝਾਨਾਂ ਤੋਂ ਸਾਵਧਾਨ ਕੀਤਾ। ਅੱਜ ਦੀ ਦੁਨੀਆ ਵਿੱਚ ਭੂ-ਰਾਜਨੀਤਿਕ ਅਸਥਿਰਤਾ 'ਤੇ ਰੌਸ਼ਨੀ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕੋਵਿਡ ਮਹਾਮਾਰੀ ਤੋਂ ਬਾਅਦ ਕਈ ਦੇਸ਼ਾਂ ਦੀਆਂ ਢਹਿ-ਢੇਰੀ ਹੋ ਰਹੀਆਂ ਅਰਥਵਿਵਸਥਾਵਾਂ ਨੂੰ ਉਜਾਗਰ ਕੀਤਾ ਜਿੱਥੇ ਮਹਿੰਗਾਈ ਅਤੇ ਬੇਰੋਜ਼ਗਾਰੀ ਪਿਛਲੇ 30-40 ਵਰ੍ਹਿਆਂ ਵਿੱਚ ਆਪਣੇ ਸਿਖਰਾਂ 'ਤੇ ਹੈ। ਅਜਿਹੇ ਹਾਲਾਤ ਵਿੱਚ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨਵੇਂ ਰਿਕਾਰਡ ਕਾਇਮ ਕਰਦੇ ਹੋਏ ਅਤੇ ਨਵੇਂ ਕਦਮ ਚੁੱਕਦੇ ਹੋਏ ਲਗਾਤਾਰ ਅੱਗੇ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 9 ਵਰ੍ਹਿਆਂ ਵਿੱਚ ਸਰਕਾਰ ਦੀਆਂ ਨੀਤੀਆਂ ਅਤੇ ਲਏ ਗਏ ਫੈਸਲਿਆਂ ਦਾ ਸਕਾਰਾਤਮਕ ਪ੍ਰਭਾਵ ਅੱਜ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 5 ਵਰ੍ਹਿਆਂ ਵਿੱਚ ਹੀ 13.5 ਕਰੋੜ ਤੋਂ ਵੱਧ ਭਾਰਤੀ ਗਰੀਬੀ ਤੋਂ ਬਾਹਰ ਆਏ ਹਨ। ਦੇਸ਼ ਵਿੱਚ ਸਥਿਰਤਾ ਬਣਾਈ ਰੱਖਣ ਲਈ ਨਾਗਰਿਕਾਂ ਨੂੰ ਤਾਕੀਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਵਿਕਾਸ ਦੇ ਰਾਹ 'ਤੇ ਲਿਆਉਣ ਵਾਲੇ 140 ਕਰੋੜ ਨਾਗਰਿਕਾਂ ਦੀਆਂ ਕੋਸ਼ਿਸ਼ਾਂ ਨੂੰ ਵਿਅਰਥ ਨਹੀਂ ਜਾਣਾ ਚਾਹੀਦ। ਉਨ੍ਹਾਂ ਅੱਗੇ ਕਿਹਾ "ਸਾਨੂੰ ਭਵਿੱਖ 'ਤੇ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਰਾਸ਼ਟਰੀ ਲਕਸ਼ਾਂ ਨੂੰ ਪੂਰਾ ਕਰਨ ਲਈ ਆਪਣੇ ਸੰਕਲਪ ਨੂੰ ਜਾਰੀ ਰੱਖਣਾ ਚਾਹੀਦਾ ਹੈ।”

 

ਅੰਦਰੂਨੀ ਸੁਰੱਖਿਆ ਲਈ ਲੋਹ ਪੁਰਸ਼ ਸਰਦਾਰ ਸਾਹਬ ਦੀ ਅਟੱਲ ਚਿੰਤਾ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਸਬੰਧ ਵਿੱਚ ਪਿਛਲੇ 9 ਵਰ੍ਹਿਆਂ ਵਿੱਚ ਚੁੱਕੇ ਗਏ ਕਦਮਾਂ ਨੂੰ ਸੂਚੀਬੱਧ ਕੀਤਾ ਅਤੇ ਦੱਸਿਆ ਕਿ ਕਿਵੇਂ ਵਿਨਾਸ਼ ਦੀਆਂ ਤਾਕਤਾਂ ਨੂੰ ਪਹਿਲਾਂ ਜਿਹੀ ਸਫਲਤਾ ਤੋਂ ਵੰਚਿਤ ਕਰ ਕੇ ਚੁਣੌਤੀਆਂ ਦਾ ਮਜ਼ਬੂਤੀ ਨਾਲ ਸਾਹਮਣਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕੌਮ ਦੀ ਏਕਤਾ ’ਤੇ ਹੋ ਰਹੇ ਹਮਲਿਆਂ ਪ੍ਰਤੀ ਸੁਚੇਤ ਰਹਿਣ ਦੀ ਲੋੜ ’ਤੇ ਜ਼ੋਰ ਦਿੱਤਾ। 

ਸ਼੍ਰੀ ਮੋਦੀ ਨੇ ਇਸ਼ਾਰਾ ਕੀਤਾ ਕਿ ਭਾਰਤ ਦੀ ਵਿਕਾਸ ਯਾਤਰਾ ਵਿੱਚ ਸਭ ਤੋਂ ਵੱਡੀ ਰੁਕਾਵਟ ਤੁਸ਼ਟੀਕਰਣ ਦੀ ਰਾਜਨੀਤੀ ਹੈ ਅਤੇ ਪਿਛਲੇ ਕਈ ਦਹਾਕਿਆਂ ਤੋਂ ਇਹ ਦੇਖਿਆ ਜਾ ਰਿਹਾ ਹੈ ਕਿ ਜੋ ਲੋਕ ਤੁਸ਼ਟੀਕਰਨ ਦੀ ਰਾਜਨੀਤੀ ਵਿੱਚ ਸ਼ਾਮਲ ਹਨ, ਉਹ ਵੀ ਆਤੰਕਵਾਦ ਵੱਲ ਅੱਖਾਂ ਬੰਦ ਕਰਕੇ ਮਾਨਵਤਾ ਦੇ ਦੁਸ਼ਮਣਾਂ ਦੇ ਨਾਲ ਖੜੇ ਹਨ। ਉਨ੍ਹਾਂ ਦੇਸ਼ ਦੀ ਏਕਤਾ ਨੂੰ ਖ਼ਤਰੇ ਵਿੱਚ ਪਾਉਣ ਵਾਲੀ ਅਜਿਹੀ ਸੋਚ ਖ਼ਿਲਾਫ਼ ਚੇਤਾਵਨੀ ਦਿੱਤੀ। 

 

ਚੱਲ ਰਹੀਆਂ ਅਤੇ ਆਉਣ ਵਾਲੀਆਂ ਚੋਣਾਂ ਦੇ ਸੰਦਰਭ ਵਿੱਚ, ਪ੍ਰਧਾਨ ਮੰਤਰੀ ਨੇ ਉਸ ਗੁੱਟ ਤੋਂ ਸਾਵਧਾਨ ਕੀਤਾ ਜੋ ਪੂਰੀ ਤਰ੍ਹਾਂ ਸਕਾਰਾਤਮਕ ਰਾਜਨੀਤੀ ਤੋਂ ਰਹਿਤ ਹੈ ਅਤੇ ਸਮਾਜ ਵਿਰੋਧੀ ਅਤੇ ਰਾਸ਼ਟਰ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ “ਸਾਨੂੰ ਇੱਕ ਵਿਕਸਿਤ ਭਾਰਤ ਦੇ ਲਕਸ਼ ਨੂੰ ਪ੍ਰਾਪਤ ਕਰਨ ਲਈ ਦੇਸ਼ ਦੀ ਏਕਤਾ ਨੂੰ ਬਣਾਈ ਰੱਖਣ ਲਈ ਹਮੇਸ਼ਾ ਆਪਣੇ ਪ੍ਰਯਾਸ ਜਾਰੀ ਰੱਖਣੇ ਪੈਣਗੇ। ਅਸੀਂ ਜਿਸ ਵੀ ਖੇਤਰ ਵਿੱਚ ਹਾਂ, ਸਾਨੂੰ ਉਸ ਵਿੱਚ ਆਪਣਾ 100 ਪ੍ਰਤੀਸ਼ਤ ਦੇਣਾ ਹੋਵੇਗਾ। ਆਉਣ ਵਾਲੀਆਂ ਪੀੜ੍ਹੀਆਂ ਨੂੰ ਬਿਹਤਰ ਭਵਿੱਖ ਦੇਣ ਦਾ ਇਹੀ ਇੱਕੋ ਇੱਕ ਰਸਤਾ ਹੈ।” ਸ਼੍ਰੀ ਮੋਦੀ ਨੇ ਮਾਈਗੌਵ (MyGov) 'ਤੇ ਸਰਦਾਰ ਪਟੇਲ 'ਤੇ ਇਕ ਰਾਸ਼ਟਰੀ ਮੁਕਾਬਲੇ ਦੀ ਵੀ ਜਾਣਕਾਰੀ ਦਿੱਤੀ। 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਭਾਰਤ ਨਵਾਂ ਭਾਰਤ ਹੈ ਜਿੱਥੇ ਹਰ ਨਾਗਰਿਕ ਆਤਮ-ਵਿਸ਼ਵਾਸ ਨਾਲ ਭਰਿਆ ਹੋਇਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਵਿਸ਼ਵਾਸ ਬਣਿਆ ਰਹੇ ਅਤੇ ਏਕਤਾ ਦੀ ਭਾਵਨਾ ਬਣੀ ਰਹੇ। ਉਨ੍ਹਾਂ ਨੇ ਨਾਗਰਿਕਾਂ ਦੀ ਤਰਫੋਂ ਸਰਦਾਰ ਪਟੇਲ ਨੂੰ ਨਿਮਰ ਸ਼ਰਧਾਂਜਲੀ ਦੇ ਕੇ ਸੰਬੋਧਨ ਦੀ ਸਮਾਪਤੀ ਕੀਤੀ ਅਤੇ ਰਾਸ਼ਟਰੀ ਏਕਤਾ ਦਿਵਸ 'ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

 ਪਿਛੋਕੜ

ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਕਾਇਮ ਰੱਖਣ ਅਤੇ ਮਜ਼ਬੂਤ ​​ਕਰਨ ਦੀ ਭਾਵਨਾ ਨੂੰ ਹੋਰ ਹੁਲਾਰਾ ਦੇਣ ਦੇ ਉਦੇਸ਼ ਨਾਲ, ਪ੍ਰਧਾਨ ਮੰਤਰੀ ਨੇ ਆਪਣੀ ਦੂਰਅੰਦੇਸ਼ੀ ਅਗਵਾਈ ਹੇਠ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ।

 

 

 

 

 

 

 

 

 


 

 

 *******

ਡੀਐੱਸ/ਟੀਐੱਸ


(Release ID: 1973385) Visitor Counter : 102