ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਪ੍ਰਧਾਨ ਮੰਤਰੀ ਨੇ ਸਾਰੇ ਐੱਲਪੀਜੀ ਖਪਤਕਾਰਾਂ (33 ਕਰੋੜ ਕੁਨੈਕਸ਼ਨ) ਲਈ ਐੱਲਪੀਜੀ ਸਿਲੰਡਰ ਦੀ ਕੀਮਤ 200 ਰੁਪਏ ਪ੍ਰਤੀ ਸਿਲੰਡਰ ਘਟਾਉਣ ਦਾ ਸਾਹਸੀ ਕਦਮ ਚੁੱਕਿਆ


ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਖਪਤਕਾਰਾਂ ਨੂੰ ਉਨ੍ਹਾਂ ਦੇ ਖਾਤਿਆਂ ਵਿੱਚ 200 ਰੁਪਏ ਪ੍ਰਤੀ ਸਿਲੰਡਰ ਦੀ ਸਬਸਿਡੀ ਮਿਲਦੀ ਰਹੇਗੀ

ਸਰਕਾਰ ਨੇ 75 ਲੱਖ ਅਤਿਰਿਕਤ ਉਜਵਲਾ ਕੁਨੈਕਸ਼ਨਾਂ ਨੂੰ ਵੀ ਮਨਜ਼ੂਰੀ ਦਿੱਤੀ, ਜਿਸ ਨਾਲ ਕੁੱਲ ਪੀਐੱਮਯੂਵਾਈ ਲਾਭਾਰਥੀਆਂ ਦੀ ਸੰਖਿਆ 10.35 ਕਰੋੜ ਹੋ ਜਾਵੇਗੀ

Posted On: 29 AUG 2023 5:10PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ਭਰ ਦੇ ਘਰਾਂ ਨੂੰ ਰਾਹਤ ਪ੍ਰਦਾਨ ਕਰਨ ਵਾਲੇ ਕਦਮ ਵਿੱਚ, ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕਾਫ਼ੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। 30.08.2023 ਤੋਂ ਪ੍ਰਭਾਵੀ, ਦੇਸ਼ ਭਰ ਦੇ ਸਾਰੇ ਬਜ਼ਾਰਾਂ ਵਿੱਚ 14.2 ਕਿਲੋਗ੍ਰਾਮ ਦੇ ਐੱਲਪੀਜੀ ਸਿਲੰਡਰ ਦੀ ਕੀਮਤ ਵਿੱਚ 200 ਰੁਪਏ ਦੀ ਕਮੀ ਕੀਤੀ ਜਾਵੇਗੀ। ਉਦਾਹਰਣ ਲਈ, ਦਿੱਲੀ ਵਿੱਚ, ਇਸ ਫੈਸਲੇ ਨਾਲ 14.2 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ ਮੌਜੂਦਾ 1103 ਰੁਪਏ ਪ੍ਰਤੀ ਸਿਲੰਡਰ ਤੋਂ ਘੱਟ ਕੇ 903 ਰੁਪਏ ਪ੍ਰਤੀ ਸਿਲੰਡਰ 'ਤੇ ਆ ਜਾਵੇਗੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ, "ਰਕਸ਼ਾ ਬੰਧਨ (Raksha Bandhan) ਦੇ ਮੌਕੇ 'ਤੇ ਇਹ ਦੇਸ਼ ਦੀਆਂ ਮੇਰੀਆਂ ਕਰੋੜਾਂ ਭੈਣਾਂ ਲਈ ਇੱਕ ਤੋਹਫ਼ਾ ਹੈ। ਸਾਡੀ ਸਰਕਾਰ ਹਮੇਸ਼ਾ ਹਰ ਸੰਭਵ ਕੋਸ਼ਿਸ਼ ਕਰੇਗੀ ਜਿਸ ਨਾਲ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਹੋਵੇ ਅਤੇ ਗਰੀਬ ਅਤੇ ਮੱਧ ਵਰਗ ਨੂੰ ਫਾਇਦਾ ਹੋਵੇ।" 

 

ਇਹ ਕਟੌਤੀ ਪੀਐੱਮਯੂਵਾਈ ਪਰਿਵਾਰਾਂ ਨੂੰ 200 ਰੁਪਏ ਪ੍ਰਤੀ ਸਿਲੰਡਰ ਦੀ ਮੌਜੂਦਾ ਲਕਸ਼ਿਤ ਸਬਸਿਡੀ ਤੋਂ ਇਲਾਵਾ ਹੈ, ਜੋ ਜਾਰੀ ਰਹੇਗੀ। ਇਸ ਲਈ ਪੀਐੱਮਯੂਵਾਈ ਪਰਿਵਾਰਾਂ ਲਈ, ਇਸ ਕਟੌਤੀ ਤੋਂ ਬਾਅਦ ਦਿੱਲੀ ਵਿੱਚ ਪ੍ਰਭਾਵੀ ਕੀਮਤ 703 ਰੁਪਏ ਪ੍ਰਤੀ ਸਿਲੰਡਰ ਹੋ ਜਾਵੇਗੀ।

 

ਗ਼ੌਰਤਲਬ ਹੈ ਕਿ ਦੇਸ਼ ਵਿੱਚ 9.6 ਕਰੋੜ ਪੀਐੱਮਯੂਵਾਈ ਲਾਭਾਰਥੀ ਪਰਿਵਾਰਾਂ ਸਮੇਤ 31 ਕਰੋੜ ਤੋਂ ਵੱਧ ਘਰੇਲੂ ਐੱਲਪੀਜੀ ਖਪਤਕਾਰ ਹਨ ਅਤੇ ਇਸ ਕਟੌਤੀ ਨਾਲ ਦੇਸ਼ ਦੇ ਸਾਰੇ ਐੱਲਪੀਜੀ ਖਪਤਕਾਰਾਂ ਨੂੰ ਮਦਦ ਮਿਲੇਗੀ। ਬਕਾਇਆ ਪੀਐੱਮਯੂਵਾਈ ਅਰਜ਼ੀਆਂ ਨੂੰ ਕਲੀਅਰ ਕਰਨ ਅਤੇ ਸਾਰੇ ਪਾਤਰ ਪਰਿਵਾਰਾਂ ਨੂੰ ਡਿਪਾਜ਼ਿਟ ਮੁਕਤ ਐੱਲਪੀਜੀ ਕਨੈਕਸ਼ਨ ਪ੍ਰਦਾਨ ਕਰਨ ਲਈ, ਸਰਕਾਰ ਜਲਦੀ ਹੀ ਗ਼ਰੀਬ ਪਰਿਵਾਰਾਂ ਦੀਆਂ 75 ਲੱਖ ਮਹਿਲਾਵਾਂ ਨੂੰ ਪੀਐੱਮਯੂਵਾਈ ਕੁਨੈਕਸ਼ਨਾਂ ਦੀ ਵੰਡ ਸ਼ੁਰੂ ਕਰੇਗੀ ਜਿਨ੍ਹਾਂ ਕੋਲ ਐੱਲਪੀਜੀ ਕੁਨੈਕਸ਼ਨ ਨਹੀਂ ਹੈ। 

 

ਇਸ ਨਾਲ ਪੀਐੱਮਯੂਵਾਈ ਅਧੀਨ ਲਾਭਾਰਥੀਆਂ ਦੀ ਕੁੱਲ ਸੰਖਿਆ 9.6 ਕਰੋੜ ਤੋਂ ਵਧ ਕੇ 10.35 ਕਰੋੜ ਹੋ ਜਾਵੇਗੀ।

 

ਇਹ ਫੈਸਲੇ ਨਾਗਰਿਕਾਂ 'ਤੇ ਵਿੱਤੀ ਬੋਝ ਨੂੰ ਘੱਟ ਕਰਨ ਅਤੇ ਪਰਿਵਾਰਾਂ ਦੀ ਭਲਾਈ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਚੱਲ ਰਹੇ ਯਤਨਾਂ ਦੇ ਹਿੱਸੇ ਵਜੋਂ ਲਏ ਗਏ ਹਨ। ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕਟੌਤੀ ਆਪਣੇ ਨਾਗਰਿਕਾਂ ਦੀ ਭਲਾਈ ਨੂੰ ਤਰਜੀਹ ਦੇਣ ਅਤੇ ਵਾਜਬ ਦਰਾਂ 'ਤੇ ਜ਼ਰੂਰੀ ਵਸਤੂਆਂ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।

 

ਇਸ ਫੈਸਲੇ 'ਤੇ ਖੁਸ਼ੀ ਜ਼ਾਹਿਰ ਕਰਦੇ ਹੋਏ, ਮਾਣਯੋਗ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕਿਹਾ, "ਅਸੀਂ ਆਪਣੇ ਬਜਟ ਦੇ ਪ੍ਰਬੰਧਨ ਵਿੱਚ ਪਰਿਵਾਰਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਸਮਝਦੇ ਹਾਂ। ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਉਦੇਸ਼ ਪਰਿਵਾਰਾਂ ਅਤੇ ਵਿਅਕਤੀਆਂ ਨੂੰ ਪ੍ਰਤੱਖ ਰਾਹਤ ਪ੍ਰਦਾਨ ਕਰਨਾ ਹੈ, ਜਦਕਿ ਜ਼ਰੂਰੀ ਵਸਤੂਆਂ ਤੱਕ ਕਿਫਾਇਤੀ ਪਹੁੰਚ ਨੂੰ ਯਕੀਨੀ ਬਣਾਉਣ ਦੇ ਸਰਕਾਰ ਦੇ ਵੱਡੇ ਲਕਸ਼ ਦਾ ਸਮਰਥਨ ਕਰਨਾ ਵੀ ਹੈ।”

 

ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਸਮਾਜ ਦੇ ਇੱਕ ਵਿਸ਼ਾਲ ਸਪੈਕਟ੍ਰਮ ਲਈ ਰਹਿਣ-ਸਹਿਣ ਦੀ ਲਾਗਤ 'ਤੇ ਸਕਾਰਾਤਮਕ ਪ੍ਰਭਾਵ ਪੈਣ ਦੀ ਉਮੀਦ ਹੈ। ਸਰਕਾਰ ਦੇ ਕਿਰਿਆਸ਼ੀਲ ਕਦਮ ਦਾ ਅਨੁਮਾਨ ਹੈ ਕਿ ਇਹ ਪਰਿਵਾਰਾਂ ਲਈ ਮਹੱਤਵਪੂਰਨ ਖਰਚਿਆਂ ਨੂੰ ਬਚਾਏਗਾ, ਜਿਸ ਨਾਲ ਨਾਗਰਿਕਾਂ ਦੀ ਡਿਸਪੋਸੇਬਲ ਆਮਦਨ ਵਿੱਚ ਇੱਕ ਸ਼ਲਾਘਾਯੋਗ ਯੋਗਦਾਨ ਹੋਵੇਗਾ। 

 

ਸਰਕਾਰ ਲੋਕਾਂ ਦੇ ਬੋਝ ਨੂੰ ਘੱਟ ਕਰਨ ਲਈ ਵਿਭਿੰਨ ਕਦਮ ਚੁੱਕ ਰਹੀ ਹੈ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਇਹ ਕਟੌਤੀ ਲੋਕਾਂ ਦੀਆਂ ਲੋੜਾਂ ਪ੍ਰਤੀ ਸਰਕਾਰ ਦੀ ਜਵਾਬਦੇਹੀ ਅਤੇ ਉਨ੍ਹਾਂ ਦੀ ਭਲਾਈ ਲਈ ਇਸ ਦੇ ਅਟੁੱਟ ਸਮਰਪਣ ਦਾ ਪ੍ਰਮਾਣ ਹੈ।

 ********

ਆਰਕੇਜੇ/ਐੱਮ



(Release ID: 1953357) Visitor Counter : 130