ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਮੇਘਾਲਿਆ ਦੇ ਸ਼ਿਲੌਂਗ ਵਿੱਚ 2450 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ



"ਉੱਤਰ ਪੂਰਬ ਦੇ ਵਿਕਾਸ ਦੇ ਰਾਹ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਸਰਕਾਰ ਨੇ ‘ਰੈੱਡ ਕਾਰਡ’ ਦਿਖਾਇਆ ਹੈ"



"ਉਹ ਦਿਨ ਦੂਰ ਨਹੀਂ ਜਦੋਂ ਭਾਰਤ ਅਜਿਹੇ ਵਿਸ਼ਵ ਕੱਪ ਟੂਰਨਾਮੈਂਟ ਦਾ ਆਯੋਜਨ ਕਰੇਗਾ ਅਤੇ ਹਰੇਕ ਭਾਰਤੀ ਸਾਡੀ ਟੀਮ ਦਾ ਹੌਸਲਾ ਵਧਾਏਗਾ"



"ਵਿਕਾਸ ਬਜਟ, ਟੈਂਡਰ, ਨੀਂਹ ਪੱਥਰ ਰੱਖਣ ਅਤੇ ਉਦਘਾਟਨਾਂ ਤੱਕ ਸੀਮਿਤ ਨਹੀਂ ਹੈ"



"ਅੱਜ ਅਸੀਂ ਜੋ ਤਬਦੀਲੀ ਦੇਖ ਰਹੇ ਹਾਂ, ਉਹ ਸਾਡੇ ਇਰਾਦਿਆਂ, ਸੰਕਲਪਾਂ, ਤਰਜੀਹਾਂ ਅਤੇ ਸਾਡੇ ਵਰਕ ਕਲਚਰ ਵਿੱਚ ਆਈ ਤਬਦੀਲੀ ਦਾ ਨਤੀਜਾ ਹੈ"



“ਕੇਂਦਰ ਸਰਕਾਰ ਇਸ ਵਰ੍ਹੇ ਸਿਰਫ਼ ਬੁਨਿਆਦੀ ਢਾਂਚੇ 'ਤੇ 7 ਲੱਖ ਕਰੋੜ ਰੁਪਏ ਖਰਚ ਕਰ ਰਹੀ ਹੈ, ਜਦਕਿ 8 ਵਰ੍ਹੇ ਪਹਿਲਾਂ ਇਹ ਖਰਚ 2 ਲੱਖ ਕਰੋੜ ਰੁਪਏ ਤੋਂ ਵੀ ਘੱਟ ਸੀ”



“ਪੀਐੱਮ-ਡਿਵਾਈਨ (PM-Divine) ਦੇ ਤਹਿਤ ਅਗਲੇ 3-4 ਵਰ੍ਹਿਆਂ ਲਈ 6,000 ਕਰੋੜ ਰੁਪਏ ਦਾ ਬਜਟ ਤੈਅ ਕੀਤਾ ਗਿਆ ਹੈ”



“ਆਦਿਵਾਸੀ ਸਮਾਜ ਦੀ ਪਰੰਪਰਾ, ਭਾਸ਼ਾ ਅਤੇ ਸੱਭਿਆਚਾਰ ਨੂੰ ਕਾਇਮ ਰੱਖਦੇ ਹੋਏ ਕਬਾਇਲੀ ਖੇਤਰਾਂ ਦਾ ਵਿਕਾਸ ਸਰਕਾਰ ਦੀ ਪ੍ਰਾਥਮਿਕਤਾ ਹੈ”



"ਪਿਛਲੀ ਸਰਕਾਰ ਦੀ ਉੱਤਰ ਪੂਰਬ ਲਈ 'ਡਿਵਾਈਡ' ਵਾਲੀ ਪਹੁੰਚ ਸੀ ਪਰ ਸਾਡੀ ਸਰਕਾਰ 'ਡਿਵਾਈਨ' ਇਰਾਦੇ ਨਾਲ ਆਈ ਹੈ"

Posted On: 18 DEC 2022 2:50PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੇਘਾਲਿਆ ਦੇ ਸ਼ਿਲੌਂਗ ਵਿੱਚ 2450 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ।

 

ਇਸ ਤੋਂ ਪਹਿਲਾਂ ਦਿਨ ਵਿੱਚ, ਪ੍ਰਧਾਨ ਮੰਤਰੀ ਨੇ ਸ਼ਿਲੌਂਗ ਵਿੱਚ ਸਟੇਟ ਕਨਵੈਨਸ਼ਨ ਸੈਂਟਰ ਵਿੱਚ ਉੱਤਰ ਪੂਰਬੀ ਕੌਂਸਲ ਦੀ ਮੀਟਿੰਗ ਵਿੱਚ ਸ਼ਿਰਕਤ ਕੀਤੀ ਅਤੇ ਇਸ ਦੇ ਗੋਲਡਨ ਜੁਬਲੀ ਜਸ਼ਨਾਂ ਵਿੱਚ ਹਿੱਸਾ ਲਿਆ। 

 

ਇਨ੍ਹਾਂ ਮਲਟੀਪਲ ਪ੍ਰੋਜੈਕਟਾਂ ਵਿੱਚ 320 ਮੁਕੰਮਲ ਕੀਤੇ ਗਏ ਅਤੇ 890 ਨਿਰਮਾਣ ਅਧੀਨ 4ਜੀ ਮੋਬਾਈਲ ਟਾਵਰਾਂ, ਉਮਸਾਵਲੀ ਵਿਖੇ ਆਈਆਈਐੱਮ ਸ਼ਿਲੌਂਗ ਦੇ ਨਵੇਂ ਕੈਂਪਸ, ਸ਼ਿਲੌਂਗ - ਡਿਏਂਗਪਾਸੋਹ ਰੋਡ, ਜੋ ਨਵੀਂ ਸ਼ਿਲੌਂਗ ਸੈਟੇਲਾਈਟ ਟਾਊਨਸ਼ਿਪ ਅਤੇ ਤਿੰਨਾਂ ਰਾਜਾਂ ਯਾਨੀ ਮੇਘਾਲਿਆ, ਮਣੀਪੁਰ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਚਾਰ ਹੋਰ ਸੜਕੀ ਪ੍ਰੋਜੈਕਟਾਂ ਨੂੰ ਬਿਹਤਰ ਕਨੈਕਟੀਵਿਟੀ ਪ੍ਰਦਾਨ ਕਰੇਗੀ, ਦਾ ਉਦਘਾਟਨ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਮੇਘਾਲਿਆ ਵਿੱਚ ਮਸ਼ਰੂਮ ਵਿਕਾਸ ਕੇਂਦਰ ਵਿੱਚ ਸਪੌਨ ਲੈਬਾਰਟਰੀ ਅਤੇ ਇੰਟੀਗ੍ਰੇਟਿਡ ਮਧੂ ਮੱਖੀ ਪਾਲਣ ਵਿਕਾਸ ਕੇਂਦਰ ਅਤੇ ਮਿਜ਼ੋਰਮ, ਮਣੀਪੁਰ, ਤ੍ਰਿਪੁਰਾ ਅਤੇ ਅਸਾਮ ਵਿੱਚ 21 ਹਿੰਦੀ ਲਾਇਬ੍ਰੇਰੀਆਂ ਦਾ ਉਦਘਾਟਨ ਵੀ ਕੀਤਾ। ਪ੍ਰਧਾਨ ਮੰਤਰੀ ਨੇ ਅਸਾਮ, ਮੇਘਾਲਿਆ, ਮਣੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਰਾਜਾਂ ਵਿੱਚ ਛੇ ਸੜਕੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਟੂਰਾ ਅਤੇ ਸ਼ਿਲੌਂਗ ਟੈਕਨੋਲੋਜੀ ਪਾਰਕ ਫੇਜ਼-2 ਵਿਖੇ ਇੰਟੀਗ੍ਰੇਟਿਡ ਹੋਸਪਿਟੈਲਿਟੀ ਅਤੇ ਕਨਵੈਨਸ਼ਨ ਸੈਂਟਰ ਦਾ ਨੀਂਹ ਪੱਥਰ ਵੀ ਰੱਖਿਆ।

 

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਘਾਲਿਆ ਇੱਕ ਅਜਿਹਾ ਰਾਜ ਹੈ ਜੋ ਪ੍ਰਕਿਰਤੀ ਅਤੇ ਸੱਭਿਆਚਾਰ ਵਿੱਚ ਸਮ੍ਰਿਧ ਹੈ ਅਤੇ ਇਹ ਸਮ੍ਰਿਧੀ ਲੋਕਾਂ ਦੇ ਨਿੱਘ ਅਤੇ ਸੁਆਗਤ ਕਰਨ ਵਾਲੇ ਸੁਭਾਅ ਰਾਹੀਂ ਝਲਕਦੀ ਹੈ। ਉਨ੍ਹਾਂ ਨੇ ਮੇਘਾਲਿਆ ਦੇ ਨਾਗਰਿਕਾਂ ਨੂੰ ਰਾਜ ਵਿੱਚ ਹੋਰ ਵਿਕਾਸ ਲਈ ਕਨੈਕਟੀਵਿਟੀ, ਸਿੱਖਿਆ, ਕੌਸ਼ਲ ਅਤੇ ਰੋਜ਼ਗਾਰ ਜਿਹੇ ਤਿਆਰ ਹੋ ਰਹੇ ਅਤੇ ਨਵੇਂ ਉਦਘਾਟਨ ਕੀਤੇ ਗਏ ਕਈ ਪ੍ਰੋਜੈਕਟਾਂ ਲਈ ਵਧਾਈਆਂ ਦਿੱਤੀਆਂ।

 

ਪ੍ਰਧਾਨ ਮੰਤਰੀ ਨੇ ਸਾਰਿਆਂ ਦਾ ਧਿਆਨ ਇਸ ਇਤਫ਼ਾਕ ਵੱਲ ਖਿੱਚਿਆ ਕਿ ਅੱਜ ਦਾ ਜਨਤਕ ਸਮਾਗਮ ਫੁੱਟਬਾਲ ਦੇ ਮੈਦਾਨ ਵਿੱਚ ਉਸ ਸਮੇਂ ਹੋ ਰਿਹਾ ਹੈ ਜਦੋਂ ਫੁੱਟਬਾਲ ਵਰਲਡ ਕੱਪ ਚਲ ਰਿਹਾ ਹੈ। ਉਨ੍ਹਾਂ ਕਿਹਾ “ਇੱਕ ਪਾਸੇ ਜਿੱਥੇ ਫੁੱਟਬਾਲ ਮੁਕਾਬਲਾ ਚਲ ਰਿਹਾ ਹੈ, ਉੱਥੇ ਹੀ ਅਸੀਂ ਫੁੱਟਬਾਲ ਦੇ ਮੈਦਾਨ ਵਿੱਚ ਵਿਕਾਸ ਦੇ ਮੁਕਾਬਲੇ ਦੀ ਅਗਵਾਈ ਕਰ ਰਹੇ ਹਾਂ। ਭਾਵੇਂ ਫੁੱਟਬਾਲ ਵਰਲਡ ਕੱਪ ਕਤਰ ਵਿੱਚ ਹੋ ਰਿਹਾ ਹੈ, ਪਰ ਇੱਥੋਂ ਦੇ ਲੋਕਾਂ ਦਾ ਉਤਸ਼ਾਹ ਘੱਟ ਨਹੀਂ ਹੈ।”

 

ਫੁੱਟਬਾਲ ਵਿੱਚ ਖੇਡ ਭਾਵਨਾ ਦੇ ਵਿਰੁੱਧ ਜਾਣ ਵਾਲੇ ਵਿਅਕਤੀ ਨੂੰ ਦਿਖਾਏ ਜਾਣ ਵਾਲੇ ‘ਰੈੱਡ ਕਾਰਡ’ ਦੀ ਤੁਲਨਾ ਕਰਦਿਆਂ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਸਰਕਾਰ ਨੇ ਉੱਤਰ ਪੂਰਬ ਦੇ ਵਿਕਾਸ ਦੇ ਰਾਹ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਰੈੱਡ ਕਾਰਡ ਦਿਖਾ ਦਿੱਤਾ ਹੈ। ਉਨ੍ਹਾਂ ਕਿਹਾ, "ਭਾਵੇਂ ਇਹ ਭ੍ਰਿਸ਼ਟਾਚਾਰ, ਵਿਤਕਰਾ, ਭਾਈ-ਭਤੀਜਾਵਾਦ, ਹਿੰਸਾ ਜਾਂ ਖੇਤਰ ਦੇ ਵਿਕਾਸ ਵਿੱਚ ਵਿਘਨ ਪਾਉਣ ਲਈ ਵੋਟ ਬੈਂਕ ਦੀ ਰਾਜਨੀਤੀ ਹੋਵੇ, ਅਸੀਂ ਇਨ੍ਹਾਂ ਸਾਰੀਆਂ ਬੁਰਾਈਆਂ ਨੂੰ ਜੜ੍ਹੋਂ ਪੁੱਟਣ ਲਈ ਸਮਰਪਣ ਅਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ।"  ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਅਜਿਹੀਆਂ ਬੁਰਾਈਆਂ ਦੀਆਂ ਜੜ੍ਹਾਂ ਬਹੁਤ ਗਹਿਰੀਆਂ ਹਨ, ਸਾਨੂੰ ਉਨ੍ਹਾਂ ਵਿੱਚੋਂ ਹਰ ਇੱਕ ਨੂੰ ਖ਼ਤਮ ਕਰਨ ਲਈ ਕੰਮ ਕਰਨਾ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ।

 

ਖੇਡਾਂ ਦੇ ਵਿਕਾਸ 'ਤੇ ਜ਼ੋਰ ਦਿੱਤੇ ਜਾਣ 'ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਇੱਕ ਨਵੀਂ ਪਹੁੰਚ ਨਾਲ ਅੱਗੇ ਵਧ ਰਹੀ ਹੈ ਅਤੇ ਇਸਦੇ ਲਾਭ ਉੱਤਰ ਪੂਰਬੀ ਖੇਤਰਾਂ ਵਿੱਚ ਵੀ ਸਪੱਸ਼ਟ ਰੂਪ ਵਿੱਚ ਦੇਖੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ਦੀ ਪਹਿਲੀ ਸਪੋਰਟਸ ਯੂਨੀਵਰਸਿਟੀ ਤੋਂ ਇਲਾਵਾ, ਉੱਤਰ ਪੂਰਬੀ ਖੇਤਰ ਮਲਟੀਪਰਪਜ਼ ਹਾਲ, ਫੁੱਟਬਾਲ ਫੀਲਡ ਅਤੇ ਐਥਲੈਟਿਕਸ ਟਰੈਕ ਜਿਹੇ ਮਲਟੀਪਲ ਬੁਨਿਆਦੀ ਢਾਂਚੇ ਨਾਲ ਲੈਸ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਨੱਬੇ ਪ੍ਰੋਜੈਕਟਾਂ 'ਤੇ ਕੰਮ ਚਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਭਰੋਸੇ ਦੇ ਨਾਲ ਕਿਹਾ ਕਿ ਭਾਵੇਂ ਅਸੀਂ ਕਤਰ ਵਿੱਚ ਫੁੱਟਬਾਲ ਵਰਲਡ ਕੱਪ ਵਿੱਚ ਖੇਡਣ ਵਾਲੀਆਂ ਅੰਤਰਰਾਸ਼ਟਰੀ ਟੀਮਾਂ ਨੂੰ ਦੇਖ ਰਹੇ ਹਾਂ, ਉਨ੍ਹਾਂ ਨੂੰ ਨੌਜਵਾਨਾਂ ਦੀ ਸ਼ਕਤੀ ਵਿੱਚ ਦ੍ਰਿੜ੍ਹ ਵਿਸ਼ਵਾਸ ਹੈ ਅਤੇ ਟਿੱਪਣੀ ਕੀਤੀ ਕਿ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਅਜਿਹੇ ਮਹੱਤਵਪੂਰਨ ਟੂਰਨਾਮੈਂਟ ਦਾ ਆਯੋਜਨ ਕਰੇਗਾ ਅਤੇ ਹਰੇਕ ਭਾਰਤੀ ਇਸ ਵਿੱਚ ਹਿੱਸਾ ਲੈਣ ਵਾਲੀ ਆਪਣੀ ਟੀਮ ਦਾ ਹੌਸਲਾ ਵੀ ਵਧਾਏਗਾ। 

 

ਪ੍ਰਧਾਨ ਮੰਤਰੀ ਨੇ ਕਿਹਾ “ਵਿਕਾਸ ਸਿਰਫ਼ ਬਜਟ, ਟੈਂਡਰਾਂ, ਨੀਂਹ ਪੱਥਰ ਰੱਖਣ ਅਤੇ ਉਦਘਾਟਨਾਂ ਤੱਕ ਸੀਮਿਤ ਨਹੀਂ ਹੈ।” ਉਨ੍ਹਾਂ ਅੱਗੇ ਕਿਹਾ ਕਿ 2014 ਤੋਂ ਪਹਿਲਾਂ ਸਿਰਫ਼ ਅਜਿਹਾ ਹੀ ਹੁੰਦਾ ਸੀ, “ਅੱਜ ਅਸੀਂ ਜੋ ਤਬਦੀਲੀ ਦੇਖ ਰਹੇ ਹਾਂ, ਉਹ ਸਾਡੇ ਇਰਾਦਿਆਂ, ਸੰਕਲਪ, ਤਰਜੀਹਾਂ ਅਤੇ ਸਾਡੇ ਵਰਕ ਕਲਚਰ ਵਿੱਚ ਆਈ ਤਬਦੀਲੀ ਦਾ ਨਤੀਜਾ ਹੈ।  ਨਤੀਜੇ ਸਾਡੀਆਂ ਪ੍ਰਕਿਰਿਆਵਾਂ ਵਿੱਚ ਦੇਖੇ ਜਾ ਸਕਦੇ ਹਨ।” ਪ੍ਰਧਾਨ ਮੰਤਰੀ ਨੇ ਵਿਸਤਾਰ ਵਿੱਚ ਕਿਹਾ, “ਸੰਕਲਪ ਆਧੁਨਿਕ ਬੁਨਿਆਦੀ ਢਾਂਚੇ, ਆਧੁਨਿਕ ਕਨੈਕਟੀਵਿਟੀ ਨਾਲ ਇੱਕ ਵਿਕਸਿਤ ਭਾਰਤ ਦਾ ਨਿਰਮਾਣ ਕਰਨਾ ਹੈ। ਸਬਕਾ ਪ੍ਰਯਾਸ (ਹਰ ਕਿਸੇ ਦੇ ਪ੍ਰਯਤਨ) ਰਾਹੀਂ ਭਾਰਤ ਦੇ ਹਰ ਖੇਤਰ ਅਤੇ ਵਰਗ ਨੂੰ ਤੇਜ਼ੀ ਨਾਲ ਵਿਕਾਸ ਦੇ ਉਦੇਸ਼ ਨਾਲ ਜੋੜਨ ਦਾ ਇਰਾਦਾ ਹੈ। ਕਮੀਆਂ ਦੂਰ ਕਰਨੀਆਂ, ਦੂਰੀਆਂ ਨੂੰ ਘਟਾਉਣਾ, ਸਮਰੱਥਾ ਨਿਰਮਾਣ ਵਿੱਚ ਸ਼ਾਮਲ ਹੋਣਾ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਮੌਕੇ ਦੇਣਾ ਪ੍ਰਾਥਮਿਕਤਾ ਹੈ।  ਅਤੇ ਵਰਕ ਕਲਚਰ ਵਿੱਚ ਬਦਲਾਅ ਦਰਸਾਉਂਦਾ ਹੈ ਕਿ ਹਰ ਪ੍ਰੋਜੈਕਟ ਅਤੇ ਪ੍ਰੋਗਰਾਮ ਨੂੰ ਸਮਾਂ ਸੀਮਾ ਦੇ ਅੰਦਰ ਪੂਰਾ ਕੀਤਾ ਜਾਵੇ।” ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਇਸ ਵਰ੍ਹੇ ਸਿਰਫ਼ ਬੁਨਿਆਦੀ ਢਾਂਚੇ 'ਤੇ 7 ਲੱਖ ਕਰੋੜ ਰੁਪਏ ਖਰਚ ਕਰ ਰਹੀ ਹੈ, ਜਦਕਿ 8 ਵਰ੍ਹੇ ਪਹਿਲਾਂ ਇਹ ਖਰਚ 2 ਲੱਖ ਕਰੋੜ ਰੁਪਏ ਤੋਂ ਵੀ ਘੱਟ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਦੀ ਗੱਲ ਆਉਂਦੀ ਹੈ ਤਾਂ ਰਾਜ ਆਪਸ ਵਿੱਚ ਮੁਕਾਬਲਾ ਕਰ ਰਹੇ ਹਨ। 

 

ਉੱਤਰ ਪੂਰਬ ਵਿੱਚ ਬੁਨਿਆਦੀ ਢਾਂਚਾਗਤ ਵਿਕਾਸ ਦੀਆਂ ਉਦਾਹਰਣਾਂ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਸ਼ਿਲੌਂਗ ਸਮੇਤ ਉੱਤਰ ਪੂਰਬ ਦੀਆਂ ਸਾਰੀਆਂ ਰਾਜਧਾਨੀਆਂ ਨੂੰ ਰੇਲ ਸੇਵਾ ਨਾਲ ਜੋੜਨ ਅਤੇ ਹਫ਼ਤਾਵਾਰੀ ਉਡਾਣਾਂ ਦੀ ਸੰਖਿਆ 2014 ਤੋਂ ਪਹਿਲਾਂ 900 ਤੋਂ ਵਧਾ ਕੇ ਅੱਜ 1900 ਕਰਨ ਲਈ ਤੇਜ਼ ਗਤੀ ਨਾਲ ਕੀਤੇ ਗਏ ਕੰਮਾਂ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਡਾਨ ਯੋਜਨਾ ਦੇ ਤਹਿਤ ਮੇਘਾਲਿਆ ਵਿੱਚ 16 ਰੂਟਾਂ 'ਤੇ ਉਡਾਣਾਂ ਹਨ ਅਤੇ ਇਸ ਦਾ ਨਤੀਜਾ ਹੈ ਕਿ ਮੇਘਾਲਿਆ ਦੇ ਲੋਕਾਂ ਲਈ ਸਸਤੇ ਹਵਾਈ ਕਿਰਾਏ ਹਨ। ਮੇਘਾਲਿਆ ਅਤੇ ਉੱਤਰ ਪੂਰਬ ਦੇ ਕਿਸਾਨਾਂ ਨੂੰ ਹੋਣ ਵਾਲੇ ਲਾਭਾਂ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇੱਥੇ ਉਗਾਏ ਫਲ ਅਤੇ ਸਬਜ਼ੀਆਂ ਕ੍ਰਿਸ਼ੀ ਉਡਾਨ ਯੋਜਨਾ ਰਾਹੀਂ ਦੇਸ਼ ਅਤੇ ਵਿਦੇਸ਼ ਦੀਆਂ ਮੰਡੀਆਂ ਵਿੱਚ ਅਸਾਨੀ ਨਾਲ ਪਹੁੰਚਣ ਦੇ ਸਮਰੱਥ ਹਨ।

 

ਪ੍ਰਧਾਨ ਮੰਤਰੀ ਨੇ ਅੱਜ ਉਦਘਾਟਨ ਕੀਤੇ ਗਏ ਕਨੈਕਟੀਵਿਟੀ ਪ੍ਰੋਜੈਕਟਾਂ ਵੱਲ ਸਾਰਿਆਂ ਦਾ ਧਿਆਨ ਖਿੱਚਿਆ ਅਤੇ ਦੱਸਿਆ ਕਿ ਮੇਘਾਲਿਆ ਵਿੱਚ ਪਿਛਲੇ 8 ਵਰ੍ਹਿਆਂ ਵਿੱਚ ਨੈਸ਼ਨਲ ਹਾਈਵੇਅ ਦੇ ਨਿਰਮਾਣ 'ਤੇ 5 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਗਏ ਹਨ, ਜਦਕਿ ਮੇਘਾਲਿਆ ਵਿੱਚ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਤਹਿਤ ਪਿਛਲੇ 8 ਵਰ੍ਹਿਆਂ ਵਿੱਚ ਬਣਾਈਆਂ ਗਈਆਂ ਗ੍ਰਾਮੀਣ ਸੜਕਾਂ ਦੀ ਸੰਖਿਆ ਪਿਛਲੇ 20 ਵਰ੍ਹਿਆਂ ਵਿੱਚ ਬਣੀਆਂ ਸੜਕਾਂ ਦੀ ਸੰਖਿਆ ਨਾਲੋਂ ਸੱਤ ਗੁਣਾ ਵੱਧ ਹੈ।

 

ਉੱਤਰ-ਪੂਰਬ ਦੇ ਨੌਜਵਾਨਾਂ ਲਈ ਵਧਦੀ ਡਿਜੀਟਲ ਕਨੈਕਟੀਵਿਟੀ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ 2014 ਦੇ ਮੁਕਾਬਲੇ ਉੱਤਰ-ਪੂਰਬ ਵਿੱਚ ਔਪਟੀਕਲ ਫਾਈਬਰ ਕਵਰੇਜ 4 ਗੁਣਾ ਅਤੇ ਮੇਘਾਲਿਆ ਵਿੱਚ 5 ਗੁਣਾ ਵਧਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਖੇਤਰ ਦੇ ਹਰ ਹਿੱਸੇ ਤੱਕ ਮੋਬਾਈਲ ਕਨੈਕਟੀਵਿਟੀ ਲੈ ਕੇ ਜਾਣ ਲਈ 5 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ 6 ਹਜ਼ਾਰ ਮੋਬਾਈਲ ਟਾਵਰ ਲਗਾਏ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਇਹ ਬੁਨਿਆਦੀ ਢਾਂਚਾ ਮੇਘਾਲਿਆ ਦੇ ਨੌਜਵਾਨਾਂ ਨੂੰ ਨਵੇਂ ਮੌਕੇ ਪ੍ਰਦਾਨ ਕਰੇਗਾ।” ਸਿੱਖਿਆ ਦੇ ਬੁਨਿਆਦੀ ਢਾਂਚੇ ਬਾਰੇ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਆਈਆਈਐੱਮ ਅਤੇ ਟੈਕਨੋਲੋਜੀ ਪਾਰਕ ਨਾਲ ਇਸ ਖੇਤਰ ਵਿੱਚ ਸਿੱਖਿਆ ਅਤੇ ਕਮਾਈ ਦੇ ਮੌਕੇ ਵਧਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਉੱਤਰ-ਪੂਰਬ ਵਿੱਚ 150 ਤੋਂ ਵੱਧ ਏਕਲਵਯ ਸਕੂਲਾਂ ਦਾ ਨਿਰਮਾਣ ਹੋ ਰਿਹਾ ਹੈ, ਜਿਨ੍ਹਾਂ ਵਿੱਚੋਂ 39 ਮੇਘਾਲਿਆ ਵਿੱਚ ਹਨ।

 

ਪ੍ਰਧਾਨ ਮੰਤਰੀ ਨੇ ਪਰਵਤਮਾਲਾ ਯੋਜਨਾ ਜਿਸ ਤਹਿਤ ਰੋਪਵੇਅ ਦਾ ਇੱਕ ਨੈੱਟਵਰਕ ਬਣ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਡਿਵਾਈਨ ਯੋਜਨਾ ਜੋ ਵੱਡੇ ਵਿਕਾਸ ਪ੍ਰੋਜੈਕਟਾਂ ਦੀ ਅਸਾਨੀ ਨਾਲ ਮਨਜ਼ੂਰੀ ਨੂੰ ਯਕੀਨੀ ਬਣਾ ਕੇ ਉੱਤਰ ਪੂਰਬ ਦੇ ਵਿਕਾਸ ਨੂੰ ਇੱਕ ਨਵਾਂ ਹੁਲਾਰਾ ਦੇਣ ਜਾ ਰਹੀ ਹੈ, ਦੀ ਉਦਾਹਰਣ ਦਿੱਤੀ। ਉਨ੍ਹਾਂ ਅੱਗੇ ਕਿਹਾ, "ਪੀਐੱਮ-ਡਿਵਾਈਨ ਦੇ ਤਹਿਤ ਅਗਲੇ 3-4 ਵਰ੍ਹਿਆਂ ਲਈ 6,000 ਕਰੋੜ ਰੁਪਏ ਦਾ ਬਜਟ ਤੈਅ ਕੀਤਾ ਗਿਆ ਹੈ।"

 

ਉੱਤਰ ਪੂਰਬ ਲਈ ਪਿਛਲੀਆਂ ਸੱਤਾਧਾਰੀ ਸਰਕਾਰਾਂ ਦੀ 'ਡਿਵਾਈਡ (ਵੰਡਣ)' ਦੀ ਪਹੁੰਚ ਨੂੰ ਦਰਸਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਸਾਡੀ ਸਰਕਾਰ 'ਡਿਵਾਈਨ (ਦੈਵੀ)' ਇਰਾਦਿਆਂ ਨਾਲ ਆਈ ਹੈ। ਉਨ੍ਹਾਂ ਕਿਹਾ “ਭਾਵੇਂ ਇਹ ਵੱਖੋ-ਵੱਖਰੇ ਭਾਈਚਾਰੇ ਹੋਣ, ਜਾਂ ਵੱਖੋ-ਵੱਖਰੇ ਖੇਤਰ, ਅਸੀਂ ਹਰ ਤਰ੍ਹਾਂ ਦੀਆਂ ਵੰਡਾਂ ਨੂੰ ਦੂਰ ਕਰ ਰਹੇ ਹਾਂ। ਅੱਜ ਉੱਤਰ ਪੂਰਬ ਵਿੱਚ, ਅਸੀਂ ਵਿਵਾਦਾਂ ਦੀਆਂ ਸਰਹੱਦਾਂ ਨਹੀਂ, ਬਲਕਿ ਵਿਕਾਸ ਦੇ ਕੋਰੀਡੋਰ ਬਣਾਉਣ 'ਤੇ ਜ਼ੋਰ ਦੇ ਰਹੇ ਹਾਂ।"  ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 8 ਵਰ੍ਹਿਆਂ ਵਿੱਚ ਕਈ ਸੰਗਠਨਾਂ ਨੇ ਹਿੰਸਾ ਦਾ ਰਾਹ ਛੱਡ ਕੇ ਸਥਾਈ ਸ਼ਾਂਤੀ ਲਈ ਸ਼ਰਨ ਲਈ ਹੈ।

 

ਉੱਤਰ ਪੂਰਬ ਵਿੱਚ ਅਫਸਪਾ (AFSPA)ਦੀ ਜ਼ਰੂਰਤ ਬਾਰੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਰਾਜ ਸਰਕਾਰਾਂ ਦੀ ਮਦਦ ਨਾਲ ਹਾਲਾਤ ਲਗਾਤਾਰ ਸੁਧਰ ਰਹੇ ਹਨ ਜਦਕਿ ਰਾਜਾਂ ਦੇ ਦਰਮਿਆਨ ਦਹਾਕਿਆਂ ਤੋਂ ਚਲ ਰਹੇ ਸੀਮਾ ਵਿਵਾਦ ਨੂੰ ਹੱਲ ਕੀਤਾ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ-ਪੂਰਬ ਸਿਰਫ਼ ਇੱਕ ਸਰਹੱਦੀ ਖੇਤਰ ਦੀ ਬਜਾਏ ਸੁਰੱਖਿਆ ਅਤੇ ਸਮ੍ਰਿਧੀ ਦਾ ਇੱਕ ਗੇਟਵੇ ਹੈ। ਪ੍ਰਧਾਨ ਮੰਤਰੀ ਨੇ ਵਾਇਬ੍ਰੈਂਟ ਗ੍ਰਾਮ ਯੋਜਨਾ ਬਾਰੇ ਵਿਸਤਾਰ ਨਾਲ ਦੱਸਿਆ ਜਿਸ ਤਹਿਤ ਸਰਹੱਦੀ ਪਿੰਡਾਂ ਨੂੰ ਬਿਹਤਰ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਅਫਸੋਸ ਜਤਾਇਆ ਕਿ ਦੁਸ਼ਮਣ ਨੂੰ ਫਾਇਦਾ ਮਿਲਣ ਦੇ ਡਰ ਕਾਰਨ ਸਰਹੱਦੀ ਖੇਤਰਾਂ ਵਿੱਚ ਕਨੈਕਟਿਵਿਟੀ ਦਾ ਵਿਸਤਾਰ ਨਹੀਂ ਕੀਤਾ ਜਾ ਸਕਿਆ। ਪ੍ਰਧਾਨ ਮੰਤਰੀ ਨੇ ਕਿਹਾ “ਅੱਜ ਅਸੀਂ ਸਾਹਸ ਨਾਲ ਸਰਹੱਦ 'ਤੇ ਨਵੀਆਂ ਸੜਕਾਂ, ਨਵੀਆਂ ਸੁਰੰਗਾਂ, ਨਵੇਂ ਪੁਲ਼, ਨਵੀਆਂ ਰੇਲਵੇ ਲਾਈਨਾਂ ਅਤੇ ਹਵਾਈ ਪੱਟੀਆਂ ਬਣਾ ਰਹੇ ਹਾਂ। ਉਜਾੜੇ ਹੋਏ ਸਰਹੱਦੀ ਪਿੰਡਾਂ ਨੂੰ ਜੀਵੰਤ ਕੀਤਾ ਜਾ ਰਿਹਾ ਹੈ। ਸਾਡੇ ਸ਼ਹਿਰਾਂ ਲਈ ਲੋੜੀਂਦੀ ਗਤੀ ਸਾਡੀ ਸਰਹੱਦ ਲਈ ਵੀ ਜ਼ਰੂਰੀ ਹੈ।” 

 

ਪ੍ਰਧਾਨ ਮੰਤਰੀ ਨੇ ਪਰਮ ਪਾਵਨ ਪੋਪ ਨਾਲ ਆਪਣੀ ਮੁਲਾਕਾਤ ਨੂੰ ਯਾਦ ਕੀਤਾ ਅਤੇ ਕਿਹਾ ਕਿ ਦੋਵਾਂ ਲੀਡਰਾਂ ਨੇ ਅੱਜ ਮਾਨਵਤਾ ਨੂੰ ਦਰਪੇਸ਼ ਚੁਣੌਤੀਆਂ 'ਤੇ ਚਰਚਾ ਕੀਤੀ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਠੋਸ ਪ੍ਰਯਤਨ ਕਰਨ ਲਈ ਸਹਿਮਤੀ 'ਤੇ ਪਹੁੰਚੇ। ਪ੍ਰਧਾਨ ਮੰਤਰੀ ਨੇ ਕਿਹਾ “ਸਾਨੂੰ ਇਸ ਭਾਵਨਾ ਨੂੰ ਮਜ਼ਬੂਤ ​​ਕਰਨ ਦੀ ਜ਼ਰੂਰਤ ਹੈ।”

 

ਸਰਕਾਰ ਵੱਲੋਂ ਅਪਣਾਈ ਗਈ ਸ਼ਾਂਤੀ ਅਤੇ ਵਿਕਾਸ ਦੀ ਰਾਜਨੀਤੀ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦਾ ਸਭ ਤੋਂ ਵੱਧ ਲਾਭ ਸਾਡੇ ਆਦਿਵਾਸੀ ਸਮਾਜ ਨੂੰ ਹੋਇਆ ਹੈ।  ਆਦਿਵਾਸੀ ਸਮਾਜ ਦੀ ਪਰੰਪਰਾ, ਭਾਸ਼ਾ ਅਤੇ ਸੱਭਿਆਚਾਰ ਨੂੰ ਕਾਇਮ ਰੱਖਦੇ ਹੋਏ ਕਬਾਇਲੀ ਖੇਤਰਾਂ ਦਾ ਵਿਕਾਸ ਸਰਕਾਰ ਦੀ ਤਰਜੀਹ ਹੈ।  ਬਾਂਸ ਦੀ ਕਟਾਈ 'ਤੇ ਪਾਬੰਦੀ ਨੂੰ ਖ਼ਤਮ ਕਰਨ ਦੀ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਨਾਲ ਬਾਂਸ ਨਾਲ ਜੁੜੇ ਕਬਾਇਲੀ ਉਤਪਾਦਾਂ ਦੇ ਨਿਰਮਾਣ ਨੂੰ ਹੁਲਾਰਾ ਮਿਲਿਆ ਹੈ।  ਉਨ੍ਹਾਂ ਨੇ ਦੱਸਿਆ “ਜੰਗਲਾਂ ਤੋਂ ਪ੍ਰਾਪਤ ਉਪਜ ਵਿੱਚ ਮੁੱਲ ਜੋੜਨ ਲਈ ਉੱਤਰ ਪੂਰਬ ਵਿੱਚ 850 ਵਨ ਧਨ ਕੇਂਦਰ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਨਾਲ ਬਹੁਤ ਸਾਰੇ ਸਵੈ-ਸਹਾਇਤਾ ਸਮੂਹ ਜੁੜੇ ਹੋਏ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਸਾਡੀਆਂ ਭੈਣਾਂ ਦੇ ਹਨ।”

 

ਸ਼੍ਰੀ ਮੋਦੀ ਨੇ ਕਿਹਾ ਕਿ ਮਕਾਨ, ਪਾਣੀ ਅਤੇ ਬਿਜਲੀ ਜਿਹੇ ਸਮਾਜਿਕ ਬੁਨਿਆਦੀ ਢਾਂਚੇ ਨੇ ਉੱਤਰ-ਪੂਰਬ ਨੂੰ ਵੱਡੇ ਪੱਧਰ 'ਤੇ ਲਾਭ ਪਹੁੰਚਾਇਆ ਹੈ। ਪਿਛਲੇ ਕੁਝ ਵਰ੍ਹਿਆਂ ਵਿੱਚ 2 ਲੱਖ ਨਵੇਂ ਪਰਿਵਾਰਾਂ ਨੂੰ ਬਿਜਲੀ ਦਾ ਕੁਨੈਕਸ਼ਨ ਮਿਲਿਆ ਹੈ। ਗਰੀਬਾਂ ਲਈ 70 ਹਜ਼ਾਰ ਤੋਂ ਵੱਧ ਘਰਾਂ ਨੂੰ ਮਨਜ਼ੂਰੀ ਦਿੱਤੀ ਗਈ ਅਤੇ 3 ਲੱਖ ਘਰਾਂ ਨੂੰ ਪਾਈਪ ਰਾਹੀਂ ਪਾਣੀ ਦੇ ਕੁਨੈਕਸ਼ਨ ਦਿੱਤੇ ਗਏ। ਉਨ੍ਹਾਂ ਕਿਹਾ “ਸਾਡੇ ਆਦਿਵਾਸੀ ਪਰਿਵਾਰ ਇਨ੍ਹਾਂ ਸਕੀਮਾਂ ਦੇ ਸਭ ਤੋਂ ਵੱਧ ਲਾਭਾਰਥੀ ਸਨ।”

 

ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਖੇਤਰ ਦੇ ਵਿਕਾਸ ਦੀ ਨਿਰੰਤਰ ਗਤੀ ਦੀ ਕਾਮਨਾ ਕੀਤੀ ਅਤੇ ਉੱਤਰ-ਪੂਰਬ ਦੇ ਵਿਕਾਸ ਵਿੱਚ ਲਗਾਈ ਜਾ ਰਹੀ ਸਾਰੀ ਊਰਜਾ ਦੇ ਅਧਾਰ ਦੇ ਰੂਪ ਵਿੱਚ ਲੋਕਾਂ ਦੇ ਅਸ਼ੀਰਵਾਦ ਨੂੰ ਕ੍ਰੈਡਿਟ ਦਿੱਤਾ। ਉਨ੍ਹਾਂ ਆਉਣ ਵਾਲੇ ਕ੍ਰਿਸਮਸ ਲਈ ਸ਼ੁਭਕਾਮਨਾਵਾਂ ਦਿੱਤੀਆਂ।

 

ਇਸ ਮੌਕੇ ਹੋਰਨਾਂ ਤੋਂ ਇਲਾਵਾ, ਮੇਘਾਲਿਆ ਦੇ ਮੁੱਖ ਮੰਤਰੀ, ਸ਼੍ਰੀ ਕੋਨਰਾਡ ਕੇ ਸੰਗਮਾ, ਮੇਘਾਲਿਆ ਦੇ ਰਾਜਪਾਲ, ਬ੍ਰਿਗੇਡੀਅਰ (ਡਾ.) ਬੀ ਡੀ ਮਿਸ਼ਰਾ (ਸੇਵਾਮੁਕਤ), ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ, ਕੇਂਦਰੀ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ, ਸ਼੍ਰੀ ਕਿਰੇਨ ਰਿਜਿਜੂ ਅਤੇ ਸਰਬਦਾ ਸੋਨੋਵਾਲ, ਕੇਂਦਰੀ ਰਾਜ ਮੰਤਰੀ, ਸ਼੍ਰੀ ਬੀ ਐੱਲ ਵਰਮਾ, ਮਣੀਪੁਰ ਦੇ ਮੁੱਖ ਮੰਤਰੀ, ਸ਼੍ਰੀ ਐੱਨ ਬੀਰੇਨ ਸਿੰਘ, ਮਿਜ਼ੋਰਮ ਦੇ ਮੁੱਖ ਮੰਤਰੀ, ਸ਼੍ਰੀ ਜ਼ੋਰਮਥਾਂਗਾ, ਅਸਾਮ ਦੇ ਮੁੱਖ ਮੰਤਰੀ, ਸ਼੍ਰੀ ਹਿਮਾਂਤਾ ਬਿਸਵਾ ਸਰਮਾ, ਨਾਗਾਲੈਂਡ ਦੇ ਮੁੱਖ ਮੰਤਰੀ, ਸ਼੍ਰੀ ਨੇਫੀਯੂ ਰੀਓ, ਸਿੱਕਮ ਦੇ ਮੁੱਖ ਮੰਤਰੀ, ਸ਼੍ਰੀ ਪ੍ਰੇਮ ਸਿੰਘ ਤਮਾਂਗ, ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਪੇਮਾ ਖਾਂਡੂ ਅਤੇ ਤ੍ਰਿਪੁਰਾ ਦੇ ਮੁੱਖ ਮੰਤਰੀ ਸ਼੍ਰੀ ਮਾਨਿਕ ਸਾਹਾ ਮੌਜੂਦ ਸਨ। 

 

ਪਿਛੋਕੜ

 

ਖੇਤਰ ਵਿੱਚ ਟੈਲੀਕੋਮ ਕਨੈਕਟੀਵਿਟੀ ਨੂੰ ਹੋਰ ਹੁਲਾਰਾ ਦੇਣ ਵਾਲੇ ਇੱਕ ਕਦਮ ਵਿੱਚ, ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ 4ਜੀ ਮੋਬਾਈਲ ਟਾਵਰ ਸਮਰਪਿਤ ਕੀਤੇ, ਜਿਨ੍ਹਾਂ ਵਿੱਚੋਂ 320 ਤੋਂ ਵੱਧ ਮੁਕੰਮਲ ਹੋ ਚੁੱਕੇ ਹਨ ਅਤੇ ਲਗਭਗ 890 ਨਿਰਮਾਣ ਅਧੀਨ ਹਨ। ਉਨ੍ਹਾਂ ਉਮਸਾਵਲੀ ਵਿਖੇ ਆਈਆਈਐੱਮ ਸ਼ਿਲੌਂਗ ਦੇ ਨਵੇਂ ਕੈਂਪਸ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਸ਼ਿਲੌਂਗ - ਡਿਏਂਗਪਾਸੋਹ ਰੋਡ ਦਾ ਵੀ ਉਦਘਾਟਨ ਕੀਤਾ, ਜੋ ਨਵੀਂ ਸ਼ਿਲੌਂਗ ਸੈਟੇਲਾਈਟ ਟਾਊਨਸ਼ਿਪ ਅਤੇ ਸ਼ਿਲੌਂਗ ਨੂੰ ਭੀੜ-ਭੜੱਕੇ ਤੋਂ ਮੁਕਤ ਕਰਨ ਲਈ ਬਿਹਤਰ ਕਨੈਕਟੀਵਿਟੀ ਪ੍ਰਦਾਨ ਕਰੇਗੀ। ਉਨ੍ਹਾਂ ਤਿੰਨ ਰਾਜਾਂ ਮੇਘਾਲਿਆ, ਮਣੀਪੁਰ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਚਾਰ ਹੋਰ ਸੜਕੀ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ।

 

ਪ੍ਰਧਾਨ ਮੰਤਰੀ ਨੇ ਮੇਘਾਲਿਆ ਵਿੱਚ ਖੁੰਬਾਂ ਦੇ ਸਪੌਨ ਉਤਪਾਦਨ ਨੂੰ ਵਧਾਉਣ ਅਤੇ ਕਿਸਾਨਾਂ ਅਤੇ ਉੱਦਮੀਆਂ ਲਈ ਸਕਿੱਲ ਟ੍ਰੇਨਿੰਗ ਪ੍ਰਦਾਨ ਕਰਨ ਲਈ ਮੇਘਾਲਿਆ ਵਿੱਚ ਮਸ਼ਰੂਮ ਵਿਕਾਸ ਕੇਂਦਰ ਵਿੱਚ ਸਪੌਨ ਲੈਬਾਰਟਰੀ ਦਾ ਉਦਘਾਟਨ ਕੀਤਾ।  ਉਨ੍ਹਾਂ ਮੇਘਾਲਿਆ ਵਿੱਚ ਸੰਗਠਿਤ ਮਧੂ ਮੱਖੀ ਪਾਲਣ ਵਿਕਾਸ ਕੇਂਦਰ ਦਾ ਵੀ ਉਦਘਾਟਨ ਕੀਤਾ ਤਾਂ ਜੋ ਸਮਰੱਥਾ ਨਿਰਮਾਣ ਅਤੇ ਟੈਕਨੋਲੋਜੀ ਅੱਪਗ੍ਰੇਡੇਸ਼ਨ ਰਾਹੀਂ ਮਧੂ ਮੱਖੀ ਪਾਲਣ ਵਾਲੇ ਕਿਸਾਨਾਂ ਦੇ ਜੀਵਨ ਵਿੱਚ ਸੁਧਾਰ ਕੀਤਾ ਜਾ ਸਕੇ।  ਉਨ੍ਹਾਂ ਮਿਜ਼ੋਰਮ, ਮਣੀਪੁਰ, ਤ੍ਰਿਪੁਰਾ ਅਤੇ ਅਸਾਮ ਵਿੱਚ 21 ਹਿੰਦੀ ਲਾਇਬ੍ਰੇਰੀਆਂ ਦਾ ਵੀ ਉਦਘਾਟਨ ਕੀਤਾ।

 

ਪ੍ਰਧਾਨ ਮੰਤਰੀ ਨੇ ਅਸਾਮ, ਮੇਘਾਲਿਆ, ਮਣੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਰਾਜਾਂ ਵਿੱਚ ਛੇ ਸੜਕੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਟੂਰਾ ਵਿਖੇ ਇੰਟੀਗ੍ਰੇਟਿਡ ਹੋਸਪਿਟੈਲਿਟੀ ਅਤੇ ਕਨਵੈਨਸ਼ਨ ਸੈਂਟਰ ਅਤੇ ਟੈਕਨੋਲੋਜੀ ਪਾਰਕ ਫੇਜ਼ -II ਦਾ ਨੀਂਹ ਪੱਥਰ ਵੀ ਰੱਖਿਆ। ਟੈਕਨੋਲੋਜੀ ਪਾਰਕ ਫੇਜ਼ -II ਵਿੱਚ ਲਗਭਗ 1.5 ਲੱਖ ਵਰਗ ਫੁੱਟ ਦਾ ਬਿਲਟ-ਅੱਪ ਖੇਤਰ ਹੋਵੇਗਾ। ਇਹ ਪ੍ਰੋਫੈਸ਼ਨਲਾਂ ਲਈ ਨਵੇਂ ਮੌਕੇ ਪ੍ਰਦਾਨ ਕਰੇਗਾ ਅਤੇ 3000 ਤੋਂ ਵੱਧ ਨੌਕਰੀਆਂ ਪੈਦਾ ਕਰਨ ਦੀ ਉਮੀਦ ਹੈ। ਇੰਟੀਗ੍ਰੇਟਿਡ ਹੋਸਪਿਟੈਲਿਟੀ ਅਤੇ ਕਨਵੈਨਸ਼ਨ ਸੈਂਟਰ ਵਿੱਚ ਇੱਕ ਕਨਵੈਨਸ਼ਨ ਹੱਬ, ਗੈਸਟ ਰੂਮ, ਫੂਡ ਕੋਰਟ ਆਦਿ ਹੋਣਗੇ। ਇਹ ਖੇਤਰ ਵਿੱਚ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਅਤੇ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਲਈ ਲੋੜੀਂਦਾ ਬੁਨਿਆਦੀ ਢਾਂਚਾ ਪ੍ਰਦਾਨ ਕਰੇਗਾ।

 

 

 

 

 

 

 

 

 

 

 **********

 

ਡੀਐੱਸ/ਟੀਐੱਸ



(Release ID: 1884676) Visitor Counter : 114