ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਬੰਗਲੁਰੂ ਵਿੱਚ ਜਨਤਕ ਸਮਾਰੋਹ ਨੂੰ ਸੰਬੋਧਨ ਕੀਤਾ
"ਬੰਗਲੁਰੂ ਭਾਰਤ ਦੀ ਸਟਾਰਟਅੱਪ ਭਾਵਨਾ ਦਾ ਪ੍ਰਤੀਨਿਧ ਹੈ, ਅਤੇ ਇਹੀ ਭਾਵਨਾ ਹੈ ਜੋ ਦੇਸ਼ ਨੂੰ ਬਾਕੀ ਦੁਨੀਆ ਨਾਲੋਂ ਵੱਖਰਾ ਬਣਾਉਂਦੀ ਹੈ"
"ਵੰਦੇ ਭਾਰਤ ਐਕਸਪ੍ਰੈੱਸ ਇੱਕ ਪ੍ਰਤੀਕ ਹੈ ਕਿ ਭਾਰਤ ਨੇ ਹੁਣ ਖੜੋਤ ਦੇ ਦਿਨ ਪਿੱਛੇ ਛੱਡ ਦਿੱਤੇ ਹਨ"
"ਹਵਾਈ ਅੱਡੇ ਕਾਰੋਬਾਰਾਂ ਦੇ ਵਿਸਤਾਰ ਲਈ ਇੱਕ ਨਵਾਂ ਖੇਡ ਖੇਤਰ ਪੈਦਾ ਕਰ ਰਹੇ ਹਨ ਅਤੇ ਨਾਲ ਹੀ ਦੇਸ਼ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕਰ ਰਹੇ ਹਨ"
"ਡਿਜੀਟਲ ਪੇਮੈਂਟਸ ਸਿਸਟਮ ਵਿੱਚ ਭਾਰਤ ਦੀ ਪ੍ਰਗਤੀ ਦੀ ਦੁਨੀਆ ਪ੍ਰਸ਼ੰਸਾ ਕਰ ਰਹੀ ਹੈ"
“ਕਰਨਾਟਕ ਦੇਸ਼ ਵਿੱਚ ਪ੍ਰਤੱਖ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਵਿੱਚ ਮੋਹਰੀ ਹੈ”
"ਭਾਵੇਂ ਇਹ ਸ਼ਾਸਨ ਹੋਵੇ ਜਾਂ ਭੌਤਿਕ ਅਤੇ ਡਿਜੀਟਲ ਬੁਨਿਆਦੀ ਢਾਂਚੇ ਦਾ ਵਿਕਾਸ, ਭਾਰਤ ਬਿਲਕੁਲ ਵੱਖਰੇ ਪੱਧਰ 'ਤੇ ਕੰਮ ਕਰ ਰਿਹਾ ਹੈ"
"ਪਹਿਲਾਂ ਸਪੀਡ ਨੂੰ ਲਗਜ਼ਰੀ ਅਤੇ ਸਕੇਲ ਨੂੰ ਜੋਖਮ ਵਜੋਂ ਮੰਨਿਆ ਜਾਂਦਾ ਸੀ"
“ਸਾਡੀ ਵਿਰਾਸਤ ਸੱਭਿਆਚਾਰਕ ਵੀ ਹੈ ਅਤੇ ਅਧਿਆਤਮਿਕ ਵੀ”
"ਬੰਗਲੁਰੂ ਦਾ ਵਿਕਾਸ ਨਾਦਪ੍ਰਭੂ ਕੈਂਪੇਗੌੜਾ ਦੁਆਰਾ ਕਲਪਨਾ ਦੇ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ"
Posted On:
11 NOV 2022 2:39PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਬੰਗਲੁਰੂ ਵਿੱਚ ਇੱਕ ਜਨਤਕ ਸਮਾਰੋਹ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਵਿਧਾਨ ਸੌਧ ਵਿਖੇ ਸੰਤ ਕਵੀ ਸ਼੍ਰੀ ਕਨਕ ਦਾਸ ਅਤੇ ਮਹਾਰਿਸ਼ੀ ਵਾਲਮੀਕਿ ਦੀਆਂ ਪ੍ਰਤਿਮਾਵਾਂ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਕੇਐੱਸਆਰ ਰੇਲਵੇ ਸਟੇਸ਼ਨ 'ਤੇ ਵੰਦੇ ਭਾਰਤ ਐਕਸਪ੍ਰੈੱਸ ਅਤੇ ਭਾਰਤ ਗੌਰਵ ਕਾਸ਼ੀ ਦਰਸ਼ਨ ਟ੍ਰੇਨ ਨੂੰ ਵੀ ਹਰੀ ਝੰਡੀ ਦਿਖਾਈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ, ਬੰਗਲੁਰੂ ਦੇ ਟਰਮੀਨਲ 2 ਦਾ ਉਦਘਾਟਨ ਕੀਤਾ ਅਤੇ ਸ਼੍ਰੀ ਨਾਦਪ੍ਰਭੂ ਕੈਂਪੇਗੌੜਾ ਦੀ 108 ਫੁੱਟ ਉੱਚੀ ਕਾਂਸੀ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ।
ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਰਨਾਟਕ ਦੀਆਂ ਦੋ ਮਹਾਨ ਸ਼ਖ਼ਸੀਅਤਾਂ ਦੀ ਜਯੰਤੀ ਦੇ ਮੌਕੇ 'ਤੇ ਕਰਨਾਟਕ ਵਿੱਚ ਮੌਜੂਦ ਹੋਣ 'ਤੇ ਖੁਸ਼ੀ ਪ੍ਰਗਟਾਈ। ਉਨ੍ਹਾਂ ਸੰਤ ਕਨਕ ਦਾਸ ਅਤੇ ਓਨਾਕੇ ਓਬੱਵਾ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਕਰਨਾਟਕ ਨੂੰ ਪਹਿਲੀ ‘ਮੇਡ ਇਨ ਇੰਡੀਆ’ ਵੰਦੇ ਭਾਰਤ ਟ੍ਰੇਨ ਮਿਲੀ ਹੈ ਜੋ ਚੇਨਈ, ਸਟਾਰਟਅੱਪ ਦੀ ਰਾਜਧਾਨੀ ਬੰਗਲੁਰੂ ਅਤੇ ਵਿਰਾਸਤੀ ਸ਼ਹਿਰ ਮੈਸੂਰ ਨੂੰ ਜੋੜਦੀ ਹੈ। ਉਨ੍ਹਾਂ ਨੇ ਕਿਹਾ “ਅੱਜ ਭਾਰਤ ਗੌਰਵ ਕਾਸ਼ੀ ਦਰਸ਼ਨ ਟ੍ਰੇਨ, ਜੋ ਕਰਨਾਟਕ ਦੇ ਲੋਕਾਂ ਲਈ ਅਯੁੱਧਿਆ, ਕਾਸ਼ੀ ਅਤੇ ਪ੍ਰਯਾਗਰਾਜ ਦਰਸ਼ਨ ਨੂੰ ਸਮਰੱਥ ਕਰੇਗੀ, ਨੂੰ ਵੀ ਲਾਂਚ ਕੀਤਾ ਗਿਆ।”
ਬੰਗਲੁਰੂ ਵਿੱਚ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 2 ਬਾਰੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਬੁਨਿਆਦੀ ਢਾਂਚਾ ਕੱਲ੍ਹ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਨਾਲੋਂ ਜ਼ਿਆਦਾ ਸੁੰਦਰ ਅਤੇ ਸ਼ਾਨਦਾਰ ਹੈ। ਪ੍ਰਧਾਨ ਮੰਤਰੀ ਨੇ ਨਾਦਪ੍ਰਭੂ ਕੈਂਪੇਗੌੜਾ ਦੀ ਯਾਦਗਾਰੀ ਪ੍ਰਤਿਮਾ 'ਤੇ ਵੀ ਚਾਨਣਾ ਪਾਇਆ ਅਤੇ ਕਿਹਾ ਕਿ ਇਹ ਭਵਿੱਖ ਦੇ ਬੰਗਲੁਰੂ ਅਤੇ ਭਾਰਤ ਦੇ ਨਿਰਮਾਣ ਲਈ ਇੱਕ ਪ੍ਰੇਰਣਾ ਵਜੋਂ ਕੰਮ ਕਰੇਗਾ।
ਸਟਾਰਟਅੱਪਸ ਦੀ ਦੁਨੀਆ ਵਿੱਚ ਭਾਰਤ ਦੀ ਪਹਿਚਾਣ 'ਤੇ ਟਿੱਪਣੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਪਹਿਚਾਣ ਨੂੰ ਪਰਿਭਾਸ਼ਿਤ ਕਰਨ ਵਿੱਚ ਬੰਗਲੁਰੂ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ, “ਬੰਗਲੁਰੂ ਭਾਰਤ ਦੀ ਸਟਾਰਟਅੱਪ ਭਾਵਨਾ ਦਾ ਪ੍ਰਤੀਨਿਧ ਹੈ, ਅਤੇ ਇਹੀ ਭਾਵਨਾ ਦੇਸ਼ ਨੂੰ ਬਾਕੀ ਦੁਨੀਆ ਨਾਲੋਂ ਵੱਖਰਾ ਬਣਾਉਂਦੀ ਹੈ।” ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਇਹ ਪ੍ਰੋਗਰਾਮ ਬੰਗਲੁਰੂ ਦੀ ਨੌਜਵਾਨ ਭਾਵਨਾ ਦਾ ਪ੍ਰਤੀਬਿੰਬ ਹੈ।
ਵੰਦੇ ਭਾਰਤ ਸਿਰਫ਼ ਟ੍ਰੇਨ ਨਹੀਂ ਹੈ, ਬਲਕਿ ਇਹ ਨਵੇਂ ਭਾਰਤ ਦੀ ਨਵੀਂ ਪਹਿਚਾਣ ਹੈ। “ਵੰਦੇ ਭਾਰਤ ਐਕਸਪ੍ਰੈੱਸ ਇਸ ਗੱਲ ਦਾ ਪ੍ਰਤੀਕ ਹੈ ਕਿ ਭਾਰਤ ਹੁਣ ਖੜੋਤ ਦੇ ਦਿਨਾਂ ਨੂੰ ਪਿੱਛੇ ਛੱਡ ਗਿਆ ਹੈ। ਅਸੀਂ ਭਾਰਤੀ ਰੇਲਵੇ ਦੇ ਕੁੱਲ ਪਰਿਵਰਤਨ ਦੇ ਲਕਸ਼ ਨਾਲ ਅੱਗੇ ਵਧ ਰਹੇ ਹਾਂ।" 400 ਤੋਂ ਵੱਧ ਵੰਦੇ ਭਾਰਤ ਟ੍ਰੇਨਾਂ ਅਤੇ ਵਿਸਟਾ ਡੋਮ ਕੋਚ ਭਾਰਤ ਰੇਲਵੇ ਦੀ ਨਵੀਂ ਪਹਿਚਾਣ ਬਣ ਰਹੇ ਹਨ। ਸਮਰਪਿਤ ਫ੍ਰੇਟ ਕੌਰੀਡੋਰ ਮਾਲ ਢੋਆ-ਢੁਆਈ ਦੀ ਗਤੀ ਨੂੰ ਵਧਾਉਣਗੇ ਅਤੇ ਸਮੇਂ ਦੀ ਬੱਚਤ ਕਰਨਗੇ। ਰੈਪਿਡ ਬਰੌਡ ਗੇਜ ਕਨਵਰਜਨ ਨਵੇਂ ਖੇਤਰਾਂ ਨੂੰ ਰੇਲਵੇ ਦੇ ਨਕਸ਼ੇ 'ਤੇ ਲਿਆ ਰਿਹਾ ਹੈ। ਰੇਲਵੇ ਸਟੇਸ਼ਨਾਂ ਦੇ ਆਧੁਨਿਕੀਕਰਣ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰ ਐੱਮ. ਵਿਸ਼ਵੇਸ਼ਵਰਯਾ ਟਰਮੀਨਲ, ਬੰਗਲੁਰੂ ਰੇਲਵੇ ਸਟੇਸ਼ਨ ਯਾਤਰੀਆਂ ਨੂੰ ਬਹੁਤ ਵਧੀਆ ਅਨੁਭਵ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਰਨਾਟਕ ਸਮੇਤ ਹੋਰ ਸਟੇਸ਼ਨਾਂ ਨੂੰ ਅੱਪਗ੍ਰੇਡ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।
ਵਿਕਸਿਤ ਭਾਰਤ ਦੇ ਵਿਜ਼ਨ 'ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਹਿਰਾਂ ਦਰਮਿਆਨ ਕਨੈਕਟੀਵਿਟੀ ਮਹੱਤਵਪੂਰਨ ਭੂਮਿਕਾ ਨਿਭਾਏਗੀ ਅਤੇ ਇਹ ਸਮੇਂ ਦੀ ਲੋੜ ਵੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਂਪੇਗੌੜਾ ਹਵਾਈ ਅੱਡੇ ਦਾ ਨਵਾਂ ਟਰਮੀਨਲ 2 ਕਨੈਕਟੀਵਿਟੀ ਨੂੰ ਹੁਲਾਰਾ ਦੇਣ ਲਈ ਨਵੀਆਂ ਸੁਵਿਧਾਵਾਂ ਅਤੇ ਸੇਵਾਵਾਂ ਜੋੜੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਹਵਾਈ ਯਾਤਰਾ ਦੇ ਮਾਮਲੇ ਵਿੱਚ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਬਜ਼ਾਰਾਂ ਵਿਚੋਂ ਇਕ ਹੈ ਅਤੇ ਹਵਾਈ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਸੰਖਿਆ ਵਿੱਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ 2014 ਤੋਂ ਪਹਿਲਾਂ ਦੇਸ਼ ਵਿੱਚ ਸਿਰਫ਼ 70 ਹਵਾਈ ਅੱਡੇ ਸਨ, ਪਰ ਅੱਜ ਇਹ ਸੰਖਿਆ ਦੁੱਗਣੀ ਹੋ ਕੇ 140 ਤੋਂ ਵੱਧ ਹੋ ਗਈ ਹੈ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ “ਹਵਾਈ ਅੱਡੇ ਕਾਰੋਬਾਰਾਂ ਦੇ ਵਿਸਤਾਰ ਲਈ ਇੱਕ ਨਵਾਂ ਖੇਡ ਖੇਤਰ ਪੈਦਾ ਕਰ ਰਹੇ ਹਨ ਅਤੇ ਨਾਲ ਹੀ ਰਾਸ਼ਟਰ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕਰ ਰਹੇ ਹਨ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰਨਾਟਕ ਉਸ ਭਰੋਸੇ ਅਤੇ ਉਮੀਦਾਂ ਦਾ ਲਾਭ ਉਠਾ ਰਿਹਾ ਹੈ ਜੋ ਪੂਰੀ ਦੁਨੀਆ ਨੇ ਭਾਰਤ ਪ੍ਰਤੀ ਦਿਖਾਈ ਹੈ। ਪ੍ਰਧਾਨ ਮੰਤਰੀ ਨੇ ਕਰਨਾਟਕ ਵਿੱਚ 4 ਲੱਖ ਕਰੋੜ ਰੁਪਏ ਦੇ ਨਿਵੇਸ਼ ਵੱਲ ਸਾਰਿਆਂ ਦਾ ਧਿਆਨ ਖਿੱਚਿਆ, ਜੋ ਉਸ ਸਮੇਂ ਹੋਇਆ ਜਦੋਂ ਦੁਨੀਆ ਕੋਵਿਡ ਮਹਾਮਾਰੀ ਨਾਲ ਜੂਝ ਰਹੀ ਸੀ। ਉਨ੍ਹਾਂ ਅੱਗੇ ਕਿਹਾ "ਪਿਛਲੇ ਵਰ੍ਹੇ, ਕਰਨਾਟਕ ਨੇ ਦੇਸ਼ ਵਿੱਚ ਪ੍ਰਤੱਖ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਵਿੱਚ ਅਗਵਾਈ ਕੀਤੀ।” ਉਨ੍ਹਾਂ ਨੇ ਵਿਸਤਾਰ ਵਿੱਚ ਦੱਸਿਆ ਕਿ ਇਹ ਨਿਵੇਸ਼ ਸਿਰਫ਼ ਆਈਟੀ ਸੈਕਟਰ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਬਾਇਓਟੈਕਨੋਲੋਜੀ ਤੋਂ ਲੈ ਕੇ ਰੱਖਿਆ ਤੱਕ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੇ ਏਅਰਕ੍ਰਾਫਟ ਅਤੇ ਸਪੇਸ-ਕ੍ਰਾਫਟ ਉਦਯੋਗ ਵਿੱਚ ਕਰਨਾਟਕ ਦੀ 25 ਪ੍ਰਤੀਸ਼ਤ ਹਿੱਸੇਦਾਰੀ ਹੈ। ਉਨ੍ਹਾਂ ਇਹ ਵੀ ਨੋਟ ਕੀਤਾ ਕਿ ਭਾਰਤ ਦੀ ਡਿਫੈਂਸ ਲਈ ਬਣਾਏ ਗਏ ਲਗਭਗ 70 ਪ੍ਰਤੀਸ਼ਤ ਜਹਾਜ਼ ਅਤੇ ਹੈਲੀਕੌਪਟਰ ਕਰਨਾਟਕ ਵਿੱਚ ਬਣਾਏ ਜਾਂਦੇ ਹਨ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਫੌਰਚਿਊਨ 500 ਸੂਚੀ ਵਿੱਚੋਂ 400 ਤੋਂ ਵੱਧ ਕੰਪਨੀਆਂ ਕਰਨਾਟਕ ਵਿੱਚ ਕੰਮ ਕਰ ਰਹੀਆਂ ਹਨ। ਉਨ੍ਹਾਂ ਨੇ ਕਰਨਾਟਕ ਦੀ ਡਬਲ-ਇੰਜਣ ਸਰਕਾਰ ਨੂੰ ਰਾਜ ਵਿੱਚ ਇੰਨੇ ਸ਼ਾਨਦਾਰ ਵਿਕਾਸ ਦਾ ਕ੍ਰੈਡਿਟ ਦਿੱਤਾ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, "ਭਾਵੇਂ ਇਹ ਸ਼ਾਸਨ ਹੋਵੇ ਜਾਂ ਭੌਤਿਕ ਅਤੇ ਡਿਜੀਟਲ ਬੁਨਿਆਦੀ ਢਾਂਚੇ ਦਾ ਵਿਕਾਸ ਹੋਵੇ, ਭਾਰਤ ਬਿਲਕੁਲ ਵੱਖਰੇ ਪੱਧਰ 'ਤੇ ਕੰਮ ਕਰ ਰਿਹਾ ਹੈ।" ਭੀਮ ਯੂਪੀਆਈ ਅਤੇ ਮੇਡ ਇਨ ਇੰਡੀਆ 5ਜੀ ਟੈਕਨੋਲੋਜੀ ਦੀਆਂ ਉਦਾਹਰਣਾਂ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬੰਗਲੁਰੂ ਦੇ ਪ੍ਰੋਫੈਸ਼ਨਲ ਹਨ ਜਿਨ੍ਹਾਂ ਨੇ ਇਸ ਦੂਰ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ ਅਜਿਹੀਆਂ ਸਕਾਰਾਤਮਕ ਤਬਦੀਲੀਆਂ ਕਲਪਨਾ ਤੋਂ ਪਰ੍ਹੇ ਸਨ ਕਿਉਂਕਿ ਪਿਛਲੀ ਸਰਕਾਰ ਦੀ ਵਿਚਾਰ ਪ੍ਰਕਿਰਿਆ ਪੁਰਾਣੀ ਸੀ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਪਿਛਲੀਆਂ ਸਰਕਾਰਾਂ ਸਪੀਡ ਨੂੰ ਲਗਜ਼ਰੀ ਅਤੇ ਪੈਮਾਨੇ ਨੂੰ ਜੋਖਮ ਸਮਝਦੀਆਂ ਸਨ”, ਉਨ੍ਹਾਂ ਗੱਲ ਨੂੰ ਜਾਰੀ ਰੱਖਦਿਆਂ ਕਿਹਾ “ਸਾਡੀ ਸਰਕਾਰ ਨੇ ਇਸ ਰੁਝਾਨ ਨੂੰ ਬਦਲ ਦਿੱਤਾ ਹੈ। ਅਸੀਂ ਗਤੀ ਨੂੰ ਖਾਹਿਸ਼ ਅਤੇ ਪੈਮਾਨੇ ਨੂੰ ਭਾਰਤ ਦੀ ਸ਼ਕਤੀ ਮੰਨਦੇ ਹਾਂ।” ਪ੍ਰਧਾਨ ਮੰਤਰੀ ਗਤੀਸ਼ਕਤੀ ਮਾਸਟਰ ਪਲਾਨ 'ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਸਰਕਾਰ ਨੇ ਸਾਰੇ ਵਿਭਾਗਾਂ ਅਤੇ ਏਜੰਸੀਆਂ ਨੂੰ ਇੱਕ ਪਲੈਟਫਾਰਮ 'ਤੇ ਲਿਆਉਣ ਲਈ ਪ੍ਰਯਤਨ ਕੀਤੇ ਹਨ ਅਤੇ ਨਤੀਜੇ ਵਜੋਂ, ਵੱਖੋ-ਵੱਖ ਏਜੰਸੀਆਂ ਨੂੰ ਡੇਟਾ ਦੀਆਂ ਪੰਦਰਾਂ ਸੌ ਤੋਂ ਵੱਧ ਪਰਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੇ ਕਈ ਮੰਤਰਾਲਿਆਂ ਦੇ ਨਾਲ-ਨਾਲ ਦਰਜਨਾਂ ਵਿਭਾਗ ਇਸ ਪਲੈਟਫਾਰਮ ਦੀ ਮਦਦ ਨਾਲ ਇਕੱਠੇ ਆ ਰਹੇ ਹਨ। ਉਨ੍ਹਾਂ ਨੇ ਕਿਹਾ “ਅੱਜ, ਭਾਰਤ ਬੁਨਿਆਦੀ ਢਾਂਚਾ ਨਿਵੇਸ਼ ਪਾਈਪਲਾਈਨ ਵਿੱਚ 110 ਲੱਖ ਕਰੋੜ ਰੁਪਏ ਦੇ ਉਦੇਸ਼ ਲਈ ਕੰਮ ਕਰ ਰਿਹਾ ਹੈ”, ਉਨ੍ਹਾਂ ਅੱਗੇ ਕਿਹਾ, “ਮਲਟੀ-ਮੋਡਲ ਬੁਨਿਆਦੀ ਢਾਂਚੇ ਉੱਤੇ ਜ਼ੋਰ ਦਿੱਤਾ ਗਿਆ ਹੈ ਤਾਂ ਜੋ ਟ੍ਰਾਂਸਪੋਰਟ ਦਾ ਹਰ ਮਾਧਿਅਮ ਦੂਸਰੇ ਦਾ ਸਮਰਥਨ ਕਰ ਸਕੇ।” ਨੈਸ਼ਨਲ ਲੌਜਿਸਟਿਕਸ ਪਾਲਿਸੀ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੇਸ਼ ਵਿੱਚ ਆਵਾਜਾਈ ਦੀ ਲਾਗਤ ਨੂੰ ਘਟਾਉਣ ਵਿੱਚ ਮਦਦ ਕਰੇਗੀ ਅਤੇ ਇਸ ਵਿੱਚ ਇਨੋਵੇਸ਼ਨ ਵੀ ਲਿਆਵੇਗੀ।
ਸਮਾਜਿਕ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨਾ
• ਦੇਸ਼ ਵਿੱਚ ਗ਼ਰੀਬਾਂ ਲਈ 3.4 ਕਰੋੜ ਪੱਕੇ ਘਰ, ਕਰਨਾਟਕ ਵਿੱਚ 8 ਲੱਖ
• 7 ਕਰੋੜ ਪਰਿਵਾਰਾਂ ਨੂੰ ਪਾਈਪ ਰਾਹੀਂ ਪਾਣੀ ਦਾ ਕਨੈਕਸ਼ਨ ਮਿਲਿਆ, ਕਰਨਾਟਕ ਵਿੱਚ 30 ਲੱਖ
• ਆਯੁਸ਼ਮਾਨ ਭਾਰਤ ਤਹਿਤ 4 ਕਰੋੜ ਮਰੀਜ਼ਾਂ ਦਾ ਮੁਫ਼ਤ ਇਲਾਜ, ਕਰਨਾਟਕ ਵਿੱਚ 30 ਲੱਖ
• ਦੇਸ਼ ਦੇ 10 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤੇ ਵਿੱਚ 2.5 ਲੱਖ ਰੁਪਏ ਟ੍ਰਾਂਸਫਰ, ਕਰਨਾਟਕ 'ਚ 55 ਲੱਖ ਕਿਸਾਨਾਂ ਦੇ ਖਾਤੇ ਵਿੱਚ 11 ਹਜ਼ਾਰ ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ
• 40 ਲੱਖ ਸਟ੍ਰੀਟ ਵਿਕਰੇਤਾਵਾਂ ਨੂੰ ਸਵਨਿਧੀ ਸਹਾਇਤਾ ਮਿਲੀ, ਕਰਨਾਟਕ ਵਿੱਚ 2 ਲੱਖ ਨੂੰ ਮਿਲੀ।
|
ਦੇਸ਼ ਦੀ ਵਿਰਾਸਤ 'ਤੇ ਮਾਣ ਬਾਰੇ ਲਾਲ ਕਿਲੇ ਤੋਂ ਆਪਣੇ ਸੰਬੋਧਨ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਵਿਰਾਸਤ ਸੱਭਿਆਚਾਰਕ ਦੇ ਨਾਲ-ਨਾਲ ਅਧਿਆਤਮਿਕ ਵੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਗੌਰਵ ਰੇਲ ਨਾਲ ਆਸਥਾ ਅਤੇ ਅਧਿਆਤਮਿਕਤਾ ਦੇ ਅਸਥਾਨਾਂ ਨੂੰ ਜੋੜ ਰਹੀ ਹੈ ਅਤੇ ਨਾਲ ਹੀ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਮਜ਼ਬੂਤ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਟ੍ਰੇਨ ਦੀਆਂ 9 ਯਾਤਰਾਵਾਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ। "ਇਹ ਸ਼ਿਰਡੀ ਮੰਦਿਰ ਹੋਵੇ, ਸ਼੍ਰੀ ਰਾਮਾਇਣ ਯਾਤਰਾ ਹੋਵੇ, ਦਿਵਯਾ ਕਾਸ਼ੀ ਯਾਤਰਾ ਹੋਵੇ, ਅਜਿਹੀਆਂ ਸਾਰੀਆਂ ਟ੍ਰੇਨਾਂ ਯਾਤਰੀਆਂ ਲਈ ਬਹੁਤ ਹੀ ਸੁਖਦ ਅਨੁਭਵ ਰਹੀਆਂ ਹਨ।" ਉਨ੍ਹਾਂ ਅੱਗੇ ਕਿਹਾ ਕਿ ਕਰਨਾਟਕ ਤੋਂ ਕਾਸ਼ੀ, ਅਯੁੱਧਿਆ ਅਤੇ ਪ੍ਰਯਾਗਰਾਜ ਦੀ ਯਾਤਰਾ ਜੋ ਅੱਜ ਸ਼ੁਰੂ ਹੋਈ ਹੈ, ਕਰਨਾਟਕ ਦੇ ਲੋਕਾਂ ਨੂੰ ਕਾਸ਼ੀ ਅਤੇ ਅਯੁੱਧਿਆ ਜਾਣ ਵਿੱਚ ਮਦਦ ਕਰੇਗੀ।
ਪ੍ਰਧਾਨ ਮੰਤਰੀ ਨੇ ਕਨਕ ਦਾਸ ਜੀ ਦੁਆਰਾ ਸਥਾਪਿਤ ਮੋਟੇ ਅਨਾਜ ਦੀ ਮਹੱਤਤਾ ਵੱਲ ਵੀ ਸਾਰਿਆਂ ਦਾ ਧਿਆਨ ਖਿੱਚਿਆ। ਉਨ੍ਹਾਂ ਦੀ ਰਚਨਾ - ਰਾਮ ਧਨਯ ਚਰਿਤ (Ram Dhanya Charite) ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਰਨਾਟਕ ਵਿੱਚ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਬਾਜਰੇ 'ਰਾਗੀ' ਦੀ ਉਦਾਹਰਣ ਦਿੰਦੇ ਹੋਏ ਸਮਾਜਿਕ ਬਰਾਬਰੀ ਦਾ ਸੰਦੇਸ਼ ਦਿੰਦੀ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਬੰਗਲੁਰੂ ਦਾ ਵਿਕਾਸ ਨਾਦਪ੍ਰਭੂ ਕੈਂਪੇਗੌੜਾ ਜੀ ਦੁਆਰਾ ਕੀਤੀ ਕਲਪਨਾ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਅੱਗੇ ਕਿਹਾ “ਇਸ ਸ਼ਹਿਰ ਦਾ ਵਸੇਬਾ ਇੱਥੋਂ ਦੇ ਲੋਕਾਂ ਲਈ ਕੈਂਪੇਗੌੜਾ ਜੀ ਦਾ ਬਹੁਤ ਵੱਡਾ ਯੋਗਦਾਨ ਹੈ।” ਜਦੋਂ ਵਣਜ ਅਤੇ ਸੰਸਕ੍ਰਿਤੀ ਦੀ ਗੱਲ ਆਉਂਦੀ ਹੈ, ਤਾਂ ਪ੍ਰਧਾਨ ਮੰਤਰੀ ਨੇ ਬੰਗਲੁਰੂ ਦੇ ਲੋਕਾਂ ਦੀ ਸੁਵਿਧਾ ਲਈ ਸਦੀਆਂ ਪਹਿਲਾਂ ਬਣਾਈਆਂ ਗਈਆਂ ਵਿਲੱਖਣ ਵਿਸ਼ੇਸ਼ਤਾਵਾਂ ਨੂੰ ਉਜਾਗਰ ਕੀਤਾ। ਸ਼੍ਰੀ ਮੋਦੀ ਨੇ ਅੱਗੇ ਕਿਹਾ, “ਬੰਗਲੌਰ ਦੇ ਲੋਕ ਅਜੇ ਵੀ ਉਨ੍ਹਾਂ ਦੇ ਵਿਜ਼ਨ ਦਾ ਲਾਭ ਲੈ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਭਾਵੇਂ ਅੱਜ ਕਾਰੋਬਾਰ ਬਦਲ ਗਏ ਹਨ, 'ਪੇਟੇ' (Pete - ਬੰਗਲੁਰੂ ਵਿੱਚ ਇੱਕ ਖੇਤਰ) ਅਜੇ ਵੀ ਬੰਗਲੁਰੂ ਦੀ ਵਪਾਰਕ ਜੀਵਨ ਰੇਖਾ ਬਣਿਆ ਹੋਇਆ ਹੈ। ਬੰਗਲੌਰ ਦੀ ਸੰਸਕ੍ਰਿਤੀ ਨੂੰ ਪ੍ਰਫੁੱਲਤ ਕਰਨ ਵਿੱਚ ਨਾਦਪ੍ਰਭੂ ਕੈਂਪੇਗੌੜਾ ਜੀ ਦੇ ਯੋਗਦਾਨ 'ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਮਕਬੂਲ ਗੈਵੀ ਗੰਗਾਧਰੇਸ਼ਵਰ ਮੰਦਿਰ ਅਤੇ ਬਸਵਾਨਗੁੜੀ ਖੇਤਰ ਵਿੱਚ ਮੰਦਿਰ ਦੀਆਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਨੇ ਕਿਹਾ “ਇਨ੍ਹਾਂ ਦੇ ਜ਼ਰੀਏ, ਕੈਂਪੇਗੌੜਾ ਜੀ ਨੇ ਬੰਗਲੌਰ ਦੀ ਸੱਭਿਆਚਾਰਕ ਚੇਤਨਾ ਨੂੰ ਹਮੇਸ਼ਾ ਲਈ ਜ਼ਿੰਦਾ ਰੱਖਿਆ ਹੈ।”
ਸੰਬੋਧਨ ਦੀ ਸਮਾਪਤੀ ਕਰਦਿਆਂ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਬੰਗਲੌਰ ਇੱਕ ਅੰਤਰਰਾਸ਼ਟਰੀ ਸ਼ਹਿਰ ਹੈ ਅਤੇ ਸਾਨੂੰ ਆਪਣੀ ਵਿਰਾਸਤ ਨੂੰ ਸੰਭਾਲ਼ਦੇ ਹੋਏ ਇਸ ਨੂੰ ਆਧੁਨਿਕ ਬੁਨਿਆਦੀ ਢਾਂਚੇ ਨਾਲ ਭਰਪੂਰ ਬਣਾਉਣਾ ਹੈ। ਅੰਤ ਵਿੱਚ ਉਨ੍ਹਾਂ ਨੇ ਕਿਹਾ "ਇਹ ਸਭ ਕੇਵਲ ਸਬਕਾ ਪ੍ਰਯਾਸ ਨਾਲ ਹੀ ਸੰਭਵ ਹੈ।”
ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ, ਕਰਨਾਟਕ ਦੇ ਮੁੱਖ ਮੰਤਰੀ, ਸ਼੍ਰੀ ਬਸਵਰਾਜ ਬੋਮਈ, ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰ ਚੰਦ ਗਹਿਲੋਤ, ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਬੀ ਐੱਸ ਯੇਦੀਯੁਰੱਪਾ, ਕੇਂਦਰੀ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਅਤੇ ਸ਼੍ਰੀ ਅਸ਼ਵਿਨੀ ਵੈਸ਼ਣਵ, ਕੇਂਦਰੀ ਰਾਜ ਮੰਤਰੀ ਸੁਸ਼੍ਰੀ ਸ਼ੋਭਾ ਕਰੰਦਲਾਜੇ, ਸ਼੍ਰੀ ਰਾਜੀਵ ਚੰਦਰਸ਼ੇਖਰ, ਸ਼੍ਰੀ ਏ ਨਾਰਾਇਣਸਵਾਮੀ ਅਤੇ ਸ਼੍ਰੀ ਭਗਵੰਤ ਖੁਬਾ, ਸੰਸਦ ਮੈਂਬਰ ਸ਼੍ਰੀ ਬੀਐੱਨ ਬਚੇ ਗੌੜਾ, ਆਦਿਚੰਚਨਾਗੀਰ ਮਠ ਦੇ ਸਵਾਮੀ ਜੀ ਡਾ. ਨਿਰਮਲਾਨੰਦਨਾਥ ਸਵਾਮੀਜੀ ਅਤੇ ਕਰਨਾਟਕ ਸਰਕਾਰ ਦੇ ਮੰਤਰੀ ਮੌਜੂਦ ਸਨ।
https://twitter.com/narendramodi/status/1590970690152169475
https://twitter.com/PMOIndia/status/1590971729299787776
https://twitter.com/PMOIndia/status/1590972329752154112
https://twitter.com/PMOIndia/status/1590973118293872640
https://twitter.com/PMOIndia/status/1590973567830982657
https://twitter.com/PMOIndia/status/1590974311892148224
https://twitter.com/PMOIndia/status/1590975732238675969
https://twitter.com/PMOIndia/status/1590977352305356800
Prime Minister Narendra Modi addresses a Public Function at Bengaluru | PMO
**********
ਡੀਐੱਸ/ਟੀਐੱਸ
(Release ID: 1875453)
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam