ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਅਸਾਰਵਾ, ਅਹਿਮਦਾਬਾਦ ਵਿੱਚ 2900 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਰੇਲਵੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ


"ਏਕਤਾ ਦਿਵਸ 'ਤੇ ਇਸ ਪ੍ਰੋਜੈਕਟ ਨੂੰ ਸਮਰਪਿਤ ਕਰਨਾ ਇਸ ਨੂੰ ਹੋਰ ਖਾਸ ਬਣਾਉਂਦਾ ਹੈ"

"ਡਬਲ ਇੰਜਣ ਵਾਲੀ ਸਰਕਾਰ ਕਰਕੇ 'ਗਤੀ' ਦੇ ਨਾਲ-ਨਾਲ ਵਿਕਾਸ ਦੀ 'ਸ਼ਕਤੀ' ਵੀ ਵਧ ਰਹੀ ਹੈ"

"ਦੇਸ਼ ਭਰ ਦੇ ਰੇਲਵੇ ਸਟੇਸ਼ਨਾਂ ਦੀ ਹਾਲਤ ਵਿੱਚ ਸੁਧਾਰ ਅੱਜ ਸਾਫ਼ ਦਿਖਾਈ ਦੇ ਰਿਹਾ ਹੈ"

"ਗ਼ਰੀਬ ਅਤੇ ਮੱਧ ਵਰਗ ਨੂੰ ਉਹ ਮਾਹੌਲ ਮਿਲ ਰਿਹਾ ਹੈ, ਜੋ ਪਹਿਲਾਂ ਸਿਰਫ ਅਮੀਰਾਂ ਦੀ ਪਹੁੰਚ ਵਿੱਚ ਸੀ"

​​​​​​​ “ਸਾਡੇ ਦੇਸ਼ ਵਿੱਚ ਅਸੰਤੁਲਿਤ ਵਿਕਾਸ ਇੱਕ ਵੱਡੀ ਚੁਣੌਤੀ ਰਿਹਾ ਹੈ। ਸਾਡੀ ਸਰਕਾਰ ਇਸ ਨੂੰ ਹੱਲ ਕਰਨ ਲਈ ਕੰਮ ਕਰ ਰਹੀ ਹੈ"

Posted On: 31 OCT 2022 8:06PM by PIB Chandigarh

ਪ੍ਰਧਾਨ ਮੰਤਰੀ ਨੇ ਅੱਜ ਅਸਾਰਵਾ, ਅਹਿਮਦਾਬਾਦ ਵਿੱਚ 2900 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਦੋ ਰੇਲਵੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। 

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਅੱਜ ਗੁਜਰਾਤ ਦੇ ਵਿਕਾਸ ਅਤੇ ਕਨੈਕਟੀਵਿਟੀ ਲਈ ਬਹੁਤ ਵੱਡਾ ਦਿਨ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਦੇ ਲੱਖਾਂ ਲੋਕ ਜੋ ਪਹਿਲਾਂ ਬਹੁਤ ਵੱਡੇ ਖੇਤਰ ਵਿੱਚ ਬ੍ਰੌਡ ਗੇਜ ਲਾਈਨ ਦੀ ਘਾਟ ਕਾਰਨ ਪਰੇਸ਼ਾਨ ਸਨ, ਅੱਜ ਤੋਂ ਉਨ੍ਹਾਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਦਹਾਕਿਆਂ ਦੀ ਉਡੀਕ ਤੋਂ ਬਾਅਦ ਲਾਈਨ ਨੂੰ ਸਮਰਪਿਤ ਕਰਨ ਦਾ ਮੌਕਾ ਮਿਲਣ 'ਤੇ ਖੁਸ਼ੀ ਪ੍ਰਗਟਾਈ। ਪ੍ਰਧਾਨ ਮੰਤਰੀ ਨੇ ਚਾਨਣਾ ਪਾਇਆ ਕਿ ਪੂਰੇ ਰੂਟ ਨੂੰ ਮੁੜ-ਸੁਰਜੀਤ ਕੀਤਾ ਗਿਆ ਹੈ ਅਤੇ ਅਸਾਰਵਾ ਤੋਂ ਉਦੈਪੁਰ ਵਾਇਆ ਹਿੰਮਤਨਗਰ ਤੱਕ ਮੀਟਰ ਗੇਜ ਲਾਈਨ ਨੂੰ ਬ੍ਰੌਡ ਗੇਜ ਵਿੱਚ ਬਦਲ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਗੁਜਰਾਤ ਦਾ ਇਹ ਹਿੱਸਾ ਹੁਣ ਪੂਰੇ ਦੇਸ਼ ਦੇ ਨਾਲ-ਨਾਲ ਗੁਆਂਢੀ ਰਾਜ ਰਾਜਸਥਾਨ ਨਾਲ ਵੀ ਸਿੱਧਾ ਜੁੜ ਜਾਵੇਗਾ। ਉਨ੍ਹਾਂ ਕਿਹਾ ਕਿ ਲੁਣੀਧਾਰ-ਜੇਤਲਸਰ ਦਰਮਿਆਨ ਗੇਜ ਬਦਲਣ ਦਾ ਕੰਮ ਇਸ ਖੇਤਰ ਵਿੱਚ ਰੇਲ ਸੰਪਰਕ ਨੂੰ ਵੀ ਸੁਖਾਲ਼ਾ ਬਣਾਵੇਗਾ ਅਤੇ ਇੱਥੋਂ ਚੱਲਣ ਵਾਲੀਆਂ ਰੇਲ ਗੱਡੀਆਂ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਜਾ ਸਕਣਗੀਆਂ।

ਪ੍ਰਧਾਨ ਮੰਤਰੀ ਨੇ ਕਿਹਾ, "ਜਦੋਂ ਕਿਸੇ ਰੂਟ 'ਤੇ ਮੀਟਰ ਗੇਜ ਲਾਈਨ ਨੂੰ ਬ੍ਰੌਡ ਗੇਜ ਵਿੱਚ ਬਦਲਿਆ ਜਾਂਦਾ ਹੈ, ਇਹ ਆਪਣੇ ਨਾਲ ਬਹੁਤ ਸਾਰੀਆਂ ਨਵੀਆਂ ਸੰਭਾਵਨਾਵਾਂ ਲਿਆਉਂਦੀ ਹੈ।" ਅਸਾਰਵਾ ਤੋਂ ਉਦੈਪੁਰ ਤੱਕ 300 ਕਿਲੋਮੀਟਰ ਲੰਬੀ ਰੇਲ ਲਾਈਨ ਨੂੰ ਬ੍ਰੌਡ ਗੇਜ ਵਿੱਚ ਬਦਲਣ ਨਾਲ ਗੁਜਰਾਤ ਅਤੇ ਰਾਜਸਥਾਨ ਦੇ ਆਦਿਵਾਸੀ ਖੇਤਰ ਦਿੱਲੀ ਅਤੇ ਉੱਤਰੀ ਭਾਰਤ ਨਾਲ ਜੁੜ ਜਾਣਗੇ। ਇਸ ਰੇਲਵੇ ਲਾਈਨ ਨੂੰ ਬ੍ਰੌਡ ਗੇਜ ਵਿੱਚ ਬਦਲਣ ਨਾਲ ਅਹਿਮਦਾਬਾਦ ਅਤੇ ਦਿੱਲੀ ਲਈ ਇੱਕ ਬਦਲਵਾਂ ਰਸਤਾ ਵੀ ਉਪਲਬਧ ਹੋ ਗਿਆ ਹੈ। ਹੁਣ, ਕੱਛ ਦੇ ਟੂਰਿਸਟ ਸਥਲਾਂ ਅਤੇ ਉਦੈਪੁਰ ਦੇ ਟੂਰਿਸਟ ਸਥਲਾਂ ਦਰਮਿਆਨ ਸਿੱਧਾ ਰੇਲ ਸੰਪਰਕ ਵੀ ਸਥਾਪਿਤ ਹੋ ਗਿਆ ਹੈ। ਇਸ ਨਾਲ ਕੱਛ, ਉਦੈਪੁਰ, ਚਿਤੌੜਗੜ੍ਹ ਅਤੇ ਨਾਥਦੁਵਾਰਾ ਦੇ ਟੂਰਿਸਟ ਸਥਲਾਂ ਨੂੰ ਬੜਾ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਖੇਤਰ ਦੇ ਵਪਾਰੀਆਂ ਨੂੰ ਦਿੱਲੀ, ਮੁੰਬਈ ਅਤੇ ਅਹਿਮਦਾਬਾਦ ਵਰਗੇ ਵੱਡੇ ਉਦਯੋਗਿਕ ਕੇਂਦਰਾਂ ਨਾਲ ਸਿੱਧੇ ਤੌਰ 'ਤੇ ਜੁੜਨ ਦਾ ਲਾਭ ਵੀ ਮਿਲੇਗਾ। ਉਨ੍ਹਾਂ ਕਿਹਾ, "ਖਾਸ ਕਰਕੇ, ਹਿੰਮਤਨਗਰ ਦੇ ਟਾਇਲ ਉਦਯੋਗ ਨੂੰ ਬਹੁਤ ਮਦਦ ਮਿਲੇਗੀ।" ਇਸੇ ਤਰ੍ਹਾਂ, ਲੁਣੀਧਾਰ-ਜੇਤਲਸਰ ਰੇਲ ਲਾਈਨ ਨੂੰ ਬ੍ਰੌਡ ਗੇਜ ਵਿੱਚ ਬਦਲਣ ਦੇ ਨਾਲ, ਢਾਸਾ-ਜੇਤਲਸਰ ਸੈਕਸ਼ਨ ਵੀ ਪੂਰੀ ਤਰ੍ਹਾਂ ਬ੍ਰੌਡ ਗੇਜ ਵਿੱਚ ਤਬਦੀਲ ਹੋ ਗਿਆ ਹੈ। ਇਹ ਰੇਲ ਲਾਈਨ ਬੋਟਾਦ, ਅਮਰੇਲੀ ਅਤੇ ਰਾਜਕੋਟ ਜ਼ਿਲ੍ਹਿਆਂ ਵਿੱਚੋਂ ਲੰਘਦੀ ਹੈ, ਜਿਨ੍ਹਾਂ ਵਿੱਚ ਹੁਣ ਤੱਕ ਸੀਮਿਤ ਰੇਲ ਸੰਪਰਕ ਸੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਲਾਈਨ ਦੇ ਮੁਕੰਮਲ ਹੋਣ ਨਾਲ ਭਾਵਨਗਰ ਅਤੇ ਅਮਰੇਲੀ ਖੇਤਰ ਦੇ ਲੋਕਾਂ ਨੂੰ ਹੁਣ ਸੋਮਨਾਥ ਅਤੇ ਪੋਰਬੰਦਰ ਨਾਲ ਸਿੱਧੀ ਕਨੈਕਟੀਵਿਟੀ ਦਾ ਲਾਭ ਮਿਲੇਗਾ।

ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਇਹ ਰੂਟ ਭਾਵਨਗਰ-ਵੇਰਾਵਲ ਦੇ ਦਰਮਿਆਨ ਦੀ ਦੂਰੀ ਨੂੰ ਲਗਭਗ 470 ਕਿਲੋਮੀਟਰ ਤੋਂ ਘਟਾ ਕੇ 290 ਕਿਲੋਮੀਟਰ ਤੋਂ ਘੱਟ ਕਰ ਦੇਵੇਗਾ, ਜਿਸ ਨਾਲ ਯਾਤਰਾ ਦਾ ਸਮਾਂ ਬਾਰਾਂ ਘੰਟਿਆਂ ਤੋਂ ਘਟ ਕੇ ਸਿਰਫ਼ ਸਾਢੇ ਛੇ ਘੰਟੇ ਰਹਿ ਜਾਵੇਗਾ। ਇਸੇ ਤਰ੍ਹਾਂ, ਭਾਵਨਗਰ-ਪੋਰਬੰਦਰ ਵਿਚਕਾਰ ਦੂਰੀ ਲਗਭਗ 200 ਕਿਲੋਮੀਟਰ ਅਤੇ ਭਾਵਨਗਰ-ਰਾਜਕੋਟ ਵਿਚਕਾਰ ਦੂਰੀ ਲਗਭਗ 30 ਕਿਲੋਮੀਟਰ ਘਟ ਗਈ ਹੈ। ਬ੍ਰੌਡ ਗੇਜ ਰੂਟ 'ਤੇ ਚਲਣ ਵਾਲੀਆਂ ਟ੍ਰੇਨਾਂ ਟੂਰਿਜ਼ਮ ਲਈ ਪਹੁੰਚਯੋਗ ਬਣਾਉਣ ਦੇ ਨਾਲ-ਨਾਲ ਸੰਪਰਕ ਰਹਿਤ ਖੇਤਰਾਂ ਨੂੰ ਜੋੜਨ ਦੇ ਨਾਲ-ਨਾਲ ਗੁਜਰਾਤ ਦੇ ਉਦਯੋਗਿਕ ਵਿਕਾਸ ਨੂੰ ਵੀ ਤੇਜ਼ ਕਰਨਗੀਆਂ। ਉਨ੍ਹਾਂ ਕਿਹਾ, “ਅੱਜ ਏਕਤਾ ਦਿਵਸ ਦੇ ਦਿਨ ਇਸ ਪ੍ਰੋਜੈਕਟ ਨੂੰ ਸਮਰਪਿਤ ਕਰਨਾ ਇਸ ਨੂੰ ਹੋਰ ਖਾਸ ਬਣਾਉਂਦਾ ਹੈ।"

ਉਨ੍ਹਾਂ ਜ਼ੋਰ ਦੇ ਕੇ ਕਿਹਾ, “ਜਦੋਂ ਡਬਲ ਇੰਜਣ ਦੀ ਸਰਕਾਰ ਕੰਮ ਕਰਦੀ ਹੈ, ਤਾਂ ਇਸ ਦਾ ਪ੍ਰਭਾਵ ਨਾ ਸਿਰਫ ਦੁੱਗਣਾ ਹੁੰਦਾ ਹੈ, ਬਲਕਿ ਇਹ ਕਈ ਗੁਣਾ ਹੁੰਦਾ ਹੈ। ਇੱਥੇ ਇੱਕ ਅਤੇ ਇੱਕ 2 ਨਹੀਂ ਬਲਕਿ 11 ਹਨ। ਉਨ੍ਹਾਂ ਅੱਗੇ ਕਿਹਾ, "ਡਬਲ-ਇੰਜਣ ਵਾਲੀ ਸਰਕਾਰ ਨਾਲ, ਗੁਜਰਾਤ ਵਿੱਚ ਕੰਮ ਦੀ ਰਫ਼ਤਾਰ ਹੀ ਨਹੀਂ ਵਧੀ ਹੈ, ਬਲਕਿ ਇਸ ਨੂੰ ਵਧਾਉਣ ਦੀ ਤਾਕਤ ਵੀ ਮਿਲੀ ਹੈ।" ਉਨ੍ਹਾਂ ਨੇ ਜ਼ਿਕਰ ਕੀਤਾ ਕਿ 2009 ਤੋਂ 2014 ਦਰਮਿਆਨ 125 ਕਿਲੋਮੀਟਰ ਤੋਂ ਵੀ ਘੱਟ ਰੇਲਵੇ ਲਾਈਨਾਂ ਨੂੰ ਡਬਲ ਕੀਤਾ ਗਿਆ ਜਦਕਿ 2014 ਤੋਂ 2022 ਦਰਮਿਆਨ ਸਾਢੇ ਪੰਜ ਸੌ ਕਿਲੋਮੀਟਰ ਤੋਂ ਵੱਧ ਰੇਲਵੇ ਲਾਈਨਾਂ ਨੂੰ ਡਬਲ ਕੀਤਾ ਗਿਆ। ਇਸੇ ਤਰ੍ਹਾਂ, ਗੁਜਰਾਤ ਵਿੱਚ 2009 ਤੋਂ 2014 ਦਰਮਿਆਨ ਸਿਰਫ਼ 60 ਕਿਲੋਮੀਟਰ ਦੇ ਟ੍ਰੈਕ ਦਾ ਬਿਜਲੀਕਰਣ ਕੀਤਾ ਗਿਆ ਸੀ। ਜਦ ਕਿ 2014 ਤੋਂ 2022 ਦਰਮਿਆਨ, 1700 ਕਿਲੋਮੀਟਰ ਤੋਂ ਵੱਧ ਟ੍ਰੈਕ ਦਾ ਬਿਜਲੀਕਰਣ ਕੀਤਾ ਗਿਆ ਹੈ।

ਉਨ੍ਹਾਂ ਕਿਹਾ, "ਪੈਮਾਨੇ ਅਤੇ ਗਤੀ ਵਿੱਚ ਸੁਧਾਰ ਤੋਂ ਇਲਾਵਾ, ਗੁਣਵੱਤਾ, ਸੁਵਿਧਾ, ਸੁਰੱਖਿਆ ਅਤੇ ਸਫਾਈ ਵਿੱਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਦੇਸ਼ ਭਰ ਦੇ ਰੇਲਵੇ ਸਟੇਸ਼ਨਾਂ ਦੀ ਹਾਲਤ ਵਿੱਚ ਸੁਧਾਰ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ, “ਗ਼ਰੀਬ ਅਤੇ ਮੱਧ ਵਰਗ ਨੂੰ ਉਹੀ ਮਾਹੌਲ ਦਿੱਤਾ ਜਾ ਰਿਹਾ ਹੈ, ਜੋ ਕਿ ਪਹਿਲਾਂ ਸਿਰਫ ਅਮੀਰ ਲੋਕਾਂ ਲਈ ਪਹੁੰਚਯੋਗ ਸੀ।" ਉਨ੍ਹਾਂ ਕਿਹਾ, “ਗਾਂਧੀਨਗਰ ਸਟੇਸ਼ਨ ਦੀ ਤਰ੍ਹਾਂ, ਅਹਿਮਦਾਬਾਦ, ਸੂਰਤ, ਉਧਨਾ, ਸਾਬਰਮਤੀ, ਸੋਮਨਾਥ ਅਤੇ ਨਿਊ ਭੁਜ ਦੇ ਰੇਲਵੇ ਸਟੇਸ਼ਨਾਂ ਨੂੰ ਅੱਪਗ੍ਰੇਡ ਕੀਤਾ ਜਾ ਰਿਹਾ ਹੈ।" ਉਨ੍ਹਾਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਜੋ ਕਿ ਡਬਲ ਇੰਜਣ ਵਾਲੀ ਸਰਕਾਰ ਦੇ ਕਾਰਨ ਹੀ ਸੰਭਵ ਹੋ ਸਕੀਆਂ ਹਨ, ਪ੍ਰਧਾਨ ਮੰਤਰੀ ਨੇ ਗਾਂਧੀਨਗਰ ਅਤੇ ਮੁੰਬਈ ਦੇ ਦਰਮਿਆਨ ਸ਼ੁਰੂ ਕੀਤੀ ਗਈ ਨਵੀਂ ਵੰਦੇ ਭਾਰਤ ਐਕਸਪ੍ਰੈਸ ਸੇਵਾ ਦੀ ਉਦਾਹਰਣ ਦਿੱਤੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪੱਛਮੀ ਰੇਲਵੇ ਦੇ ਵਿਕਾਸ ਨੂੰ ਨਵਾਂ ਆਯਾਮ ਦੇਣ ਲਈ 12 ਗਤੀ ਸ਼ਕਤੀ ਕਾਰਗੋ ਟਰਮੀਨਲਾਂ ਦੀ ਵੀ ਯੋਜਨਾ ਬਣਾਈ ਗਈ ਹੈ। ਉਨ੍ਹਾਂ ਅੱਗੇ ਕਿਹਾ, “ਪਹਿਲਾ ਗਤੀ ਸ਼ਕਤੀ ਮਲਟੀਮੋਡਲ ਕਾਰਗੋ ਟਰਮੀਨਲ ਵਡੋਦਰਾ ਸਰਕਲ ਵਿੱਚ ਚਾਲੂ ਕੀਤਾ ਗਿਆ ਹੈ। ਜਲਦੀ ਹੀ ਬਾਕੀ ਟਰਮੀਨਲ ਵੀ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਜਲਦੀ ਤਿਆਰ ਹੋ ਜਾਣਗੇ।”

ਪ੍ਰਧਾਨ ਮੰਤਰੀ ਨੇ ਕਿਹਾ, "ਆਜ਼ਾਦੀ ਦੇ ਦਹਾਕਿਆਂ ਬਾਅਦ, ਅਮੀਰ-ਗ਼ਰੀਬ ਦਾ ਪਾੜਾ, ਪਿੰਡ ਅਤੇ ਸ਼ਹਿਰ ਵਿਚਕਾਰ ਅੰਤਰ ਅਤੇ ਅਸੰਤੁਲਿਤ ਵਿਕਾਸ ਦੇਸ਼ ਲਈ ਇੱਕ ਬੜੀ ਚੁਣੌਤੀ ਰਹੇ ਹਨ। ਸਰਕਾਰ ਇਸ ਦੇ ਸਮਾਧਾਨ ਲਈ ਕੰਮ ਕਰ ਰਹੀ ਹੈ। 'ਸਬਕਾ ਵਿਕਾਸ' ਦੀ ਨੀਤੀ ਮੱਧ ਵਰਗ ਨੂੰ ਬੁਨਿਆਦੀ ਢਾਂਚਾ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ 'ਤੇ ਜ਼ੋਰ ਦਿੰਦੀ ਹੈ ਅਤੇ ਗ਼ਰੀਬਾਂ ਨੂੰ ਗ਼ਰੀਬੀ ਖ਼ਿਲਾਫ਼ ਲੜਨ ਦੇ ਸਾਧਨ ਦਿੰਦੀ ਹੈ। ਉਨ੍ਹਾਂ ਕਿਹਾ, ''ਗਰੀਬਾਂ ਲਈ ਪੱਕੇ ਘਰ, ਪਖਾਨੇ, ਬਿਜਲੀ, ਪਾਣੀ, ਗੈਸ, ਮੁਫ਼ਤ ਇਲਾਜ ਅਤੇ ਬੀਮਾ ਸਹੂਲਤਾਂ ਅੱਜ ਦੇ ਸੁਸ਼ਾਸਨ ਦੀ ਵਿਸ਼ੇਸ਼ਤਾ ਹਨ।''

ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਕਨੈਕਟੀਵਿਟੀ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਪਹੁੰਚ ਵਿੱਚ ਇੱਕ ਬੜੀ ਤਬਦੀਲੀ ਦਾ ਜ਼ਿਕਰ ਕੀਤਾ। ਹੁਣ ਗੈਰ-ਯੋਜਨਾਬੱਧ ਉਸਾਰੀਆਂ ਦੀ ਥਾਂ, ਰੇਲ, ਮੈਟਰੋ ਅਤੇ ਬੱਸਾਂ ਵਰਗੀਆਂ ਸਹੂਲਤਾਂ ਨੂੰ ਜੋੜਨ ਲਈ ਇੱਕ ਤਾਲਮੇਲ ਵਾਲੀ ਪਹੁੰਚ ਹੈ। ਉਨ੍ਹਾਂ ਨੇ ਕਿਹਾ ਕਿ ਰੂਟਾਂ ਅਤੇ ਢੰਗਾਂ ਦੇ ਤਾਲਮੇਲ ਦਾ ਟੀਚਾ ਮਿੱਥਿਆ ਜਾ ਰਿਹਾ ਹੈ। ਗੁਜਰਾਤ ਦੀ ਉਦਯੋਗਿਕ ਪ੍ਰਕਿਰਤੀ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਗੁਜਰਾਤ ਦੀਆਂ ਬੰਦਰਗਾਹਾਂ ਸਸ਼ਕਤ ਹੁੰਦੀਆਂ ਹਨ, ਤਾਂ ਇਹ ਸਿੱਧੇ ਤੌਰ 'ਤੇ ਪੂਰੇ ਦੇਸ਼ ਦੀ ਅਰਥਵਿਵਸਥਾ ਨੂੰ ਪ੍ਰਭਾਵਿਤ ਕਰਦੀਆਂ ਹਨ।" ਉਨ੍ਹਾਂ ਕਿਹਾ, “ਪਿਛਲੇ 8 ਸਾਲਾਂ ਵਿੱਚ ਗੁਜਰਾਤ ਦੀਆਂ ਬੰਦਰਗਾਹਾਂ ਦੀ ਸਮਰੱਥਾ ਲਗਭਗ ਦੁੱਗਣੀ ਹੋ ਗਈ ਹੈ।" ਪ੍ਰਧਾਨ ਮੰਤਰੀ ਨੇ ਵਿਕਾਸ ਪ੍ਰਕਿਰਿਆ ਦੀ ਨਿਰੰਤਰ ਪ੍ਰਕਿਰਤੀ 'ਤੇ ਜ਼ੋਰ ਦਿੱਤਾ ਅਤੇ ਕਿਹਾ, "ਸਾਡਾ ਉਦੇਸ਼ ਇੱਕ ਵਿਕਸਿਤ ਭਾਰਤ ਲਈ ਇੱਕ ਵਿਕਸਿਤ ਗੁਜਰਾਤ ਦਾ ਨਿਰਮਾਣ ਕਰਨਾ ਹੈ।"

ਭਾਸ਼ਣ ਦੇ ਅੰਤ ਵਿੱਚ, ਪ੍ਰਧਾਨ ਮੰਤਰੀ ਨੇ ਸਰਦਾਰ ਪਟੇਲ ਦੀ ਜਨਮ ਵਰ੍ਹੇਗੰਢ 'ਤੇ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਟਿੱਪਣੀ ਕੀਤੀ ਕਿ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਦੀਆਂ ਪ੍ਰਾਪਤੀਆਂ 'ਤੇ ਹਰ ਭਾਰਤੀ ਨੂੰ ਮਾਣ ਹੈ। ਪ੍ਰਧਾਨ ਮੰਤਰੀ ਨੇ ਰਾਜਸਥਾਨ ਸਰਕਾਰ ਵਲੋਂ ਕੁਝ ਗੁਜਰਾਤੀ ਅਖ਼ਬਾਰਾਂ ਵਿੱਚ ਛਪੇ ਕੁਝ ਇਸ਼ਤਿਹਾਰਾਂ ਵਿੱਚ ਸਰਦਾਰ ਪਟੇਲ ਦੇ ਨਾਮ ਅਤੇ ਤਸਵੀਰ ਦੀ ਅਣਹੋਂਦ ਦੀ ਆਲੋਚਨਾ ਕੀਤੀ। ਸ਼੍ਰੀ ਮੋਦੀ ਨੇ ਕਿਹਾ, "ਸਰਦਾਰ ਪਟੇਲ ਦਾ ਅਜਿਹਾ ਅਪਮਾਨ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਉਹ ਵੀ ਗੁਜਰਾਤ ਦੀ ਧਰਤੀ 'ਤੇ।" ਪ੍ਰਧਾਨ ਮੰਤਰੀ ਨੇ ਅੰਤ ਵਿੱਚ ਕਿਹਾ, "ਰੇਲਵੇ, ਸਰਦਾਰ ਪਟੇਲ ਵਾਂਗ ਭਾਰਤ ਨੂੰ ਜੋੜਦਾ ਹੈ ਅਤੇ ਇਹ ਪ੍ਰਕਿਰਿਆ ਲਗਾਤਾਰ ਗਤੀ ਅਤੇ ਦਿਸ਼ਾ ਨਾਲ ਅੱਗੇ ਵਧ ਰਹੀ ਹੈ।"

ਇਸ ਮੌਕੇ 'ਤੇ ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ, ਕੇਂਦਰੀ ਰੇਲ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਜਰਦੋਸ਼, ਸਾਂਸਦ ਮੈਂਬਰ ਅਤੇ ਰਾਜ ਮੰਤਰੀ ਮੌਜੂਦ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ ਅੱਜ ਅਸਾਰਵਾ, ਅਹਿਮਦਾਬਾਦ ਵਿੱਚ 2900 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਦੋ ਰੇਲਵੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਅਹਿਮਦਾਬਾਦ (ਅਸਾਰਵਾ)-ਹਿੰਮਤਨਗਰ-ਉਦੈਪੁਰ ਗੇਜ ਪਰਿਵਰਤਿਤ ਲਾਈਨ ਅਤੇ ਲੁਣੀਧਾਰ-ਜੇਤਲਸਰ ਗੇਜ ਪਰਿਵਰਤਿਤ ਲਾਈਨ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਭਾਵਨਗਰ-ਜੇਤਲਸਰ ਅਤੇ ਅਸਾਰਵਾ-ਉਦੈਪੁਰ ਦਰਮਿਆਨ ਨਵੀਆਂ ਟ੍ਰੇਨਾਂ ਨੂੰ ਵੀ ਹਰੀ ਝੰਡੀ ਦਿਖਾਈ।

ਦੇਸ਼ ਭਰ ਵਿੱਚ ਯੂਨੀ-ਗੇਜ ਰੇਲ ਪ੍ਰਣਾਲੀ ਹੋਣ ਦੇ ਮੱਦੇਨਜ਼ਰ, ਰੇਲਵੇ ਮੌਜੂਦਾ ਗੈਰ-ਬ੍ਰੌਡ ਗੇਜ ਰੇਲਵੇ ਲਾਈਨਾਂ ਨੂੰ ਬ੍ਰੌਡ ਗੇਜ ਵਿੱਚ ਬਦਲ ਰਿਹਾ ਹੈ। ਪ੍ਰਧਾਨ ਮੰਤਰੀ ਵਲੋਂ ਸਮਰਪਿਤ ਕੀਤੇ ਜਾ ਰਹੇ ਪ੍ਰੋਜੈਕਟ ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਹਨ। ਅਹਿਮਦਾਬਾਦ (ਅਸਾਰਵਾ)-ਹਿੰਮਤਨਗਰ-ਉਦੈਪੁਰ ਗੇਜ ਪਰਿਵਰਤਿਤ ਲਾਈਨ ਲਗਭਗ 300 ਕਿਲੋਮੀਟਰ ਲੰਬੀ ਹੈ। ਇਹ ਸੰਪਰਕ ਵਿੱਚ ਸੁਧਾਰ ਕਰੇਗੀ ਅਤੇ ਖੇਤਰ ਵਿੱਚ ਸੈਲਾਨੀਆਂ, ਵਪਾਰੀਆਂ, ਨਿਰਮਾਣ ਇਕਾਈਆਂ ਅਤੇ ਉਦਯੋਗਾਂ ਲਈ ਲਾਹੇਵੰਦ ਸਾਬਤ ਹੋਵੇਗੀ, ਜਿਸ ਨਾਲ ਰੋਜ਼ਗਾਰ ਦੇ ਮੌਕੇ ਵਧਣਗੇ ਅਤੇ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਮਦਦ ਮਿਲੇਗੀ। 58 ਕਿਲੋਮੀਟਰ ਲੰਬੀ ਲੁਣੀਧਾਰ-ਜੇਤਲਸਰ ਗੇਜ ਪਰਿਵਰਤਿਤ ਲਾਈਨ ਵੇਰਾਵਲ ਅਤੇ ਪੋਰਬੰਦਰ ਤੋਂ ਪੀਪਾਵਾਵ ਬੰਦਰਗਾਹ ਅਤੇ ਭਾਵਨਗਰ ਲਈ ਇੱਕ ਛੋਟਾ ਰੂਟ ਪ੍ਰਦਾਨ ਕਰੇਗੀ। ਇਹ ਪ੍ਰੋਜੈਕਟ ਇਸ ਸੈਕਸ਼ਨ 'ਤੇ ਮਾਲ ਢੋਣ ਦੀ ਸਮਰੱਥਾ ਨੂੰ ਵਧਾਏਗਾ, ਇਸ ਤਰ੍ਹਾਂ ਵਿਅਸਤ ਕਾਨਾਲਸ - ਰਾਜਕੋਟ - ਵੀਰਮਗਾਮ ਰੂਟ 'ਤੇ ਭੀੜ ਨੂੰ ਘਟਾਏਗੀ। ਇਹ ਹੁਣ ਗੀਰ ਸੈਂਚੂਰੀ, ਸੋਮਨਾਥ ਮੰਦਿਰ, ਦੀਊ ਅਤੇ ਗਿਰਨਾਰ ਦੀਆਂ ਪਹਾੜੀਆਂ ਨਾਲ ਵੀ ਸਹਿਜ ਸੰਪਰਕ ਦੀ ਸਹੂਲਤ ਦੇਵੇਗੀ, ਇਸ ਤਰ੍ਹਾਂ ਇਸ ਖੇਤਰ ਵਿੱਚ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ।

*****

ਡੀਐੱਸ/ਟੀਐੱਸ



(Release ID: 1872747) Visitor Counter : 123