ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦੇਵਘਰ ਵਿੱਚ 16,800 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
ਇਹ ਪ੍ਰੋਜੈਕਟ ਖੇਤਰ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਅਹਿਮ ਰੂਪ ਵਿੱਚ ਹੁਲਾਰਾ ਦੇਣਗੇ, ਸੰਪਰਕ ਵਧਾਉਣਗੇ ਅਤੇ ਈਜ਼ ਆਵ੍ ਲਿਵਿੰਗ ਨੂੰ ਹੁਲਾਰਾ ਦੇਣਗੇ
ਪ੍ਰਧਾਨ ਮੰਤਰੀ ਨੇ ਬਾਬਾ ਬੈਦਯਨਾਥ ਧਾਮ ਨੂੰ ਸਿੱਧਾ ਹਵਾਈ ਸੰਪਰਕ ਪ੍ਰਦਾਨ ਕਰਨ ਲਈ ਦੇਵਘਰ ਹਵਾਈ ਅੱਡੇ ਦਾ ਕੀਤਾ ਉਦਘਾਟਨ
ਪ੍ਰਧਾਨ ਮੰਤਰੀ ਨੇ ਏਮਸ, ਦੇਵਘਰ ਵਿਖੇ ਰੋਗੀ ਵਿਭਾਗ ਅਤੇ ਅਪਰੇਸ਼ਨ ਥੀਏਟਰ ਸੇਵਾਵਾਂ ਰਾਸ਼ਟਰ ਨੂੰ ਸਮਰਪਿਤ ਕੀਤੀਆਂ
"ਅਸੀਂ ਰਾਜਾਂ ਦੇ ਵਿਕਾਸ ਨਾਲ ਰਾਸ਼ਟਰ ਦੇ ਵਿਕਾਸ ਦੇ ਸਿਧਾਂਤ 'ਤੇ ਕੰਮ ਕਰ ਰਹੇ ਹਾਂ"
"ਜਦੋਂ ਇੱਕ ਮੁਕੰਮਲ ਪਹੁੰਚ ਪ੍ਰੋਜੈਕਟਾਂ ਦਾ ਮਾਰਗਦਰਸ਼ਨ ਕਰਦੀ ਹੈ, ਤਾਂ ਸਮਾਜ ਦੇ ਵੱਖ-ਵੱਖ ਭਾਗਾਂ ਲਈ ਆਮਦਨ ਦੇ ਨਵੇਂ ਮੌਕੇ ਬਣਦੇ ਹਨ"
"ਅਸੀਂ ਕਮੀ ਨੂੰ ਅਵਸਰਾਂ ਵਿੱਚ ਬਦਲਣ ਲਈ ਕਈ ਇਤਿਹਾਸਿਕ ਫ਼ੈਸਲੇ ਲੈ ਰਹੇ ਹਾਂ"
"ਜਦੋਂ ਆਮ ਨਾਗਰਿਕਾਂ ਲਈ ਜੀਵਨ ਨੂੰ ਅਸਾਨ ਬਣਾਉਣ ਲਈ ਕਦਮ ਉਠਾਏ ਜਾਂਦੇ ਹਨ, ਤਾਂ ਰਾਸ਼ਟਰੀ ਅਸਾਸੇ ਪੈਦਾ ਹੁੰਦੇ ਹਨ ਅਤੇ ਰਾਸ਼ਟਰੀ ਵਿਕਾਸ ਦੇ ਨਵੇਂ ਅਵਸਰ ਬਣਦੇ ਹਨ"
Posted On:
12 JUL 2022 2:56PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇਵਘਰ ਵਿੱਚ 16,800 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਝਾਰਖੰਡ ਦੇ ਰਾਜਪਾਲ ਸ਼੍ਰੀ ਰਮੇਸ਼ ਬੈਸ, ਮੁੱਖ ਮੰਤਰੀ ਸ਼੍ਰੀ ਹੇਮੰਤ ਸੋਰੇਨ, ਕੇਂਦਰੀ ਮੰਤਰੀ ਸ਼੍ਰੀ ਜਯੋਤਿਰਾਦਿੱਤਿਆ ਸਿੰਧੀਆ, ਰਾਜ ਦੇ ਮੰਤਰੀ ਅਤੇ ਲੋਕ ਨੁਮਾਇੰਦੇ ਇਸ ਮੌਕੇ ਹਾਜ਼ਰ ਸਨ।
ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਾਬਾ ਬੈਦਯਨਾਥ ਦੇ ਅਸ਼ੀਰਵਾਦ ਨਾਲ 16,000 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਅੱਜ ਉਦਘਾਟਨ ਕੀਤਾ ਗਿਆ ਹੈ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਇਹ ਝਾਰਖੰਡ ਦੀ ਆਧੁਨਿਕ ਕਨੈਕਟੀਵਿਟੀ, ਊਰਜਾ, ਸਿਹਤ, ਵਿਸ਼ਵਾਸ ਅਤੇ ਟੂਰਿਜ਼ਮ ਨੂੰ ਵੱਡਾ ਹੁਲਾਰਾ ਦੇਣ ਜਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਦੇਸ਼ ਪਿਛਲੇ 8 ਸਾਲਾਂ ਤੋਂ ਰਾਜਾਂ ਦੇ ਵਿਕਾਸ ਨਾਲ ਰਾਸ਼ਟਰ ਦੇ ਵਿਕਾਸ ਦੀ ਸੋਚ ਨਾਲ ਕੰਮ ਕਰ ਰਿਹਾ ਹੈ। ਪਿਛਲੇ 8 ਸਾਲਾਂ ਵਿੱਚ ਝਾਰਖੰਡ ਨੂੰ ਹਾਈਵੇਅ, ਰੇਲਵੇ, ਏਅਰਵੇਜ਼, ਵਾਟਰਵੇਅ, ਹਰ ਤਰ੍ਹਾਂ ਨਾਲ ਜੋੜਨ ਦੇ ਯਤਨਾਂ ਵਿੱਚ ਇਹੀ ਸੋਚ ਅਤੇ ਭਾਵਨਾ ਪ੍ਰਮੁੱਖ ਰਹੀ ਹੈ। ਇਹ ਸਾਰੀਆਂ ਸੁਵਿਧਾਵਾਂ ਸੂਬੇ ਦੇ ਆਰਥਿਕ ਵਿਕਾਸ 'ਤੇ ਸਕਾਰਾਤਮਕ ਪ੍ਰਭਾਵ ਪਾਉਣਗੀਆਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਝਾਰਖੰਡ ਨੂੰ ਆਪਣਾ ਦੂਸਰਾ ਹਵਾਈ ਅੱਡਾ ਮਿਲ ਰਿਹਾ ਹੈ। ਇਸ ਨਾਲ ਬਾਬਾ ਬੈਦਯਨਾਥ ਦੇ ਸ਼ਰਧਾਲੂਆਂ ਨੂੰ ਬਹੁਤ ਅਸਾਨੀ ਹੋਵੇਗੀ। ਉਡਾਨ ਸਕੀਮ ਦੇ ਜ਼ਰੀਏ ਆਮ ਆਦਮੀ ਲਈ ਹਵਾਈ ਯਾਤਰਾ ਨੂੰ ਸਸਤੇ ਬਣਾਉਣ ਦੇ ਸੰਦਰਭ ਵਿੱਚ, ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਅੱਜ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਲਾਭ ਦੇਸ਼ ਭਰ ਵਿੱਚ ਦਿਖਾਈ ਦੇ ਰਹੇ ਹਨ। ਉਡਾਨ ਸਕੀਮ ਦੇ ਤਹਿਤ ਪਿਛਲੇ 5-6 ਸਾਲਾਂ ਵਿੱਚ ਹਵਾਈ ਅੱਡਿਆਂ, ਹੈਲੀਪੋਰਟਾਂ ਅਤੇ ਵਾਟਰ ਏਅਰੋਡ੍ਰੋਮਸ ਰਾਹੀਂ ਲਗਭਗ 70 ਨਵੇਂ ਸਥਾਨਾਂ ਨੂੰ ਜੋੜਿਆ ਗਿਆ ਹੈ। ਆਮ ਨਾਗਰਿਕਾਂ ਨੂੰ ਅੱਜ 400 ਤੋਂ ਵੱਧ ਨਵੇਂ ਰੂਟਾਂ 'ਤੇ ਹਵਾਈ ਯਾਤਰਾ ਦੀ ਸੁਵਿਧਾ ਮਿਲ ਰਹੀ ਹੈ। 1 ਕਰੋੜ ਤੋਂ ਵੱਧ ਲੋਕਾਂ ਨੇ ਬਹੁਤ ਕਿਫ਼ਾਇਤੀ ਹਵਾਈ ਯਾਤਰਾ ਦਾ ਅਨੁਭਵ ਕੀਤਾ ਹੈ, ਜਿਨ੍ਹਾਂ ਵਿਚੋਂ ਬਹੁਤ ਸਾਰੇ ਲੋਕਾਂ ਨੇ ਅਜਿਹਾ ਪਹਿਲੀ ਵਾਰ ਕੀਤਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਖੁਸ਼ੀ ਜ਼ਾਹਰ ਕੀਤੀ ਕਿ ਦੇਵਘਰ ਤੋਂ ਕੋਲਕਾਤਾ ਦੀ ਉਡਾਣ ਅੱਜ ਤੋਂ ਸ਼ੁਰੂ ਹੋ ਗਈ ਹੈ ਅਤੇ ਰਾਂਚੀ, ਦਿੱਲੀ ਅਤੇ ਪਟਨਾ ਲਈ ਉਡਾਣਾਂ ਜਲਦੀ ਸ਼ੁਰੂ ਹੋ ਜਾਣਗੀਆਂ। ਉਨ੍ਹਾਂ ਨੇ ਕਿਹਾ, "ਬੋਕਾਰੋ ਅਤੇ ਦੁਮਕਾ ਵਿੱਚ ਹਵਾਈ ਅੱਡਿਆਂ ਲਈ ਕੰਮ ਜਾਰੀ ਹੈ।"
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਨੈਕਟੀਵਿਟੀ ਦੇ ਨਾਲ, ਕੇਂਦਰ ਸਰਕਾਰ ਦੇਸ਼ ਵਿੱਚ ਆਸਥਾ ਅਤੇ ਅਧਿਆਤਮਕਤਾ ਨਾਲ ਸਬੰਧਿਤ ਮਹੱਤਵਪੂਰਨ ਸਥਾਨਾਂ 'ਤੇ ਸੁਵਿਧਾਵਾਂ ਦੇ ਨਿਰਮਾਣ 'ਤੇ ਵੀ ਧਿਆਨ ਦੇ ਰਹੀ ਹੈ। ਪ੍ਰਸਾਦ ਸਕੀਮ ਤਹਿਤ ਬਾਬਾ ਬੈਦਯਨਾਥ ਧਾਮ ਵਿੱਚ ਆਧੁਨਿਕ ਸੁਵਿਧਾਵਾਂ ਦਾ ਵੀ ਵਿਸਥਾਰ ਕੀਤਾ ਗਿਆ ਹੈ। ਜਦੋਂ ਇੱਕ ਮੁਕੰਮਲ ਪਹੁੰਚ ਪ੍ਰੋਜੈਕਟਾਂ ਦਾ ਮਾਰਗਦਰਸ਼ਨ ਕਰਦੀ ਹੈ, ਤਾਂ ਸਮਾਜ ਦੇ ਵੱਖ-ਵੱਖ ਭਾਗਾਂ ਲਈ ਆਮਦਨ ਦੇ ਨਵੇਂ ਅਯਾਮ ਖੁੱਲਦੇ ਹਨ ਅਤੇ ਨਵੀਆਂ ਸੁਵਿਧਾਵਾਂ ਨਵੇਂ ਅਵਸਰ ਪੈਦਾ ਕਰਦੀਆਂ ਹਨ।
ਪ੍ਰਧਾਨ ਮੰਤਰੀ ਨੇ ਝਾਰਖੰਡ ਰਾਜ ਲਈ ਗੈਸ-ਅਧਾਰਿਤ ਅਰਥਵਿਵਸਥਾ ਨੂੰ ਵਧਾਉਣ ਲਈ ਦੇਸ਼ ਦੇ ਪ੍ਰਯਤਨਾਂ ਦੇ ਲਾਭਾਂ 'ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਊਰਜਾ ਗੰਗਾ ਯੋਜਨਾ ਪੁਰਾਣੀ ਤਸਵੀਰ ਬਦਲ ਰਹੀ ਹੈ। ਉਨ੍ਹਾਂ ਨੇ ਕਿਹਾ, ''ਅਸੀਂ ਕਮੀਆਂ ਨੂੰ ਅਵਸਰਾਂ 'ਚ ਬਦਲਣ ਲਈ ਕਈ ਇਤਿਹਾਸਿਕ ਫ਼ੈਸਲੇ ਲੈ ਰਹੇ ਹਾਂ। ਗੇਲ ਦੀ ਜਗਦੀਸ਼ਪੁਰ-ਹਲਦੀਆ-ਬੋਕਾਰੋ-ਧਾਮਰਾ ਪਾਈਪਲਾਈਨ ਦਾ ਬੋਕਾਰੋ-ਅੰਗੁਲ ਸੈਕਸ਼ਨ ਝਾਰਖੰਡ ਅਤੇ ਉੜੀਸਾ ਦੇ 11 ਜ਼ਿਲ੍ਹਿਆਂ ਵਿੱਚ ਸ਼ਹਿਰੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਦਾ ਵਿਸਤਾਰ ਕਰੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ ਦੇ ਮੰਤਰ ਦੀ ਪਾਲਣਾ ਕਰ ਰਹੇ ਹਾਂ। ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਕੇ ਵਿਕਾਸ, ਰੋਜ਼ਗਾਰ-ਸਵੈ-ਰੋਜ਼ਗਾਰ ਦੇ ਨਵੇਂ ਰਾਹ ਲੱਭੇ ਜਾ ਰਹੇ ਹਨ। ਉਨ੍ਹਾਂ ਨੇ ਝਾਰਖੰਡ ਲਈ ਇਨ੍ਹਾਂ ਪਹਿਲਾਂ ਦੇ ਲਾਭਾਂ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ, ਅਸੀਂ ਵਿਕਾਸ ਦੀ ਅਭਿਲਾਸ਼ਾ 'ਤੇ ਜ਼ੋਰ ਦਿੱਤਾ ਹੈ, ਖ਼ਾਹਿਸ਼ੀ ਜ਼ਿਲ੍ਹਿਆਂ 'ਤੇ ਧਿਆਨ ਕੇਂਦ੍ਰਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਹੁਣ ਤੱਕ ਜਿਨ੍ਹਾਂ 18,000 ਪਿੰਡਾਂ ਦਾ ਬਿਜਲੀਕਰਣ ਕੀਤਾ ਗਿਆ ਸੀ, ਉਨ੍ਹਾਂ ਵਿੱਚੋਂ ਜ਼ਿਆਦਾਤਰ ਪਹੁੰਚ ਤੋਂ ਬਾਹਰ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਪਿਛਲੇ 8 ਸਾਲਾਂ ਵਿੱਚ ਟੂਟੀ ਦੇ ਪਾਣੀ, ਸੜਕਾਂ ਅਤੇ ਗੈਸ ਕਨੈਕਸ਼ਨ ਦੇਣ ਲਈ ਮਿਸ਼ਨ ਮੋਡ ਵਿੱਚ ਕੰਮ ਕੀਤਾ ਹੈ।
ਵੱਡੇ ਸ਼ਹਿਰਾਂ ਤੋਂ ਬਾਹਰ ਆਧੁਨਿਕ ਸੁਵਿਧਾਵਾਂ ਦੇ ਫੈਲਾਅ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਇਸ ਗੱਲ ਦਾ ਸਬੂਤ ਹਨ ਕਿ ਜਦੋਂ ਆਮ ਨਾਗਰਿਕਾਂ ਲਈ ਜੀਵਨ ਅਸਾਨ ਬਣਾਉਣ ਲਈ ਕਦਮ ਉਠਾਏ ਜਾਂਦੇ ਹਨ ਤਾਂ ਰਾਸ਼ਟਰੀ ਅਸਾਸੇ ਬਣਦੇ ਹਨ ਅਤੇ ਰਾਸ਼ਟਰੀ ਵਿਕਾਸ ਦੇ ਨਵੇਂ ਮੌਕੇ ਪੈਦਾ ਹੁੰਦੇ ਹਨ। ਉਨ੍ਹਾਂ ਨੇ ਕਿਹਾ, "ਇਹ ਸਹੀ ਵਿਕਾਸ ਹੈ ਅਤੇ ਸਾਨੂੰ ਸਮੂਹਿਕ ਤੌਰ 'ਤੇ ਇਸ ਵਿਕਾਸ ਨੂੰ ਤੇਜ਼ ਕਰਨਾ ਹੋਵੇਗਾ।"
ਦੇਵਘਰ ਵਿੱਚ ਵਿਕਾਸ ਪ੍ਰੋਜੈਕਟ
ਬਾਬਾ ਬੈਦਯਨਾਥ ਧਾਮ, ਜੋ ਕਿ ਦੇਸ਼ ਭਰ ਦੇ ਸ਼ਰਧਾਲੂਆਂ ਲਈ ਇੱਕ ਮਹੱਤਵਪੂਰਨ ਧਾਰਮਿਕ ਸਥਾਨ ਹੈ, ਨੂੰ ਸਿੱਧਾ ਸੰਪਰਕ ਪ੍ਰਦਾਨ ਕਰਨ ਲਈ ਇੱਕ ਪ੍ਰਮੁੱਖ ਕਦਮ ਵਜੋਂ, ਪ੍ਰਧਾਨ ਮੰਤਰੀ ਨੇ ਦੇਵਘਰ ਹਵਾਈ ਅੱਡੇ ਦਾ ਉਦਘਾਟਨ ਕੀਤਾ। ਇਸ ਦਾ ਨਿਰਮਾਣ ਲਗਭਗ 400 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਹਵਾਈ ਅੱਡੇ ਦਾ ਟਰਮੀਨਲ ਭਵਨ ਸਲਾਨਾ ਪੰਜ ਲੱਖ ਤੋਂ ਵੱਧ ਯਾਤਰੀਆਂ ਨੂੰ ਸੰਭਾਲਣ ਦੇ ਸਮਰੱਥ ਹੈ।
ਦੇਵਘਰ ਵਿੱਚ ਏਮਸ ਪੂਰੇ ਖੇਤਰ ਦੀ ਸਿਹਤ ਸੰਭਾਲ਼ ਲਈ ਇੱਕ ਵਰਦਾਨ ਹੈ। ਪ੍ਰਧਾਨ ਮੰਤਰੀ ਦੁਆਰਾ ਏਮਸ, ਦੇਵਘਰ ਵਿਖੇ ਰੋਗੀ ਵਿਭਾਗ (ਆਈਪੀਡੀ) ਅਤੇ ਅਪਰੇਸ਼ਨ ਥੀਏਟਰ ਸੇਵਾਵਾਂ ਦੇ ਰਾਸ਼ਟਰ ਨੂੰ ਸਮਰਪਿਤ ਕਰਨ ਨਾਲ ਏਮਸ, ਦੇਵਘਰ ਵਿਖੇ ਸੇਵਾਵਾਂ ਨੂੰ ਹੋਰ ਹੁਲਾਰਾ ਮਿਲੇਗਾ। ਇਹ ਦੇਸ਼ ਦੇ ਸਾਰੇ ਭਾਗਾਂ ਵਿੱਚ ਵਧੀਆ ਸਿਹਤ ਸੰਭਾਲ਼ ਸੁਵਿਧਾਵਾਂ ਵਿਕਸਿਤ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਸਾਰ ਹੈ। ਪ੍ਰਧਾਨ ਮੰਤਰੀ ਨੇ 25 ਮਾਰਚ, 2018 ਨੂੰ ਏਮਸ ਦੇਵਘਰ ਦੀ ਨੀਂਹ ਰੱਖੀ ਸੀ।
ਦੇਸ਼ ਭਰ ਵਿੱਚ ਧਾਰਮਿਕ ਮਹੱਤਤਾ ਵਾਲੇ ਸਥਾਨਾਂ 'ਤੇ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਵਿਕਸਿਤ ਕਰਨ ਅਤੇ ਅਜਿਹੇ ਸਾਰੇ ਸਥਾਨਾਂ 'ਤੇ ਸੈਲਾਨੀਆਂ ਲਈ ਸੁਵਿਧਾਵਾਂ ਨੂੰ ਬਿਹਤਰ ਬਣਾਉਣ ਲਈ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਨੂੰ ਟੂਰਿਜ਼ਮ ਮੰਤਰਾਲੇ ਦੀ ਪ੍ਰਸਾਦ ਸਕੀਮ ਦੇ ਤਹਿਤ ਪ੍ਰਵਾਨਿਤ "ਬੈਦਯਨਾਥ ਧਾਮ, ਦੇਵਘਰ ਦਾ ਵਿਕਾਸ" ਪ੍ਰੋਜੈਕਟ ਦੇ ਭਾਗਾਂ ਦੇ ਉਦਘਾਟਨ ਨਾਲ ਇਸ ਨੂੰ ਹੋਰ ਹੁਲਾਰਾ ਮਿਲੇਗਾ। ਪ੍ਰਧਾਨ ਮੰਤਰੀ ਦੁਆਰਾ ਉਦਘਾਟਨ ਕੀਤੇ ਜਾ ਰਹੇ ਪ੍ਰੋਜੈਕਟਾਂ ਵਿੱਚ 2000 ਸ਼ਰਧਾਲੂਆਂ ਦੀ ਸਮਰੱਥਾ ਵਾਲੇ ਦੋ ਵੱਡੇ ਤੀਰਥ ਹਾਲਾਂ ਦਾ ਵਿਕਾਸ; ਜਲਸਰ ਝੀਲ ਦੇ ਫਰੰਟ ਦਾ ਵਿਕਾਸ; ਸ਼ਿਵਗੰਗਾ ਤਲਾਬ ਵਿਕਾਸ ਆਦਿ ਸ਼ਾਮਲ ਹਨ। ਨਵੀਆਂ ਸੁਵਿਧਾਵਾਂ ਬਾਬਾ ਬੈਦਯਨਾਥ ਧਾਮ ਦੇ ਦਰਸ਼ਨ ਕਰਨ ਵਾਲੇ ਲੱਖਾਂ ਸ਼ਰਧਾਲੂਆਂ ਲਈ ਟੂਰਿਜ਼ਮ ਦੇ ਅਨੁਭਵ ਨੂੰ ਹੋਰ ਭਰਪੂਰ ਬਣਾਉਣਗੀਆਂ।
ਪ੍ਰਧਾਨ ਮੰਤਰੀ ਨੇ 10,000 ਕਰੋੜ ਰੁਪਏ ਤੋਂ ਵੱਧ ਦੇ ਕਈ ਸੜਕੀ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ, ਉਨ੍ਹਾਂ ਵਿੱਚ ਐੱਨਐੱਚ-2 ਦੇ ਗੋਰਹਰ ਤੋਂ ਬਰਵਾੜਾ ਸੈਕਸ਼ਨ ਨੂੰ ਛੇ ਮਾਰਗੀ ਕਰਨਾ; ਐੱਨਐੱਚ-32 ਦੇ ਰਾਜਗੰਜ - ਚਾਸ ਦੇ ਪੱਛਮ ਬੰਗਾਲ ਸਰਹੱਦੀ ਸੈਕਸ਼ਨ ਤੱਕ ਚੌੜਾ ਕਰਨਾ ਸ਼ਾਮਲ ਹੈ। ਜਿਨ੍ਹਾਂ ਵੱਡੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਉਨ੍ਹਾਂ ਵਿੱਚ ਐੱਨਐੱਚ-80 ਦੇ ਮਿਰਜ਼ਾਚੌਕੀ-ਫਰੱਕਾ ਸੈਕਸ਼ਨ ਨੂੰ ਚਾਰ ਮਾਰਗੀ ਕਰਨਾ; ਐੱਨਐੱਚ-98 ਦੇ ਹਰੀਹਰਗੰਜ ਤੋਂ ਪਰਵਾ ਮੋਰ ਸੈਕਸ਼ਨ ਨੂੰ ਚਾਰ ਮਾਰਗੀ ਕਰਨਾ; ਐੱਨਐੱਚ-23 ਦੇ ਪਾਲਮਾ ਤੋਂ ਗੁਮਲਾ ਸੈਕਸ਼ਨ ਨੂੰ ਚਾਰ ਮਾਰਗੀ ਕਰਨਾ; ਐੱਨਐੱਚ-75 ਦੇ ਕਚਰੀ ਚੌਕ ਤੋਂ ਪਿਸਕਾ ਮੋਰ ਸੈਕਸ਼ਨ ਤੱਕ ਦਾ ਐਲੀਵੇਟਿਡ ਕੌਰੀਡੋਰ ਸ਼ਾਮਲ ਹਨ। ਇਹ ਪ੍ਰੋਜੈਕਟ ਖੇਤਰ ਵਿੱਚ ਸੰਪਰਕ ਨੂੰ ਹੋਰ ਹੁਲਾਰਾ ਪ੍ਰਦਾਨ ਕਰਨਗੇ ਅਤੇ ਆਮ ਲੋਕਾਂ ਲਈ ਆਵਾਜਾਈ ਵਿੱਚ ਅਸਾਨੀ ਨੂੰ ਯਕੀਨੀ ਬਣਾਉਣਗੇ।
ਪ੍ਰਧਾਨ ਮੰਤਰੀ ਨੇ ਖੇਤਰ ਲਈ ਲਗਭਗ 3000 ਕਰੋੜ ਰੁਪਏ ਦੇ ਵੱਖ-ਵੱਖ ਊਰਜਾ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਵੀ ਰੱਖਿਆ। ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਸੀ, ਉਨ੍ਹਾਂ ਵਿੱਚ ਗੇਲ ਦੀ ਜਗਦੀਸ਼ਪੁਰ-ਹਲਦੀਆ-ਬੋਕਾਰੋ-ਧਾਮਰਾ ਪਾਈਪਲਾਈਨ ਦਾ ਬੋਕਾਰੋ - ਅੰਗੁਲ ਸੈਕਸ਼ਨ; ਬਾੜੀ, ਹਜ਼ਾਰੀਬਾਗ ਵਿਖੇ ਐੱਚਪੀਸੀਐੱਲ ਦਾ ਨਵਾਂ ਐੱਲਪੀਜੀ ਬੌਟਲਿੰਗ ਪਲਾਂਟ ਅਤੇ ਬੀਪੀਸੀਐੱਲ ਦੇ ਬੋਕਾਰੋ ਐੱਲਪੀਜੀ ਬੌਟਲਿੰਗ ਪਲਾਂਟ ਸ਼ਾਮਲ ਹਨ। ਪਰਬਤਪੁਰ ਗੈਸ ਕੁਲੈਕਸ਼ਨ ਸਟੇਸ਼ਨ, ਝਰੀਆ ਬਲਾਕ, ਓਐੱਨਜੀਸੀ ਦੀ ਕੋਲ ਬੈੱਡ ਮੀਥੇਨ (ਸੀਬੀਐੱਮ) ਅਸਾਸੇ ਦਾ ਨੀਂਹ ਪੱਥਰ ਰੱਖਿਆ ਗਿਆ।
ਪ੍ਰਧਾਨ ਮੰਤਰੀ ਨੇ ਦੋ ਰੇਲਵੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ, ਜਿਨ੍ਹਾਂ ਵਿੱਚ ਗੋਡਾ - ਹੰਸਡੀਹਾ ਇਲੈਕਟ੍ਰੀਫਾਈਡ ਸੈਕਸ਼ਨ ਅਤੇ ਗੜ੍ਹਵਾ-ਮਹੂਰੀਆ ਡਬਲਿੰਗ ਪ੍ਰੋਜੈਕਟ ਸ਼ਾਮਲ ਹਨ। ਇਹ ਪ੍ਰੋਜੈਕਟ ਉਦਯੋਗਾਂ ਅਤੇ ਬਿਜਲੀ ਘਰਾਂ ਲਈ ਸਮਾਨ ਦੀ ਨਿਰਵਿਘਨ ਆਵਾਜਾਈ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਕਰਨਗੇ। ਇਹ ਦੁਮਕਾ ਤੋਂ ਆਸਨਸੋਲ ਤੱਕ ਰੇਲ ਆਵਾਜਾਈ ਨੂੰ ਵੀ ਸੁਨਿਸ਼ਚਿਤ ਕਰਨਗੇ। ਪ੍ਰਧਾਨ ਮੰਤਰੀ ਨੇ ਤਿੰਨ ਰੇਲਵੇ ਪ੍ਰੋਜੈਕਟਾਂ ਜਿਵੇਂ ਕਿ ਰਾਂਚੀ ਰੇਲਵੇ ਸਟੇਸ਼ਨ ਦਾ ਪੁਨਰ ਵਿਕਾਸ; ਜੈਸੀਡੀਹ ਬਾਈਪਾਸ ਲਾਈਨ ਅਤੇ ਐੱਲਐੱਚਬੀ ਕੋਚ ਮੇਂਟੇਨੈਂਸ ਡੀਪੂ, ਗੋਡਾ ਦਾ ਨੀਂਹ ਪੱਥਰ ਵੀ ਰੱਖਿਆ। ਪ੍ਰਸਤਾਵਿਤ ਪੁਨਰ-ਵਿਕਸਿਤ ਰਾਂਚੀ ਸਟੇਸ਼ਨ ਵਿੱਚ ਵਿਸ਼ਵ ਪੱਧਰੀ ਯਾਤਰੀ ਸੁਵਿਧਾਵਾਂ ਹੋਣਗੀਆਂ, ਜਿਸ ਵਿੱਚ ਇੱਕ ਫੂਡ ਕੋਰਟ, ਐਗਜ਼ੀਕਿਊਟਿਵ ਲੌਂਜ, ਕੈਫੇਟੇਰੀਆ, ਏਅਰ ਕੰਡੀਸ਼ਨਡ ਵੇਟਿੰਗ ਹਾਲ ਆਦਿ ਸ਼ਾਮਲ ਹਨ ਤਾਂ ਜੋ ਯਾਤਰੀਆਂ ਦੀ ਆਵਾਜਾਈ ਵਿੱਚ ਅਸਾਨੀ ਅਤੇ ਅਰਾਮ ਨੂੰ ਯਕੀਨੀ ਬਣਾਇਆ ਜਾ ਸਕੇ।
***
ਡੀਐੱਸ/ਏਕੇ
(Release ID: 1841025)
Read this release in:
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam