ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਆਂਧਰ ਪ੍ਰਦੇਸ਼ ਦੇ ਭੀਮਾਵਰਮ ਵਿਖੇ ਮਹਾਨ ਸੁਤੰਤਰਤਾ ਸੈਨਾਨੀ ਅਲੂਰੀ ਸੀਤਾਰਾਮ ਰਾਜੂ ਦੇ ਇੱਕ ਸਾਲ ਚਲਣ ਵਾਲੇ 125ਵੇਂ ਜਯੰਤੀ ਸਮਾਰੋਹ ਦੀ ਸ਼ੁਰੂਆਤ ਕੀਤੀ
ਪ੍ਰਧਾਨ ਮੰਤਰੀ ਨੇ ਅਲੂਰੀ ਸੀਤਾਰਾਮ ਰਾਜੂ ਦੀ 30 ਫੁੱਟ ਉੱਚੀ ਕਾਂਸੀ ਦੀ ਪ੍ਰਤਿਮਾ ਤੋਂ ਪਰਦਾ ਹਟਾਇਆ
"ਆਜ਼ਾਦੀ ਦਾ ਸੰਘਰਸ਼ ਸਿਰਫ ਕੁਝ ਸਾਲਾਂ ਦਾ, ਕੁਝ ਖੇਤਰਾਂ ਜਾਂ ਕੁਝ ਲੋਕਾਂ ਦਾ ਇਤਿਹਾਸ ਨਹੀਂ ਹੈ"
"ਅਲੂਰੀ ਸੀਤਾਰਾਮ ਰਾਜੂ ਭਾਰਤ ਦੀ ਸੰਸਕ੍ਰਿਤੀ, ਜਨਜਾਤੀ ਪਹਿਚਾਣ, ਬਹਾਦਰੀ, ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਦਾ ਪ੍ਰਤੀਕ ਹੈ"
“ਸਾਡਾ ਨਵਾਂ ਭਾਰਤ ਸਾਡੇ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਦਾ ਭਾਰਤ ਹੋਣਾ ਚਾਹੀਦਾ ਹੈ। ਅਜਿਹਾ ਭਾਰਤ ਜਿਸ ਵਿੱਚ ਗ਼ਰੀਬ, ਕਿਸਾਨ, ਮਜ਼ਦੂਰ, ਪਿਛੜੇ, ਆਦਿਵਾਸੀਆਂ ਲਈ ਬਰਾਬਰ ਦੇ ਮੌਕੇ ਹੋਣ"
“ਅੱਜ ਨਵੇਂ ਭਾਰਤ ਵਿੱਚ ਨਵੇਂ ਮੌਕੇ, ਰਾਹ, ਵਿਚਾਰ ਪ੍ਰਕਿਰਿਆਵਾਂ ਅਤੇ ਸੰਭਾਵਨਾਵਾਂ ਮੌਜੂਦ ਹਨ ਅਤੇ ਸਾਡੇ ਯੁਵਾ ਇਨ੍ਹਾਂ ਸੰਭਾਵਨਾਵਾਂ ਨੂੰ ਸਾਕਾਰ ਕਰਨ ਦੀ ਜ਼ਿੰਮੇਵਾਰੀ ਉਠਾ ਰਹੇ ਹਨ”
"ਆਂਧਰ ਪ੍ਰਦੇਸ਼ ਵੀਰਾਂ ਅਤੇ ਦੇਸ਼ ਭਗਤਾਂ ਦੀ ਧਰਤੀ ਹੈ"
"130 ਕਰੋੜ ਭਾਰਤੀ ਹਰ ਚੁਣੌਤੀ ਨੂੰ ਕਹਿ ਰਹੇ ਹਨ - 'ਦਮ ਹੈ ਤੋ ਹਮੇ ਰੋਕ ਲੋ' - ਰੋਕ ਸਕਦੇ ਹੋ ਤਾਂ ਰੋਕ ਲਓ"
Posted On:
04 JUL 2022 1:13PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਂਧਰ ਪ੍ਰਦੇਸ਼ ਦੇ ਭੀਮਾਵਰਮ ਵਿਖੇ ਮਹਾਨ ਸੁਤੰਤਰਤਾ ਸੈਨਾਨੀ ਅਲੂਰੀ ਸੀਤਾਰਾਮ ਰਾਜੂ ਦੇ ਇੱਕ ਸਾਲ ਚਲਣ ਵਾਲੇ 125ਵੇਂ ਜਯੰਤੀ ਸਮਾਰੋਹ ਦੀ ਸ਼ੁਰੂਆਤ ਕੀਤੀ। ਇਸ ਮੌਕੇ ਆਂਧਰ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਵਿਸ਼ਵਭੂਸ਼ਣ ਹਰੀਚੰਦਨ, ਮੁੱਖ ਮੰਤਰੀ ਸ਼੍ਰੀ ਵਾਈ ਐੱਸ ਜਗਨ ਮੋਹਨ ਰੈੱਡੀ, ਕੇਂਦਰੀ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਵੀ ਮੌਜੂਦ ਸਨ।
ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇੰਨੀ ਸਮ੍ਰਿੱਧ ਵਿਰਾਸਤ ਦੇ ਨਾਲ ਆਂਧਰ ਪ੍ਰਦੇਸ਼ ਦੀ ਮਹਾਨ ਭੂਮੀ ਨੂੰ ਸਲਾਮੀ ਦੇਣ ਦਾ ਮੌਕਾ ਪਾ ਮਾਣ ਮਹਿਸੂਸ ਕਰਦੇ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਲੂਰੀ ਸੀਤਾਰਾਮ ਰਾਜੂ ਦੀ 125ਵੀਂ ਜਯੰਤੀ ਅਤੇ ਰੰਪਾ ਕ੍ਰਾਂਤੀ ਦੀ 100ਵੀਂ ਵਰ੍ਹੇਗੰਢ ਵਰਗੇ ਪ੍ਰਮੁੱਖ ਆਯੋਜਨਾਂ ਦਾ ਸੰਗਮ ਹੈ। ਪ੍ਰਧਾਨ ਮੰਤਰੀ ਨੇ ਮਹਾਨ "ਮਣਯਮ ਵੀਰੂਡੂ" ਅਲੂਰੀ ਸੀਤਾਰਾਮ ਰਾਜੂ ਨੂੰ ਨਮਨ ਕੀਤਾ ਅਤੇ ਉਨ੍ਹਾਂ ਨੂੰ ਸਮੁੱਚੇ ਰਾਸ਼ਟਰ ਦੀ ਤਰਫ਼ੋਂ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਇਸ ਮਹਾਨ ਸੁਤੰਤਰਤਾ ਸੈਨਾਨੀ ਦੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਖੁਸ਼ੀ ਜਾਹਿਰ ਕੀਤੀ। ਪ੍ਰਧਾਨ ਮੰਤਰੀ ਨੇ 'ਆਦੀਵਾਸੀ ਪਰੰਪਰਾ' ਅਤੇ ਆਂਧਰ ਪ੍ਰਦੇਸ਼ ਦੀ ਪਰੰਪਰਾ ਤੋਂ ਉੱਭਰੇ ਇਸ ਸੁਤੰਤਰਤਾ ਸੈਨਾਨੀ ਨੂੰ ਸ਼ਰਧਾਸੁਮਨ ਅਰਪਿਤ ਕੀਤੇ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅਲੂਰੀ ਸੀਤਾਰਾਮ ਰਾਜੂ ਗਾਰੂ ਦੀ 125ਵੀਂ ਜਯੰਤੀ ਅਤੇ ਰੰਪਾ ਕ੍ਰਾਂਤੀ ਦੀ 100ਵੀਂ ਵਰ੍ਹੇਗੰਢ ਦਾ ਸਮਾਰੋਹ ਸਾਲ ਭਰ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਡਰੰਗੀ ਵਿਖੇ ਉਨ੍ਹਾਂ ਦੇ ਜਨਮ ਸਥਾਨ ਦਾ ਨਵੀਨੀਕਰਣ, ਚਿੰਤਪੱਲੀ ਥਾਣੇ ਦਾ ਨਵੀਨੀਕਰਣ, ਮੋਗੱਲੂ ਵਿਖੇ ਅਲੂਰੀ ਧਿਆਨ ਮੰਦਿਰ ਦੀ ਉਸਾਰੀ ਜਿਹੇ ਕੰਮ ਅੰਮ੍ਰਿਤ ਮਹੋਤਸਵ ਦੀ ਭਾਵਨਾ ਦੇ ਪ੍ਰਤੀਕ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਪ੍ਰੋਗਰਾਮ ਸੁਤੰਤਰਤਾ ਸੈਨਾਨੀਆਂ ਦੀ ਬਹਾਦਰੀ ਦੇ ਕੰਮਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਾਰਿਆਂ ਵੱਲੋਂ ਲਏ ਗਏ ਵਾਅਦੇ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਦਾ ਸੰਗ੍ਰਾਮ ਸਿਰਫ਼ ਕੁਝ ਸਾਲਾਂ ਦਾ, ਕੁਝ ਖੇਤਰਾਂ ਜਾਂ ਕੁਝ ਲੋਕਾਂ ਦਾ ਇਤਿਹਾਸ ਨਹੀਂ ਹੈ। ਇਹ ਇਤਿਹਾਸ ਭਾਰਤ ਦੇ ਹਰ ਕੋਨੇ-ਕੋਨੇ ਅਤੇ ਕਣ-ਕਣ ਦੇ ਤਿਆਗ, ਤਪ ਅਤੇ ਕੁਰਬਾਨੀਆਂ ਦਾ ਇਤਿਹਾਸ ਹੈ। ਉਨ੍ਹਾਂ ਕਿਹਾ ਕਿ ਸਾਡੇ ਸੁਤੰਤਰਤਾ ਅੰਦੋਲਨ ਦਾ ਇਤਿਹਾਸ ਸਾਡੀ ਵਿਭਿੰਨਤਾ, ਸੰਸਕ੍ਰਿਤੀ ਅਤੇ ਇੱਕ ਰਾਸ਼ਟਰ ਵਜੋਂ ਸਾਡੀ ਏਕਤਾ ਦੀ ਤਾਕਤ ਦਾ ਪ੍ਰਤੀਕ ਹੈ।
ਅਲੂਰੀ ਸੀਤਾਰਾਮ ਰਾਜੂ ਨੂੰ ਭਾਰਤ ਦੀ ਸੰਸਕ੍ਰਿਤੀ, ਜਨਜਾਤੀ ਪਹਿਚਾਣ, ਬਹਾਦਰੀ, ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਦਾ ਪ੍ਰਤੀਕ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੀਤਾਰਾਮ ਰਾਜੂ ਗਾਰੂ ਦੇ ਜਨਮ ਤੋਂ ਲੈ ਕੇ ਉਨ੍ਹਾਂ ਦੇ ਬਲੀਦਾਨ ਤੱਕ ਦੀ ਉਨ੍ਹਾਂ ਦੀ ਜੀਵਨ ਯਾਤਰਾ ਸਾਡੇ ਸਾਰਿਆਂ ਲਈ ਇੱਕ ਪ੍ਰੇਰਣਾ ਹੈ। ਉਨ੍ਹਾਂ ਨੇ ਆਪਣਾ ਜੀਵਨ ਆਦਿਵਾਸੀ ਸਮਾਜ ਦੇ ਹੱਕਾਂ, ਉਨ੍ਹਾਂ ਦੇ ਸੁੱਖ-ਦੁੱਖ ਅਤੇ ਦੇਸ਼ ਦੀ ਆਜ਼ਾਦੀ ਲਈ ਸਮਰਪਿਤ ਕਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਲੂਰੀ ਸੀਤਾਰਾਮ ਰਾਜੂ ‘ਏਕ ਭਾਰਤ, ਸ੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਦਰਸਾਉਂਦੇ ਹਨ, ਜੋ ਦੇਸ਼ ਨੂੰ ਏਕਤਾ ਦੇ ਧਾਗੇ ਵਿੱਚ ਬੰਨ੍ਹ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਅਧਿਆਤਮਵਾਦ ਨੇ ਅਲੂਰੀ ਸੀਤਾਰਾਮ ਰਾਜੂ ਵਿੱਚ ਦਇਆ ਅਤੇ ਦਿਆਲਤਾ ਦੀ ਭਾਵਨਾ, ਕਬਾਇਲੀ ਸਮਾਜ ਲਈ ਪਹਿਚਾਣ ਅਤੇ ਸਮਾਨਤਾ ਦੀ ਭਾਵਨਾ, ਗਿਆਨ ਅਤੇ ਹਿੰਮਤ ਦੀ ਭਾਵਨਾ ਪੈਦਾ ਕੀਤੀ ਹੈ। ਅਲੂਰੀ ਸੀਤਾਰਾਮ ਰਾਜੂ ਅਤੇ ਰੰਪਾ ਵਿਦਰੋਹ ਵਿੱਚ ਆਪਣੀਆਂ ਜਾਨਾਂ ਦੇਣ ਵਾਲੇ ਨਾਇਕਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਅਜੇ ਵੀ ਪੂਰੇ ਦੇਸ਼ ਲਈ ਊਰਜਾ ਅਤੇ ਪ੍ਰੇਰਣਾ ਦਾ ਸਰੋਤ ਹੈ। ਦੇਸ਼ ਦੇ ਨੌਜਵਾਨਾਂ ਨੇ ਸੁਤੰਤਰਤਾ ਸੰਗ੍ਰਾਮ ਦੀ ਅਗਵਾਈ ਕੀਤੀ। ਅੱਜ ਦੇਸ਼ ਦੇ ਵਿਕਾਸ ਲਈ ਨੌਜਵਾਨਾਂ ਲਈ ਅੱਗੇ ਆਉਣ ਦਾ ਸਭ ਤੋਂ ਵਧੀਆ ਮੌਕਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਭਾਰਤ ਵਿੱਚ ਨਵੇਂ ਮੌਕੇ, ਰਾਹ, ਵਿਚਾਰ ਪ੍ਰਕਿਰਿਆ ਅਤੇ ਸੰਭਾਵਨਾਵਾਂ ਮੌਜੂਦ ਹਨ ਅਤੇ ਸਾਡੇ ਯੁਵਾ ਇਨ੍ਹਾਂ ਸੰਭਾਵਨਾਵਾਂ ਨੂੰ ਸਾਕਾਰ ਕਰਨ ਦੀ ਜ਼ਿੰਮੇਵਾਰੀ ਚੁੱਕ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਂਧਰ ਪ੍ਰਦੇਸ਼ ਵੀਰਾਂ ਅਤੇ ਦੇਸ਼ ਭਗਤਾਂ ਦੀ ਧਰਤੀ ਹੈ। ਦੇਸ਼ ਦੇ ਝੰਡੇ ਨੂੰ ਡਿਜ਼ਾਈਨ ਕਰਨ ਵਾਲੇ ਪਿੰਗਲੀ ਵੈਂਕਈਆ ਵਰਗੇ ਸੁਤੰਤਰਤਾ ਨਾਇਕ ਸਨ। ਇਹ ਕਾਨੇਗੰਤੀ ਹਨੁਮੰਤੂ, ਕੰਦੂਕੁਰੀ ਵੀਰਾਸਾਲਿੰਗਮ ਪੰਤੁਲੂ ਅਤੇ ਪੋਟੀ ਸ਼੍ਰੀਰਾਮੁਲੂ ਵਰਗੇ ਨਾਇਕਾਂ ਦੀ ਧਰਤੀ ਹੈ। ਪ੍ਰਧਾਨ ਮੰਤਰੀ ਨੇ ਅਪੀਲ ਕੀਤੀ ਕਿ ਇਨ੍ਹਾਂ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਨੂੰ ਅੰਮ੍ਰਿਤ ਕਾਲ ਵਿੱਚ ਸਾਕਾਰ ਕਰਨਾ ਸਾਡੇ ਸਾਰੇ ਦੇਸ਼ਵਾਸੀਆਂ ਦੀ ਜ਼ਿੰਮੇਵਾਰੀ ਹੈ। ਸਾਡਾ ਨਵਾਂ ਭਾਰਤ ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਹੋਣਾ ਚਾਹੀਦਾ ਹੈ। ਅਜਿਹਾ ਭਾਰਤ ਜਿਸ ਵਿੱਚ ਗ਼ਰੀਬਾਂ, ਕਿਸਾਨਾਂ, ਮਜ਼ਦੂਰਾਂ, ਪਿਛੜਿਆਂ ਅਤੇ ਆਦਿਵਾਸੀਆਂ ਲਈ ਬਰਾਬਰ ਦੇ ਮੌਕੇ ਹੋਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਅੱਠ ਸਾਲਾਂ ਦੌਰਾਨ ਸਰਕਾਰ ਨੇ ਦੇਸ਼ ਦੇ ਆਦਿਵਾਸੀ ਭਾਈਚਾਰੇ ਦੀ ਭਲਾਈ ਲਈ ਅਣਥੱਕ ਯਤਨ ਕੀਤੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਦੇਸ਼ ਵਿੱਚ ਜਨਜਾਤੀ ਗੌਰਵ ਅਤੇ ਵਿਰਾਸਤ ਨੂੰ ਦਰਸਾਉਣ ਲਈ ਦੇਸ਼ ਵਿੱਚ ਕਬਾਇਲੀ ਅਜਾਇਬ ਘਰ ਸਥਾਪਿਤ ਕੀਤੇ ਜਾ ਰਹੇ ਹਨ। ਆਂਧਰ ਪ੍ਰਦੇਸ਼ ਦੇ ਲੰਬਸਿੰਗੀ ਵਿੱਚ "ਅਲੂਰੀ ਸੀਤਾਰਾਮ ਰਾਜੂ ਮੈਮੋਰੀਅਲ ਕਬਾਇਲੀ ਸੁਤੰਤਰਤਾ ਸੈਨਾਨੀ ਅਜਾਇਬ ਘਰ" ਵੀ ਬਣਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਭਗਵਾਨ ਬਿਰਸਾ ਮੁੰਡਾ ਦੇ ਜਨਮ ਦਿਨ 15 ਨਵੰਬਰ ਨੂੰ ਰਾਸ਼ਟਰੀ ਜਨਤਾ ਗੌਰਵ ਦਿਵਸ ਵਜੋਂ ਮਨਾਇਆ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦੇਸ਼ੀ ਸ਼ਾਸਕਾਂ ਨੇ ਜਨਜਾਤੀ ਭਾਈਚਾਰੇ 'ਤੇ ਸਭ ਤੋਂ ਵੱਧ ਅੱਤਿਆਚਾਰ ਕੀਤੇ ਅਤੇ ਉਨ੍ਹਾਂ ਦੀ ਸੰਸਕ੍ਰਿਤੀ ਨੂੰ ਨਸ਼ਟ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਸਕਿੱਲ ਇੰਡੀਆ ਮਿਸ਼ਨ ਰਾਹੀਂ ਜਨਜਾਤੀ ਕਲਾ ਅਤੇ ਹੁਨਰ ਨੂੰ ਨਵੀਂ ਪਹਿਚਾਣ ਮਿਲ ਰਹੀ ਹੈ। 'ਵੋਕਲ ਫੌਰ ਲੋਕਲ' ਜਨਜਾਤੀ ਕਲਾ ਹੁਨਰ ਨੂੰ ਆਮਦਨ ਦਾ ਸਾਧਨ ਬਣਾ ਰਿਹਾ ਹੈ। ਅਸੀਂ ਦਹਾਕਿਆਂ ਪੁਰਾਣੇ ਕਾਨੂੰਨਾਂ ਨੂੰ ਬਦਲ ਦਿੱਤਾ ਹੈ, ਜੋ ਆਦਿਵਾਸੀਆਂ ਨੂੰ ਬਾਂਸ ਜਿਹੀਆਂ ਜੰਗਲੀ ਉਪਜਾਂ ਨੂੰ ਕੱਟਣ ਤੋਂ ਰੋਕਦਾ ਸੀ ਅਤੇ ਉਨ੍ਹਾਂ ਨੂੰ ਜੰਗਲੀ ਉਪਜਾਂ 'ਤੇ ਅਧਿਕਾਰ ਦਿੱਤੇ ਗਏ ਹਨ। ਇਸੇ ਤਰ੍ਹਾਂ ਨਿਊਨਤਮ ਸਮਰਥਨ ਮੁੱਲ 'ਤੇ ਖਰੀਦਣ ਲਈ ਜੰਗਲਾਤ ਉਤਪਾਦਾਂ ਦੀ ਗਿਣਤੀ 12 ਤੋਂ ਵਧਾ ਕੇ 90 ਕਰ ਦਿੱਤੀ ਗਈ ਹੈ। 3000 ਤੋਂ ਵੱਧ ਵਣ ਗਣ ਵਿਕਾਸ ਕੇਂਦਰ ਅਤੇ 50,000 ਤੋਂ ਵੱਧ ਵਣ ਗਣ ਸਵੈ ਸਹਾਇਤਾ ਸਮੂਹ ਆਦਿਵਾਸੀ ਉਤਪਾਦਾਂ ਅਤੇ ਕਲਾ ਨੂੰ ਆਧੁਨਿਕ ਮੌਕਿਆਂ ਨਾਲ ਜੋੜ ਰਹੇ ਹਨ। ਆਦੀਵਾਸੀ ਜ਼ਿਲ੍ਹਿਆਂ ਨੂੰ ਅਭਿਲਾਸ਼ੀ ਜ਼ਿਲ੍ਹਾ ਯੋਜਨਾਵਾਂ ਦਾ ਬਹੁਤ ਲਾਭ ਹੋਵੇਗਾ ਅਤੇ ਸਿੱਖਿਆ ਦੇ ਮੋਰਚੇ 'ਤੇ 750 ਤੋਂ ਵੱਧ ਏਕਲਵਯ ਮਾਡਲ ਸਕੂਲ ਸਥਾਪਿਤ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਰਾਸ਼ਟਰੀ ਸਿੱਖਿਆ ਨੀਤੀ ਤਹਿਤ ਮਾਤ ਭਾਸ਼ਾ ਵਿੱਚ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ "ਮਣਯਮ ਵੀਰੂਡੂ" ਅਲੂਰੀ ਸੀਤਾਰਾਮ ਰਾਜੂ ਨੇ ਅੰਗਰੇਜ਼ਾਂ ਨਾਲ ਆਪਣੇ ਸੰਘਰਸ਼ ਦੌਰਾਨ ਦਿਖਾਇਆ ਹੈ ਕਿ 'ਦਮ ਹੈ ਤੋ ਹਮੇ ਰੋਕ ਲੋ' - ਰੋਕ ਸਕੋ ਤਾਂ ਰੋਕ ਲਓ'। ਅੱਜ ਦੇਸ਼ ਵੀ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਹਿੰਮਤ ਦੇ ਨਾਲ 130 ਕਰੋੜ ਦੇਸ਼ਵਾਸੀ ਏਕਤਾ ਅਤੇ ਤਾਕਤ ਨਾਲ ਇਨ੍ਹਾਂ ਚੁਣੌਤੀਆਂ ਨੂੰ ਕਹਿ ਰਹੇ ਹਨ - 'ਦਮ ਹੈ ਤੋ ਹਮੇ ਰੋਕ ਲੋ'।
ਪ੍ਰੋਗਰਾਮ ਦੀ ਪਿੱਠਭੂਮੀ
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ, ਸਰਕਾਰ ਸੁਤੰਤਰਤਾ ਸੈਨਾਨੀਆਂ ਦੇ ਯੋਗਦਾਨ ਨੂੰ ਮਾਨਤਾ ਦੇਣ ਅਤੇ ਦੇਸ਼ ਦੇ ਲੋਕਾਂ ਨੂੰ ਉਨ੍ਹਾਂ ਬਾਰੇ ਜਾਗਰੂਕ ਕਰਨ ਲਈ ਪ੍ਰਤੀਬੱਧ ਹੈ। ਇਸ ਯਤਨ ਦੇ ਹਿੱਸੇ ਵਜੋਂ, ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਂਧਰ ਪ੍ਰਦੇਸ਼ ਦੇ ਭੀਮਾਵਰਮ ਵਿਖੇ ਮਹਾਨ ਸੁਤੰਤਰਤਾ ਸੈਨਾਨੀ ਅਲੂਰੀ ਸੀਤਾਰਾਮ ਰਾਜੂ ਦੇ ਇੱਕ ਸਾਲ ਲੰਬੇ 125ਵੇਂ ਜਯੰਤੀ ਸਮਾਰੋਹ ਦੀ ਸ਼ੁਰੂਆਤ ਕੀਤੀ। 4 ਜੁਲਾਈ 1897 ਨੂੰ ਜਨਮੇ ਅਲੂਰੀ ਸੀਤਾਰਾਮ ਰਾਜੂ ਨੂੰ ਪੂਰਬੀ ਘਾਟ ਖੇਤਰ ਵਿੱਚ ਕਬਾਇਲੀ ਭਾਈਚਾਰਿਆਂ ਦੇ ਹਿੱਤਾਂ ਦੀ ਰਾਖੀ ਲਈ ਬ੍ਰਿਟਿਸ਼ ਵਿਰੁੱਧ ਲੜਾਈ ਲਈ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਨੇ 1922 ਵਿੱਚ ਸ਼ੁਰੂ ਹੋਏ ਰੰਪਾ ਵਿਦਰੋਹ ਦੀ ਅਗਵਾਈ ਕੀਤੀ ਸੀ। ਉਨ੍ਹਾਂ ਨੂੰ ਸਥਾਨਕ ਲੋਕ "ਮਣਯਮ ਵੀਰੂਡੂ" (ਜੰਗਲਾਂ ਦਾ ਨਾਇਕ) ਕਹਿੰਦੇ ਹਨ।
ਸਰਕਾਰ ਨੇ ਸਾਲ ਭਰ ਚਲਣ ਵਾਲੇ ਸਮਾਰੋਹ ਦੇ ਹਿੱਸੇ ਵਜੋਂ ਕਈ ਪਹਿਲਾਂ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਵਿਜ਼ਿਆਨਗਰਮ ਜ਼ਿਲ੍ਹੇ ਦੇ ਪੰਡਰੰਗੀ ਵਿਖੇ ਅਲੂਰੀ ਸੀਤਾਰਾਮ ਰਾਜੂ ਦੇ ਜਨਮ ਸਥਾਨ ਅਤੇ ਚਿੰਤਪੱਲੀ ਪੁਲਿਸ ਸਟੇਸ਼ਨ (ਰੰਪਾ ਵਿਦਰੋਹ ਦੇ 100 ਸਾਲਾਂ ਦੀ ਯਾਦ ਵਿੱਚ- ਇਸ ਪੁਲਿਸ ਸਟੇਸ਼ਨ 'ਤੇ ਹਮਲੇ ਨਾਲ ਰੰਪਾ ਵਿਦਰੋਹ ਦੀ ਸ਼ੁਰੂਆਤ ਹੋਈ ਸੀ) ਦਾ ਨਵੀਨੀਕਰਣ ਕੀਤਾ ਜਾਵੇਗਾ। ਸਰਕਾਰ ਨੇ ਮੋਗੱਲੂ ਵਿਖੇ ਅਲੂਰੀ ਧਿਆਨ ਮੰਦਿਰ ਦੇ ਨਿਰਮਾਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿੱਚ ਧਿਆਨ ਦੀ ਸਥਿਤੀ ਵਿੱਚ ਅਲੂਰੀ ਸੀਤਾਰਾਮ ਰਾਜੂ ਦੀ ਪ੍ਰਤਿਮਾ ਹੈ, ਜਿਸ ਵਿੱਚ ਇਸ ਸੁਤੰਤਰਤਾ ਸੈਨਾਨੀ ਦੀ ਜੀਵਨ ਗਾਥਾ ਨੂੰ ਚਿੱਤਰਾਂ ਅਤੇ ਏਆਈ-ਸਮਰੱਥ ਇੰਟਰਐਕਟਿਵ ਸਿਸਟਮ ਦੁਆਰਾ ਦਰਸਾਇਆ ਗਿਆ ਹੈ।
******
ਡੀਐੱਸ/ਏਕੇ
(Release ID: 1839258)
Visitor Counter : 164
Read this release in:
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam