ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਮੁੰਬਈ ਸਥਿਤ ਰਾਜ ਭਵਨ ਵਿੱਚ ਜਲ ਭੂਸ਼ਣ ਭਵਨ ਅਤੇ ਕ੍ਰਾਂਤੀਕਾਰੀਆਂ ਦੀ ਗੈਲਰੀ ਦਾ ਉਦਘਾਟਨ ਕੀਤਾ


"ਮਹਾਰਾਸ਼ਟਰ ਵਿੱਚ ਜਗਤਗੁਰੂ ਸ਼੍ਰੀ ਸੰਤ ਤੁਕਾਰਾਮ ਮਹਾਰਾਜ ਤੋਂ ਲੈ ਕੇ ਬਾਬਾ ਸਾਹਿਬ ਅੰਬੇਡਕਰ ਤੱਕ ਸਮਾਜ ਸੁਧਾਰਕਾਂ ਦੀ ਬਹੁਤ ਸਮ੍ਰਿੱਧ ਵਿਰਾਸਤ ਹੈ"

"ਸੁਤੰਤਰਤਾ ਸੰਗ੍ਰਾਮ ਨੂੰ ਕੁਝ ਘਟਨਾਵਾਂ ਤੱਕ ਸੀਮਿਤ ਰੱਖਣ ਦੀ ਪ੍ਰਵਿਰਤੀ ਹੈ, ਜਦੋਂ ਕਿ ਭਾਰਤ ਦੀ ਆਜ਼ਾਦੀ ਵਿੱਚ ਅਣਗਿਣਤ ਲੋਕਾਂ ਦੀ 'ਤਪੱਸਿਆ' ਸ਼ਾਮਲ ਹੈ"

"ਸਥਾਨਕ ਤੋਂ ਗਲੋਬਲ ਤੱਕ ਸੁਤੰਤਰਤਾ ਅੰਦੋਲਨ ਦੀ ਭਾਵਨਾ ਸਾਡੇ ਆਤਮਨਿਰਭਰ ਭਾਰਤ ਅਭਿਆਨ ਦੀ ਮਜ਼ਬੂਤੀ ਹੈ"

“ਮਹਾਰਾਸ਼ਟਰ ਦੇ ਕਈ ਸ਼ਹਿਰ 21ਵੀਂ ਸਦੀ ਵਿੱਚ ਦੇਸ਼ ਦੇ ਵਿਕਾਸ ਦੇ ਕੇਂਦਰ ਬਣਨ ਜਾ ਰਹੇ ਹਨ”

Posted On: 14 JUN 2022 6:21PM by PIB Chandigarh

 ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੁੰਬਈ ਵਿੱਚ ਰਾਜ ਭਵਨ ਵਿੱਚ ਜਲ ਭੂਸ਼ਣ ਭਵਨ ਅਤੇ ਕ੍ਰਾਂਤੀਕਾਰੀਆਂ ਦੀ ਗੈਲਰੀ ਦਾ ਉਦਘਾਟਨ ਕੀਤਾ।  ਇਸ ਮੌਕੇ ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਭਗਤ ਸਿੰਘ ਕੋਸ਼ਿਆਰੀ ਅਤੇ ਮੁੱਖ ਮੰਤਰੀ ਊਧਵ ਠਾਕਰੇ ਵੀ ਮੌਜੂਦ ਸਨ।

 

 ਪ੍ਰਧਾਨ ਮੰਤਰੀ ਨੇ, ਇਸ ਮੌਕੇ ਇੱਕ ਸਭਾ ਨੂੰ ਆਪਣੇ ਸੰਬੋਧਨ ਦੀ ਸ਼ੁਰੂਆਤ ਕਰਦਿਆਂ, ਅੱਜ ਵਟ ਪੂਰਨਿਮਾ ਅਤੇ ਕਬੀਰ ਜਯੰਤੀ 'ਤੇ ਲੋਕਾਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਰਾਸ਼ਟਰ ਨੇ ਦੇਸ਼ ਨੂੰ ਕਈ ਖੇਤਰਾਂ ਵਿੱਚ ਪ੍ਰੇਰਿਤ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਗਤਗੁਰੂ ਸ਼੍ਰੀ ਸੰਤ ਤੁਕਾਰਾਮ ਮਹਾਰਾਜ ਤੋਂ ਲੈ ਕੇ ਬਾਬਾ ਸਾਹੇਬ ਅੰਬੇਡਕਰ ਤੱਕ ਸਮਾਜ ਸੁਧਾਰਕਾਂ ਦੀ ਬਹੁਤ ਸਮ੍ਰਿੱਧ ਵਿਰਾਸਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਰਾਸ਼ਟਰ ਤੋਂ ਸੰਤ ਗਿਆਨੇਸ਼ਵਰ ਮਹਾਰਾਜ, ਸੰਤ ਨਾਮਦੇਵ, ਸੰਤ ਰਾਮਦਾਸ ਅਤੇ ਸੰਤ ਚੋਖਾਮੇਲਾ ਨੇ ਦੇਸ਼ ਵਿੱਚ ਊਰਜਾ ਦਾ ਸੰਚਾਰ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਜੇਕਰ ਸਵਰਾਜ ਦੀ ਗੱਲ ਕਰੀਏ ਤਾਂ, ਛਤਰਪਤੀ ਸ਼ਿਵਾਜੀ ਮਹਾਰਾਜ ਅਤੇ ਛਤਰਪਤੀ ਸੰਭਾਜੀ ਮਹਾਰਾਜ ਦਾ ਜੀਵਨ ਅੱਜ ਵੀ ਹਰ ਭਾਰਤੀ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਮਜ਼ਬੂਤ ​​ਕਰਦਾ ਹੈ। ਪ੍ਰਧਾਨ ਮੰਤਰੀ ਨੇ ਰਾਜ ਭਵਨ ਦੇ ਆਰਕੀਟੈਕਚਰ ਵਿੱਚ ਪੁਰਾਤਨ ਕਦਰਾਂ-ਕੀਮਤਾਂ ਅਤੇ ਸੁਤੰਤਰਤਾ ਸੰਗ੍ਰਾਮ  ਦੀਆਂ ਯਾਦਾਂ ਨੂੰ ਸ਼ਾਮਲ ਕਰਨ ਦਾ ਵੀ ਜ਼ਿਕਰ ਕੀਤਾ ਅਤੇ ਰਾਜ ਭਵਨ ਨੂੰ ਲੋਕ ਭਵਨ ਵਿੱਚ ਬਦਲਣ ਦੀ ਭਾਵਨਾ ਦੀ ਪ੍ਰਸ਼ੰਸਾ ਕੀਤੀ।

 

 ਪ੍ਰਧਾਨ ਮੰਤਰੀ ਨੇ ਕਿਹਾ ਕਿ ਜਾਣੇ ਜਾਂ ਅਣਜਾਣੇ ਵਿੱਚ, ਅਸੀਂ ਭਾਰਤ ਦੀ ਆਜ਼ਾਦੀ ਨੂੰ ਕੁਝ ਘਟਨਾਵਾਂ ਤੱਕ ਸੀਮਿਤ ਕਰਦੇ ਹਾਂ। ਜਦੋਂ ਕਿ ਭਾਰਤ ਦੀ ਆਜ਼ਾਦੀ ਵਿੱਚ ਅਣਗਿਣਤ ਲੋਕਾਂ ਦੀ ‘ਤਪੱਸਿਆ’ ​​ਸ਼ਾਮਲ ਸੀ ਅਤੇ ਸਥਾਨਕ ਪੱਧਰ ’ਤੇ ਕਈ ਘਟਨਾਵਾਂ ਦਾ ਸਮੂਹਿਕ ਪ੍ਰਭਾਵ ਰਾਸ਼ਟਰੀ ਸੀ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਸਾਧਨ ਵੱਖੋ-ਵੱਖਰੇ ਸਨ ਪਰ ਸੰਕਲਪ ਇੱਕੋ ਸੀ। ਉਨ੍ਹਾਂ ਕਿਹਾ ਕਿ ਸਮਾਜਿਕ, ਪਰਿਵਾਰਕ ਜਾਂ ਵਿਚਾਰਧਾਰਕ ਭੂਮਿਕਾਵਾਂ ਦੇ ਬਾਵਜੂਦ, ਅੰਦੋਲਨ ਦਾ ਸਥਾਨ, ਭਾਵੇਂ ਦੇਸ਼ ਦੇ ਅੰਦਰ ਹੋਵੇ ਜਾਂ ਵਿਦੇਸ਼ ਵਿੱਚ, ਲਕਸ਼ ਇੱਕ ਸੀ - ਭਾਰਤ ਦੀ ਸੰਪੂਰਣ ਆਜ਼ਾਦੀ। ਪ੍ਰਧਾਨ ਮੰਤਰੀ ਨੇ ਬਾਲ ਗੰਗਾਧਰ ਤਿਲਕ, ਚਾਪੇਕਰ ਭਰਾਵਾਂ, ਵਾਸੂਦੇਵ ਬਲਵੰਤ ਫਡਕ ਅਤੇ ਮੈਡਮ ਭੀਕਾਜੀ ਕਾਮਾ ਦੇ ਬਹੁ-ਅਯਾਮੀ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਆਜ਼ਾਦੀ ਦੀ ਲੜਾਈ ਸਥਾਨਕ ਅਤੇ ਆਲਮੀ ਪੱਧਰ 'ਤੇ ਫੈਲੀ ਹੋਈ ਸੀ। ਉਨ੍ਹਾਂ ਗਦਰ ਪਾਰਟੀ, ਨੇਤਾ ਜੀ ਦੀ ਅਗਵਾਈ ਵਾਲੀ ਆਜ਼ਾਦ ਹਿੰਦ ਫੌਜ ਅਤੇ ਸ਼ਿਆਮਜੀ ਕ੍ਰਿਸ਼ਨਾ ਵਰਮਾ ਦੇ ਇੰਡੀਆ ਹਾਊਸ ਨੂੰ ਸੁਤੰਤਰਤਾ ਸੰਗ੍ਰਾਮ  ਦੇ ਗਲੋਬਲ ਪੱਧਰ ਦੀਆਂ ਉਦਾਹਰਣਾਂ ਵਜੋਂ ਦਰਸਾਇਆ। ਉਨ੍ਹਾਂ ਕਿਹਾ "ਸਥਾਨਕ ਤੋਂ ਗਲੋਬਲ ਤੱਕ ਦੀ ਇਹ ਭਾਵਨਾ ਸਾਡੇ ਆਤਮਨਿਰਭਰ ਭਾਰਤ ਅਭਿਆਨ ਦਾ ਅਧਾਰ ਹੈ।”

 

 ਪ੍ਰਧਾਨ ਮੰਤਰੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਗੁਮਨਾਮ ਨਾਇਕਾਂ ਪ੍ਰਤੀ ਉਦਾਸੀਨਤਾ ਰਹੀ ਹੈ।  ਉਨ੍ਹਾਂ ਦੱਸਿਆ ਕਿ ਕਿਵੇਂ ਮਹਾਨ ਸੁਤੰਤਰਤਾ ਸੈਨਾਨੀ ਸ਼ਿਆਮਜੀ ਕ੍ਰਿਸ਼ਨ ਵਰਮਾ ਦੀਆਂ ਅਸਥੀਆਂ ਨੂੰ ਭਾਰਤ ਵਾਪਸ ਲਿਆਉਣ ਲਈ ਇੰਨਾ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ, ਜਦੋਂ ਤੱਕ ਸ਼੍ਰੀ ਮੋਦੀ ਖੁਦ ਉਨ੍ਹਾਂ ਨੂੰ ਭਾਰਤ ਵਾਪਸ ਨਹੀਂ ਲੈ ਕੇ ਆਏ।

 

 ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਮੁੰਬਈ ਸੁਪਨਿਆਂ ਦਾ ਸ਼ਹਿਰ ਹੈ, ਹਾਲਾਂਕਿ, ਮਹਾਰਾਸ਼ਟਰ ਵਿੱਚ ਅਜਿਹੇ ਕਈ ਸ਼ਹਿਰ ਹਨ, ਜੋ 21ਵੀਂ ਸਦੀ ਵਿੱਚ ਦੇਸ਼ ਦੇ ਵਿਕਾਸ ਦੇ ਕੇਂਦਰ ਬਣਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸੋਚ ਨਾਲ ਜਿੱਥੇ ਇੱਕ ਪਾਸੇ ਮੁੰਬਈ ਦੇ ਬੁਨਿਆਦੀ ਢਾਂਚੇ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ, ਉੱਥੇ ਹੀ ਦੂਸਰੇ ਸ਼ਹਿਰਾਂ ਵਿੱਚ ਵੀ ਆਧੁਨਿਕ ਸੁਵਿਧਾਵਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ।

 

 ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਉਨ੍ਹਾਂ ਦੀ ਭੂਮਿਕਾ ਜੋ ਵੀ ਹੋਵੇ, ਉਨ੍ਹਾਂ ਦਾ ਉਦੇਸ਼ ਰਾਸ਼ਟਰੀ ਸੰਕਲਪ ਨੂੰ ਮਜ਼ਬੂਤ ​​ਕਰਨਾ ਹੋਣਾ ਚਾਹੀਦਾ ਹੈ। ਉਨ੍ਹਾਂ ਰਾਸ਼ਟਰੀ ਵਿਕਾਸ ਵਿੱਚ 'ਸਬਕਾ ਪ੍ਰਯਾਸ' ਦੇ ਆਪਣੇ ਸੱਦੇ ਨੂੰ ਦੁਹਰਾਇਆ।

 

 ਜਲ ਭੂਸ਼ਣ ਭਵਨ 1885 ਤੋਂ ਮਹਾਰਾਸ਼ਟਰ ਦੇ ਰਾਜਪਾਲ ਦਾ ਸਰਕਾਰੀ ਨਿਵਾਸ ਰਿਹਾ ਹੈ। ਇਸਦੀ ਉਮਰ ਪੂਰੀ ਹੋਣ ਤੋਂ ਬਾਅਦ, ਇਸਨੂੰ ਢਾਹ ਦਿੱਤਾ ਗਿਆ ਸੀ ਅਤੇ ਇਸਦੀ ਥਾਂ 'ਤੇ ਇੱਕ ਨਵੀਂ ਇਮਾਰਤ ਨੂੰ ਮਨਜ਼ੂਰੀ ਦਿੱਤੀ ਗਈ ਸੀ। ਨਵੀਂ ਇਮਾਰਤ ਦਾ ਨੀਂਹ ਪੱਥਰ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਦੁਆਰਾ ਅਗਸਤ 2019 ਵਿੱਚ ਰੱਖਿਆ ਗਿਆ ਸੀ। ਨਵੀਂ ਬਣੀ ਇਮਾਰਤ ਵਿੱਚ ਪੁਰਾਣੀ ਇਮਾਰਤ ਦੀਆਂ ਸਾਰੀਆਂ ਵਿਲੱਖਣ ਵਿਸ਼ੇਸ਼ਤਾਵਾਂ ਨੂੰ ਸੁਰੱਖਿਅਤ ਰੱਖਿਆ ਗਿਆ ਹੈ।  2016 ਵਿੱਚ, ਮਹਾਰਾਸ਼ਟਰ ਦੇ ਤਤਕਾਲੀ ਰਾਜਪਾਲ ਸ਼੍ਰੀ ਵਿਦਿਆਸਾਗਰ ਰਾਓ ਨੂੰ ਰਾਜ ਭਵਨ ਵਿੱਚ ਇੱਕ ਬੰਕਰ ਲੱਭਿਆ ਸੀ। ਇਸ ਨੂੰ ਪਹਿਲਾਂ ਅੰਗ੍ਰੇਜ਼ਾਂ ਦੁਆਰਾ ਹਥਿਆਰਾਂ ਅਤੇ ਗੋਲਾ ਬਾਰੂਦ ਦੇ ਗੁਪਤ ਭੰਡਾਰ ਵਜੋਂ ਵਰਤਿਆ ਜਾਂਦਾ ਸੀ। ਬੰਕਰ ਦੀ 2019 ਵਿੱਚ ਮੁਰੰਮਤ ਕੀਤੀ ਗਈ ਸੀ। ਇਸ ਬੰਕਰ ਨੂੰ ਹੁਣ ਇੱਕ ਗੈਲਰੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਮਹਾਰਾਸ਼ਟਰ ਦੇ ਸੁਤੰਤਰਤਾ ਸੈਨਾਨੀਆਂ ਅਤੇ ਕ੍ਰਾਂਤੀਕਾਰੀਆਂ ਦੇ ਯੋਗਦਾਨ ਨੂੰ ਯਾਦ ਕਰਨ ਲਈ ਆਪਣੀ ਕਿਸਮ ਦੇ ਇੱਕ ਅਜਾਇਬ ਘਰ ਵਜੋਂ ਵਿਕਸਿਤ ਕੀਤਾ ਗਿਆ ਹੈ। ਇਹ ਵਾਸੁਦੇਵ ਬਲਵੰਤ ਫਡਕੇ, ਚਾਪੇਕਰ ਭਰਾਵਾਂ, ਸਾਵਰਕਰ ਭਰਾਵਾਂ, ਮੈਡਮ ਭੀਕਾਜੀ ਕਾਮਾ, ਵੀ ਬੀ ਗੋਗਟੇ, 1946 ਵਿੱਚ ਨੇਵਲ (ਨੌਸੈਨਾ) ਵਿਦਰੋਹ ਸਮੇਤ ਹੋਰਨਾਂ ਦੇ ਯੋਗਦਾਨ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ।

 

 

 ***********

 

ਡੀਐੱਸ/ਏਕੇ


(Release ID: 1834435)