ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦਾ 73ਵੇਂ ਗਣਤੰਤਰ ਦਿਵਸ 2022 ਦੀ ਪੂਰਵ ਸੰਧਿਆ 'ਤੇ ਰਾਸ਼ਟਰ ਦੇ ਨਾਮ ਸੰਦੇਸ਼

Posted On: 25 JAN 2022 7:45PM by PIB Chandigarh

ਪਿਆਰੇ ਦੇਸ਼ਵਾਸੀਓ!

ਨਮਸਕਾਰ!

(1)    73ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ, ਦੇਸ਼ ਅਤੇ ਵਿਦੇਸ਼ 'ਚ ਰਹਿਣ ਵਾਲੇ ਆਪ ਸਭ ਭਾਰਤੀਆਂ ਨੂੰ ਮੇਰੀ ਦਿਲੋਂ ਵਧਾਈ। ਸਾਨੂੰ ਸਭ ਨੂੰ ਇੱਕ ਸੂਤਰ 'ਚ ਬੰਨਣ ਵਾਲੀ ਭਾਰਤੀਅਤਾ ਦੇ ਗੌਰਵ ਦਾ ਇਹ ਤਿਉਹਾਰ ਹੈ। ਸੰਨ 1950 'ਚ ਅੱਜ ਹੀ ਦੇ ਦਿਨ ਸਾਡੀ ਸਭ ਦੀ ਇਸ ਗੌਰਵਸ਼ਾਲੀ ਪਛਾਣ ਨੂੰ ਰਸਮੀ ਸਵਰੂਪ ਪ੍ਰਾਪਤ ਹੋਇਆ ਸੀ। ਉਸ ਦਿਨ ਭਾਰਤ, ਵਿਸ਼ਵ ਦੇ ਸਭ ਤੋਂ ਵੱਡੇ ਗਣਤੰਤਰ ਦੇ ਰੂਪ ਵਿੱਚ ਸਥਾਪਿਤ ਹੋਇਆ ਅਤੇ ਅਸੀਂ, ਭਾਰਤ ਦੇ ਲੋਕਾਂ ਨੇ, ਇੱਕ ਐਸਾ ਸੰਵਿਧਾਨ ਲਾਗੂ ਕੀਤਾ ਜੋ ਸਾਡੀ ਸਮੂਹਿਕ ਚੇਤਨਾ ਦਾ ਜੀਉਂਦਾ ਜਾਗਦਾ ਦਸਤਾਵੇਜ਼ ਹੈ। ਸਾਡੇ ਵੰਨ-ਸਵੰਨਤਾ ਭਰਪੂਰ ਅਤੇ ਸਫ਼ਲ ਲੋਕਤੰਤਰ ਦੀ ਸ਼ਲਾਘਾ ਪੂਰੀ ਦੁਨੀਆ 'ਚ ਕੀਤੀ ਜਾਂਦੀ ਹੈ। ਹਰ ਸਾਲ ਗਣਤੰਤਰ ਦਿਵਸ ਦੇ ਦਿਨ ਅਸੀਂ ਆਪਣੇ ਗਤੀਸ਼ੀਲ ਲੋਕਤੰਤਰ ਅਤੇ ਰਾਸ਼ਟਰੀ ਏਕਤਾ ਦੀ ਭਾਵਨਾ ਦਾ ਤਿਉਹਾਰ ਮਨਾਉਂਦੇ ਹਾਂ। ਮਹਾਮਾਰੀ  ਦੇ ਕਾਰਨ ਇਸ ਸਾਲ ਦੇ ਤਿਉਹਾਰ 'ਚ ਧੂੰਮ ਧੜੱਕਾ ਭਾਵੇਂ ਕੁਝ ਘੱਟ ਹੋਏ, ਪਰ ਸਾਡੀ ਭਾਵਨਾ ਹਮੇਸ਼ਾ ਵਾਂਗ ਮਜ਼ਬੂਤ ਹੈ।

(2)    ਗਣਤੰਤਰ ਦਿਵਸ ਦਾ ਇਹ ਦਿਨ ਉਨ੍ਹਾਂ ਮਹਾਨਾਇਕਾਂ ਨੂੰ ਯਾਦ ਕਰਨ ਦਾ ਮੌਕਾ ਵੀ ਹੈ, ਜਿਨ੍ਹਾਂ ਨੇ ਸਵਰਾਜ ਦੇ ਸੁਪਨੇ ਨੂੰ ਸਾਕਾਰ ਕਰਨ ਲਈ – ਬੇਜੋੜ ਸਾਹਸ ਦਿਖਾਇਆ ਅਤੇ ਉਸ ਦੇ ਲਈ ਦੇਸ਼ਵਾਸੀਆਂ 'ਚ ਸੰਘਰਸ਼ ਕਰਨ ਦਾ ਉਤਸ਼ਾਹ ਜਗਾਇਆ। ਦੋ ਦਿਨ ਪਹਿਲਾਂ, 23 ਜਨਵਰੀ ਨੂੰ ਅਸੀਂ ਸਾਰੇ ਦੇਸ਼ਵਾਸੀਆਂ ਨੇ ਜੈ ਹਿੰਦ ਦਾ ਨਾਅਰਾ ਲਗਾਉਣ ਵਾਲੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ 'ਤੇ ਉਨ੍ਹਾਂ ਨੂੰ ਯਾਦ ਕੀਤਾ ਹੈ। ਆਜ਼ਾਦੀ ਲਈ ਉਨ੍ਹਾਂ ਦੀ ਇੱਛਾਸ਼ਕਤੀ 'ਤੇ ਭਾਰਤ ਨੂੰ ਗੌਰਵਸ਼ਾਲੀ ਬਣਾਉਣ ਦੀ ਉਨ੍ਹਾਂ ਦੀ ਮਹੱਤਵ ਆਕਾੰਕਸ਼ਾ ਸਾਡੇ ਸਾਰਿਆਂ ਲਈ ਪ੍ਰੇਰਨਾ ਦਾ ਸਰੋਤ ਹੈ।

(3)    ਅਸੀਂ ਬੜੇ ਭਾਗਾਂਵਾਲੇ ਹਾਂ ਕਿ ਸਾਡੇ ਸੰਵਿਧਾਨ ਦਾ ਨਿਰਮਾਣ ਕਰਨ ਵਾਲੀ ਸਭਾ 'ਚ ਉਸ ਦੌਰ ਦੀਆਂ ਸਰਬਸ਼੍ਰੇਸ਼ਠ ਸਖ਼ਸ਼ੀਅਤਾਂ ਦੀ ਅਗਵਾਈ ਸੀ। ਉਹ ਲੋਕ ਸਾਡੀ ਆਜ਼ਾਦੀ ਦੀ ਲੜਾਈ ਦੇ ਪ੍ਰਮੁੱਖ ਝੰਡਾ ਬਰਦਾਰ ਸਨ। ਲੰਬੇ ਵਕਫੇ ਤੋਂ ਬਾਅਦ, ਭਾਰਤ ਦੀ ਰਾਸ਼ਟਰੀ ਚੇਤਨਾ ਦਾ ਪੁਨਰ ਜਾਗਰਣ ਹੋ ਰਿਹਾ ਸੀ। ਇਸ ਤਰਾਂ, ਉਹ ਅਸਾਧਾਰਣ ਮਹਿਲਾਵਾਂ 'ਤੇ ਪੁਰਸ਼ ਇੱਕ ਨਵੀਂ ਜਾਗ੍ਰਿਤੀ ਲਈ ਆਗੂ ਦੀ ਭੂਮਿਕਾ ਨਿਭਾ ਰਹੇ ਸਨ। ਉਨਾਂ ਨੇ ਸੰਵਿਧਾਨ ਦੇ ਖਰੜੇ ਦੇ ਹਰੇਕ ਖੰਡ, ਵਾਕ ਅਤੇ ਸ਼ਬਦ ਉੱਤੇ, ਆਮ ਜਨ ਮਾਨਸ ਦੇ ਹਿਤ 'ਚ ਵਿਸਥਾਰ ਨਾਲ ਚਰਚਾ ਕੀਤੀ। ਇਹ ਵਿਚਾਰ-ਮੰਥਨ ਤਕਰੀਬਨ ਤਿੰਨ ਸਾਲ ਚਲਿਆ। ਆਖਿਰਕਾਰ, ਡਾਕਟਰ ਬਾਬਾ ਸਾਹਿਬ ਅੰਬੇਡਕਰ ਨੇ ਪ੍ਰਾਰੂਪ ਸਮਿਤੀ (ਡਰਾਫਟਿੰਗ ਕਮੇਟੀ) ਦੇ ਚੇਅਰਮੈਨ ਦੀ ਹੈਸੀਅਤ ਨਾਲ, ਸੰਵਿਧਾਨ ਨੂੰ ਅਧਿਕਾਰਕ ਸਵਰੂਪ ਪ੍ਰਦਾਨ ਕੀਤਾ। ਅਤੇ ਉਹ ਸਾਡਾ ਮੂਲ ਗ੍ਰੰਥ ਬਣ ਗਿਆ।

(4)    ਹਾਲਾਂਕਿ ਸਾਡੇ ਸੰਵਿਧਾਨ ਦਾ ਕਲੇਵਰ ਬਹੁਤ ਵਿਸ਼ਾਲ ਹੈ, ਕਿਉਂਕ ਉਸ ਵਿੱਚ ਰਾਜ ਦੇ ਕੰਮ-ਕਾਜ ਦੀ ਵਿਵਸਥਾ ਦਾ ਵੀ ਲੇਖਾ ਜੋਖਾ ਹੈ। ਪਰ ਸੰਵਿਧਾਨ ਦੀ ਸੰਖੇਪ ਪ੍ਰਸਤਾਵਨਾ 'ਚ ਲੋਕਤੰਤਰ, ਨਿਆਂ, ਸੁਤੰਤਰਤਾ, ਸਮਾਨਤਾ ਤੇ ਭਾਈਚਾਰੇ ਦੇ ਮਾਰਗਦਰਸ਼ਕ ਸਿਧਾਂਤ, ਸਾਰ, ਡੂੰਘੇ ਰੂਪ 'ਚ ਲਿਖੇ ਗਏ ਨੇ। ਇਨਾਂ ਆਦਰਸ਼ਾਂ ਨਾਲ ਉਸ ਠੋਸ ਅਧਾਰਸ਼ਿਲਾ ਦਾ ਨਿਰਮਾਣ ਹੋਇਆ ਹੈ, ਜਿਸ ਉੱਤੇ ਸਾਡਾ ਸ਼ਾਨਦਾਰ ਗਣਤੰਤਰ ਮਜਬੂਤੀ ਨਾਲ ਖੜ੍ਹਾ ਹੈ। ਇਨ੍ਹਾਂ ਜੀਵਨ ਕਦਰਾਂ-ਕੀਮਤਾਂ 'ਚ ਹੀ ਸਾਡੀ ਸਮੁੱਚੀ ਵਿਰਾਸਤ ਵੀ ਝਲਕਦੀ ਹੈ।

(5)    ਇਨ੍ਹਾਂ ਜੀਵਨ ਦੀਆਂ ਕਦਰਾਂ-ਕੀਮਤਾਂ ਨੂੰ, ਮੂਲ ਅਧਿਕਾਰਾਂ, ਅਤੇ ਨਾਗਰਿਕਾਂ ਦੇ ਮੂਲ ਕਰਤੱਵ ਦੇ ਰੂਪ 'ਚ ਸਾਡੇ ਸੰਵਿਧਾਨ ਦੁਆਰਾ ਬੁਨਿਆਦੀ ਮਹੱਤਵ ਪ੍ਰਦਾਨ ਕੀਤਾ ਗਿਆ ਹੈ। ਅਧਿਕਾਰ ਅਤੇ ਫਰਜ਼ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ। ਸੰਵਿਧਾਨ 'ਚ ਦਰਸਾਏ ਮੂਲ ਕਰਤੱਵ ਦੀ ਨਾਗਰਿਕਾਂ ਦੁਆਰਾ ਪਾਲਣਾ ਕਰਨ ਨਾਲ ਮੂਲ ਅਧਿਕਾਰਾਂ ਲਈ ਸਮੁੱਚੇ ਤੌਰ 'ਤੇ ਵਾਤਾਵਰਣ ਸਿਰਜਿਆ ਜਾਂਦਾ ਹੈ। ਅਪੀਲ ਕੀਤੇ ਜਾਣ 'ਤੇ ਰਾਸ਼ਟਰ ਦੀ ਸੇਵਾ ਕਰਨ ਦੇ ਮੂਲ ਕਰੱਤਵਾਂ ਨੂੰ ਨਿਭਾਉਂਦੇ ਹੋਏ ਸਾਡੇ ਕਰੋੜਾਂ ਦੇਸ਼ਵਾਸੀਆਂ ਨੇ ਸਵੱਛਤਾ ਅਭਿਯਾਨ ਤੋਂ ਲੈ ਕੇ ਕੋਵਿਡ ਟੀਕਾਕਰਣ ਮੁਹਿੰਮ ਨੂੰ ਜਨ ਅੰਦੋਲਨ ਦਾ ਰੂਪ ਦਿੱਤਾ ਹੈ। ਅਜਿਹੀਆਂ ਮੁਹਿੰਮਾਂ ਦੀ ਸਫ਼ਲਤਾ ਦਾ ਬਹੂਤ ਵੱਡਾ ਸਿਹਰਾ ਸਾਡੇ ਫਰਜ਼ਾਂ ਦੇ ਪੱਕੇ ਨਾਗਰਿਕਾਂ ਨੂੰ ਜਾਂਦਾ ਹੈ। ਮੈਨੂੰ ਵਿਸ਼ਵਾਸ ਹੈ ਕਿ ਸਾਡੇ ਦੇਸ਼ਵਾਸੀ ਇਸੇ ਫਰਜ਼ ਦੀ ਭਾਵਨਾ ਦੇ ਨਾਲ ਰਾਸ਼ਟਰ ਹਿਤ ਦੀਆਂ ਮੁਹਿੰਮਾਂ ਨੂੰ ਆਪਣੀ ਸਰਗਰਮ ਭਾਗੀਦਾਰੀ ਨਾਲ ਮਜ਼ਬੂਤ ਬਣਾਉਂਦੇ ਰਹਿਣਗੇ।

ਪਿਆਰੇ ਦੇਸ਼ਵਾਸੀਓ,

(6)    ਭਾਰਤ ਦਾ ਸੰਵਿਧਾਨ 26 ਨਵੰਬਰ 1949 ਨੂੰ ਸੰਵਿਧਾਨ ਸਭਾ ਵੱਲੋਂ ਸਵੀਕਾਰਿਆ, ਲਾਗੂ ਕੀਤਾ ਅਤੇ ਸਮਰਪਿਤ ਕੀਤਾ ਗਿਆ। ਉਸ ਦਿਨ ਨੂੰ ਅਸੀਂ ਸੰਵਿਧਾਨ ਦਿਹਾੜੇ ਦੇ ਰੂਪ 'ਚ ਮਨਾਉਂਦੇ ਹਾਂ। ਉਸ ਤੋਂ ਦੋ ਮਹੀਨਿਆਂ ਬਾਅਦ 26 ਜਨਵਰੀ, 1950 ਤੋਂ ਸਾਡਾ ਸੰਵਿਧਾਨ ਪੂਰੀ ਤਰ੍ਹਾਂ ਲਾਗੂ ਹੋਇਆ। ਅਜਿਹਾ ਸੰਨ 1930 ਦੇ ਉਸ ਦਿਨ ਨੂੰ ਯਾਦਗਾਰ ਬਣਾਉਣ ਲਈ ਕੀਤਾ ਗਿਆ ਸੀ, ਜਿਸ ਦਿਨ ਭਾਰਤਵਾਸੀਆਂ ਨੇ ਪੂਰੀ ਆਜ਼ਾਦੀ ਹਾਸਲ ਕਰਨ ਦਾ ਸੰਕਲਪ ਲਿਆ ਸੀ। ਸੰਨ 1930 ਤੋਂ 1947 ਤੱਕ, ਹਰ ਸਾਲ 26 ਜਨਵਰੀ ਨੂੰ ਪੂਰਨ ਸਵਰਾਜ ਦਿਹਾੜੇ ਦੇ ਰੂਪ 'ਚ ਮਨਾਇਆ ਜਾਂਦਾ ਸੀ, ਇਸ ਲਈ ਇਹ ਤੈਅ ਕੀਤਾ ਗਿਆ ਕਿ ਉਸੇ ਦਿਨ ਤੋਂ ਸੰਵਿਧਾਨ ਨੂੰ ਪੂਰਨ ਰੂਪ ਨਾਲ ਲਾਗੂ ਕੀਤਾ ਜਾਏ।

(7)    ਸੰਨ 1930 'ਚ ਮਹਾਤਮਾ ਗਾਂਧੀ ਨੇ ਦੇਸ਼ਵਾਸੀਆਂ ਨੂੰ ਪੂਰਨ ਸਵਰਾਜ ਦਿਹਾੜਾ ਮਨਾਉਣ ਦਾ ਤਰੀਕਾ ਸਮਝਾਇਆ ਸੀ। ਉਨ੍ਹਾਂ ਨੇ ਕਿਹਾ ਸੀ- ਕਿਉਂਕਿ ਅਸੀਂ ਆਪਣੇ ਟੀਚੇ ਨੂੰ ਅਹਿੰਸਾਤਮਕ ਅਤੇ ਸੱਚੇ ਤਰੀਕਿਆਂ ਨਾਲ ਹੀ ਪ੍ਰਾਪਤ ਕਰਨਾ ਚਾਹੁੰਦੇ ਆਂ, ਅਤੇ ਇਹ ਕੰਮ ਅਸੀਂ ਸਿਰਫ਼ ਆਤਮ-ਸ਼ੁੱਧੀ ਦੇ ਦੁਆਰਾ ਹੀ ਕਰ ਸਕਦੇ ਆਂ, ਇਸ ਲਈ ਸਾਨੂੰ ਚਾਹੀਦਾ ਹੈ ਕਿ ਉਸ ਦਿਨ ਅਸੀਂ ਆਪਣਾ ਸਾਰਾ ਸਮਾਂ ਜਿਥੋਂ ਤੱਕ ਸੰਭਵ ਹੋ ਸਕੇ ਕੋਈ ਸਿਰਜਣਾਤਮਕ ਕੰਮ ਕਰਨ 'ਚ ਬਿਤਾਈਏ।

(8)    ਸਮੱਰਥਾ ਅਨੁਸਾਰ ਸਿਰਜਣਾਤਮਕ ਕੰਮ ਕਰਨ ਦਾ ਗਾਂਧੀ ਜੀ ਦਾ ਇਹ ਉਪਦੇਸ਼ ਹਮੇਸ਼ਾ ਢੁੱਕਵਾਂ ਰਹੇਗਾ। ਉਨ੍ਹਾਂ ਦੀ ਇੱਛਾ ਅਨੁਸਾਰ ਗਣਤੰਤਰ ਦਿਵਸ ਦਾ ਤਿਉਹਾਰ ਮਨਾਉਣ ਦੇ ਦਿਨ ਤੇ ਉਸ ਤੋਂ ਬਾਅਦ ਵੀ, ਸਾਡੀ ਸਭ ਦੀ ਸੋਚ ਅਤੇ ਕੰਮ ਵਿੱਚ ਰਚਨਾਤਮਕਤਾ ਹੋਣੀ ਚਾਹੀਦੀ ਹੈ। ਗਾਂਧੀ ਜੀ ਚਾਹੁੰਦੇ ਸਨ ਕਿ ਅਸੀਂ ਆਪਣੇ ਅੰਦਰ ਝਾਤ ਮਾਰ ਕੇ ਦੇਖੀਏ, ਆਤਮ ਨਿਰੀਖਣ ਕਰੀਏ ਅਤੇ ਬਿਹਤਰ ਇਨਸਾਨ ਬਣਨ ਦੀ ਕੋਸ਼ਿਸ਼ ਕਰੀਏ, ਅਤੇ ਉਸ ਤੋਂ ਬਾਅਦ ਬਾਹਰ ਵੀ ਦੇਖੀਏ, ਲੋਕਾਂ ਨਾਲ ਸਹਿਯੋਗ ਕਰੀਏ ਅਤੇ ਇੱਕ ਬਿਹਤਰ ਭਾਰਤ ਅਤੇ ਬਿਹਤਰ ਵਿਸ਼ਵ ਦੇ ਨਿਰਮਾਣ 'ਚ ਆਪਣਾ ਯੋਗਦਾਨ ਪਾਈਏ।

ਪਿਆਰੇ ਦੇਸ਼ਵਾਸੀਓ,

(9)    ਮਨੁੱਖੀ ਸਮਾਜ ਨੂੰ ਇੱਕ ਦੂਜੇ ਦੀ ਸਹਾਇਤਾ ਦੀ ਇੰਨੀ ਜ਼ਰੂਰਤ ਕਰੇ ਨਹੀਂ ਪਈ ਸੀ, ਜਿੰਨੀ ਕਿ ਅੱਜ ਹੈ। ਹੁਣ ਦੋ ਸਾਲ ਤੋਂ ਵੀ ਜ਼ਿਆਦਾ ਸਮਾਂ ਬੀਤ ਗਿਆ ਹੈ, ਪਰ ਮਨੁਖਤਾ ਦਾ ਕੋਰੋਨਾ ਵਾਇਰਸ ਦੇ ਵਿਰੁੱਧ ਸੰਘਰਸ਼ ਅਜੇ ਵੀ ਜਾਰੀ ਹੈ। ਇਸ ਮਹਾਮਾਰੀ  'ਚ ਹਜ਼ਾਰਾਂ ਲੋਕਾਂ ਨੂੰ ਜਾਨ ਤੋਂ ਹੱਥ ਧੋਣਾ ਪਿਆ ਹੈ। ਪੂਰੇ ਵਿਸ਼ਵ ਦੀ ਅਰਥਵਿਵਸਥਾ 'ਤੇ ਗਾਜ ਡਿੱਗੀ ਹੈ। ਵਿਸ਼ਵ ਦੀ ਮਾਨਵ ਜਾਤੀ ਨੂੰ ਬਹੁਤ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਹੈ। ਨਿੱਤ ਨਵੇਂ ਰੂਪਾਂ 'ਚ ਇਹ ਵਾਇਰਸ ਨਵੀਆਂ ਮੁਸੀਬਤਾਂ ਪੈਦਾ ਕਰਦਾ ਰਿਹਾ ਹੈ। ਇਹ ਸਥਿਤੀ ਮਾਨਵ ਜਾਤੀ ਲਈ ਇੱਕ ਅਸਾਧਾਰਣ ਚੁਣੌਤੀ ਬਣੀ ਹੋਈ ਹੈ।

(10) ਮਹਾਮਾਰੀ  ਦਾ ਸਾਹਮਣਾ ਕਰਨਾ ਭਾਰਤ ਵਿੱਚ ਉਮੀਦ ਤੋਂ ਜ਼ਿਆਦਾ ਮੁਸ਼ਕਿਲ ਹੋਣਾ ਹੀ ਸੀ। ਸਾਡੇ ਦੇਸ਼ 'ਚ ਜਨਸੰਖਿਆ ਦੀ ਘਣਨਾ ਬਹੁਤ ਜ਼ਿਆਦਾ ਹੈ, ਅਤੇ ਵਿਕਾਸਸ਼ੀਲ ਅਰਥਵਿਵਸਥਾ ਹੋਣ ਦੇ ਨਾਤੇ, ਸਾਡੇ ਕੋਲ ਇਸ ਅਦਿੱਖ ਦੁਸ਼ਮਨ ਨਾਲ ਲੜਨ ਲਈ ਭਰਪੂਰ ਮਾਤਰਾ 'ਚ ਬੁਨਿਆਦੀ ਢਾਂਚਾ ਅਤੇ ਜ਼ਰੂਰੀ ਵਸੀਲੇ ਉਪਲਬਧ ਨਹੀਂ ਸਨ। ਪਰ ਅਜਿਹੇ ਮੁਸ਼ਕਿਲ ਸਮੇਂ 'ਚ ਹੀ, ਕਿਸੇ ਰਾਸ਼ਟਰ ਦੀ ਸੰਘਰਸ਼ ਕਰਨ ਦੀ ਸਮੱਰਥਾ ਨਿਖਰਦੀ ਹੈ। ਮੈਨੂੰ ਇਹ ਕਹਿੰਦੇ ਹੋਏ ਫ਼ਖ਼ਰ ਮਹਿਸੂਸ ਹੁੰਦਾ ਹੈ ਕਿ ਅਸੀਂ ਕੋਰੋਨਾ ਵਾਇਰਸ ਦੇ ਖ਼ਿਲਾਫ਼ ਅਸਾਧਾਰਣ ਦ੍ਰਿੜ੍ਹ ਸੰਕਲਪ ਅਤੇ ਕਾਰਜ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੈ। ਪਹਿਲੇ ਵਰ੍ਹੇ ਦੇ ਦੌਰਾਨ ਹੀ, ਅਸੀਂ ਸਿਹਤ ਸੇਵਾਵਾਂ ਦੇ ਬੁਨਿਆਦੀ ਢਾਂਚੇ ਨੂੰ ਵਿਸ਼ਾਲ ਤੇ ਮਜ਼ਬੂਤ ਬਣਾਇਆ ਅਤੇ ਦੂਜੇ ਦੇਸ਼ਾਂ ਦੀ ਮਦਦ ਲਈ ਵੀ ਅੱਗੇ ਵਧੇ। ਦੂਜੇ ਵਰ੍ਹੇ ਤੱਕ, ਅਸੀਂ ਸਵਦੇਸ਼ੀ ਟੀਕੇ ਵਿਕਸਿਤ ਕਰ ਲਏ, ਅਤੇ ਵਿਸ਼ਵ ਇਤਿਹਾਸ ਵਿੱਚ ਸਭ ਤੋਂ ਵੱਡੇ ਟੀਕਾਕਰਣ ਮੁਹਿੰਮ ਸ਼ੁਰੂ ਕਰ ਦਿੱਤੀ। ਇਹ ਮੁਹਿੰਮ ਤੇਜ਼ ਗਤੀ ਨਾਲ ਅੱਗੇ ਵੱਧ ਰਹੀ ਹੈ। ਅਸੀਂ ਕਈ ਦੇਸ਼ਾਂ ਨੂੰ ਵੈਕਸੀਨ ਅਤੇ ਇਲਾਜ ਸਬੰਧੀ ਹੋਰ ਸਹੂਲਤਾਂ ਮੁਹੱਇਆ ਕਰਵਾਈਆਂ ਨੇ। ਭਾਰਤ ਦੇ ਇਸ ਯੋਗਦਾਨ ਦੀ ਸੰਸਾਰ ਪੱਧਰੀ ਸੰਗਠਨਾਂ ਨੇ ਸ਼ਲਾਘਾ ਕੀਤੀ ਹੈ।

(11)   ਬਦਕਿਸਮਤੀ ਨਾਲ, ਮੁਸ਼ਕਿਲ ਦੇ ਹਾਲਾਤ ਆਉਂਦੇ ਰਹੇ ਨੇ, ਕਿਉਂਕਿ ਵਾਇਰਸ ਆਪਣੇ ਬਦਲਦੇ ਸਵਰੂਪਾਂ 'ਚ ਵਾਪਸੀ ਕਰਦਾ ਰਿਹਾ ਹੈ। ਅਣਗਿਣਤ ਪਰਿਵਾਰ, ਭਿਆਨਕ ਮੁਸੀਬਤ ਦੇ ਦੌਰ ਚੋਂ ਗੁਜ਼ਰੇ ਨੇ। ਸਾਡੀ ਸਮੂਹ ਦੀ ਪੀੜਾ ਨੂੰ ਬਿਆਨ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਪਰ ਇੱਕੋ ਇੱਕ ਤਸੱਲੀ ਇਸ ਗੱਲ ਦੀ ਹੈ ਕ ਬਹੁਤ ਸਾਰੇ ਲੋਕਾਂ ਦੀ ਜਾਨ ਬਚਾਈ ਜਾ ਸਕੀ ਹੈ। ਮਹਾਮਾਰੀ  ਦਾ ਪ੍ਰਭਾਵ ਅਜੇ ਵੀ ਬਹੁਤ ਵੱਡੇ ਪੱਧਰ 'ਤੇ ਬਣਿਆ ਹੋਇਆ ਹੈ, ਇਸ ਲਈ ਸਾਨੂੰ ਚੌਕਸ ਰਹਿਣਾ ਚਾਹੀਦਾ ਹੈ ਅਤੇ ਆਪਣੇ ਬਚਾਅ 'ਚ ਜ਼ਰਾ ਵੀ ਢਿੱਲ ਨਹੀਂ ਕਰਨੀ ਚਾਹੀਦੀ ਹੈ। ਅਸੀਂ ਹੁਣ ਤੱਕ ਜੋ ਸਾਵਧਾਨੀਆਂ ਵਰਤੀਆਂ ਨੇ, ਉਨ੍ਹਾਂ ਨੂੰ ਜਾਰੀ ਰੱਖੀਏ ਹੈ। ਮਾਸਕ ਪਾਉਣਾ ਤੇ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣਾ, ਕੋਵਿਡ ਦੇ ਹਿਸਾਬ ਨਾਲ ਵਿਵਹਾਰ ਦੇ ਜ਼ਰੂਰੀ ਅੰਗ ਰਹੇ ਨੇ। ਕੋਵਿਡ ਮਹਾਮਾਰੀ  ਦੇ ਖ਼ਿਲਾਫ਼ ਲੜਾਈ 'ਚ ਵਿਗਿਆਨੀਆਂ ਅਤੇ ਮਾਹਿਰਾਂ ਦੁਆਰਾ ਦੱਸੀਆਂ ਗਈਆਂ ਸਾਵਧਾਨੀਆਂ ਦੀ ਪਾਲਣਾ ਕਰਨਾ, ਅੱਜ ਹਰ ਦੇਸ਼ਵਾਸੀ ਦਾ ਰਾਸ਼ਟਰ ਧਰਮ ਬਣ ਗਿਆ ਹੈ। ਇਹ ਰਾਸ਼ਟਰ ਧਰਮ ਅਸੀਂ ਤਦ ਤੱਕ ਜ਼ਰੂਰ ਨਿਭਾਉਣੀ ਏ, ਜਦੋਂ ਤੱਕ ਇਹ ਮੁਸੀਬਤ ਦੂਰ ਨਹੀਂ ਹੋ ਜਾਂਦੀ।

(12) ਮੁਸ਼ਕਿਲ ਦੀ ਇਸ ਘੜੀ 'ਚ ਅਸੀਂ ਦੇਖਿਆ ਹੈ ਕਿ ਕਿਸ ਤਰ੍ਹਾਂ ਅਸੀਂ ਦੇਸ਼ਵਾਸੀ ਇੱਕ ਪਰਿਵਾਰ ਵਾਂਗ ਆਪਸ 'ਚ ਜੁੜੇ ਹੋਏ ਆਂ। ਸੋਸ਼ਲ ਡਿਸਟੈਂਸਿੰਗ ਦੇ ਮੁਸ਼ਕਿਲ ਦੌਰ ਚ ਅਸੀਂ ਸਾਰਿਆਂ ਨੇ ਇੱਕ ਦੂਜੇ ਦੇ ਨਾਲ ਨੇੜਤਾ ਮਹਿਸੂਸ ਕੀਤੀ ਹੈ। ਅਸੀਂ ਮਹਿਸੂਸ ਕੀਤਾ ਹੈ ਕਿ ਅਸੀਂ ਇੱਕ ਦੂਸਰੇ 'ਤੇ ਕਿੰਨਾ ਨਿਰਭਰ ਕਰਦੇ ਆਂ। ਔਖੀਆਂ ਘੜੀਆਂ 'ਚ ਲੰਬੇ ਸਮੇਂ ਤੱਕ ਕੰਮ ਕਰਕੇ, ਇੱਥੋਂ ਤੱਕ ਕਿ ਮਰੀਜਾਂ ਦੀ ਦੇਖਭਾਲ਼ ਲਈ, ਆਪਣੀ ਜਾਨ ਜੋਖਿਮ 'ਚ ਪਾ ਕੇ ਵੀ ਡਾਕਟਰਾਂ, ਨਰਸਾਂ ਅਤੇ ਪੈਰਾਮੈਡਿਕਸ ਨੇ ਮਾਨਵਤਾ ਦੀ ਸੇਵਾ ਕੀਤੀ ਹੈ। ਬਹੁਤ ਸਾਰੇ ਲੋਕਾਂ ਨੇ ਦੇਸ਼ 'ਚ ਗਤੀਵਿਧੀਆਂ ਨੂੰ ਸੁਚਾਰੂ ਰੂਪ 'ਚ ਜਾਰੀ ਰੱਖਣ ਲਈ ਇਹ ਯਕੀਨੀ ਬਣਾਇਆ ਹੈ ਕਿ ਲੋੜੀਂਦੀਆਂ ਸਹੂਲਤਾਂ ਉਪਲਬਧ ਰਹਿਣ ਅਤੇ ਸਪਲਾਈ ਚੇਨ 'ਚ ਰੁਕਾਵਟ ਨਾ ਪੈਦਾ ਹੋਵੇ। ਕੇਂਦਰ ਅਤੇ ਰਾਜ ਪੱਧਰ 'ਤੇ ਜਨ ਸੇਵਕਾਂ, ਨੀਤੀ ਨਿਰਮਾਤਾਵਾਂ, ਪ੍ਰਸ਼ਾਸਕਾਂ ਅਤੇ ਹੋਰ ਲੋਕਾਂ ਨੇ ਸਮੇਂ ਅਨੁਸਾਰ ਕਦਮ ਚੁੱਕੇ ਨੇ।

(13) ਇਨ੍ਹਾਂ ਕੋਸ਼ਿਸ਼ਾਂ ਦੇ ਦਮ 'ਤੇ ਸਾਡੀ ਅਰਥਵਿਵਸਥਾ ਨੇ ਫਿਰ ਤੋਂ ਰਫ਼ਤਾਰ ਫੜ ਲਈ ਹੈ। ਮੁਸ਼ਕਿਲ ਹਾਲਾਤ 'ਚ ਭਾਰਤ ਦੀ ਦ੍ਰਿੜ੍ਹਤਾ ਦਾ ਇਹ ਸਬੂਤ ਹੈ ਕਿ ਪਿਛਲੇ ਸਾਲ ਆਰਥਿਕ ਵਿਕਾਸ ਚ ਆਈ ਕਮੀ ਤੋਂ ਬਾਅਦ ਇਸ ਵਿੱਤ ਵਰ੍ਹੇ 'ਚ ਅਰਥਵਿਵਸਥਾ ਦੇ ਪ੍ਰਭਾਵਸ਼ਾਲੀ ਤਰੀਕੇ ਨਾਲ ਵਧਣ ਦਾ ਅਨੁਮਾਨ ਹੈ। ਇਹ ਪਿਛਲੇ ਸਾਲ ਸ਼ੁਰੂ ਕੀਤੇ ਗਏ ਆਤਮਨਿਰਭਰ ਭਾਰਤ ਅਭਿਯਾਨ ਦੀ ਸਫ਼ਲਤਾ ਨੂੰ ਵੀ ਦਰਸਾਉਂਦਾ ਹੈ। ਸਾਰੇ ਆਰਥਿਕ ਖੇਤਰਾਂ 'ਚ ਸੁਧਾਰ ਲਿਆਉਣ ਅਤੇ ਜ਼ਰੂਰਤ ਮੁਤਾਬਕ ਸਹਾਇਤਾ ਪ੍ਰਦਾਨ ਕਰਨ ਲਈ ਸਰਕਾਰ ਲਗਾਤਾਰ ਸਰਗਰਮ ਰਹੀ ਹੈ। ਇਸ ਪ੍ਰਭਾਵਸ਼ਾਲੀ ਆਰਥਿਕ ਪ੍ਰਦਰਸ਼ਨ ਦੇ ਪਿੱਛੇ ਖੇਤੀ ਅਤੇ ਮੈਨੂਫੈਕਚਰਿੰਗ ਖੇਤਰਾਂ 'ਚ ਹੋ ਰਹੀਆਂ ਤਬਦੀਲੀਆਂ ਦਾ ਅਹਿਮ ਯੋਗਦਾਨ ਹੈ। ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਸਾਡੇ ਕਿਸਾਨ, ਖਾਸ ਕਰ ਛੋਟੀ ਕਿਰਸਾਨੀ ਵਾਲੇ ਯੁਵਾ ਕਿਸਾਨ ਕੁਦਰਤੀ ਖੇਤੀ ਨੂੰ ਉਤਸ਼ਾਹ ਪੂਰਵਕ ਆਪਣਾ ਰਹੇ ਨੇ।

(14) ਲੋਕਾਂ ਨੂੰ ਰੋਜ਼ਗਾਰ ਦੇਣ ਅਤੇ ਅਰਥਵਿਵਸਥਾ ਨੂੰ ਰਫ਼ਤਾਰ ਦੇਣ 'ਚ ਛੋਟੇ ਅਤੇ ਦਰਮਿਆਣੇ ਉਦੱਮਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸਾਡੇ ਇਨੋਵੇਟਿਵ ਯੁਵਾ ਉਦੱਮੀਆਂ ਨੇ ਸਟਾਰਟਅੱਪ ਈਕੋਸਿਸਟਮ ਦਾ ਪ੍ਰਭਾਵੀ ਉਪਯੋਗ ਕਰਦੇ ਹੋਏ ਸਫ਼ਲਤਾ ਦੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਨੇ। ਸਾਡੇ ਦੇਸ਼ 'ਚ ਵਿਕਸਿਤ, ਵਿਸ਼ਾਲ ਅਤੇ ਸੁਰੱਖਿਅਤ ਡਿਜੀਟਲ ਪੇਮੈਂਟ ਪਲੈਟਫਾਰਮ ਦੀ ਸਫ਼ਲਤਾ ਦਾ ਇੱਕ ਉਦਾਹਰਣ ਇਹ ਹੈ ਕਿ ਹਰ ਮਹੀਨੇ ਕਰੋੜਾਂ ਦੀ ਗਿਣਤੀ 'ਚ ਡਿਜੀਟਲ ਟ੍ਰਾਂਜੈਕਸ਼ਨ ਕੀਤੇ ਜਾ ਰਹੇ ਨੇ।

(15) ਜਨ ਸੰਸਾਧਨ ਤੋਂ ਲਾਭ ਲੈਣ ਯਾਨੀ ਡੈਮੋਗਰਾਫਿਕ ਡਿਵੀਡੈਂਡ ਪ੍ਰਾਪਤ ਕਰਨ ਲਈ ਸਾਡੀਆਂ ਪਾਰੰਪਰਿਕ ਜੀਵਨ ਦੀਆਂ ਕਦਰਾਂ-ਕੀਮਤਾਂ ਅਤੇ ਆਧੁਨਿਕ ਕੌਸ਼ਲ ਦੇ ਆਦਰਸ਼ ਸੰਗਮ ਨਾਲ ਜੁੜੀ ਰਾਸ਼ਟਰੀ ਸਿਖਿੱਆ ਨੀਤੀ ਦੇ ਜ਼ਰੀਏ ਸਰਕਾਰ ਨੇ ਢੁਕਵਾਂ ਵਾਤਾਵਰਣ ਉਪਲਬਧ ਕਰਾਇਆ ਹੈ। ਮੈਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਦੁਨੀਆ 'ਚ ਸਭ ਤੋਂ ਉਪਰਲੀਆਂ 50 ਇਨੋਵੇਟਿਵ ਇਕੌਨੋਮੀਜ਼ 'ਚ ਭਾਰਤ ਆਪਣੀ ਥਾਂ ਬਣਾ ਚੁੱਕਾ ਹੈ। ਇਹ ਉਪਲਬਧੀ ਹੋਰ ਵੀ ਤਸੱਲੀਬਖਸ਼ ਹੈ ਕਿ ਅਸੀਂ ਵਿਆਪਕ ਸਮਾਵੇਸ਼ 'ਤੇ ਜੋਰ ਦੇਣ ਦੇ ਨਾਲ-ਨਾਲ ਕਾਬਲੀਅਤ ਨੂੰ ਵਧਾਵਾ ਦੇਣ 'ਚ ਸਮਰੱਥ ਹਾਂ।

ਦੇਵੀਓ ਤੇ ਸੱਜਣੋ,

(16) ਪਿਛਲੇ ਸਾਲ ਓਲੰਪਿਕ ਖੇਡਾਂ 'ਚ ਸਾਡੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਲੋਕਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਸੀ। ਉਨ੍ਹਾਂ ਨੌਜਵਾਨ ਜੇਤੂਆਂ ਦਾ ਆਤਮਵਿਸ਼ਵਾਸ ਅੱਜ ਲੱਖਾਂ ਦੇਸ਼ਵਾਸੀਆਂ ਨੂੰ ਪ੍ਰੇਰਿਤ ਕਰ ਰਿਹਾ ਹੈ।

(17) ਹਾਲ ਦੇ ਮਹੀਨਿਆਂ 'ਚ, ਸਾਡੇ ਦੇਸ਼ਵਾਸੀਆਂ ਦੁਆਰਾ, ਵੱਖ ਵੱਖ ਖੇਤਰਾਂ 'ਚ ਆਪਣੀ ਵਚਨਬਧੱਤਾ ਅਤੇ ਸਿਰੜ ਨਾਲ ਰਾਸ਼ਟਰ ਅਤੇ ਸਮਾਜ ਨੂੰ ਮਜਬੂਤੀ ਦੇਣ ਵਾਲੇ ਅਨੇਕਾਂ ਉਦਾਹਰਣ ਮੈਨੂੰ ਵੇਖਣ ਨੂੰ ਮਿਲੇ ਨੇ। ਉਨ੍ਹਾਂ ਚੋਂ ਮੈਂ ਸਿਰਫ਼ ਦੋ ਉਦਾਹਰਣਾਂ ਦਾ ਜਿਕਰ ਕਰਾਂਗਾ। ਭਾਰਤ ਨੌਸੈਨਾ ਅਤੇ ਕੋਚਿਨ ਸ਼ਿਪਯਾਰਡ ਲਿਮਿਟਿਡ ਦੀਆਂ ਸਮਰਪਿਤ ਟੀਮਾਂ ਨੇ ਸਵਦੇਸ਼ੀ ਅਤੇ ਅਤਿਆਧੁਨਿਕ ਵਿਮਾਨਵਾਹਕ ਸਮੁੱਦਰੀ ਜਹਾਜ਼ ਆਈ.ਏ.ਸੀ.-ਵਿਕਰਾਂਤ ਦਾ ਨਿਰਮਾਣ ਕੀਤਾ ਹੈ, ਜਿਸਨੂੰ ਸਾਡੀ ਨੌਸੈਨਾ 'ਚ ਸ਼ਾਮਲ ਕੀਤਾ ਜਾਣਾ ਹੈ। ਅਜਿਹੀਆਂ ਆਧੁਨਿਕ ਸੈਨਿਕ ਤਾਕਤਾਂ ਦੇ ਦਮ 'ਤੇ, ਹੁਣ ਭਾਰਤ ਦੀ ਗਿਣਤੀ ਦੁਨੀਆ ਦੇ ਪ੍ਰਮੁੱਖ ਜਲਸੈਨਾ ਸ਼ਕਤੀ ਨਾਲ ਲੈਸ ਦੇਸ਼ਾਂ 'ਚ ਕੀਤੀ ਜਾਂਦੀ ਹੈ। ਇਹ ਰੱਖਿਆ ਦੇ ਖੇਤਰ 'ਚ ਆਤਮਨਿਰਭਰਤਾ ਵੱਲ ਅੱਗੇ ਵਧਣ ਦਾ ਇੱਕ ਪ੍ਰਭਾਵਸ਼ਾਲੀ ਉਦਾਹਰਣ ਹੈ। ਇਸ ਤੋਂ ਹਟ ਕੇ ਇੱਕ ਵਿਸ਼ੇਸ਼ ਅਨੁਭਵ ਮੈਨੂੰ ਬਹੁਤ ਦਿਲ ਨੂੰ ਛੋਹ ਜਾਣ ਵਾਲਾ ਲਗਿਆ। ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਸੂਈ ਨਾਮ ਦੇ ਪਿੰਡ 'ਚ ਉਸ ਪਿੰਡ ਚੋਂ ਨਿਕਲੇ ਕੁਝ ਕਾਬਿਲ ਨਾਗਰਿਕਾਂ ਨੇ ਸੰਵੇਦਨਸ਼ੀਲਤਾ ਅਤੇ ਮਿਹਨਤਕਸ਼ੀ ਦੀ ਮਿਸਾਲ ਪੇਸ਼ ਕਰਦੇ ਹੋਏ ਸਵ-ਪ੍ਰੇਰਿਤ ਆਦਰਸ਼ ਗ੍ਰਾਮ ਯੋਜਨਾ ਦੇ ਤਹਿਤ ਆਪਣੇ ਪਿੰਡ ਦੀ ਨੁਹਾਰ ਬਦਲ ਦਿੱਤੀ ਹੈ। ਆਪਣੇ ਪਿੰਡ ਯਾਨੀ ਆਪਣੀ ਮਾਂ ਭੂਮੀ ਦੇ ਪ੍ਰਤੀ ਲਗਾਵ ਅਤੇ ਸ਼ੁਕਰਗੁਜ਼ਾਰੀ ਦਾ ਇਹ ਖੂਬਸੂਰਤ ਉਦਾਹਰਣ ਹੈ। ਆਭਾਰੀ ਲੋਕਾਂ ਦੇ ਦਿਲ 'ਚ ਆਪਣੀ ਜਨਮ ਭੂਮੀ ਦੇ ਪ੍ਰਤੀ ਜੀਵਨਭਰ ਮਮਤਾ ਅਤੇ ਸ਼ਰਧਾ ਬਣੀ ਰਹਿੰਦੀ ਹੈ। ਇਸ ਤਰ੍ਹਾਂ ਦੇ ਉਦਾਹਰਣ ਨਾਲ ਮੇਰਾ ਵਿਸ਼ਵਾਸ ਪੱਕਾ ਹੁੰਦਾ ਹੈ ਕਿ ਇੱਕ ਨਵਾਂ ਭਾਰਤ ਉੱਭਰ ਰਿਹਾ ਹੈ-

         ਸਸ਼ਕਤ ਭਾਰਤ ਅਤੇ ਸੰਵੇਦਨਸ਼ੀਲ ਭਾਰਤ। ਮੈਨੂੰ ਵਿਸ਼ਵਾਸ ਹੈ ਕਿ ਇਸ ਉਦਾਹਰਣ ਤੋਂ ਪ੍ਰੇਰਣਾ ਲੈ ਕੇ ਹੋਰ ਕਾਬਲ ਦੇਸ਼ਵਾਸੀ ਵੀ ਆਪਣੇ ਆਪਣੇ ਪਿੰਡ ਅਤੇ ਨਗਰ ਦੇ ਵਿਕਾਸ ਲਈ ਯੋਗਦਾਨ ਪਾਉਣਗੇ।

(18) ਇਸ ਮਾਮਲੇ 'ਚ ਆਪ ਸਭ ਦੇਸ਼ਵਾਸੀਆਂ ਨਾਲ ਮੈਂ ਇੱਕ ਨਿਜੀ ਤਜ਼ਰਬਾ ਸਾਂਝਾ ਕਰਨਾ ਚਾਹਾਂਗਾ। ਮੈਨੂੰ ਪਿਛਲੇ ਸਾਲ ਜੂਨ ਦੇ ਮਹੀਨੇ 'ਚ ਕਾਨਪੁਰ ਦਿਹਾਤੀ ਜ਼ਿਲ੍ਹੇ 'ਚ ਸਥਿਤ ਆਪਣੀ ਜਨਮ ਭੂਮੀ ਯਾਨੀ ਆਪਣੇ ਪਿੰਡ ਪਰੌਂਖ ਜਾਣ ਦਾ ਮਾਣ ਪ੍ਰਾਪਤ ਹੋਇਆ ਸੀ। ਉੱਥੇ ਪਹੁੰਚ ਕੇ, ਆਪਣੇ ਆਪ ਹੀ ਮੈਨੂੰ ਆਪਣੇ ਪਿੰਡ ਦੀ ਮਿੱਟੀ ਨੂੰ ਮੱਥੇ ਲਾਉਣ ਦਾ ਭਾਵਨਾ ਜਾਗ ਉੱਠੀ, ਕਿਉਂਕ ਮੇਰਾ ਮੰਨਣਾ ਹੈ ਕਿ ਆਪਣੇ ਪਿੰਡ ਦੀ ਧਰਤੀ ਦੇ ਅਸ਼ੀਰਵਾਦ ਸਦਕਾ ਹੀ ਮੈਂ ਰਾਸ਼ਟਰਪਤੀ ਭਵਨ ਤੱਕ ਪਹੁੰਚ ਸਕਿਆ ਹਾਂ। ਮੈਂ ਦੁਨੀਆ 'ਚ ਜਿੱਥੇ ਵੀ ਜਾਂਦਾ ਹਾਂ, ਮੇਰਾ ਪਿੰਡ ਤੇ ਮੇਰਾ ਭਾਰਤ ਮੇਰੇ ਦਿਲ ਅੰਦਰ ਵਸੇ ਰਹਿੰਦੇ ਨੇ। ਭਾਰਤ ਦੇ ਜੋ ਲੋਕ ਆਪਣੀ ਮਿਹਨਤ ਅਤੇ ਹੁਨਰ ਨਾਲ ਜਿੰਦਗੀ ਦੀ ਦੌੜ 'ਚ ਅੱਗੇ ਨਿਕਲ ਸਕੇ ਨੇ, ਉਨ੍ਹਾਂ ਨੂੰ ਮੈਂ ਜੋਰ ਦੇ ਕੇ ਇਹੀ ਕਹਾਂਗਾ ਕਿ ਆਪਣੀਆਂ ਜੜ੍ਹਾਂ ਨੂੰ, ਆਪਣੇ ਪਿੰਡ ਕਸਬੇ-ਸ਼ਹਿਰ ਨੂੰ ਅਤੇ ਆਪਣੀ ਮਿੱਟੀ ਨੂੰ ਹਮੇਸ਼ਾ ਯਾਦ ਰੱਖਿਓ। ਨਾਲ ਹੀ, ਤੁਸੀਂ ਸਭ ਆਪਣੇ ਜਨਮ ਸਥਾਨ ਅਤੇ ਦੇਸ਼ ਦੀ ਜੋ ਵੀ ਸੇਵਾ ਕਰ ਸਕਦੇ ਹੋ, ਜ਼ਰੂਰ ਕਰੋ। ਭਾਰਤ ਦੇ ਤਮਾਮ ਸਫ਼ਲ ਵਿਅਕਤੀ ਜੇ ਆਪਣੇ ਆਪਣੇ ਜਨਮ ਸਥਾਨ ਦੇ ਵਿਕਾਸ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨ ਤਾਂ ਸਥਾਨਕ ਵਿਕਾਸ ਦੇ ਅਧਾਰ 'ਤੇ ਪੂਰਾ ਦੇਸ਼ ਵਿਕਸਿਤ ਹੋ ਜਾਏਗਾ।

ਪਿਆਰੇ ਦੇਸ਼ਵਾਸੀਓ,

(19) ਅੱਜ ਸਾਡੇ ਫ਼ੌਜੀ ਅਤੇ ਸੁਰੱਖਿਆ ਕਰਮੀ ਰਾਸ਼ਟਰ ਅਭਿਯਾਨ ਦੀ ਵਿਰਾਸਤ ਨੂੰ ਅੱਗੇ ਵੱਧਾ ਰਹੇ ਨੇ। ਹਿਮਾਲਿਆ ਦੀ ਨਾ ਕਾਬਿਲੇ ਬਰਦਾਸ਼ਤ ਠੰਢ ਦੇ ਵਿੱਚ ਅਤੇ ਰੇਗਿਸਤਾਨ ਦੀ ਤਪਦੀ ਗਰਮੀ 'ਚ ਆਪਣੇ ਪਰਿਵਾਰ ਤੋਂ ਦੂਰ ਉਹ ਮਾਂ ਭੂਮੀ ਦੀ ਰੱਖਿਆ 'ਚ ਤਿਆਰ ਬਰ ਤਿਆਰ ਰਹਿੰਦੇ ਨੇ। ਸਾਡੀ ਸ਼ਸਤਰ ਸੈਨਾ ਅਤੇ ਪੁਲਿਸ ਕਰਮਚਾਰੀ ਦੇਸ਼ ਦੀਆਂ ਸਰਹੱਦਾਂ ਦੀ ਹਿਫਾਜ਼ਤ ਕਰਨ ਅਤੇ ਅੰਦਰੂਨੀ ਵਿਵਸਥਾ ਕਾਇਮ ਰੱਖਣ ਲਈ ਦਿਨ ਰਾਤ ਪਹਿਰਾ ਦਿੰਦੇ ਨੇ, ਤਾਂ ਕਿ ਹੋਰ ਸਾਰੇ ਦੇਸ਼ਵਾਸੀ ਚੈਨ ਦੀ ਨੀਂਦ ਸੌਂ ਸਕਣ। ਜਦੋਂ ਕੋਈ ਵੀਰ ਫ਼ੌਜੀ ਸ਼ਹੀਦ ਹੁੰਦਾ ਹੈ ਤਾਂ ਸਾਰਾ ਦੇਸ਼ ਸੋਗ ਵਿੱਚ ਡੁੱਬ ਜਾਂਦਾ ਹੈ। ਪਿਛਲੇ ਮਹੀਨੇ ਇੱਕ ਦੁਰਘਟਨਾ 'ਚ ਦੇਸ਼ ਦੇ ਸਭ ਤੋਂ ਬਹਾਦਰ ਕਮਾਂਡਰਾਂ ਵਿੱਚੋਂ ਇੱਕ ਜਨਰਲ ਬਿਪਿਨ ਰਾਵਤ ਉਨ੍ਹਾਂ ਦੀ ਧਰਮ ਪਤਨੀ ਅਤੇ ਅਨੇਕਾਂ ਵੀਰ ਯੋਧਿਆਂ ਨੂੰ ਅਸੀਂ ਗੁਆ ਦਿੱਤਾ। ਇਸ ਹਾਦਸੇ ਤੋਂ ਸਾਰੇ ਦੇਸ਼ਵਾਸੀਆਂ ਨੂੰ ਬਹੁਤ ਡੂੰਘਾ ਦੁਖ ਪਹੁੰਚਿਆ।

ਦੇਵੀਓ ਤੇ ਸੱਜਣੋ,

(20) ਦੇਸ਼ ਪਿਆਰ ਦੀ ਭਾਵਨਾ ਦੇਸ਼ਵਾਸੀਆਂ ਦੀ ਕਰਤੱਵ ਪਾਲਣ ਦੀ ਭਾਵਨਾ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ। ਭਾਵੇਂ ਤੁਸੀਂ ਡਾਕਟਰ ਹੈ ਜਾਂ ਵਕੀਲ, ਦੁਕਾਨਦਾਰ ਹੋ ਜਾਂ ਆਫਿਸ ਵਰਕਰ, ਸਫਾਈ ਕਰਮਚਾਰੀ ਹੋ ਜਾਂ ਮਜ਼ਦੂਰ, ਆਪਣੀ ਡਿਊਟੀ ਦੀ ਪਾਲਣਾ ਪੂਰੀ ਤਨਦੇਹੀ ਅਤੇ ਕੁਸ਼ਲਤਾ ਨਾਲ ਕਰਨਾ ਦੇਸ਼ ਲਈ ਤੁਹਾਡਾ ਮੁੱਢਲਾ ਤੇ ਸਭ ਤੋਂ ਮਹੱਤਵਪੂਰਨ ਯੋਗਦਾਨ ਹੈ।

(21) ਸ਼ਸਤਰਧਾਰੀ ਬਲਾਂ ਦੇ ਸਰਬ ਉੱਚ ਕਮਾਂਡਰ ਦੇ ਰੂਪ 'ਚ, ਮੈਨੂ ਇਹ ਜਿਕਰ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇਹ ਸਾਲ ਸ਼ਸਤਰਧਾਰੀ ਬਲਾਂ 'ਚ ਮਹਿਲਾ ਸ਼ਸ਼ਕਤੀਕਰਣ ਦੀ ਦ੍ਰਿਸ਼ਟੀ ਨਾਲ ਵਿਸ਼ੇਸ਼ ਅਹਿਮ ਰਿਹਾ ਹੈ। ਸਾਡੀਆਂ ਬੇਟੀਆਂ ਨੇ ਪਰੰਪਰਾਵਾਦੀ ਹੱਦਾਂ ਨੂੰ ਪਾਰ ਕੀਤਾ ਹੈ ਅਤੇ ਹੁਣ ਨਵੇਂ ਖੇਤਰਾਂ 'ਚ ਮਹਿਲਾ ਅਧਿਕਾਰੀਆਂ ਲਈ ਪਰਮਾਨੈਂਟ ਕਮਿਸ਼ਨ ਦੀ ਸਹੂਲਤ ਸ਼ੁਰੂ ਹੋ ਗਈ ਹੈ। ਨਾਲ ਹੀ, ਸੈਨਿਕ ਸਕੂਲਾਂ ਅਤੇ ਪ੍ਰੋਮੀਨੈਂਟ ਨੈਸ਼ਨਲ ਡਿਫੈਂਸ ਅਕੈਡਮੀ ਤੋਂ ਮਹਿਲਾਵਾਂ ਦੇ ਆਉਣ ਦਾ ਰਾਹ ਸਾਫ਼ ਹੋਣ ਨਾਲ ਫ਼ੌਜਾਂ ਦੀ ਟੈਲੰਟ ਪਾਈਪ ਲਾਈਨ ਤਾਂ ਖੁਸ਼ਹਾਲ ਹੋਵੇਗੀ ਹੀ, ਸਾਡੀਆਂ ਆਰਮਡ ਫੋਰਸਿਸ ਨੂੰ ਬਿਹਤਰ ਜੈਂਡਰ ਬੈਲੰਸ ਦਾ ਲਾਭ ਵੀ ਮਿਲੇਗਾ।

(22) ਮੈਨੂੰ ਵਿਸ਼ਵਾਸ ਹੈ ਕਿ ਭਵਿਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਭਾਰਤ ਅੱਜ ਬਿਹਤਰ ਸਥਿਤੀ 'ਚ ਹੈ। 21ਵੀਂ ਸਦੀ ਨੂੰ ਜਲਵਾਯੂ ਤਬਦੀਲੀ ਦੇ ਯੁਗ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ ਅਤੇ ਭਾਰਤ ਨੇ ਸੂਰਜੀ ਊਰਜਾ ਲਈ ਆਪਣੇ ਸਾਹਸਿਕ ਅਤੇ ਮਹਤਵਾਕਾਂਕਸ਼ੀ ਟੀਚਿਆਂ ਦੇ ਨਾਲ ਵਿਸ਼ਵ ਮੰਚ 'ਤੇ ਨੁਮਾਇੰਦਗੀ ਦੀ ਸਥਿਤੀ ਬਣਾਈ ਹੈ। ਨਿਜੀ ਪਧੱਰ 'ਤੇ, ਸਾਡੇ ਚੋਂ ਹਰੇਕ ਵਿਅਕਤੀ ਗਾਂਧੀ ਜੀ ਦੀ ਸਲਾਹ ਦੇ ਮੁਤਾਬਕ ਆਪਣੇ ਆਸਪਾਸ ਦੇ ਮਾਹੌਲ ਨੂੰ ਸੁਧਾਰਨ 'ਚ ਆਪਣਾ ਹਿੱਸਾ ਪਾ ਸਕਦਾ ਹੈ। ਭਾਰਤ ਨੇ ਹਮੇਸ਼ਾ ਸਮੁੱਚੇ ਵਿਸ਼ਵ ਨੂੰ  ਇੱਕ ਪਰਿਵਾਰ ਹੀ ਸਮਝਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਵਿਸ਼ਵ ਭਾਈਚਾਰੇ ਦੀ ਇਸੇ ਭਾਵਨਾ ਦੇ ਨਾਲ ਸਾਡਾ ਦੇਸ਼ ਅਤੇ ਸਮੁੱਚਾ ਵਿਸ਼ਵ ਹੋਰ ਵੀ ਜ਼ਿਆਦਾ ਖੁਸ਼ਹਾਲ ਭਵਿੱਖ ਵੱਲ ਅੱਗੇ ਵਧਣਗੇ।

ਪਿਆਰੇ ਦੇਸ਼ਵਾਸੀਓ,

(23) ਇਸ ਸਾਲ ਜਦੋਂ ਸਾਡੇ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣਗੇ, ਉਦੋਂ ਅਸੀਂ ਆਪਣੇ ਰਾਸ਼ਟਰੀ ਇਤਿਹਾਸ ਦਾ ਇੱਕ ਮਹਤੱਵਪੂਰਨ ਪੜਾਅ ਪਾਰ ਕਰਾਂਗੇ। ਇਸ ਮੌਕੇ ਨੂੰ ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਰੂਪ 'ਚ ਮਨਾ ਰਹੇ ਆਂ। ਮੈਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਵੱਡੇ ਪੈਮਾਨੇ 'ਤੇ ਸਾਡੇ ਦੇਸ਼ਵਾਸੀ, ਖਾਸਕਰ ਸਾਡੇ ਯੁਵਾ ਇਸ ਇਤਿਹਾਸਿਕ ਆਯੋਜਨ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਨੇ। ਇਹ ਨਾ ਸਿਰਫ਼ ਅਗਲੀ ਪੀੜ੍ਹੀ ਲਈ, ਸਗੋਂ ਸਾਡੇ ਸਾਰਿਆਂ ਲਈ ਆਪਣੇ ਅਤੀਤ ਦੇ ਨਾਲ ਦੁਬਾਰਾ ਜੁੜਨ ਦਾ ਇੱਕ ਸ਼ਾਨਦਾਰ ਮੌਕਾ ਹੈ। ਸਾਡੀ ਆਜ਼ਾਦੀ ਦੀ ਲੜਾਈ ਸਾਡੀ ਗੌਰਵਸ਼ਾਲੀ ਇਤਿਹਾਸਿਕ ਯਾਤਰਾ ਦਾ ਇੱਕ ਪ੍ਰੇਰਕ ਅਧਿਆਇ ਸੀ। ਆਜ਼ਾਦੀ ਦਾ ਇਹ ਪੰਝਤਰਵਾਂ ਵਰ੍ਹਾਂ ਉਨ੍ਹਾਂ ਜੀਵਨ ਦੀਆਂ ਕਦਰਾਂ-ਕੀਮਤਾਂ ਨੂੰ ਮੁੜ ਜਗਾਉਣ ਦਾ ਸਮਾਂ ਹੈ, ਜਿਨ੍ਹਾਂ ਤੋਂ ਸਾਡੇ ਮਹਾਨ ਰਾਸ਼ਟਰੀ ਅੰਦੋਲਨ ਨੂੰ ਪ੍ਰੇਰਣਾ ਮਿਲੀ ਸੀ। ਸਾਡੀ ਆਜ਼ਾਦੀ ਲਈ ਅਨੇਕਾਂ ਵੀਰਾਂਗਨਾਵਾਂ ਅਤੇ ਸਪੂਤਾਂ ਨੇ ਆਪਣੀਆਂ ਜਾਨਾਂ ਵਾਰੀਆਂ ਨੇ। ਆਜ਼ਾਦੀ ਦਿਹਾੜਾ ਅਤੇ ਗਣਤੰਤਰ ਦਿਹਾੜੇ ਦੇ ਰਾਸ਼ਟਰੀ ਪਰਵ ਪਤਾ ਨਹੀਂ ਕਿੰਨੇ ਕਠੋਰ ਜੁਲਮਾਂ ਅਤੇ ਬਲਿਦਾਨਾਂ ਤੋਂ ਬਾਦ ਨਸੀਬ ਹੋਏ ਨੇ। ਆਉ, ਗਣਤੰਤਰ ਦਿਹਾੜੇ ਦੇ ਮੌਕੇ 'ਤੇ ਅਸੀਂ ਸਭ ਸ਼ਰਧਾ ਨਾਲ ਉਨ੍ਹਾਂ ਅਮਰ ਬਲੀਦਾਨੀਆਂ ਨੂੰ ਵੀ ਯਾਦ ਕਰੀਏ।

ਪਿਆਰੇ ਦੇਸ਼ਵਾਸੀਓ,

(24) ਸਾਡੀ ਸੱਭਿਅਤਾ ਪੁਰਾਣੀ ਹੈ ਪਰ ਸਾਡਾ ਗਣਤੰਤਰ ਨਵਾਂ ਹੈ। ਰਾਸ਼ਟਰ ਨਿਰਮਾਣ ਸਾਡੇ ਲਈ ਲਗਾਤਾਰ ਚਲਣ ਵਾਲੀ ਇੱਕ ਮੁਹਿੰਮ ਹੈ। ਜਿਵੇਂ ਇੱਕ ਪਰਿਵਾਰ 'ਚ ਹੁੰਦਾ ਹੈ। ਉਸੇ ਤਰ੍ਹਾਂ ਇੱਕ ਦੇਸ਼ 'ਚ ਵੀ ਹੁੰਦਾ ਹੈ, ਕਿ ਇੱਕ ਪੀੜ੍ਹੀ ਅਗਲੀ ਪੀੜ੍ਹੀ ਦਾ ਬਿਹਤਰ ਭਵਿੱਖ ਯਕੀਨੀ ਬਣਾਉਣ ਲਈ ਸਖਤ ਮਿਹਨਤ ਕਰਦੀ ਹੈ। ਜਦੋਂ ਅਸੀਂ ਆਜ਼ਾਦੀ ਹਾਸਲ ਕੀਤੀ ਸੀ, ਉਸ ਵੇਲੇ ਤੱਕ ਉਪਿਨਵੇਸ਼ਿਕ ਸ਼ਾਮਨ ਦੇ ਸ਼ੋਸ਼ਨ ਨੇ ਸਾਨੂੰ ਭਿਆਨਕ ਗ਼ਰੀਬੀ ਦੀ ਸਥਿਤੀ 'ਚ ਧੱਕ ਦਿੱਤਾ ਸੀ। ਪਰ ਉਸ ਤੋਂ ਬਾਅਦ ਦੇ 75 ਵਰ੍ਹਿਆਂ 'ਚ ਅਸੀਂ ਪ੍ਰਭਾਵਸ਼ਾਲੀ ਤਰ੍ਕੀ ਕੀਤੀ ਹੈ। ਹੁਣ ਨੌਜਵਾਨ ਪੀੜ੍ਹੀ ਦੇ ਸੁਆਗਤ 'ਚ ਮੌਕਿਆਂ ਦੇ ਨਵੇਂ ਦਰਵਾਜ਼ੇ ਖੁੱਲ੍ਹ ਰਹੇ ਹਨ। ਸਾਡੇ ਨੌਜਵਾਨਾਂ ਨੇ ਇਨ੍ਹਾਂ ਮੌਕਿਆਂ ਦਾ ਲਾਭ ਲੈਂਦਿਆਂ ਹੋਇਆਂ ਕਾਮਯਾਬੀ ਦੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ। ਮੈਨੂੰ ਵਿਸ਼ਵਾਸ ਹੈ ਕਿ ਇਸੇ ਊਰਜਾ, ਆਤਮਵਿਸ਼ਵਾਸ ਅਤੇ ਉੱਦਮਸ਼ੀਲਤਾ ਦੇ ਨਾਲ ਸਾਡਾ ਦੇਸ਼ ਤਰੱਕੀ ਦੀ ਰਾਹ 'ਤੇ ਅੱਗੇ ਵਧਦਾ ਰਹੇਗਾ ਅਤੇ ਆਪਣੀਆਂ ਯੋਗਤਾਵਾਂ ਅਨੁਸਾਰ ਵਿਸ਼ਵ ਜਗਤ 'ਚ ਆਪਣਾ ਮੋਹਰੀ ਸਥਾਨ ਜ਼ਰੂਰ ਹਾਸਲ ਕਰੇਗਾ।

(25)  ਮੈਂ ਆਪ ਸਭ ਨੂੰ ਫਿਰ ਤੋਂ ਗਣਤੰਤਰ ਦਿਹਾੜੇ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਧੰਨਵਾਦ,

ਜੈ ਹਿੰਦ!

 

 

 ********

 

ਡੀਐੱਸ/ਐੱਸਐੱਚ/ਐੱਸਕੇਐੱਸ(Release ID: 1792650) Visitor Counter : 161