ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਣੀਪੁਰ ਨੇ ਇੰਫਾਲ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
“ਉੱਤਰ–ਪੂਰਬ, ਜਿਸ ਨੂੰ ਨੇਤਾਜੀ ਨੇ ਭਾਰਤ ਦੀ ਆਜ਼ਾਦੀ ਦਾ ਗੇਟਵੇਅ ਕਿਹਾ ਸੀ, ਹੁਣ ਨਵ–ਭਾਰਤ ਦੇ ਸੁਪਨੇ ਸਾਕਾਰ ਕਰਨ ਵਾਲਾ ਗੇਟਵੇਅ ਬਣ ਰਿਹਾ ਹੈ”
“ਅਸੀਂ ਉੱਤਰ–ਪੂਰਬ ਦੀਆਂ ਸੰਭਾਵਨਾਵਾਂ ਨੂੰ ਅਮਲੀ ਰੂਪ ਦੇਣ ਲਈ ਕੰਮ ਕਰ ਰਹੇ ਹਾਂ”
“ਅੱਜ ਦੇਸ਼ ਦੇ ਨੌਜਵਾਨ ਮਣੀਪੁਰ ਦੇ ਖਿਡਾਰੀਆਂ ਤੋਂ ਪ੍ਰੇਰਣਾ ਹਾਸਲ ਕਰ ਰਹੇ ਹਨ”
“ਮਣੀਪੁਰ ਇੱਕ ‘ਪਾਬੰਦੀਆਂ ਵਾਲੇ ਰਾਜ’ ਤੋਂ ਅੰਤਰਰਾਸ਼ਟਰੀ ਵਪਾਰ ਨੂੰ ਉਤਸ਼ਾਹਿਤ ਕਰਨ ਵਾਲਾ ਰਾਜ ਬਣ ਚੁੱਕਿਆ ਹੈ”
“ਸਾਨੂੰ ਮਣੀਪੁਰ ‘ਚ ਸਥਿਰਤਾ ਵੀ ਕਾਇਮ ਰੱਖਣੀ ਹੋਵੇਗੀ ਤੇ ਮਣੀਪੁਰ ਨੂੰ ਵਿਕਾਸ ਦੇ ਨਵੇਂ ਸਿਖ਼ਰਾਂ ਤੱਕ ਲਿਜਾਣਾ ਹੋਵੇਗਾ। ਸਿਰਫ਼ ਦੋਹਰੇ ਇੰਜਣ ਵਾਲੀ ਸਰਕਾਰ ਹੀ ਇਹ ਕੰਮ ਕਰ ਸਕਦੀ ਹੈ”
Posted On:
04 JAN 2022 3:14PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਣੀਪੁਰ ਦੇ ਇੰਫਾਲ ਵਿੱਚ 1,850 ਕਰੋੜ ਰੁਪਏ ਦੇ 13 ਪ੍ਰੋਜੈਕਟਾਂ ਅਤੇ 2,950 ਕਰੋੜ ਰੁਪਏ ਦੇ 9 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ ਹੋਰਨਾਂ ਤੋਂ ਇਲਾਵਾ ਸੜਕ ਬੁਨਿਆਦੀ ਢਾਂਚਾ, ਪੀਣ ਵਾਲੇ ਪਾਣੀ ਦੀ ਸਪਲਾਈ, ਸਿਹਤ, ਸ਼ਹਿਰੀ ਵਿਕਾਸ, ਆਵਾਸ, ਸੂਚਨਾ ਟੈਕਨੋਲੋਜੀ, ਹੁਨਰ ਵਿਕਾਸ ਤੇ ਕਲਾ ਤੇ ਸੱਭਿਆਚਾਰ ਜਿਹੇ ਵੱਖੋ–ਵੱਖਰੇ ਖੇਤਰਾਂ ਨਾਲ ਸਬੰਧਿਤ ਹਨ।
ਪ੍ਰਧਾਨ ਮੰਤਰੀ ਨੇ ਪੰਜ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ, ਜੋ 1,700 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਤਿਆਰ ਹੋਣੇ ਹਨ। ਉਨ੍ਹਾਂ 75 ਕਰੋੜ ਰੁਪਏ ਦੀ ਲਾਗਤ ਨਾਲ ਰਾਸ਼ਟਰੀ ਰਾਜਮਾਰਗ–37 ‘ਤੇ ਬਰਾਕ ਨਦੀ ਉੱਤੇ ਤਿਆਰ ਕੀਤੇ ਗਏ ਇਸਪਾਤ ਦੇ ਪੁਲ਼ ਦਾ ਉਦਘਾਟਨ ਕੀਤਾ, ਜਿਸ ਨਾਲ ਸਿਲਚਰ ਤੇ ਇੰਫਾਲ ਵਿਚਾਲੇ ਆਵਜਾਈ ਦਾ ਭੀੜ–ਭੜੱਕਾ ਘਟੇਗਾ। ਉਨ੍ਹਾਂ 1,100 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ 2,387 ਮੋਬਾਈਲ ਟਾਵਰ ਵੀ ਮਣੀਪੁਰ ਦੀ ਜਨਤਾ ਨੂੰ ਸਮਰਪਿਤ ਕੀਤੇ।
ਪ੍ਰਧਾਨ ਮੰਤਰੀ ਨੇ ਥੂਬਲ ਬਹੁ–ਉਦੇਸ਼ੀ ਪ੍ਰੋਜੈਕਟ ਦੀ 280 ਕਰੋੜ ਰੁਪਏ ਕੀਮਤ ਦੀ ਜਲ ਟ੍ਰਾਂਸਮਿਸ਼ਨ ਪ੍ਰਣਾਲੀ, ਜੋ ਇੰਫਾਲ ਸ਼ਹਿਰ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਮੁਹੱਈਆ ਕਰਵਾਏਗੀ; ਇਸ ਦੇ ਨਾਲ ਹੀ 65 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਜਲ ਸਪਲਾਈ ਯੋਜਨਾ ਪ੍ਰੋਜੈਕਟ, ਜਿੱਥੋਂ ਤਾਮੇਂਗਲੌਂਗ ਜ਼ਿਲ੍ਹੇ ਦੀਆਂ 10 ਰਿਹਾਇਸ਼ੀ ਬਸਤੀਆਂ ਦੇ ਨਾਗਰਿਕਾਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਮੁਹੱਈਆ ਹੋਵੇਗੀ ਅਤੇ 51 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ‘ਸੈਨਾਪਤੀ ਜ਼ਿਲ੍ਹਾ ਹੈੱਡਕੁਆਰਟਰਸ ਜਲ ਸਪਲਾਈ ਯੋਜਨਾ ਦੇ ਵਾਧੇ’ ਦਾ ਵੀ ਉਦਘਾਟਨ ਕੀਤਾ, ਜਿੱਥੋਂ ਇਸ ਇਲਾਕੇ ਦੇ ਨਿਵਾਸੀਆਂ ਨੂੰ ਪਾਣੀ ਦੀ ਨਿਯਮਿਤ ਸਪਲਾਈ ਮੁਹੱਈਆ ਹੋਵੇਗੀ।
ਪ੍ਰਧਾਨ ਮੰਤਰੀ ਨੇ ਇੰਫਾਲ ਵਿੱਚ ਲਗਭਗ ਪੀਪੀਪੀ ਅਧਾਰ ਉੱਤੇ 160 ਕਰੋੜ ਰੁਪਏ ਦੀ ਲਾਗਤ ਵਾਲੇ ‘ਅਤਿ–ਆਧੁਨਿਕ ਕੈਂਸਰ ਹਸਪਤਾਲ’ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਨੇ ਕਿਆਮਗੇਈ ਵਿਖੇ 200 ਬਿਸਤਰਿਆਂ ਵਾਲੇ ਕੋਵਿਡ ਹਸਪਤਾਲ ਦਾ ਉਦਘਾਟਨ ਕੀਤਾ, ਜੋ ਡੀਆਰਡੀਓ ਦੇ ਸਹਿਯੋਗ ਨਾਲ ਲਗਭਗ 37 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਨੇ 170 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਤ ਕੀਤੇ ਗਏ 'ਇੰਫਾਲ ਸਮਾਰਟ ਸਿਟੀ ਮਿਸ਼ਨ' ਅਧੀਨ ਤਿੰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਜਿਸ 'ਚ ਇੰਟੈਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈ. ਸੀ. ਸੀ. ਸੀ.), 'ਇੰਫਾਲ ਨਦੀ (ਫੇਜ਼ I) 'ਤੇ ਦਰਿਆ ਦੇ ਪੱਛਮੀ ਕੰਢੇ ਦਾ ਵਿਕਾਸ' ਅਤੇ ' ਥੰਗਲ ਬਜ਼ਾਰ (ਫੇਜ਼ I) ਵਿਖੇ ਮਾਲ ਰੋਡ ਦਾ ਵਿਕਾਸ ਸ਼ਾਮਲ ਹਨ।
ਪ੍ਰਧਾਨ ਮੰਤਰੀ ਨੇ ਰਾਜ ਵਿੱਚ ਲਗਭਗ 200 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ‘ਸੈਂਟਰ ਫਾਰ ਇਨਵੈਂਸ਼ਨ, ਇਨੋਵੇਸ਼ਨ, ਇਨਕਿਊਬੇਸ਼ਨ ਐਂਡ ਟ੍ਰੇਨਿੰਗ (ਸੀਆਈਆਈਆਈਟੀ – CIIIT)’ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਨੇ ਹਰਿਆਣਾ ਦੇ ਗੁੜਗਾਓਂ ਵਿਖੇ 240 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਨ ਵਾਲੇ ਮਣੀਪੁਰ ਇੰਸਟੀਟਿਊਟ ਆਵ੍ ਪਰਫਾਰਮਿੰਗ ਆਰਟਸ ਦੇ ਨਿਰਮਾਣ ਦਾ ਨੀਂਹ ਪੱਥਰ ਵੀ ਰੱਖਿਆ।
ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਤੋਂ ਕੁਝ ਦਿਨ ਬਾਅਦ, 21 ਜਨਵਰੀ ਨੂੰ ਮਣੀਪੁਰ ਨੂੰ ਰਾਜ ਦਾ ਦਰਜਾ ਮਿਲਣ ਦੀ 50ਵੀਂ ਵਰ੍ਹੇਗੰਢ ਹੋਵੇਗੀ। ਆਜ਼ਾਦੀ ਦੇ 75 ਸਾਲਾਂ 'ਤੇ ਅੰਮ੍ਰਿਤ ਮਹੋਤਸਵ ਦੇ ਮੌਕੇ ਦੇ ਨਾਲ-ਨਾਲ ਇਹ ਤੱਥ ਆਪਣੇ ਆਪ ਵਿਚ ਇਕ ਵੱਡੀ ਪ੍ਰੇਰਣਾ ਹੈ।
ਮਣੀਪੁਰ ਦੇ ਲੋਕਾਂ ਦੀ ਬਹਾਦਰੀ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਲੋਕਾਂ ਵਿੱਚ ਆਜ਼ਾਦੀ ਪ੍ਰਤੀ ਵਿਸ਼ਵਾਸ ਦੀ ਸ਼ੁਰੂਆਤ ਮੋਇਰਾਂਗ ਦੀ ਧਰਤੀ ਤੋਂ ਹੋਈ ਸੀ, ਜਿੱਥੇ ਨੇਤਾਜੀ ਸੁਭਾਸ਼ ਦੀ ਫੌਜ ਨੇ ਪਹਿਲੀ ਵਾਰ ਰਾਸ਼ਟਰੀ ਝੰਡਾ ਲਹਿਰਾਇਆ ਸੀ। ਉੱਤਰ–ਪੂਰਬ, ਜਿਸ ਨੂੰ ਨੇਤਾ ਜੀ ਨੇ ਭਾਰਤ ਦੀ ਆਜ਼ਾਦੀ ਦਾ ਗੇਟਵੇਅ ਕਿਹਾ ਸੀ, ਹੁਣ ਨਵੇਂ ਭਾਰਤ ਦੇ ਸੁਪਨੇ ਸਾਕਾਰ ਕਰਨ ਵਾਲਾ ਗੇਟਵੇਅ ਬਣ ਰਿਹਾ ਹੈ। ਉਨ੍ਹਾਂ ਨੇ ਆਪਣੇ ਵਿਸ਼ਵਾਸ ਨੂੰ ਦੁਹਰਾਇਆ ਕਿ ਭਾਰਤ ਦੇ ਪੂਰਬੀ ਅਤੇ ਉੱਤਰ–ਪੂਰਬੀ ਹਿੱਸੇ ਭਾਰਤ ਦੀ ਤਰੱਕੀ ਦਾ ਸਰੋਤ ਹੋਣਗੇ ਅਤੇ ਇਹ ਅੱਜ ਖੇਤਰ ਦੇ ਵਿਕਾਸ ਵਿੱਚ ਦਿਖਾਈ ਦੇ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਮਣੀਪੁਰ ਦੇ ਲੋਕਾਂ ਨੂੰ ਉਨ੍ਹਾਂ ਯੋਜਨਾਵਾਂ ਲਈ ਵਧਾਈ ਦਿੱਤੀ ਜਿਨ੍ਹਾਂ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ ਅਤੇ ਉਨ੍ਹਾਂ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਨੇ ਇੱਕ ਸਥਿਰ ਸਰਕਾਰ ਦੇ ਗਠਨ ਲਈ ਮਣੀਪੁਰ ਦੇ ਲੋਕਾਂ ਦਾ ਧੰਨਵਾਦ ਕੀਤਾ ਜੋ ਪੂਰੇ ਬਹੁਮਤ ਅਤੇ ਪੂਰੇ ਪ੍ਰਭਾਵ ਨਾਲ ਸ਼ਾਸਨ ਕਰ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਸਥਿਰਤਾ ਅਤੇ ਮਣੀਪੁਰ ਦੇ ਲੋਕਾਂ ਦੀ ਪਸੰਦ ਕਾਰਨ ਕਿਸਾਨ ਸਨਮਾਨ ਨਿਧੀ ਤਹਿਤ 6 ਲੱਖ ਕਿਸਾਨ ਪਰਿਵਾਰਾਂ ਨੂੰ ਸੈਂਕੜੇ ਕਰੋੜ ਰੁਪਏ ਮਿਲਣ ਜਿਹੀਆਂ ਪ੍ਰਾਪਤੀਆਂ ਹੋਈਆਂ; ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ 6 ਲੱਖ ਗ਼ਰੀਬ ਪਰਿਵਾਰ ਲਾਭ ਲੈ ਰਹੇ ਹਨ; ਪੀਐੱਮਏਵਾਈ ਦੇ ਤਹਿਤ 80 ਹਜ਼ਾਰ ਘਰ; ਆਯੁਸ਼ਮਾਨ ਯੋਜਨਾ ਤਹਿਤ 4.25 ਲੱਖ ਮਰੀਜ਼ਾਂ ਦਾ ਮੁਫ਼ਤ ਇਲਾਜ; 1.5 ਲੱਖ ਮੁਫ਼ਤ ਗੈਸ ਕਨੈਕਸ਼ਨ; 1.3 ਲੱਖ ਮੁਫ਼ਤ ਬਿਜਲੀ ਕਨੈਕਸ਼ਨ; 30 ਹਜ਼ਾਰ ਪਖਾਨੇ; ਰਾਜ ਦੇ ਹਰ ਜ਼ਿਲ੍ਹੇ ਵਿੱਚ 30 ਲੱਖ ਤੋਂ ਵੱਧ ਮੁਫ਼ਤ ਵੈਕਸੀਨ ਡੋਜ਼ ਅਤੇ ਆਕਸੀਜਨ ਪਲਾਂਟ ਹਕੀਕਤ ਬਣ ਸਕਦੇ ਹਨ।
ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਵੀ ਉਨ੍ਹਾਂ ਕਈ ਵਾਰ ਮਣੀਪੁਰ ਦਾ ਦੌਰਾ ਕੀਤਾ ਸੀ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੇ ਦਰਦ ਨੂੰ ਸਮਝਦੇ ਹਨ, "ਇਸੇ ਲਈ 2014 ਤੋਂ ਬਾਅਦ, ਮੈਂ ਦਿੱਲੀ - ਭਾਰਤ ਸਰਕਾਰ ਨੂੰ ਤੁਹਾਡੇ ਦਰਵਾਜ਼ੇ 'ਤੇ ਲਿਆਇਆ ਹਾਂ।" ਹਰੇਕ ਅਧਿਕਾਰੀ ਅਤੇ ਮੰਤਰੀ ਨੂੰ ਖੇਤਰ ਦਾ ਦੌਰਾ ਕਰਨ ਅਤੇ ਸਥਾਨਕ ਜ਼ਰੂਰਤਾਂ ਅਨੁਸਾਰ ਲੋਕਾਂ ਦੀ ਸੇਵਾ ਕਰਨ ਲਈ ਕਿਹਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ,"ਤੁਸੀਂ ਦੇਖ ਸਕਦੇ ਹੋ ਕਿ ਮੰਤਰੀ ਮੰਡਲ ਵਿੱਚ ਪ੍ਰਮੁੱਖ ਵਿਭਾਗਾਂ ਵਿੱਚ ਖੇਤਰ ਦੇ ਪੰਜ ਮਹੱਤਵਪੂਰਨ ਚਿਹਰੇ ਹਨ।
ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਸਰਕਾਰ ਦੀ ਸੱਤ ਸਾਲਾਂ ਦੀ ਸਖ਼ਤ ਮਿਹਨਤ ਪੂਰੇ ਉੱਤਰ–ਪੂਰਬ ਅਤੇ ਖਾਸ ਕਰਕੇ ਮਣੀਪੁਰ ਵਿੱਚ ਦਿਖਾਈ ਦੇ ਰਹੀ ਹੈ। ਅੱਜ ਮਣੀਪੁਰ ਬਦਲਾਅ ਦੇ ਨਵੇਂ ਕੰਮ–ਸੱਭਿਆਚਾਰ ਦਾ ਪ੍ਰਤੀਕ ਬਣ ਰਿਹਾ ਹੈ। ਇਹ ਤਬਦੀਲੀਆਂ ਮਣੀਪੁਰ ਦੇ ਸੱਭਿਆਚਾਰ ਅਤੇ ਉਨ੍ਹਾਂ ਦੀ ਦੇਖਭਾਲ਼ ਲਈ ਹਨ। ਉਨ੍ਹਾਂ ਕਿਹਾ ਕਿ ਇਸ ਤਬਦੀਲੀ ਵਿੱਚ ਕਨੈਕਟੀਵਿਟੀ ਵੀ ਇੱਕ ਤਰਜੀਹ ਹੈ ਅਤੇ ਸਿਰਜਣਾਤਮਕਤਾ ਵੀ ਓਨੀ ਹੀ ਅਹਿਮ ਹੈ। ਪ੍ਰਧਾਨ ਮੰਤਰੀ ਨੇ ਵਿਸਤਾਰ ਨਾਲ ਦੱਸਿਆ ਕਿ ਬਿਹਤਰ ਮੋਬਾਈਲ ਨੈੱਟਵਰਕ ਦੇ ਨਾਲ-ਨਾਲ ਸੜਕ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਸੰਪਰਕ ਨੂੰ ਮਜ਼ਬੂਤ ਕਰਨਗੇ। ਸੀਆਈਆਈਟੀ ਸਥਾਨਕ ਨੌਜਵਾਨਾਂ ਦੀ ਸਿਰਜਣਾਤਮਕਤਾ ਅਤੇ ਨਵੀਨਤਾ ਦੀ ਭਾਵਨਾ ਵਿੱਚ ਯੋਗਦਾਨ ਪਾਵੇਗੀ। ਆਧੁਨਿਕ ਕੈਂਸਰ ਹਸਪਤਾਲ ਦੇਖਭਾਲ਼ ਦੇ ਪੱਖ ਨੂੰ ਵਧਾਏਗਾ ਅਤੇ ਮਣੀਪੁਰ ਇੰਸਟੀਟਿਊਟ ਆਵ੍ ਪਰਫਾਰਮਿੰਗ ਆਰਟ ਅਤੇ ਗੋਵਿੰਦ ਜੀ ਮੰਦਰ ਦਾ ਨਵੀਨੀਕਰਣ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਉੱਤਰ-ਪੂਰਬ ਲਈ 'ਐਕਟ ਈਸਟ' ਕਰਨ ਦਾ ਸੰਕਲਪ ਲਿਆ ਹੈ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨੇ ਇਸ ਖੇਤਰ ਨੂੰ ਬਹੁਤ ਸਾਰੇ ਕੁਦਰਤੀ ਸਰੋਤ, ਇੰਨੀਆਂ ਸੰਭਾਵਨਾਵਾਂ ਦਿੱਤੀਆਂ ਹਨ। ਇੱਥੇ ਵਿਕਾਸ ਅਤੇ ਟੂਰਿਜ਼ਮ ਦੀਆਂ ਬਹੁਤ ਸੰਭਾਵਨਾਵਾਂ ਹਨ। ਉਨ੍ਹਾਂ ਅੱਗੇ ਕਿਹਾ ਕਿ ਹੁਣ ਉੱਤਰ ਪੂਰਬ ਵਿੱਚ ਇਹਨਾਂ ਸੰਭਾਵਨਾਵਾਂ ਨੂੰ ਸਾਕਾਰ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉੱਤਰ-ਪੂਰਬ ਹੁਣ ਭਾਰਤ ਦੇ ਵਿਕਾਸ ਦਾ ਗੇਟਵੇਅ ਬਣ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਣੀਪੁਰ ਦੇਸ਼ ਲਈ ਸਭ ਤੋਂ ਦੁਰਲੱਭ ਰਤਨ ਦੇਣ ਵਾਲਾ ਰਾਜ ਰਿਹਾ ਹੈ। ਇੱਥੋਂ ਦੇ ਨੌਜਵਾਨਾਂ ਅਤੇ ਖਾਸ ਕਰਕੇ ਮਣੀਪੁਰ ਦੀਆਂ ਧੀਆਂ ਨੇ ਦੇਸ਼ ਦਾ ਨਾਮ ਪੂਰੀ ਦੁਨੀਆ ਵਿੱਚ ਉੱਚਾ ਕੀਤਾ ਹੈ। ਖਾਸ ਕਰਕੇ ਅੱਜ ਦੇਸ਼ ਦੇ ਨੌਜਵਾਨ ਮਣੀਪੁਰ ਦੇ ਖਿਡਾਰੀਆਂ ਤੋਂ ਪ੍ਰੇਰਣਾ ਲੈ ਰਹੇ ਹਨ।
ਪ੍ਰਧਾਨ ਮੰਤਰੀ ਨੇ ਅੱਜ ਕਿਹਾ ਕਿ ਡਬਲ ਇੰਜਣ ਵਾਲੀ ਸਰਕਾਰ ਦੇ ਲਗਾਤਾਰ ਯਤਨਾਂ ਸਦਕਾ ਇਸ ਖਿੱਤੇ ਵਿੱਚ ਅਤਿਵਾਦ ਅਤੇ ਅਸੁਰੱਖਿਆ ਦੀ ਅੱਗ ਨਹੀਂ, ਬਲਕਿ ਸ਼ਾਂਤੀ ਅਤੇ ਵਿਕਾਸ ਦੀ ਰੋਸ਼ਨੀ ਹੈ। ਪੂਰੇ ਉੱਤਰ-ਪੂਰਬ ਵਿੱਚ ਸੈਂਕੜੇ ਨੌਜਵਾਨ ਹਥਿਆਰ ਛੱਡ ਕੇ ਵਿਕਾਸ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜੇ ਸਮਝੌਤੇ ਦਹਾਕਿਆਂ ਤੋਂ ਮੁਲਤਵੀ ਪਏ ਸਨ ਸਨ, ਮੌਜੂਦਾ ਸਰਕਾਰ ਨੇ ਇਨ੍ਹਾਂ ਇਤਿਹਾਸਿਕ ਸਮਝੌਤਿਆਂ ਨੂੰ ਅੰਜਾਮ ਤੱਕ ਪਹੁੰਚਾਇਆ ਹੈ। 'ਪਾਬੰਦੀਆਂ ਵਾਲੇ ਰਾਜ' ਤੋਂ, ਮਣੀਪੁਰ ਅੰਤਰਰਾਸ਼ਟਰੀ ਵਪਾਰ ਲਈ ਰਾਹ ਦੇਣ ਵਾਲਾ ਰਾਜ ਬਣ ਗਿਆ ਹੈ।
ਉਨ੍ਹਾਂ ਕਿਹਾ ਕਿ 21ਵੀਂ ਸਦੀ ਦਾ ਇਹ ਦਹਾਕਾ ਮਣੀਪੁਰ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਬੀਤੇ ਸਮੇਂ ਵਿੱਚ ਹੋਏ ਨੁਕਸਾਨ ‘ਤੇ ਦੁਖ ਪ੍ਰਗਟਾਇਆ। ਉਨ੍ਹਾਂ ਅੱਗੇ ਕਿਹਾ ਕਿ ਹੁਣ ਇੱਕ ਛਿਣ ਵੀ ਨਹੀਂ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ,“ਅਸੀਂ ਮਣੀਪੁਰ ਵਿੱਚ ਸਥਿਰਤਾ ਵੀ ਕਾਇਮ ਰੱਖਣੀ ਹੈ ਅਤੇ ਮਣੀਪੁਰ ਨੂੰ ਵਿਕਾਸ ਦੇ ਨਵੇਂ ਸਿਖ਼ਰਾਂ ਤੱਕ ਲੈ ਕੇ ਜਾਣਾ ਹੈ ਅਤੇ ਇਹ ਕੰਮ ਸਿਰਫ ਡਬਲ ਇੰਜਣ ਵਾਲੀ ਸਰਕਾਰ ਹੀ ਕਰ ਸਕਦੀ ਹੈ।”
*********
ਡੀਐੱਸ/ਏਕੇ
(Release ID: 1787526)
Visitor Counter : 235
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam