ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 19 ਨਵੰਬਰ ਨੂੰ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ ਤੇ 6,250 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟ ਲਾਂਚ ਕਰਨਗੇ


ਪ੍ਰਧਾਨ ਮੰਤਰੀ ਮਹੋਬਾ ’ਚ ਪਾਣੀ ਦੀ ਘਾਟ ਦੀ ਸਮੱਸਿਆ ਦੇ ਹੱਲ ਅਤੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਲੋੜੀਂਦੀ ਰਾਹਤ ਦੇਣ ਲਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ 600 ਮੈਗਾਵਾਟ ਸਮਰੱਥਾਦ ਅਲਟ੍ਰਾ ਮੈਗਾ ਸੋਲਰ ਪਾਵਰ ਪਾਰਕ ਦਾ ਨੀਂਹ–ਪੱਥਰ ਰੱਖਣਗੇ ਅਤੇ ਝਾਂਸੀ ’ਚ ਅਟਲ ਏਕਤਾ ਪਾਰਕ ਦਾ ਉਦਘਾਟਨ ਵੀ ਕਰਨਗੇ

Posted On: 17 NOV 2021 1:59PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 19 ਨਵੰਬਰ, 2021 ਨੂੰ ਉੱਤਰ ਪ੍ਰਦੇਸ਼ ਦੇ ਮਹੋਬਾ ਤੇ ਝਾਂਸੀ ਜ਼ਿਲ੍ਹਿਆਂ ਦਾ ਦੌਰਾ ਕਰਨਗੇ।

ਪਾਣੀ ਦੀ ਸਮੱਸਿਆ ਹੱਲ ਕਰਨ ਲਈ ਇੱਕ ਅਹਿਮ ਪਹਿਲਕਦਮੀ ਵਜੋਂ ਬਾਅਦ ਦੁਪਹਿਰ 2:45 ਵਜੇ ਪ੍ਰਧਾਨ ਮੰਤਰੀ ਮਹੋਬਾ ’ਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਹ ਪ੍ਰੋਜੈਕਟ ਇਸ ਖੇਤਰ ’ਚ ਪਾਣੀ ਦੀ ਕਿੱਲਤ ਦੀ ਸਮੱਸਿਆ ਹੱਲ ਕਰਨ ’ਚ ਮਦਦ ਕਰਨਗੇ ਅਤੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਲੋੜੀਂਦੀ ਰਾਹਤ ਪਹੁੰਚਾਉਣਗੇ। ਇਨ੍ਹਾਂ ਪ੍ਰੋਜੈਕਟਾਂ ’ਚ ਅਰਜੁਨ ਸਹਾਇਕ ਪ੍ਰੋਜੈਕਟ, ਰਤੌਲੀ ਵੀਅਰ ਪ੍ਰੋਜੈਕਟ, ਭਾਓਨੀ ਬੰਨ੍ਹ ਪ੍ਰੋਜੈਕਟ ਅਤੇ ਮਝਗਾਓਂ–ਚਿੱਲੀ ਸੰਪ੍ਰਿਕਲਰ ਪ੍ਰੋਜੈਕਟ ਸ਼ਾਮਲ ਹਨ। ਇਨ੍ਹਾਂ ਪ੍ਰੋਜੈਕਟਾਂ ਦੀ ਕੁੱਲ ਲਾਗਤ 3,250 ਕਰੋੜ ਰੁਪਏ ਤੋਂ ਵੱਧ ਹੈ ਤੇ ਉਨ੍ਹਾਂ ਦਾ ਸੰਚਾਲਨ ਮਹੋਬਾ, ਹਮੀਰਪੁਰ, ਬਾਂਦਾ ਤੇ ਲਲਿਤਪੁਰ ’ਚ 65,000 ਹੈਕਟੇਅਰ ਜ਼ਮੀਨ ਦੀ ਸਿੰਜਾਈ ’ਚ ਮਦਦ ਕਰੇਗਾ, ਜਿਸ ਨਾਲ ਇਸ ਖੇਤਰ ਦੇ ਕਿਸਾਨਾਂ ਨੂੰ ਲੱਖਾਂ ਦਾ ਫ਼ਾਇਦਾ ਹੋਵੇਗਾ। ਇਹ ਪ੍ਰੋਜੈਕਟ ਇਸ ਖੇਤਰ ਨੂੰ ਪੀਣ ਵਾਲਾ ਸਾਫ਼ ਪਾਣੀ ਵੀ ਮੁਹੱਈਆ ਕਰਵਾਉਣਗੇ।

ਸ਼ਾਮੀਂ 5:15 ਵਜੇ ਪ੍ਰਧਾਨ ਮੰਤਰੀ ਝਾਂਸੀ ’ਚ ਗਰੁਤਾ ਵਿਖੇ 600 ਮੈਗਾਵਾਟ ਸਮਰੱਥਾ ਦੇ ਅਲਟ੍ਰਾ–ਮੈਗਾ ਸੋਲਰ ਪਾਵਰ ਪਾਰਕ ਦਾ ਨੀਂਹ–ਪੱਥਰ ਵੀ ਰੱਖਣਗੇ। ਇਸ ਦਾ ਨਿਰਮਾਣ 3,000 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ ਅਤੇ ਇਸ ਨਾਲ ਸਸਤੀ ਬਿਜਲੀ ਤੇ ਗ੍ਰਿੱਡ ਸਥਿਰਤਾ ਦੇ ਦੋਹਰੇ ਫ਼ਾਇਦੇ ਮੁਹੱਈਆ ਕਰਵਾਉਣ ’ਚ ਮਦਦ ਮਿਲੇਗੀ।

ਪ੍ਰਧਾਨ ਮੰਤਰੀ ਝਾਂਸੀ ’ਚ ‘ਅਟਲ ਏਕਤਾ ਪਾਰਕ’ ਦਾ ਉਦਘਾਟਨ ਵੀ ਕਰਨਗੇ। ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੇ ਨਾਂਅ ਰੱਖੇ ਇਸ ਪਾਰਕ ਦੀ ਉਸਾਰੀ ਉੱਤੇ 11 ਕਰੋੜ ਰੁਪਏ ਖ਼ਰਚ ਹੋਏ ਹਨ ਤੇ ਇਹ 40,000 ਵਰਗ ਮੀਟਰ ਦੇ ਲਗਭਗ ਰਕਬੇ ’ਚ ਫੈਲਿਆ ਹੋਇਆ ਹੈ। ਇਸ ਵਿੱਚ ਇੱਕ ਲਾਇਬ੍ਰੇਰੀ ਦੇ ਨਾਲ–ਨਾਲ ਸ਼੍ਰੀ ਅਟਲ ਬਿਹਾਰੀ ਵਾਜਪੇਈ ਦਾ ਬੁੱਤ ਵੀ ਹੋਵੇਗਾ। ਇਹ ਬੁੱਤ ਉੱਘੇ ਬੁੱਤ–ਤਰਾਸ਼ ਸ਼੍ਰੀ ਰਾਮ ਸੂਤਰ ਨੇ ਤਿਆਰ ਕੀਤਾ ਹੈ, ਜਿਨ੍ਹਾਂ ਨੇ ‘ਸਟੈਚੂ ਆੱਵ੍ ਯੂਨਿਟੀ’ ਦੇ ਨਿਰਮਾਣ ’ਚ ਵੀ ਭੂਮਿਕਾ ਨਿਭਾਈ ਹੈ।

************

ਡੀਐੱਸ/ਵੀਜੇ/ਏਕੇ



(Release ID: 1772621) Visitor Counter : 151