ਆਯੂਸ਼

ਪ੍ਰਧਾਨ ਮੰਤਰੀ ਨੇ 7ਵੇਂ ‘ਅੰਤਰਰਾਸ਼ਟਰੀ ਯੋਗ ਦਿਵਸ 2021’ ਦੇ ਅਵਸਰ ‘ਤੇ ਐੱਮ-ਯੋਗ (M-Yoga) ਐਪ ਲਾਂਚ ਕੀਤੀ


ਭਾਰਤ ਸਰਕਾਰ ਨੇ ਵਿਸ਼ਵ ਸਿਹਤ ਸੰਗਠਨ (WHO) ਦੇ ਤਾਲਮੇਲ ਨਾਲ M-Yoga ਮੋਬਾਈਲ ਐਪ ਨੂੰ ਵਿਕਸਿਤ ਕੀਤਾ ਹੈ

Posted On: 21 JUN 2021 4:46PM by PIB Chandigarh

ਭਾਰਤ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 7ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਅਵਸਰ ‘ਤੇ ਸੰਬੋਧਨ ਕਰਦਿਆਂ ‘ਡਬਲਿਊਐੱਚਓ ਐੱਮ-ਯੋਗ’ ‘WHO M-Yoga’ ਐਪ ਲਾਂਚ ਕੀਤੀ। M-Yoga ਐਪ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਆਮ ਯੋਗ ਪ੍ਰੋਟੋਕੋਲ ਬਾਰੇ ਯੋਗ ਟ੍ਰੇਨਿੰਗ ਅਧਾਰਿਤ ਬਹੁਤ ਸਾਰੀਆਂ ਵੀਡੀਓਜ਼ ਮੁਹੱਈਆ ਕਰਵਾਏਗੀ। ਇਸ ਨੂੰ ਆਧੁਨਿਕ ਟੈਕਨੋਲੋਜੀ ਤੇ ਪ੍ਰਾਚੀਨ ਵਿਗਿਆਨ ਦੀ ਇੱਕ ਮਹਾਨ ਮਿਸਾਲ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਆਸ ਪ੍ਰਗਟਾਈ ਹੈ ਕਿ M-Yoga ਐਪ ਯੋਗ ਨੂੰ ਪੂਰੀ ਦੁਨੀਆ ’ਚ ਫੈਲਾਉਣ ’ਚ ਮਦਦ ਕਰੇਗੀ ਤੇ ‘ਇੱਕ ਵਿਸ਼ਵ ਇੱਕ ਸਿਹਤ’ ਦੀਆਂ ਕੋਸ਼ਿਸ਼ਾਂ ਵਿੱਚ ਯੋਗਦਾਨ ਪਾਵੇਗੀ।

 

ਪ੍ਰਧਾਨ ਮੰਤਰੀ ਨੇ ਕਿਹਾ:

‘ਜਦੋਂ ਭਾਰਤ ਨੇ ਯੂਨਾਇਟਿਡ ਨੇਸ਼ਨਸ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦਾ ਪ੍ਰਸਤਾਵ ਰੱਖਿਆ ਸੀ, ਤਾਂ ਉਸ ਦੇ ਪਿੱਛੇ ਇਹੀ ਭਾਵਨਾ ਸੀ ਕਿ ਇਹ ਯੋਗ ਵਿਗਿਆਨ ਪੂਰੇ ਵਿਸ਼ਵ ਦੇ ਲਈ ਸੁਲਭ ਹੋਵੇ। ਅੱਜ ਇਸ ਦਿਸ਼ਾ ਵਿੱਚ ਭਾਰਤ ਨੇ ਯੂਨਾਇਟਿਡ ਨੇਸ਼ਨਸ, ਵਿਸ਼ਵ ਸਿਹਤ ਸੰਗਠਨ (WHO) ਦੇ ਨਾਲ ਮਿਲ ਕੇ ਇੱਕ ਹੋਰ ਮਹੱਤਵਪੂਰਨ ਕਦਮ ਉਠਾਇਆ ਹੈ।

 

ਹੁਣ ਵਿਸ਼ਵ ਨੂੰ, M-Yoga ਐਪ ਦੀ ਸ਼ਕਤੀ ਮਿਲਣ ਜਾ ਰਹੀ ਹੈ। ਇਸ ਐਪ ਵਿੱਚ ਕੌਮਨ ਯੋਗ ਪ੍ਰੋਟੋਕੋਲ ਦੇ ਅਧਾਰ ’ਤੇ ਯੋਗ ਟ੍ਰੇਨਿੰਗ ਦੇ ਕਈ ਵੀਡੀਓਜ਼ ਦੁਨੀਆ ਦੀਆਂ ਅਲੱਗ-ਅਲੱਗ ਭਾਸ਼ਾਵਾਂ ਵਿੱਚ ਉਪਲਬਧ ਹੋਣਗੇ। ਇਹ ਆਧੁਨਿਕ ਟੈਕਨੋਲੋਜੀ ਅਤੇ ਪ੍ਰਾਚੀਨ ਵਿਗਿਆਨ ਦੇ ਫਿਊਜ਼ਨ ਦਾ ਵੀ ਇੱਕ ਬਿਹਤਰੀਨ ਉਦਾਹਰਣ ਹੈ। ਮੈਨੂੰ ਪੂਰਾ ਵਿਸ਼ਵਾਸ ਹੈ, ਐੱਮ-ਯੋਗ ਐਪ, ਯੋਗ ਦਾ ਵਿਸਤਾਰ ਦੁਨੀਆ ਭਰ ਵਿੱਚ ਕਰਨ ਅਤੇ ਵੰਨ ਵਰਲਡ, ਵੰਨ ਹੈਲਥ ਦੇ ਪ੍ਰਯਤਨਾਂ ਨੂੰ ਸਫ਼ਲ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਏਗੀ।’

 

ਇਹ ਮੋਬਾਈਲ ਐਪ ਪੂਰੀ ਦੁਨੀਆ ਦੇ ਲੋਕਾਂ ’ਚ, ਖ਼ਾਸ ਕਰਕੇ ਚਲ ਰਹੀ ਮਹਾਮਾਰੀ ਦੌਰਾਨ ਯੋਗ ਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਿੱਚ ਬਹੁਤ ਜ਼ਿਆਦਾ ਮਦਦ ਕਰੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕੋਵਿਡ–19 ਤੋਂ ਠੀਕ ਹੋ ਚੁੱਕੇ ਮਰੀਜ਼ਾਂ ਦੀ ਸਿਹਤ ਨੂੰ ਮੁੜ ਠੀਕ ਕਰਨ ਵਿੱਚ ਪ੍ਰਮੁੱਖ ਭੂਮਿਕਾ ਨਿਭਾਏਗੀ।

 

ਪਿਛੋਕੜ:

 

‘ਆਯੁਸ਼’ ਅਤੇ ‘ਵਿਸ਼ਵ ਸਿਹਤ ਸੰਗਠਨ’ (WHO) ਮੰਤਰਾਲੇ ਨੇ ਸਾਂਝੇ ਤੌਰ ਉੱਤੇ ਸਾਲ 2019 ਦੇ ਅੱਧ ’ਚ ਇੱਕ ਪ੍ਰੋਜੈਕਟ ਅਰੰਭਿਆ ਸੀ, ਜਿਸ ਦੌਰਾਨ ਮੋਬਾਈਲ–ਯੋਗ ਉੱਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਸੀ। ਇਹ ਸਾਲ 2030 ਤੱਕ ‘ਸਰਬਵਿਆਪਕ ਸਿਹਤ ਕਵਰੇਜ’ ਹਾਸਲ ਕਰਨ ਲਈ WHO ਦੀ ਅਗਵਾਈ ਹੇਠ ਇੱਕ ਵਿਸ਼ਵ ਭਾਈਵਾਲੀ ਰਾਹੀਂ ‘ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਦੇ ਟੀਚਿਆਂ’ ਅਧੀਨ ‘ਬੀ ਹੈਲਦੀ, ਬੀ ਮੋਬਾਈਲ’ ‘(BHBM – ਤੰਦਰੁਸਤ ਰਹੋ, ਚਲਦੇ–ਫਿਰਦੇ ਰਹੋ) ਪਹਿਲਕਦਮੀ ਦੀ ਧਾਰਨਾ ਨੂੰ ਵਿਚਾਰਦੀ ਹੈ, ਜੋ ਛੂਤ–ਰਹਿਤ ਰੋਗਾਂ (NCDs) ਦਾ ਸਾਹਮਣਾ ਕਰਨ ਲਈ ਰਾਸ਼ਟਰੀ ਸਿਹਤ ਪ੍ਰਣਾਲੀ ਦੇ ਘੇਰੇ ਅੰਦਰ ਮੋਬਾਈਲ ਹੈਲਥ (m-health) ਟੈਕਨੋਲੋਜੀ ’ਚ ਵਾਧਾ ਕਰਨ ਵਿੱਚ ਮਦਦ ਕਰਦੀ ਹੈ।

 

ਉਪਰੋਕਤ ਉਦੇਸ਼ਾਂ ਦੀ ਪ੍ਰਾਪਤੀ ਲਈ ਜੁਲਾਈ 2019 ’ਚ ਵਿਸ਼ਵ ਸਿਹਤ ਸੰਗਠਨ (WHO) ਅਤੇ ਆਯੁਸ਼ ਮੰਤਰਾਲੇ ਵੱਲੋਂ ਇੱਕ ਸਹਿਮਤੀ–ਪੱਤਰ ਉੱਤੇ ਹਸਤਾਖਰ ਕੀਤੇ ਗਏ ਸਨ। m-Yoga ਪ੍ਰੋਜੈਕਟ ਇਨ੍ਹਾਂ ਚਾਰ ਖੇਤਰਾਂ ਉੱਤੇ ਕੇਂਦ੍ਰਿਤ ਹੈ:

 

(1)       ਆਮ ਤੰਦਰੁਸਤੀ ਲਈ ਕੌਮਨ ਯੋਗ ਪ੍ਰੋਟੋਕੋਲ;

(2)       ਮਾਨਸਿਕ ਸਿਹਤ ਤੇ ਸਹਿਣਸ਼ੀਲਤਾ ਲਈ ਯੋਗ;

(3)       ਕਿਸ਼ੋਰਾਂ ਲਈ ਯੋਗ; ਅਤੇ

(4)       ਪ੍ਰੀ–ਡਾਇਬਟਿਕਸ ਲਈ ਯੋਗ।

 

ਇਸੇ ਅਧਾਰ ਉੱਤੇ ਅੱਗੇ ਵਧਦਿਆਂ ਵਿਸ਼ਵ ਸਿਹਤ ਸੰਗਠਨ (WHO) ਟੈਕਨੋਲੋਜੀ ਭਾਈਵਾਲਾਂ ਦੇ ਸਲਾਹ–ਮਸ਼ਵਰੇ ਨਾਲ ‘ਮੋਰਾਰਜੀ ਦੇਸਾਈ ਨੈਸ਼ਨਲ ਇੰਸਟੀਟਿਊਟ ਆਵ੍ ਯੋਗ’ (MDNIY) ਵੱਲੋਂ ਇੱਕ ਸਬੰਧਤ ਹੈਂਡਬੁੱਕ ਅਤੇ ਮੋਬਾਈਲ ਐਪਲੀਕੇਸ਼ਨਸ ਵਿਕਸਿਤ ਕੀਤੀਆਂ ਜਾਣੀਆਂ ਸਨ। ਹੈਂਡਬੁੱਕ ਦਾ ਕੰਮ ਅੰਤਿਮ ਪੜਾਵਾਂ ਉੱਤੇ ਹੈ ਤੇ ਇਸ ਵੇਲੇ ਲਾਂਚ ਕੀਤੀ ਗਈ ਐਪ ਸੰਯੁਕਤ ਰਾਸ਼ਟਰ ਦੀਆਂ ਛੇ ਅਧਿਕਾਰਤ ਭਾਸ਼ਾਵਾਂ ਵਿੱਚੋਂ ਦੋ ਭਾਵ ਅੰਗਰੇਜ਼ੀ ਤੇ ਹਿੰਦੀ ਵਿੱਚ ਉਪਲਬਧ ਹੈ। ਇਸ ਕੰਮ ਵਿੱਚ ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਦਿਸ਼ਾ–ਨਿਰਦੇਸ਼ਾਂ ਅਧੀਨ ‘ਮੋਰਾਰਜੀ ਦੇਸਾਈ ਨੈਸ਼ਨਲ ਇੰਸਟੀਟਿਊਟ ਆਵ੍ ਯੋਗ’ (MDNIY) ਨੇ ਵਿਭਿੰਨ ਸਮਾਂ–ਅਵਧੀਆਂ (45 ਮਿੰਟ, 20 ਮਿੰਟ ਅਤੇ 10 ਮਿੰਟ) ਦੀਆਂ ਆਮ ਤੰਦਰੁਸਤੀ ਲਈ ‘ਕੌਮਨ ਯੋਗ ਪ੍ਰੋਟੋਕੋਲ’, ਵੀਡੀਓ ਸ਼ੂਟਸ, ਸੰਯੁਕਤ ਰਾਸ਼ਟਰ ਦੀਆਂ ਛੇ ਪ੍ਰਮੁੱਖ ਭਾਸ਼ਾਵਾਂ ਵਿੱਚ ਉਨ੍ਹਾਂ ਦੇ ਅਨੁਵਾਦ ਤੇ ਕਿਤਾਬਚਿਆਂ ਦੇ ਡਿਜ਼ਾਈਨਾਂ ਦੀ ਤਿਆਰੀ ਦੀ ਸੁਵਿਧਾ ਵਿੱਚ ਮੁੱਖ ਭੂਮਿਕਾ ਨਿਭਾਈ ਸੀ।

 

*****

 

ਐੱਮਵੀ/ਐੱਸਕੇ



(Release ID: 1729265) Visitor Counter : 230