ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਓਲੰਪਿਕਸ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਬੈਠਕ ਦੀ ਪ੍ਰਧਾਨਗੀ ਕੀਤੀ


ਖੇਡਾਂ ਸਾਡੇ ਰਾਸ਼ਟਰੀ ਚਰਿੱਤਰ ਦੇ ਕੇਂਦਰ ’ਚ ਹਨ ਤੇ ਸਾਡੇ ਨੌਜਵਾਨ ਖੇਡਾਂ ਦਾ ਇੱਕ ਮਜ਼ਬੂਤ ਤੇ ਜੀਵੰਤ ਸੱਭਿਆਚਾਰ ਸਿਰਜ ਰਹੇ ਹਨ: ਪ੍ਰਧਾਨ ਮੰਤਰੀ

135 ਕਰੋੜ ਭਾਰਤੀਆਂ ਦੀਆਂ ਸ਼ੁਭਕਾਮਨਾਵਾਂ ਸਾਡੇ ਉਨ੍ਹਾਂ ਨੌਜਵਾਨਾਂ ਨਾਲ ਹੋਣਗੀਆਂ, ਜੋ ਓਲੰਪਿਕਸ ਵਿੱਚ ਹਿੱਸਾ ਲੈ ਰਹੇ ਹਨ: ਪ੍ਰਧਾਨ ਮੰਤਰੀ

ਟੀਕਾਕਰਣ ਤੋਂ ਲੈ ਕੇ ਟ੍ਰੇਨਿੰਗ ਸੁਵਿਧਾਵਾਂ ਤੱਕ ਸਾਡੇ ਖਿਡਾਰੀਆਂ ਦੀ ਹਰੇਕ ਜ਼ਰੂਰਤ ਹਰ ਹਾਲਤ ’ਚ ਉੱਚ ਤਰਜੀਹ ਉੱਤੇ ਪੂਰੀ ਹੋਣੀ ਚਾਹੀਦੀ ਹੈ: ਪ੍ਰਧਾਨ ਮੰਤਰੀ

ਵਿਸ਼ਵ–ਮੰਚ ’ਤੇ ਸਫਲਤਾ ਪ੍ਰਾਪਤ ਕਰਨ ਵਾਲੇ ਹਰੇਕ ਨੌਜਵਾਨ ਖਿਡਾਰੀ ਨੂੰ ਦੇਖ ਕੇ ਹਜ਼ਾਰ ਹੋਰ ਲੋਕ ਵੀ ਖੇਡਾਂ ਲਈ ਪ੍ਰੇਰਿਤ ਹੋਣਗੇ: ਪ੍ਰਧਾਨ ਮੰਤਰੀ

ਮੈਂ ਸਾਡੇ ਓਲੰਪਿਕਸ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਤੇ ਉਨ੍ਹਾਂ ਨੂੰ ਇਹ ਭਰੋਸਾ ਦਿਵਾਉਣ ਲਈ ਉਨ੍ਹਾਂ ਨਾਲ ਜੁਲਾਈ ’ਚ ਵੀਡੀਓ ਕਾਨਫ਼ਰੰਸ ਰਾਹੀਂ ਜੁੜਾਂਗਾ ਕਿ ਇੱਕ ਮਾਣਮੱਤਾ ਰਾਸ਼ਟਰ ਉਨ੍ਹਾਂ ਨਾਲ ਖੜ੍ਹਾ ਹੈ: ਪ੍ਰਧਾਨ ਮੰਤਰੀ

Posted On: 03 JUN 2021 4:31PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟੋਕੀਓ ਓਲੰਪਿਕਸ ਦੇ ਸ਼ੁਰੂ ਹੋਣ ਤੋਂ 50 ਦਿਨ ਪਹਿਲਾਂ ਭਾਰਤ ਦੀਆਂ ਓਲੰਪਿਕਸ ਲਈ ਤਿਆਰੀਆਂ ਦੀ ਸਮੀਖਿਆ ਕੀਤੀ। ਟੋਕੀਓ ਓਲੰਪਿਕਸ ਦੇ ਸੰਚਾਲਨ ਸਬੰਧੀ ਤਿਆਰੀ ਦੇ ਵਿਭਿੰਨ ਪੱਖਾਂ ਬਾਰੇ ਅਧਿਕਾਰੀਆਂ ਨੇ ਇੱਕ ਪੇਸ਼ਕਾਰੀ ਦਿੱਤੀ। ਇਸ ਸਮੀਖਿਆ ਦੌਰਾਨ ਮਾਣਯੋਗ ਪ੍ਰਧਾਨ ਮੰਤਰੀ ਨੂੰ ਮਹਾਮਾਰੀ ਦੌਰਾਨ ਅਥਲੀਟਸ ਦੀ ਬੇਰੋਕ ਟ੍ਰੇਨਿੰਗ ਯਕੀਨੀ ਬਣਾਉਣ, ਓਲੰਪਿਕ ਕੋਟਾ ਜਿੱਤਣ ਲਈ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਸ਼ਮੂਲੀਅਤ, ਅਥਲੀਟਸ ਦੇ ਟੀਕਾਕਰਣ ਅਤੇ ਉਨ੍ਹਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਵਿਸ਼ੇਸ਼ ਸਹਾਇਤਾ ਲਈ ਚੁੱਕੇ ਵਿਭਿੰਨ ਕਦਮਾਂ ਬਾਰੇ ਜਾਣੂ ਕਰਵਾਇਆ ਗਿਆ।

 

ਅਧਿਕਾਰੀਆਂ ਨੇ ਟੀਕਾਕਰਣ ਦੀ ਸਥਿਤੀ ਅਤੇ ਸਹਾਇਕ ਸਟਾਫ਼ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਹਰੇਕ ਕੁਆਲੀਫ਼ਾਈਡ / ਸੰਭਾਵੀ ਅਥਲੀਟ, ਸਹਾਇਕ ਸਟਾਫ਼ ਤੇ ਟੋਕੀਓ ਓਲੰਪਿਕਸ ਲਈ ਉਨ੍ਹਾਂ ਨਾਲ ਯਾਤਰਾ ਉੱਤੇ ਜਾ ਰਹੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਛੇਤੀ ਤੋਂ ਛੇਤੀ ਜ਼ਰੂਰ ਹੀ ਟੀਕਾਕਰਣ ਕਰਵਾ ਲੈਣ।

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਜੁਲਾਈ ਮਹੀਨੇ ਵੀਡੀਓ ਕਾਨਫ਼ਰੰਸ ਰਾਹੀਂ ਸਾਡੇ ਓਲੰਪਿਕਸ ਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਤੇ ਸਮੂਹ ਭਾਰਤੀਆਂ ਦੀ ਤਰਫ਼ੋਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣ ਲਈ ਉਨ੍ਹਾਂ ਨਾਲ ਜੁੜਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਡਾਂ ਸਾਡੇ ਰਾਸ਼ਟਰੀ ਚਰਿੱਤਰ ਦੇ ਕੇਂਦਰ ਵਿੱਚ ਹਨ ਤੇ ਸਾਡੇ ਨੌਜਵਾਨ ਖੇਡਾਂ ਦਾ ਇੱਕ ਮਜ਼ਬੂਤ ਤੇ ਜੀਵੰਤ ਸੱਭਿਆਚਾਰ ਸਿਰਜ ਰਹੇ ਹਨ। ਉਨ੍ਹਾਂ ਕਿਹਾ ਕਿ 135 ਕਰੋੜ ਭਾਰਤੀਆਂ ਦੀਆਂ ਸ਼ੁਭਕਾਮਨਾਵਾਂ ਸਾਡੇ ਉਨ੍ਹਾਂ ਨੌਜਵਾਨਾਂ ਨਾਲ ਹੋਣਗੀਆਂ, ਜਿਹੜੇ ਓਲੰਪਿਕਸ ਵਿੱਚ ਹਿੱਸਾ ਲੈ ਰਹੇ ਹਨ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਵਿਸ਼ਵ–ਮੰਚ ਉੱਤੇ ਸਫਲਤਾ ਪ੍ਰਾਪਤ ਕਰਨ ਵਾਲੇ ਹਰੇਕ ਨੌਜਵਾਨ ਖਿਡਾਰੀ ਨੂੰ ਦੇਖ ਕੇ ਹਜ਼ਾਰ ਹੋਰ ਲੋਕ ਖੇਡਾਂ ਲਈ ਪ੍ਰੇਰਿਤ ਹੋਣਗੇ।

 

ਅਧਿਕਾਰੀਆਂ ਨੇ ਕਿਹਾ ਕਿ ਅਥਲੀਟਸ ਜਦੋਂ ਓਲੰਪਿਕਸ ਵਿੱਚ ਹਿੱਸਾ ਲੈ ਰਹੇ ਹੋਣਗੇ, ਤਦ ਉਨ੍ਹਾਂ ਨੂੰ ਪ੍ਰੇਰਿਤ ਕਰਨ ਤੇ ਅਥਲੀਟਸ ਦਾ ਮਨੋਬਲ ਉਤਾਂਹ ਚੁੱਕਣ ਵੱਲ ਖ਼ਾਸ ਧਿਆਨ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਮੁਕਾਬਲੇ ਦੌਰਾਨ ਭਾਰਤ ਵਿੱਚ ਉਨ੍ਹਾਂ ਦੇ ਮਾਪਿਆਂ ਤੇ ਪਰਿਵਾਰਕ ਮੈਂਬਰਾਂ ਨਾਲ ਨਿਯਮਿਤ ਵੀਡੀਓ ਕਾਨਫ਼ਰੰਸਾਂ ਰੱਖੀਆਂ ਜਾਣਗੀਆਂ।

 

ਪ੍ਰਧਾਨ ਮੰਤਰੀ ਨੂੰ ਇਹ ਦੱਸਿਆ ਗਿਆ ਕਿ ਟੋਕੀਓ ਓਲੰਪਿਕਸ ਵਾਸਤੇ 11 ਖੇਡ ਅਨੁਸ਼ਾਸਨਾਂ ਲਈ ਕੁੱਲ 100 ਅਥਲੀਟ ਕੁਆਲੀਫ਼ਾਈ ਹੋ ਚੁੱਕੇ ਹਨ ਤੇ 25 ਹੋਰ ਅਥਲੀਟਸ ਦੇ ਟੋਕੀਓ ਓਲੰਪਿਕਸ ਹਿਤ ਕੁਆਲੀਫ਼ਾਈ ਹੋਣ ਦੀ ਸੰਭਾਵਨਾ ਹੈ; ਜਿਨ੍ਹਾਂ ਦੇ ਵੇਰਵੇ ਜੂਨ 2021 ਦੇ ਅੰਤ ਵਿੱਚ ਸਾਹਮਣੇ ਆਉਣਗੇ। ਕੁੱਲ 19 ਭਾਰਤੀ ਅਥਲੀਟਸ ਨੇ ਸਾਲ 2016 ’ਚ ਰੀਓ ਡੀ ਜਨੇਰੀਓ  (Rio de Janeiro) ਵਿਖੇ ਪਿਛਲੀਆਂ ਪੈਰਾਲਿੰਪਿਕਸ ਵਿੱਚ ਹਿੱਸਾ ਲਿਆ ਸੀ। ਟੋਕੀਓ ਓਲੰਪਿਕਸ ਲਈ 26 ਪੈਰਾ ਅਥਲੀਟਸ ਕੁਆਲੀਫ਼ਾਈ ਹੋ ਚੁੱਕੇ ਹਨ ਅਤੇ 16 ਹੋਰ ਅਥਲੀਟਸ ਦੇ ਕੁਆਲੀਫ਼ਾਈ ਹੋਣ ਦੀ ਸੰਭਾਵਨਾ ਹੈ।

 

*******

 

ਡੀਐੱਸ/ਏਕੇਜੇ



(Release ID: 1724191) Visitor Counter : 182