ਪ੍ਰਧਾਨ ਮੰਤਰੀ ਦਫਤਰ

ਸਰਕਾਰ ਨੇ ਕੋਵਿਡ ਕਾਰਨ ਕਮਾਊ–ਮੈਂਬਰ ਗੁਆ ਚੁੱਕੇ ਪਰਿਵਾਰਾਂ ਦੀ ਮਦਦ ਲਈ ਹੋਰ ਕਦਮ ਚੁੱਕਣ ਦਾ ਐਲਾਨ ਕੀਤਾ


ਕੋਵਿਡ ਕਾਰਨ ਜਾਨਾਂ ਗੁਆ ਚੁੱਕੇ ਲੋਕਾਂ ਦੇ ਆਸ਼ਰਿਤਾਂ ਨੂੰ ਕਰਮਚਾਰੀ ਰਾਜ ਬੀਮਾ ਨਿਗਮ ਦੇ ਤਹਿਤ ਪਰਿਵਾਰਕ ਪੈਨਸ਼ਨ ਦਿੱਤੀ ਜਾਵੇਗੀ

ਈਡੀਐੱਲਆਈ (EDLI) ਯੋਜਨਾ ਦੇ ਤਹਿ ਮਿਲਣ ਵਾਲੇ ਬੀਮਾ ਫ਼ਾਇਦਿਆਂ ਹੋਰ ਵਿਸਤ੍ਰਿਤ ਅਤੇ ਉਦਾਰੀਕ੍ਰਿਤ ਕੀਤਾ ਗਿਆ

ਇਨ੍ਹਾਂ ਯੋਜਨਾਵਾਂ ਨਾਲ ਪਰਿਵਾਰਾਂ ਨੂੰ ਦਰਪੇਸ਼ ਵਿੱਤੀ ਔਕੜਾਂ ਘਟਾਉਣ ’ਚ ਮਦਦ ਮਿਲੇਗੀ: ਪ੍ਰਧਾਨ ਮੰਤਰੀ

Posted On: 29 MAY 2021 7:47PM by PIB Chandigarh

ਕੋਵਿਡ ਤੋਂ ਪ੍ਰਭਾਵਿਤ ‘ਬੱਚਿਆਂ ਦੇ ਸਸ਼ਕਤੀਕਰਣ ਲਈ – ਬੱਚਿਆਂ ਲਈ ‘ਪੀਐੱਮ ਕੇਅਰਸ’ (ਪੀਐੱਮ ਕੇਅਰਸ ਫ਼ਾਰ ਚਿਲਡਰਨ – ਐਂਪਾਵਰਮੈਂਟ ਆਵ੍ ਕੋਵਿਡ ਅਫ਼ੈਕਟਡ ਚਿਲਡ੍ਰਨ) ਦੇ ਤਹਿਤ ਐਲਾਨੇ ਗਏ ਕਦਮਾਂ ਤੋਂ ਇਲਾਵਾ ਭਾਰਤ ਸਰਕਾਰ ਨੇ ਕੋਵਿਡ ਕਾਰਨ ਕਮਾਊ–ਮੈਂਬਰ ਗੁਆਉਣ ਵਾਲੇ ਪਰਿਵਾਰਾਂ ਦੀ ਮਦਦ ਲਈ ਹੋਰ ਵੀ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਇਨ੍ਹਾਂ ਕਦਮਾਂ ਤਹਿਤ ਕੋਵਿਡ ਕਾਰਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਪੈਨਸ਼ਨ ਮੁਹੱਈਆ ਕਰਵਾਈ ਜਾਵੇਗੀ ਅਤੇ ਬੀਮੇ ਦੇ ਮੁਆਵਜ਼ੇ ਨੂੰ ਵਿਸਤ੍ਰਿਤ ਤੇ ਉਦਾਰੀਕ੍ਰਿਤ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਜਿਹੇ ਪਰਿਵਾਰਾਂ ਨਾਲ ਡਟ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਯੋਜਨਾਵਾਂ ਰਾਹੀਂ ਸੰਭਾਵੀ ਤੌਰ ’ਤੇ ਦਰਪੇਸ਼ ਵਿੱਤੀ ਔਕੜਾਂ ਘਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

• ‘ਕਰਮਚਾਰੀ ਰਾਜ ਬੀਮਾ ਨਿਗਮ’ (ਈਐੱਸਆਈਸੀ-ESIC) ਦੇ ਤਹਿਤ ਪਰਿਵਾਰਕ ਪੈਨਸ਼ਨ

• ਆਦਰ–ਮਾਣ ਨਾਲ ਜੀਵਨ ਜਿਊਣ ਤੇ ਰਹਿਣੀ–ਬਹਿਣੀ ਦਾ ਚੰਗਾ ਮਿਆਰ ਕਾਇਮ ਰੱਖਣ ਹਿਤ ਪਰਿਵਾਰ ਦੀ ਮਦਦ ਵਾਸਤੇ ਰੋਜ਼ਗਾਰ ਨਾਲ ਸਬੰਧਿਤ ਮੌਤ ਦੇ ਮਾਮਲਿਆਂ ਲਈ ਪਹਿਲਾਂ ਤੋਂ ਚੱਲੀ ਆ ਰਹੀ ਈਐੱਸਆਈਸੀ ਦੀ ਪੈਨਸ਼ਨ ਯੋਜਨਾ ਦੇ ਫ਼ਾਇਦਿਆਂ ਦਾ ਵਿਸਤਾਰ ਕੀਤਾ ਗਿਆ ਹੈ ਅਤੇ ਹੁਣ ਇਹ ਯੋਜਨਾ ਉਨ੍ਹਾਂ ਲਈ ਵੀ ਹੋਵੇਗੀ ਜਿਨ੍ਹਾਂ ਦਾ ਦੇਹਾਂਤ ਕੋਵਿਡ ਕਾਰਨ ਹੋ ਗਿਆ ਹੈ। ਅਜਿਹੇ ਵਿਅਕਤੀਆਂ ਦੇ ਆਸ਼ਰਿਤ ਪਰਿਵਾਰਕ ਮੈਂਬਰ ਮੌਜੂਦਾ ਨਿਯਮਾਂ ਅਨੁਸਾਰ ਮ੍ਰਿਤਕ ਕਰਮਚਾਰੀ ਨੂੰ ਮਿਲਣ ਵਾਲੀ ਔਸਤਨ ਰੋਜ਼ਾਨਾ ਦਿਹਾੜੀ ਦੇ 90% ਦੇ ਸਮਾਨ ਪੈਨਸ਼ਨ ਦਾ ਫ਼ਾਇਦਾ ਲੈਣ ਦੇ ਹੱਕਦਾਰ ਹੋਣਗੇ। ਇਹ ਫ਼ਾਇਦਾ ਪਿਛਲੀਆਂ ਤਰੀਕਾਂ ਭਾਵ 24 ਮਾਰਚ, 2020 ਤੋਂ ਅਤੇ ਅਜਿਹੇ ਮਾਮਲਿਆਂ ਲਈ 24 ਮਾਰਚ, 2022 ਤੱਕ ਉਪਲਬਧ ਹੋਵੇਗਾ।

• ਇੰਪਲਾਈਜ਼ ਪ੍ਰਾਵੀਡੈਂਟ ਫ਼ੰਡ ਸੰਗਠਨ – ਇੰਪਲਾਈਜ਼’ ਡਿਪਾਜ਼ਿਟਿ ਲਿੰਕਡ ਇੰਸ਼ਯੋਰੈਂਸ ਸਕੀਮ (ਈਡੀਐੱਲਆਈ-EDLI)

ਈਡੀਐੱਲਆਈ ਯੋਜਨਾ ਦੇ ਤਹਿਤ ਬੀਮਾ ਫ਼ਾਇਦੇ ਵਿਸਤ੍ਰਿਤ ਤੇ ਉਦਾਰੀਕ੍ਰਿਤ ਕੀਤੇ ਗਏ ਹਨ। ਹੋਰ ਸਾਰੇ ਲਾਭਪਾਤਰੀਆਂ ਤੋਂ ਇਲਾਵਾ, ਇਸ ਨਾਲ ਖ਼ਾਸ ਤੌਰ ਉੱਤੇ ਕੋਵਿਡ ਕਾਰਨ ਜਾਨਾਂ ਗੁਆਉਣ ਵਾਲੇ ਮੁਲਾਜ਼ਮਾਂ ਦੇ ਪਰਿਵਾਰਾਂ ਦੀ ਮਦਦ ਹੋਵੇਗੀ।

• ਬੀਮੇ ਦੇ ਲਾਭ ਦੀ ਵੱਧ ਤੋਂ ਵੱਧ ਰਾਸ਼ੀ 6 ਲੱਖ ਰੁਪਏ ਤੋਂ ਵਧਾ ਕੇ 7 ਲੱਖ ਰੁਪਏ ਕਰ ਦਿੱਤੀ ਗਈ ਹੈ।

• 2.5 ਲੱਖ ਰੁਪਏ ਦੇ ਘੱਟੋ–ਘੱਟ ਬੀਮਾ ਲਾਭ ਦੀ ਵਿਵਸਥਾ ਬਹਾਲ ਕੀਤੀ ਗਈ ਹੈ ਅਤੇ ਇਹ ਪਿਛਲੀ ਤਰੀਕ 15 ਫ਼ਰਵਰੀ, 2020 ਤੋਂ ਅਗਲੇ ਤਿੰਨ ਸਾਲਾਂ ਲਈ ਲਾਗੂ ਰਹੇਗੀ।

• ਠੇਕੇ ’ਤੇ ਕੰਮ ਕਰਨ ਵਾਲੇ / ਕੈਜ਼ੂਅਲ ਕਰਮਚਾਰੀਆਂ ਦੇ ਪਰਿਵਾਰਾਂ ਦੇ ਫ਼ਾਇਦੇ ਲਈ; ਸਿਰਫ਼ ਇੱਕੋ ਸੰਸਥਾਨ ਵਿੱਚ ਨਿਰੰਤਰ ਰੋਜ਼ਗਾਰ ਦੀ ਸ਼ਰਤ ਨੂੰ ਉਦਾਰੀਕ੍ਰਿਤ ਬਣਾਇਆ ਗਿਆ ਹੈ ਕਿਉਂਕਿ ਇਹ ਲਾਭ ਉਨ੍ਹਾਂ ਕਰਮਚਾਰੀਆਂ ਦੇ ਪਰਿਵਾਰਾਂ ਲਈ ਵੀ ਉਪਲਬਧ ਕਰਵਾਇਆ ਜਾ ਰਿਹਾ ਹੈ, ਜਿਨ੍ਹਾਂ ਨੇ ਆਪਣੇ ਦੇਹਾਂਤ ਤੋਂ ਪਹਿਲਾਂ ਦੇ 12 ਮਹੀਨਿਆਂ ਵਿੱਚ ਨੌਕਰੀਆਂ ਬਦਲੀਆਂ ਹੋਣਗੀਆਂ।

ਇਨ੍ਹਾਂ ਯੋਜਨਾਵਾਂ ਦੇ ਵਿਸਤ੍ਰਿਤ ਦਿਸ਼ਾ–ਨਿਰਦੇਸ਼ ਕਿਰਤ ਤੇ ਰੋਜ਼ਗਾਰ ਵਿਭਾਗ ਦੁਆਰਾ ਜਾਰੀ ਕੀਤੇ ਜਾ ਰਹੇ ਹਨ।

 

*****

 

ਡੀਐੱਸ/ਏਕੇਜੇ



(Release ID: 1722810) Visitor Counter : 238