ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿੱਚ ਕੋਵਿਡ-19 ’ਤੇ ਖੇਤਰੀ ਜਨ ਪ੍ਰਤੀਨਿਧੀਆਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ
ਪ੍ਰਸ਼ਾਸਨ ਪੂਰੀ ਸੰਵੇਦਨਸ਼ੀਲਤਾ ਦੇ ਨਾਲ ਵਾਰਾਣਸੀ ਦੇ ਲੋਕਾਂ ਦੀ ਹਰ ਸੰਭਵ ਸਹਾਇਤਾ ਕਰੇ: ਪ੍ਰਧਾਨ ਮੰਤਰੀ
“ਦੋ ਗਜ ਦੀ ਦੂਰੀ, ਮਾਸਕ ਹੈ ਜ਼ਰੂਰੀ” ਦੀ ਪਾਲਣਾ ਅਤੇ 45 ਸਾਲ ਤੋਂ ਉੱਪਰ ਦੇ ਸਾਰੇ ਲੋਕਾਂ ਦਾ ਟੀਕਾਕਰਣ ਯਕੀਨੀ ਬਣਾਏ ਪ੍ਰਸ਼ਾਸਨ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਟ੍ਰੈਕਿੰਗ, ਟ੍ਰੇਸਿੰਗ ਅਤੇ ਟੈਸਟਿੰਗ ’ਤੇ ਮੁੜ ਜ਼ੋਰ ਦਿੱਤਾ, ਪਹਿਲੀ ਲਹਿਰ ਦੀ ਤਰ੍ਹਾਂ ਹੀ ਦੂਸਰੀ ਲਹਿਰ ਨਾਲ ਲੜਨ ਲਈ ਵੀ ਮਹੱਤਵਪੂਰਨ
ਕੋਵਿਡ ਸੰਕ੍ਰਮਣ ਤੋਂ ਬਚਾਅ ਦੇ ਲਈ ਸਰਕਾਰ ਅਤੇ ਸਮਾਜ ਦੋਵਾਂ ਦਾ ਸਹਿਯੋਗ ਜ਼ਰੂਰੀ: ਪ੍ਰਧਾਨ ਮੰਤਰੀ
Posted On:
18 APR 2021 1:07PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਰਾਣਸੀ ਜ਼ਿਲ੍ਹੇ ਵਿੱਚ ਕੋਵਿਡ-19 ਦੀ ਸਥਿਤੀ ਦਾ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਜਾਇਜ਼ਾ ਲਿਆ। ਬੈਠਕ ਦੇ ਦੌਰਾਨ ਪ੍ਰਧਾਨ ਮੰਤਰੀ ਦੁਆਰਾ ਕੋਰੋਨਾ ਦੀ ਰੋਕਥਾਮ ਅਤੇ ਕੋਰੋਨਾ ਸੰਕ੍ਰਮਣ ਵਾਲੇ ਮਰੀਜ਼ਾਂ ਦੇ ਢੁਕਵੇਂ ਇਲਾਜ ਲਈ ਟੈਸਟਿੰਗ, ਬੈੱਡਾਂ, ਦਵਾਈਆਂ, ਵੈਕਸੀਨ, ਅਤੇ ਮਨੁੱਖੀ ਸ਼ਕਤੀ ਆਦਿ ਦਾ ਜਾਇਜ਼ਾ ਲਿਆ ਗਿਆ ਹੈ। ਉਨ੍ਹਾਂ ਨੇ ਜਨਤਾ ਨੂੰ ਹਰ ਸੰਭਵ ਸਹਾਇਤਾ ਤੁਰੰਤ ਉਪਲਬਧ ਕਰਵਾਉਣ ਲਈ ਅਧਿਕਾਰੀਆਂ ਨੂੰ ਹਦਾਇਤ ਕੀਤੀ।
ਚਰਚਾ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਖਾਸ ਰੂਪ ਨਾਲ ਜ਼ੋਰ ਦਿੰਦੇ ਹੋਏ ਕਿਹਾ ਕਿ “ਦੋ ਗਜ ਦੀ ਦੂਰੀ, ਮਾਸਕ ਹੈ ਜ਼ਰੂਰੀ” ਦੀ ਪਾਲਣਾ ਸਾਰੇ ਲੋਕਾਂ ਦੁਆਰਾ ਕੀਤੀ ਜਾਵੇ। ਪ੍ਰਧਾਨ ਮੰਤਰੀ ਨੇ ਟੀਕਾਕਰਣ ਮੁਹਿੰਮ ਦੇ ਮਹੱਤਵ ’ਤੇ ਜ਼ੋਰ ਦਿੰਦੇ ਹੋ ਕਿਹਾ ਕਿ ਪ੍ਰਸ਼ਾਸਨ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰੇ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਵੀ ਪੂਰੀ ਸੰਵੇਦਨਸ਼ੀਲਤਾ ਨਾਲ ਵਾਰਾਣਸੀ ਦੇ ਲੋਕਾਂ ਦੀ ਹਰ ਸੰਭਵ ਸਹਾਇਤਾ ਕਰਨ ਦੇ ਲਈ ਕਿਹਾ।
ਪ੍ਰਧਾਨ ਮੰਤਰੀ ਨੇ ਦੇਸ਼ ਦੇ ਸਾਰੇ ਡਾਕਟਰਾਂ, ਸਾਰੇ ਮੈਡੀਕਲ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਵੀ ਉਹ ਆਪਣੀ ਫਰਜ਼ ਨੂੰ ਸੁਹਿਰਦਤਾ ਨਾਲ ਨਿਭਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਪਿਛਲੇ ਸਾਲ ਦੇ ਅਨੁਭਵਾਂ ਤੋਂ ਸਿੱਖਦੇ ਹੋਏ ਸਾਵਧਾਨ ਰਹਿ ਕੇ ਅੱਗੇ ਵਧਣਾ ਹੈ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਵਾਰਾਣਸੀ ਦੇ ਪ੍ਰਤੀਨਿਧੀ ਵਜੋਂ ਉਹ ਆਮ ਲੋਕਾਂ ਤੋਂ ਵੀ ਲਗਾਤਾਰ ਫੀਡਬੈਕ ਲੈ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਵਾਰਾਣਸੀ ਵਿੱਚ ਪਿਛਲੇ 5-6 ਸਾਲਾਂ ਵਿੱਚ ਮੈਡੀਕਲ ਬੁਨਿਆਦੀ ਢਾਂਚੇ ਦੇ ਵਿਸਤਾਰ ਅਤੇ ਆਧੁਨਿਕੀਕਰਣ ਨਾਲ ਕੋਰੋਨਾ ਨਾਲ ਲੜਨ ਵਿੱਚ ਸਹਾਇਤਾ ਕੀਤੀ ਹੈ। ਇਸ ਦੇ ਨਾਲ ਵਾਰਾਣਸੀ ਵਿੱਚ ਬੈੱਡਾਂ, ਆਈਸੀਯੂ ਅਤੇ ਆਕਸੀਜਨ ਦੀ ਉਪਲਬਧਤਾ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਮਰੀਜ਼ਾਂ ਦੀ ਵਧ ਰਹੀ ਗਿਣਤੀ ਕਾਰਨ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਹਰ ਪੱਧਰ ’ਤੇ ਯਤਨ ਵਧਾਉਣ ਦੀ ਲੋੜ ’ਤੇ ਵੀ ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਵਾਰਾਣਸੀ ਪ੍ਰਸ਼ਾਸਨ ਨੇ ਤੇਜ਼ੀ ਦੇ ਨਾਲ ‘ਕਾਸ਼ੀ ਕੋਵਿਡ ਰਿਸਪਾਂਸ ਸੈਂਟਰ’ ਸਥਾਪਿਤ ਕੀਤਾ ਹੈ, ਉਸੇ ਤਰ੍ਹਾਂ ਹੀ ਸਾਰੇ ਖੇਤਰਾਂ ਵਿੱਚ ਤੇਜ਼ੀ ਲਿਆਂਦੀ ਜਾਣੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਨੇ ‘ਟੈਸਟ, ਟ੍ਰੈਕ ਐਂਡ ਟ੍ਰੀਟ’ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਪਹਿਲੀ ਲਹਿਰ ਦੀ ਤਰ੍ਹਾਂ ਹੀ ਵਾਇਰਸ ਤੋਂ ਜਿੱਤਣ ਦੇ ਲਈ ਇਹੀ ਰਣਨੀਤੀ ਅਪਣਾਉਣੀ ਹੋਵੇਗੀ। ਉਨ੍ਹਾਂ ਨੇ ਸੰਕ੍ਰਮਿਤ ਵਿਅਕਤੀਆਂ ਦੀ ਕੰਟ੍ਰੈਕਟ ਟ੍ਰੇਸਿੰਗ ਅਤੇ ਟੈਸਟ ਰਿਪੋਰਟਾਂ ਨੂੰ ਜਲਦੀ ਤੋਂ ਜਲਦੀ ਮੁਹੱਈਆ ਕਰਵਾਉਣ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਹੋਮ ਆਈਸੋਲੇਸ਼ਨ ਵਿੱਚ ਰਹਿ ਰਹੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਪ੍ਰਤੀ ਵੀ ਸਾਰੀਆਂ ਜ਼ਿੰਮੇਵਾਰੀਆਂ ਨੂੰ ਸੰਵੇਦਨਸ਼ੀਲ ਤਰੀਕੇ ਨਾਲ ਨਿਭਾਉਣ ਦਾ ਨਿਰਦੇਸ਼ ਦਿੱਤਾ।
ਪ੍ਰਧਾਨ ਮੰਤਰੀ ਨੇ ਵਾਰਾਨਸੀ ਦੀਆਂ ਸਵੈ-ਸੇਵੀ ਸੰਸਥਾਵਾਂ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਉਨ੍ਹਾਂ ਨੇ ਜਿਸ ਤਰ੍ਹਾਂ ਸਰਕਾਰ ਦੇ ਨਾਲ ਮਿਲ ਕੇ ਕੰਮ ਕੀਤਾ ਹੈ ਉਸ ਨੂੰ ਹੋਰ ਹੁਲਾਰਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਦੁਬਾਰਾ ਸਥਿਤੀ ਦੇ ਮੱਦੇਨਜ਼ਰ ਵਧੇਰੇ ਚੌਕਸੀ ਅਤੇ ਸਾਵਧਾਨੀ ਵਰਤਣ ’ਤੇ ਜ਼ੋਰ ਦਿੱਤਾ।
ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਾਰਾਣਸੀ ਖੇਤਰ ਦੇ ਜਨ ਪ੍ਰਤੀਨਿਧੀਆਂ ਅਤੇ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਕੋਵਿਡ ਦੀ ਰੋਕਥਾਮ ਅਤੇ ਇਲਾਜ ਸਬੰਧੀ ਖੇਤਰ ਵਿੱਚ ਕੀਤੀਆਂ ਗਈਆਂ ਤਿਆਰੀਆਂ ਬਾਰੇ ਸੂਚਨਾ ਦਿੱਤੀ। ਇਸ ਸਬੰਧ ਵਿੱਚ, ਪ੍ਰਧਾਨ ਮੰਤਰੀ ਨੂੰ ਸੰਪਰਕ ਟ੍ਰੇਸਿੰਗ ਲਈ ਸਥਾਪਿਤ ਕੰਟਰੋਲ ਰੂਮ, ਹੋਮ ਆਈਸੋਲੇਸ਼ਨ ਦੇ ਲਈ ਬਣਾਏ ਗਏ ਕਮਾਂਡ ਐਂਡ ਕੰਟਰੋਲ ਸੈਂਟਰ, ਡੈਡੀਕੇਟਿਡ ਫੋਨ ਲਾਈਨ ਐਂਬੂਲੈਂਸਾਂ, ਕੰਟਰੋਲ ਰੂਮਾਂ ਤੋਂ ਟੈਲੀਮੈਡੀਸਿਨ ਦੀ ਵਿਵਸਥਾ, ਸ਼ਹਿਰੀ ਖੇਤਰ ਵਿੱਚ ਹੋਰ ਰੈਪਿਡ ਰਿਸਪਾਂਸ ਟੀਮਾਂ ਦੀ ਤੈਨਾਤੀ ਆਦਿ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰਧਾਨ ਮੰਤਰੀ ਨੂੰ ਸੂਚਿਤ ਕੀਤਾ ਗਿਆ ਕਿ ਕੋਵਿਡ ਦੀ ਰੋਕਥਾਮ ਦੇ ਲਈ ਹੁਣ ਤੱਕ 198383 ਵਿਅਕਤੀਆਂ ਨੂੰ ਟੀਕਾਕਰਣ ਦੀ ਪਹਿਲੀ ਖੁਰਾਕ ਅਤੇ 35,014 ਵਿਅਕਤੀਆਂ ਨੂੰ ਦੂਸਰੀ ਖੁਰਾਕ ਦਿੱਤੀ ਜਾ ਚੁੱਕੀ ਹੈ।
ਇਸ ਵੀਡੀਓ ਕਾਨਫ਼ਰੰਸਿੰਗ ਦੇ ਦੌਰਾਨ, ਐੱਮਐੱਲਸੀ/ ਕੋਵਿਡ ਇੰਚਾਰਜ ਵਾਰਾਣਸੀ ਸ਼੍ਰੀ ਏ.ਕੇ. ਸ਼ਰਮਾ, ਜ਼ੋਨਲ ਮੁਖੀ ਸ਼੍ਰੀ ਦੀਪਕ ਅਗਰਵਾਲ, ਪੁਲਿਸ ਕਮਿਸ਼ਨਰ ਸ਼੍ਰੀ ਏ.ਸਤੀਸ਼ ਗਣੇਸ਼, ਜ਼ਿਲ੍ਹਾ ਕਲੈਕਟਰ ਸ਼੍ਰੀ ਕੌਸ਼ਲ ਰਾਜ ਸ਼ਰਮਾ, ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਗੌਰੰਗ ਰਾਠੀ, ਮੁੱਖ ਮੈਡੀਕਲ ਅਧਿਕਾਰੀ ਡਾ: ਐੱਨ.ਪੀ. ਸਿੰਘ, ਡਾਇਰੈਕਟਰ ਆਈਐੱਮਐੱਸ ਬੀਐੱਚਯੂ ਪ੍ਰੋਫੈਸਰ ਬੀਆਰ ਮਿੱਤਲ, ਰਾਜ ਮੰਤਰੀ ਸ਼੍ਰੀ ਨੀਲਕੰਠ ਤਿਵਾੜੀ ਅਤੇ ਸ਼੍ਰੀ ਰਵਿੰਦਰ ਜੈਸਵਾਲ, ਰੋਹਨੀਯਾਂ ਤੋਂ ਵਿਧਾਇਕ ਸ਼੍ਰੀ ਸੁਰੇਂਦਰ ਨਰਾਇਣ ਸਿੰਘ, ਐੱਮਐੱਲਸੀ ਸ਼੍ਰੀ ਅਸ਼ੋਕ ਧਵਨ ਅਤੇ ਐੱਮਐੱਲਸੀ ਸ਼੍ਰੀ ਲਕਸ਼ਮਣ ਅਚਾਰੀਆ ਵੀ ਮੌਜੂਦ ਸਨ।
***
ਡੀਐੱਸ/ ਵੀਜੇ/ ਏਕੇ
(Release ID: 1712576)
Visitor Counter : 179
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam