ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਇੰਡੀਆ ਇੰਟਰਨੈਸ਼ਨਲ ਸਾਇੰਸ ਫ਼ੈਸਟੀਵਲ (ਆਈਆਈਐੱਸਐੱਫ਼) 2020 ਸਮੇਂ ਉਦਘਾਟਨੀ ਭਾਸ਼ਣ ਦਿੱਤਾ
ਭਾਰਤ ਕੋਲ ਵਿਸ਼ਵ–ਪੱਧਰੀ ਵਿਗਿਆਨਕ ਸਮਾਧਾਨ ਹਾਸਲ ਕਰਨ ਲਈ ਡਾਟਾ, ਜਨ–ਸੰਖਿਆ ਵਿਸ਼ੇਸ਼ਤਾ, ਮੰਗ, ਲੋਕਤੰਤਰ ਹਨ: ਪ੍ਰਧਾਨ ਮੰਤਰੀ
ਦੇਸ਼ ਦੇ ਵਿਕਾਸ ਲਈ ਵਿਗਿਆਨ ਨੂੰ ਵਿਕਸਿਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ
ਭਾਰਤੀ ਪ੍ਰਤਿਭਾ ’ਚ ਨਿਵੇਸ਼ ਕਰਨ ਤੇ ਭਾਰਤ ਵਿੱਚ ਨਵੀਆਂ ਖੋਜਾਂ ਕਰਨ ਲਈ ਆਲਮੀ ਭਾਈਚਾਰੇ ਨੂੰ ਤਾਕੀਦ ਕੀਤੀ
Posted On:
22 DEC 2020 5:51PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਇੰਡੀਆ ਇੰਟਰਨੈਸ਼ਨਲ ਸਾਇੰਸ ਫ਼ੈਸਟੀਵਲ’ (ਆਈਆਈਐੱਸਐੱਫ਼ – IISF) 2020 ’ਚ ਉਦਘਾਟਨੀ ਭਾਸ਼ਣ ਦਿੱਤਾ। ਕੇਂਦਰੀ ਮੰਤਰੀ ਡਾ. ਹਰਸ਼ ਵਰਧਨ ਵੀ ਇਸ ਮੌਕੇ ਮੌਜੂਦ ਸਨ।
ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਵਿਗਿਆਨ, ਟੈਕਨੋਲੋਜੀ ਤੇ ਨਵੀਆਂ ਖੋਜਾਂ ਵਿੱਚ ਅਮੀਰ ਵਿਰਾਸਤ ਰਹੀ ਹੈ। ਸਾਡੇ ਵਿਗਿਆਨੀਆਂ ਨੇ ਨਿਵੇਕਲੀਆਂ ਖੋਜਾਂ ਕੀਤੀਆਂ ਹਨ। ਸਾਡਾ ਤਕਨੀਕੀ ਉਦਯੋਗ ਵਿਸ਼ਵ–ਸਮੱਸਿਆਵਾਂ ਹੱਲ ਕਰਨ ਵਿੱਚ ਮੋਹਰੀ ਹੈ। ਪਰ ਭਾਰਤ ਹੋਰ ਬਹੁਤ ਕੁਝ ਕਰਨਾ ਚਾਹੁੰਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅਸੀਂ ਅਤੀਤ ਵੱਲ ਮਾਣ ਨਾਲ ਦੇਖਦੇ ਹਾਂ ਪਰ ਅਸੀਂ ਇੱਕ ਹੋਰ ਵੀ ਬਿਹਤਰ ਭਵਿੱਖ ਚਾਹੁੰਦੇ ਹਾਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਦਾ ਉਦੇਸ਼ ਵਿਗਿਆਨਕ ਸਬਕ ਲਈ ਭਾਰਤ ਨੂੰ ਸਭ ਤੋਂ ਵੱਧ ਭਰੋਸੇਯੋਗ ਕੇਂਦਰ ਬਣਾਉਣਾ ਹੈ। ਇਸ ਦੇ ਨਾਲ ਹੀ, ਅਸੀਂ ਆਪਣੇ ਵਿਗਿਆਨਕ ਭਾਈਚਾਰੇ ਤੋਂ ਚਾਹੁੰਦੇ ਹਾਂ ਕਿ ਉਹ ਦੁਨੀਆ ਦੀ ਬਿਹਤਰੀਨ ਪ੍ਰਤਿਭਾ ਨਾਲ ਸ਼ੇਅਰ ਕਰਨ ਤੇ ਤਰੱਕੀ ਕਰਨ। ਇਸ ਦੀ ਪ੍ਰਾਪਤੀ ਲਈ ਚੁੱਕੇ ਗਏ ਕਦਮਾਂ ਵਿੱਚੋਂ ਇੱਕ ਮੇਜ਼ਬਾਨੀ ਹੈ ਅਤੇ ਭਾਰਤੀ ਵਿਗਿਆਨੀਆਂ ਨੂੰ ਦੁਨੀਆ ਸਾਹਮਣੇ ਲਿਆਉਣ ਤੇ ਮੌਕਾ ਮੁਹੱਈਆ ਕਰਵਾਉਣ ਲਈ ਹੈਕਾਥੌਨਸ ਵਿੱਚ ਸ਼ਾਮਲ ਹੋਣਾ ਹੈ।
ਪ੍ਰਧਾਨ ਮੰਤਰੀ ਨੇ ਦ੍ਰਿੜ੍ਹਤਾਪੂਰਬਕ ਕਿਹਾ ਕਿ ਨਵੀਂ ‘ਰਾਸ਼ਟਰੀ ਸਿੱਖਿਆ ਨੀਤੀ’ ਛੋਟੀ ਉਮਰ ਤੋਂ ਹੀ ਵਿਗਿਆਨਕ ਸੁਭਾਅ ਵਿਕਸਿਤ ਕਰਨ ਵਿੱਚ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਹੁਣ ਧਿਆਨ ਖ਼ਰਚਿਆਂ ਦੀ ਥਾਂ ਨਤੀਜਿਆਂ ਵੱਲ, ਪਾਠ–ਪੁਸਤਕਾਂ ਤੋਂ ਖੋਜ ਕਰਨ ਤੇ ਲਾਗੂ ਕਰਨ ਵੱਲ ਤਬਦੀਲ ਹੋ ਗਿਆ ਹੈ। ਇਹ ਨੀਤੀ ਚੋਟੀ ਦੇ ਮਿਆਰੀ ਅਧਿਆਪਕਾਂ ਦਾ ਪੂਲ ਤਿਆਰ ਕਰਨ ਲਈ ਉਤਸ਼ਾਹਿਤ ਕਰੇਗੀ। ਇਹ ਪਹੁੰਚ ਨਵੇਂ ਵਿਗਿਆਨੀਆਂ ਦੀ ਮਦਦ ਕਰੇਗੀ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਵਿੱਚ ‘ਅਟਲ ਇਨੋਵੇਸ਼ਨ ਮਿਸ਼ਨ’ ਅਤੇ ‘ਅਟਲ ਟਿੰਕਰਿੰਗ ਲੈਬਜ਼’ ਦੁਆਰਾ ਮਦਦ ਕੀਤੀ ਜਾ ਰਹੀ ਹੈ।
ਮਿਆਰੀ ਖੋਜ ਲਈ, ਸਰਕਾਰ ਪ੍ਰਤਿਭਾ ਤੇ ਦਿਲਚਸਪੀ ਮੁਤਾਬਕ ਖੋਜ ਕਰਨ ਲਈ ਦੇਸ਼ ਦੀ ਸਰਬੋਤਮ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਵਾਸਤੇ ‘ਪ੍ਰਾਈਮ ਮਿਨਿਸਟਰ ਰਿਸਰਚ ਫ਼ੈਲੋਜ਼ ਸਕੀਮ’ ਚਲਾ ਰਹੀ ਹੈ। ਪ੍ਰਧਾਨ ਮੰਤਰੀ ਨੇ ਸੂਚਿਤ ਕੀਤਾ ਕਿ ਇਹ ਯੋਜਨਾ ਉੱਚ ਸੰਸਥਾਨਾਂ ਵਿੱਚ ਵਿਗਿਆਨੀਆਂ ਦੀ ਮਦਦ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਵਿਗਿਆਨੀਆਂ ਦੇ ਲਾਭ ਸਭ ਤੱਕ ਪਹੁੰਚਾਉਣ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਿਗਿਆਨ ਤੇ ਟੈਕਨੋਲੋਜੀ ਕਿੱਲਤ ਤੇ ਅਸਰ ਦੇ ਪਾੜੇ ਨੂੰ ਪੂਰ ਰਹੇ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇੰਝ ਗ਼ਰੀਬ ਤੋਂ ਗ਼ਰੀਬ ਵੀ ਸਰਕਾਰ ਨਾਲ ਜੁੜ ਰਹੇ ਹਨ। ਡਿਜੀਟਲ ਤਰੱਕੀਆਂ ਨਾਲ, ਭਾਰਤ ਵਿਕਾਸ ਅਤੇ ਵਿਸ਼ਵ–ਪੱਧਰੀ ਉੱਚ–ਟੈਕਨੋਲੋਜੀ ਸ਼ਕਤੀ ਦੇ ਇਨਕਲਾਬ ਦਾ ਕੇਂਦਰ ਬਣ ਰਿਹਾ ਹੈ।
ਇਹ ਵਿਸ਼ਵ–ਪੱਧਰੀ ਸਿੱਖਿਆ, ਸਿਹਤ, ਕਨੈਕਟੀਵਿਟੀ ਤੇ ਗ੍ਰਾਮੀਣ ਸਮਾਧਾਨ ਹਾਸਲ ਕਰਨ ਲਈ, ਅੱਜ ਦੇ ਭਾਰਤ ਕੋਲ ਡਾਟਾ, ਜਨ ਸੰਖਿਆ ਵਿਸ਼ੇਸ਼ਤਾ ਅਤੇ ਮੰਗ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਭ ਤੋਂ ਵਧ ਕੇ ਭਾਰਤ ਕੋਲ ਇਹ ਸਭ ਸੰਤੁਲਿਤ ਕਰਨ ਤੇ ਇਸ ਸਭ ਦੀ ਰਾਖੀ ਲਈ ਲੋਕਤੰਤਰ ਹੈ। ਇਹੋ ਕਾਰਨ ਹੈ ਕਿ ਵਿਸ਼ਵ ਭਾਰਤ ਉੱਤੇ ਭਰੋਸਾ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ‘ਪਾਣੀ ਦੀ ਕਿੱਲਤ, ਪ੍ਰਦੂਸ਼ਣ, ਭੋਂ ਗੁਣਵੱਤਾ, ਅਨਾਜ ਸੁਰੱਖਿਆ’ ਜਿਹੀਆਂ ਬਹੁਤ ਸਾਰੀਆਂ ਚੁਣੌਤੀਆਂ ਹਨ, ਜਿਨ੍ਹਾਂ ਦਾ ਸਮਾਧਾਨ ਆਧੁਨਿਕ ਵਿਗਿਆਨ ਕੋਲ ਹੈ। ਵਿਗਿਆਨ ਦੀ ਸਾਡੇ ਸਮੁੰਦਰ ਵਿੱਚ ਪਾਣੀ, ਊਰਜਾ ਤੇ ਭੋਜਨ ਸਰੋਤਾਂ ਦੀ ਤੇਜ਼ੀ ਨਾਲ ਖੋਜ ਕਰਨ ਵਿੱਚ ਵੀ ਵੱਡੀ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਭਾਰਤ ਇਸ ਲਈ ‘ਡੀਪ ਓਸ਼ਨ ਮਿਸ਼ਨ’ ਚਲਾ ਰਿਹਾ ਹੈ ਅਤੇ ਇਸ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਗਿਆਨ ਵਿੱਚ ਨਵੀਆਂ ਖੋਜਾਂ ਦਾ ਲਾਭ ਵਣਜ ਤੇ ਕਾਰੋਬਾਰ ਨੂੰ ਵੀ ਹੁੰਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਨੌਜਵਾਨਾਂ ਅਤੇ ਨਿਜੀ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਪੁਲਾੜ ਖੇਤਰ ਵਿੱਚ ਸੁਧਾਰ ਲਿਆਂਦੇ ਗਏ ਹਨ, ਜਿਨ੍ਹਾਂ ਨਾਲ ਉਹ ਨਾ ਸਿਰਫ਼ ਆਕਾਸ਼ ਨੂੰ ਛੋਹ ਸਕਦੇ ਹਨ, ਸਗੋਂ ਧੁਰ ਪੁਲਾੜ ਦੇ ਸਿਖ਼ਰ ਵੀ ਛੋਹ ਸਕਦੇ ਹਨ। ਉਨ੍ਹਾਂ ਕਿਹਾ ਕਿ ਨਵੀਂ ‘ਪ੍ਰੋਡਕਸ਼ਨ ਲਿੰਕਡ ਇੰਸੈਂਟਿਵ ਸਕੀਮ’ ਵੀ ਵਿਗਿਆਨ ਅਤੇ ਟੈਕਨੋਲੋਜੀ ਨਾਲ ਸਬੰਧਿਤ ਖੇਤਰਾਂ ਉੱਤੇ ਧਿਆਨ ਕੇਂਦ੍ਰਿਤ ਕਰਦੀ ਹੈ। ਅਜਿਹੇ ਕਦਮਾਂ ਨਾਲ ਵਿਗਿਆਨਕ ਭਾਈਚਾਰੇ ਨੂੰ ਹੁਲਾਰਾ ਮਿਲੇਗਾ, ਵਿਗਿਆਨ ਤੇ ਟੈਕਨੋਲੋਜੀ ਨਾਲ ਸਬੰਧਿਤ ਈਕੋਸਿਸਟਮ ਨੂੰ ਨਵੀਂ ਖੋਜ ਲਈ ਬਿਹਤਰ ਤੇ ਹੋਰ ਵਧੇਰੇ ਵਸੀਲੇ ਮਿਲਣਗੇ ਅਤੇ ਇਸ ਦੇ ਨਾਲ ਹੀ ਵਿਗਿਆਨ ਤੇ ਉਦਯੋਗ ਵਿਚਾਲੇ ਭਾਈਵਾਲੀ ਦਾ ਇੱਕ ਨਵਾਂ ਸੱਭਿਆਚਾਰ ਪੈਦਾ ਹੋਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਮੇਲਾ ਵਿਗਿਆਨ ਤੇ ਉਦਯੋਗ ਵਿਚਾਲੇ ਤਾਲਮੇਲ ਤੇ ਸਹਿਯੋਗ ਦੀ ਭਾਵਨਾ ਦੇ ਪਸਾਰ ਮੁਹੱਈਆ ਕਰਵਾਏਗਾ ਕਿਉਂਕਿ ਨਵੇਂ ਤਾਲਮੇਲਾਂ ਨਾਲ ਨਵੇਂ ਆਯਾਮ ਪੈਦਾ ਹੋਣਗੇ।
ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਹੁਣ ਵਿਗਿਆਨ ਜਿਹੜੀ ਸਭ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ, ਉਹ ਕੋਵਿਡ ਮਹਾਮਾਰੀ ਦੀ ਵੈਕਸੀਨ ਹੋ ਸਕਦੀ ਹੈ। ਪਰ ਲੰਬੇ ਸਮੇਂ ਦੀ ਸਭ ਤੋਂ ਵੱਡੀ ਚੁਣੌਤੀ ਜਿਸ ਦਾ ਸਾਹਮਣਾ ਵਿਗਿਆਨ ਕਰਦਾ ਹੈ – ਉਹ ਹੈ ਉੱਚ–ਮਿਆਰੀ ਨੌਜਵਾਨਾਂ ਨੂੰ ਖਿੱਚਣਾ ਤੇ ਉਨ੍ਹਾਂ ਨੂੰ ਕਾਇਮ ਰੱਖਣਾ। ਉਨ੍ਹਾਂ ਟੈਕਨੋਲੋਜੀ ਤੇ ਇੰਜੀਨੀਅਰਿੰਗ ਦੇ ਖੇਤਰਾਂ ਪ੍ਰਤੀ ਨੌਜਵਾਨਾਂ ਦੀ ਖਿੱਚ ਪ੍ਰਤੀ ਅਫ਼ਸੋਸ ਪ੍ਰਗਟਾਇਆ ਅਤੇ ਦੇਸ਼ ਦੇ ਵਿਕਾਸ ਲਈ ਵਿਗਿਆਨ ਦਾ ਵਿਕਾਸ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਜੋ ਅੱਜ ਵਿਗਿਆਨ ਅਖਵਾਉਂਦਾ ਹੈ, ਉਹ ਕੱਲ੍ਹ ਦੀ ਟੈਕਨੋਲੋਜੀ ਅਤੇ ਬਾਅਦ ਵਿੱਚ ਇੰਜੀਨੀਅਰਿੰਗ ਸਮਾਧਾਨ ਬਣਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵਿਗਿਆਨ ਦੇ ਖੇਤਰ ਵਿੱਚ ਵਧੀਆ ਪ੍ਰਤਿਭਾ ਨੂੰ ਖਿੱਚਣ ਲਈ ਸਰਕਾਰ ਨੇ ਵਿਭਿੰਨ ਪੱਧਰਾਂ ਉੱਤੇ ਵਜ਼ੀਫ਼ਿਆਂ ਦਾ ਐਲਾਨ ਕੀਤਾ ਹੈ। ਪਰ ਇਸ ਨੂੰ ਵਿਗਿਆਨਕ ਭਾਈਚਾਰੇ ਦੇ ਅੰਦਰੋਂ ਹੀ ਵੱਡੀ ਪਹੁੰਚ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ‘ਚੰਦਰਯਾਨ ਮਿਸ਼ਨ’ ਪ੍ਰਤੀ ਉਤੇਜਨਾ ਨੇ ਨੌਜਵਾਨਾਂ ਵਿੱਚ ਬਹੁਤ ਦਿਲਚਸਪੀ ਪੈਦਾ ਕੀਤੀ ਸੀ।
ਪ੍ਰਧਾਨ ਮੰਤਰੀ ਨੇ ਆਲਮੀ ਭਾਈਚਾਰੇ ਨੂੰ ਭਾਰਤੀ ਪ੍ਰਤਿਭਾ ਵਿੱਚ ਨਿਵੇਸ਼ ਕਰਨ ਅਤੇ ਭਾਰਤ ਵਿੱਚ ਨਵੀਆਂ ਖੋਜਾਂ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਇਕੱਠ ਨੂੰ ਕਿਹਾ ਕਿ ਭਾਰਤ ਕੋਲ ਬਹੁਤ ਹੋਣਹਾਰ ਦਿਮਾਗ਼ ਹਨ ਤੇ ਇੱਥੇ ਖੁੱਲ੍ਹੇਪਣ ਤੇ ਪਾਰਦਰਸ਼ਤਾ ਦਾ ਸੱਭਿਆਚਾਰ ਪਾਇਆ ਜਾਂਦਾ ਹੈ। ਭਾਰਤ ਸਰਕਾਰ ਇੱਥੇ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਦਾ ਟਾਕਰਾ ਕਰਨ ਤੇ ਖੋਜ ਮਾਹੌਲ ਵਿੱਚ ਸੁਧਾਰ ਲਿਆਉਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਵਿਗਿਆਨ ਵਿਅਕਤੀ ਦੇ ਅੰਦਰੋਂ ਸਰਬੋਤਮ ਬਾਹਰ ਲਿਆਉਂਦਾ ਹੈ ਅਤੇ ਫ਼ਰਕ ਦੀ ਸ਼ਕਤੀ ਨੂੰ ਵਰਤਦਾ ਹੈ। ਉਨ੍ਹਾਂ ਭਾਰਤ ਨੂੰ ਅੱਗੇ ਰੱਖਣ ਅਤੇ ਕੋਰੋਨਾ ਵਿਰੁੱਧ ਜੰਗ ਵਿੱਚ ਇੱਕ ਬਿਹਤਰ ਸਥਿਤੀ ਲਈ ਲਈ ਸਾਡੇ ਵਿਗਿਆਨੀਆਂ ਦੀ ਸ਼ਲਾਘਾ ਕੀਤੀ।
*****
ਡੀਐੱਸ/ਏਕੇ
(Release ID: 1682843)
Visitor Counter : 193
Read this release in:
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam