ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕੋਵਿਡ–19 ਟੀਕਾਕਰਣ ਰਣਨੀਤੀ ਬਾਰੇ ਵਿਚਾਰ ਕਰਨ ਲਈ ਸਰਬ–ਪਾਰਟੀ ਬੈਠਕ ਕੀਤੀ
ਭਾਰਤ ਵਿੱਚ ਤਿੰਨ ਦੇਸੀ ਸਮੇਤ ਅੱਠ ਸੰਭਾਵਿਤ ਵੈਕਸੀਨਾਂ ਪਰੀਖਣ ਦੇ ਵੱਖੋ–ਵੱਖਰੇ ਪੜਾਵਾਂ ’ਤੇ ਹਨ: ਪ੍ਰਧਾਨ ਮੰਤਰੀ
ਇਹ ਆਸ ਕੀਤੀ ਜਾਂਦੀ ਹੈ ਕਿ ਵੈਕਸੀਨ ਆਉਣ ਵਾਲੇ ਕੁਝ ਹਫ਼ਤਿਆਂ ਵਿੱਚ ਉਪਲਬਧ ਹੋਵੇਗੀ: ਪ੍ਰਧਾਨ ਮੰਤਰੀ
ਵਿਸ਼ਵ ਇੱਕ ਸੁਰੱਖਿਅਤ ਤੇ ਕਿਫ਼ਾਇਤੀ ਵੈਕਸੀਨ ਦੇ ਵਿਕਾਸ ਲਈ ਭਾਰਤ ਵੱਲ ਦੇਖ ਰਿਹਾ ਹੈ: ਪ੍ਰਧਾਨ ਮੰਤਰੀ
Posted On:
04 DEC 2020 4:19PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ’ਚ ਕੋਵਿਡ–19 ਟੀਕਾਕਰਣ ਰਣਨੀਤੀ ਬਾਰੇ ਵਿਚਾਰ–ਵਟਾਂਦਰਾ ਕਰਨ ਲਈ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਸਰਬ–ਪਾਰਟੀ ਬੈਠਕ ਵਿੱਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਇੱਕ ਵਿਆਪਕ ਟੀਕਾਕਰਣ ਰਣਨੀਤੀ ਵਿਕਸਿਤ ਕਰ ਰਹੀ ਹੈ। ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਵਿਸ਼ਵ ਇੱਕ ਸੁਰੱਖਿਅਤ ਅਤੇ ਕਿਫ਼ਾਇਤੀ ਵੈਕਸੀਨ ਦੇ ਵਿਕਾਸ ਲਈ ਭਾਰਤ ਵੱਲ ਵੇਖ ਰਿਹਾ ਹੈ।
ਭਾਰਤ ਕੋਵਿਡ ਟੀਕਾਕਰਣ ਲਈ ਤਿਆਰ ਹੈ
ਪ੍ਰਧਾਨ ਮੰਤਰੀ ਨੇ ਅਹਿਮਦਾਬਾਦ, ਪੁਣੇ ਅਤੇ ਹੈਦਰਾਬਾਦ ਸਥਿਤ ਵੈਕਸੀਨ ਨਿਰਮਾਣ ਸੁਵਿਧਾਵਾਂ ਦੇ ਆਪਣੇ ਦੌਰੇ ਦੇ ਅਨੁਭਵ ਸਾਂਝੇ ਕਰਦਿਆਂ ਸੂਚਿਤ ਕੀਤਾ ਕਿ ਇਸ ਵੇਲੇ ਅੱਠ ਸੰਭਾਵੀ ਵੈਕਸੀਨਾਂ ਪਰੀਖਣ ਦੇ ਵੱਖੋ–ਵੱਖਰੇ ਪੜਾਵਾਂ ’ਤੇ ਹਨ, ਇਨ੍ਹਾਂ ਦਾ ਨਿਰਮਾਣ ਭਾਰਤ ’ਚ ਕੀਤਾ ਜਾਵੇਗਾ, ਜਿਨ੍ਹਾਂ ਵਿੱਚੋਂ ਤਿੰਨ ਦੇਸ਼ ਵਿੱਚ ਹੀ ਤਿਆਰ ਕੀਤੀਆਂ ਜਾ ਰਹੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵੈਕਸੀਨ ਦੇ ਆਉਂਦੇ ਕੁਝ ਹਫ਼ਤਿਆਂ ’ਚ ਉਪਲਬਧ ਹੋਣ ਦੀ ਸੰਭਾਵਨਾ ਹੈ। ਵਿਗਿਆਨੀਆਂ ਦੁਆਰਾ ਪ੍ਰਵਾਨਗੀ ਦਿੱਤੇ ਜਾਣ ਤੋਂ ਬਾਅਦ ਟੀਕਾਕਰਣ ਦੀ ਮੁਹਿੰਮ ਭਾਰਤ ਵਿੱਚ ਉਦੋਂ ਤੁਰੰਤ ਸ਼ੁਰੂ ਕਰ ਦਿੱਤੀ ਜਾਵੇਗੀ। ਕੇਂਦਰ ਸਰਕਾਰ ਰਾਜ ਸਰਕਾਰਾਂ ਦੇ ਨੇੜਲੇ ਤਾਲਮੇਲ ਨਾਲ ਇਸ ਮੁੱਦੇ ’ਤੇ ਕੰਮ ਕਰ ਰਹੀ ਹੈ ਕਿ ਟੀਕਾਕਰਣ ਲਈ ਪਹਿਲ ਕਿਹੜੇ ਸਮੂਹਾਂ ਨੂੰ ਦੇਣੀ ਹੈ।
ਭਾਰਤ ਦੀ ਵੈਕਸੀਨ ਵੰਡ ਮੁਹਾਰਤ, ਸਮਰੱਥਾ ਤੇ ਟੀਕਾਕਰਣ ਲਈ ਇੱਕ ਤਜਰਬੇਕਾਰ ਤੇ ਵਿਸ਼ਾਲ ਨੈੱਟਵਰਕ ਦੀ ਮੌਜੂਦਗੀ ਉੱਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਕੋਵਿਡ ਟੀਕਾਕਰਣ ਨੂੰ ਸਰਲ ਅਤੇ ਕਾਰਗਰ ਬਣਾਉਣ ਵਿੱਚ ਸਾਨੂੰ ਮਦਦ ਮਿਲੇਗੀ। ਹੋਰ ਵਾਧੂ ਕੋਲਡ ਚੇਨ ਉਪਕਰਣ ਸਥਾਪਤ ਕਰਨ ਅਤੇ ਅਜਿਹੀਆਂ ਹੋਰ ਲੌਜਿਸਟੀਕਲ ਜ਼ਰੂਰਤਾਂ ਦੀ ਪੂਰਤੀ ਲਈ ਰਾਜ ਸਰਕਾਰਾਂ ਨਾਲ ਤਾਲਮੇਲ ਕਾਇਮ ਕੀਤਾ ਜਾਵੇਗਾ।
ਟੀਕਾਕਰਣ ਮੁਹਿੰਮ ਲਈ ਮਾਹਿਰਾਂ ਦਾ ਰਾਸ਼ਟਰੀ ਸਮੂਹ ਗਠਿਤ
ਕੇਂਦਰ ਅਤੇ ਰਾਜ ਸਰਕਾਰਾਂ ਦੋਵਾਂ ਦੇ ਤਕਨੀਕੀ ਮਾਹਿਰਾਂ ਤੇ ਅਧਿਕਾਰੀਆਂ ਉੱਤੇ ਅਧਾਰਿਤ ਨੈਸ਼ਨਲ ਐਕਸਪਰਟ ਗਰੁੱਪ (ਐੱਨਈਜੀ) ਇਸ ਵੈਕਸੀਨ ਨਾਲ ਸਬੰਧਿਤ ਮੁਹਿੰਮ ਦੀ ਜ਼ਿੰਮੇਵਾਰੀ ਨਿਭਾਉਣ ਲਈ ਗਠਿਤ ਕੀਤਾ ਗਿਆ ਹੈ। ਮਾਹਿਰਾਂ ਦਾ ਇਹ ਰਾਸ਼ਟਰੀ ਸਮੂਹ ਰਾਸ਼ਟਰੀ ਅਤੇ ਖੇਤਰੀ ਜ਼ਰੂਰਤਾਂ ਅਨੁਸਾਰ ਸਮੂਹਕ ਤੌਰ ਉੱਤੇ ਫ਼ੈਸਲੇ ਲਵੇਗਾ।
ਮਹਾਮਾਰੀ ਖ਼ਿਲਾਫ਼ ਭਾਰਤ ਅਜਿੱਤ ਇੱਛਾ–ਸ਼ਕਤੀ ਨਾਲ ਲੜਿਆ
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀਆਂ ਨੇ ਇਸ ਮਹਾਮਾਰੀ ਨਾਲ ਅਜੇਤੂ ਇੱਛਾ–ਸ਼ਕਤੀ ਨਾਲ ਸਾਹਮਣਾ ਕੀਤਾ ਹੈ; ਉਨ੍ਹਾਂ ਕਿਹਾ ਕਿ ਇਸ ਸਮੁੱਚੀ ਜੰਗ ਦੌਰਾਨ ਭਾਰਤੀਆਂ ਦਾ ਸੰਜਮ, ਹੌਸਲਾ ਤੇ ਤਾਕਤ ਬੇਮਿਸਾਲ ਰਹੇ ਤੇ ਉਨ੍ਹਾਂ ਦਾ ਕਿਤੇ ਕੋਈ ਮੁਕਾਬਲਾ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਨਾ ਕੇਵਲ ਆਪਣੇ ਸਾਥੀ ਭਾਰਤੀਆਂ ਦੀ ਮਦਦ ਕੀਤੀ, ਬਲਕਿ ਹੋਰ ਦੇਸਾਂ ਦੇ ਨਾਗਰਿਕਾਂ ਨੂੰ ਬਚਾਉਣ ਲਈ ਵੀ ਹਰ ਕੋਸ਼ਿਸ਼ ਕੀਤੀ। ਭਾਰਤ ਦੁਆਰਾ ਅਪਣਾਏ ਗਏ ਵਿਗਿਆਨਕ ਵਿਧੀ–ਵਿਗਿਆਨ ਨੇ ਵੀ ਭਾਰਤ ਵਿੱਚ ਟੈਸਟਿੰਗ ਦੀ ਰਫ਼ਤਾਰ ਵਧਾਈ, ਜਿਸ ਨਾਲ ਨਾ ਕੇਵਲ ਪਾਜ਼ਿਟੀਵਿਟੀ ਦੀ ਦਰ ਘਟੀ, ਬਲਕਿ ਕੋਵਿਡ ਕਾਰਣ ਹੋਣ ਵਾਲੀ ਮੌਤ ਦਰ ਵਿੱਚ ਵੀ ਕਮੀ ਆਈ।
ਪ੍ਰਧਾਨ ਮੰਤਰੀ ਨੇ ਟੀਕਾਕਰਣ ਬਾਰੇ ਫੈਲਾਈਆਂ ਜਾ ਸਕਣ ਵਾਲੀਆਂ ਅਫ਼ਵਾਹਾਂ ਵਿਰੁੱਧ ਚੇਤਾਵਨੀ ਦਿੰਦਿਆਂ ਕਿਹਾ ਕਿ ਅਜਿਹਾ ਕਰਨਾ ਜਨਤਕ ਹਿਤ ਤੇ ਰਾਸ਼ਟਰੀ ਹਿਤ ਦੋਵਾਂ ਦੇ ਵਿਰੁੱਧ ਹੋਵੇਗਾ। ਉਨ੍ਹਾਂ ਸਾਰੇ ਆਗੂਆਂ ਨੂੰ ਦੇਸ਼ ਦੇ ਨਾਗਰਿਕਾਂ ਨੂੰ ਹੋਰ ਜਾਗਰੂਕ ਬਣਾਉਣ ਦਾ ਸੱਦਾ ਦਿੱਤਾ ਅਤੇ ਅਜਿਹੀਆਂ ਅਫ਼ਵਾਹਾਂ ਫੈਲਣ ਤੋਂ ਰੋਕਣ ਲਈ ਕਿਹਾ।
ਪ੍ਰਧਾਨ ਮੰਤਰੀ ਨੇ ਸਾਰੀਆਂ ਪਾਰਟੀਆਂ ਦੇ ਆਗੂਆਂ ਦਾ ਕੋਵਿਡ ਵਿਰੁੱਧ ਜੰਗ ਵਿੱਚ ਵਡਮੁੱਲੇ ਯੋਗਦਾਨ ਲਈ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨਾਗਰਿਕਾਂ ਨੂੰ ਦੋਬਾਰਾ ਅਪੀਲ ਕੀਤੀ ਕਿ ਉਹ ਨਿਰੰਤਰ ਚੌਕਸ ਰਹਿਣ ਅਤੇ ਵਾਇਰਸ ਵਿਰੁੱਧ ਰੋਕਥਾਮ ਦੇ ਕਦਮਾਂ ਦੀ ਪਾਲਣਾ ਕਰਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਾ ਵਰਤਣ।
ਰਾਜਨੀਤਕ ਪਾਰਟੀਆਂ ਦੇ ਆਗੂ ਬੋਲੇ
ਇਸ ਬੈਠਕ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ, ਤ੍ਰਿਣਮੂਲ ਕਾਂਗਰਸ, ਡੀਐੱਮਕੇ, ਵਾਈਐੱਸਆਰ ਕਾਂਗਰਸ ਪਾਰਟੀ, ਜਨਤਾ ਦਲ (ਯੂਨਾਈਟਿਡ), ਬੀਜੂ ਜਨਤਾ ਦਲ, ਸ਼ਿਵ ਸੈਨਾ, ਟੀਆਰਐੱਸ, ਬਹੁਜਨ ਸਮਾਜ ਪਾਰਟੀ, ਸਮਾਜਵਾਦੀ ਪਾਰਟੀ, ਆਲ ਇੰਡੀਆ ਅੰਨਾ ਡੀਐੱਮਕੇ ਅਤੇ ਭਾਜਪਾ ਪਾਰਟੀ ਜਿਹੀਆਂ ਰਾਜਨੀਤਕ ਪਾਰਟੀਆਂ ਸ਼ਾਮਲ ਹੋਈਆਂ। ਆਗੂਆਂ ਨੇ ਪ੍ਰਧਾਨ ਮੰਤਰੀ ਨੂੰ ਕਾਰਜਕੁਸ਼ਲ ਤੇ ਤੇਜ਼–ਰਫ਼ਤਾਰ ਟੀਕਾਕਰਣ ਯਕੀਨੀ ਬਣਾਉਣ ਲਈ ਮੁਕੰਮਲ ਸਹਿਯੋਗ ਦਾ ਭਰੋਸਾ ਦਿਵਾਇਆ। ਉਨ੍ਹਾਂ ਇਸ ਮਹਾਮਾਰੀ ਨਾਲ ਨਿਪਟਣ ਵਿੱਚ ਪ੍ਰਧਾਨ ਮੰਤਰੀ ਦੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਵੈਕਸੀਨ ਦੇ ਵਿਕਾਸ ਦੀਆਂ ਕੋਸ਼ਿਸ਼ਾਂ ਵਿੱਚ ਵਿਗਿਆਨਕ ਭਾਈਚਾਰੇ ਅਤੇ ਵੈਕਸੀਨ ਨਿਰਮਾਤਾਵਾਂ ਦੀ ਵੀ ਤਾਰੀਫ਼ ਕੀਤੀ।
******
ਡੀਐੱਸ/ਐੱਸਐੱਚ
(Release ID: 1678351)
Visitor Counter : 274
Read this release in:
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam