ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 17ਵੇਂ ਆਸੀਆਨ ਭਾਰਤ ਸਿਖ਼ਰ ਸੰਮੇਲਨ ਨੂੰ ਸੰਬੋਧਨ ਕੀਤਾ
Posted On:
12 NOV 2020 10:34PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਸੀਆਨ (ASEAN) ਦੇ ਮੌਜੂਦਾ ਚੇਅਰਮੈਨ ਅਤੇ ਵੀਅਤਨਾਮ ਦੇ ਪ੍ਰਧਾਨ ਮੰਤਰੀ ਮਹਾਮਹਿਮ ਨੁਯੇਨ ਸੁਵਨ ਫੁਕ ਦੇ ਸੱਦੇ ਉੱਤੇ 17ਵੇਂ ਆਸੀਆਨ–ਭਾਰਤ ਸਿਖ਼ਰ ਸੰਮੇਲਨ ਵਿੱਚ ਹਿੱਸਾ ਲਿਆ। ਵਰਚੁਅਲ ਫ਼ਾਰਮੈਟ ਵਿੱਚ ਆਯੋਜਿਤ ਕੀਤੇ ਗਏ ਇਸ ਸਿਖ਼ਰ ਸੰਮੇਲਨ ’ਚ ਆਸੀਅਨ ਦੇ ਸਾਰੇ 10 ਮੈਂਬਰ ਦੇਸ਼ਾਂ ਨੇ ਭਾਗ ਲਿਆ।
ਇਸ ਸਿਖ਼ਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਭਾਰਤ ਦੀ ‘ਐਕਟ ਈਸਟ’ ਨੀਤੀ ਵਿੱਚ ‘ਆਸੀਆਨ’ ਦੀ ਕੇਂਦਰਤਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਆਪਸ ’ਚ ਜੋੜਨ ਵਾਲਾ, ਜਵਾਬਦੇਹ ਅਤੇ ਖ਼ੁਸ਼ਹਾਲ ‘ਆਸੀਆਨ’ ਭਾਰਤ ਦੇ ਹਿੰਦ–ਪ੍ਰਸ਼ਾਂਤ ਮਹਾਂਸਾਗਰ ਖੇਤਰ ਦੇ ਦ੍ਰਿਸ਼ਟੀਕੋਣ ਦਾ ਕੇਂਦਰ ਹੈ ਅਤੇ ਇਹ ‘ਇਸ ਖੇਤਰ ਵਿੱਚ ਸਭ ਦੀ ਸੁਰੱਖਿਆ ਅਤੇ ਵਿਕਾਸ’ (SAGAR – ਸਾਗਰ) ਵਿੱਚ ਆਪਣਾ ਯੋਗਦਾਨ ਪਾਉਂਦਾ ਹੈ। ਪ੍ਰਧਾਨ ਮੰਤਰੀ ਨੇ ਭਾਰਤ ਦੀਆਂ ਹਿੰਦ–ਪ੍ਰਸ਼ਾਂਤ ਮਹਾਸਾਗਰ ਖੇਤਰ ’ਚ ਆਪਣੀਆਂ ਪਹਿਲਾਂ ਅਤੇ ਭਾਰਤ–ਪ੍ਰਸ਼ਾਂਤ ਖੇਤਰ ਬਾਰੇ ਆਸੀਆਨ ਦੇ ਦ੍ਰਿਸ਼ਟੀਕੋਣ ਵਿਚਾਲੇ ਕੇਂਦਰਮੁਖਤਾ ਮਜ਼ਬੂਤ ਕਰਨ ਦੇ ਮਹੱਤਵ ਉੱਤੇ ਜ਼ੋਰ ਦਿੱਤਾ, ਤਾਂ ਜੋ ਹਿੰਦ–ਪ੍ਰਸ਼ਾਂਤ ਖੇਤਰ ਯਕੀਨੀ ਤੌਰ ਉੱਤੇ ਇੱਕ ਸੁਤੰਤਰ, ਖੁੱਲ੍ਹਾ, ਸਮਾਵੇਸ਼ੀ ਅਤੇ ਨਿਯਮਾਂ ਉੱਤੇ ਅਧਾਰਿਤ ਇਲਾਕਾ ਬਣ ਸਕੇ। ਉਨ੍ਹਾਂ ਹਿੰਦ–ਪ੍ਰਸ਼ਾਂਤ ਮਹਾਸਾਗਰਾਂ ਦੀ ਪਹਿਲ (IPOI) ਦੇ ਵਿਭਿੰਨ ਥੰਮ੍ਹਾਂ ’ਚ ਸਹਿਯੋਗ ਲਈ ਵੀ ‘ਆਸੀਆਨ’ ਦੇਸ਼ਾਂ ਨੂੰ ਸੱਦਾ ਦਿੱਤਾ।
ਕੋਵਿਡ–19 ਬਾਰੇ ਪ੍ਰਧਾਨ ਮੰਤਰੀ ਨੇ ਭਾਰਤ ਦੇ ਹੁੰਗਾਰੇ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਵਿਆਪਕ ਮਦਦ ਨੂੰ ਉਜਾਗਰ ਕੀਤਾ ਅਤੇ ਇਸ ਮਹਾਮਾਰੀ ਨਾਲ ਲੜਨ ਲਈ ‘ਆਸੀਆਨ’ ਦੇਸ਼ਾਂ ਦੀਆਂ ਪਹਿਲਾਂ ਦਾ ਸੁਆਗਤ ਕੀਤਾ। ਪ੍ਰਧਾਨ ਮੰਤਰੀ ਨੇ ‘ਕੋਵਿਡ–19 ਆਸੀਆਨ ਰਿਸਪਾਂਸ ਫ਼ੰਡ’ ਨੂੰ 10 ਲੱਖ ਅਮਰੀਕੀ ਡਾਲਰ ਦੇ ਅੰਸ਼ਦਾਨ ਦਾ ਐਲਾਨ ਕੀਤਾ।
ਪ੍ਰਧਾਨ ਮੰਤਰੀ ਨੇ ‘ਆਸੀਆਨ’ ਅਤੇ ਭਾਰਤ ਦੇ ਦਰਮਿਆਨ ਹੋਰ ਜ਼ਿਆਦਾ ਭੌਤਿਕ ਤੇ ਡਿਜੀਟਲ ਕਨੈਕਟੀਵਿਟੀ ਦੇ ਮਹੱਤਵ ’ਤੇ ਵੀ ਜ਼ੋਰ ਦਿੱਤਾ ਅਤੇ ‘ਆਸੀਆਨ’ ਕਨੈਕਟੀਵਿਟੀ ਨੂੰ ਮਦਦ ਲਈ 1 ਅਰਬ ਅਮਰੀਕੀ ਡਾਲਰ ਦੀ ਕਰਜ਼ਾ–ਰੇਖਾ ਦੀ ਪੇਸ਼ਕਸ਼ ਨੂੰ ਵੀ ਦੁਹਰਾਇਆ। ਵਪਾਰ ਅਤੇ ਨਿਵੇਸ਼ ਬਾਰੇ ਗੱਲ ਕਰਦਿਆਂ ਉਨ੍ਹਾਂ ਕੋਵਿਡ–19 ਤੋਂ ਬਾਅਦ ਆਰਥਿਕ ਪੁਨਰ–ਸੁਰਜੀਤੀ ਲਈ ਸਪਲਾਈ–ਲੜੀਆਂ ਦੀ ਵਿਵਿਧਤਾ ਅਤੇ ਲਚਕਤਾ ਦੀ ਅਹਿਮਤੀਅਤ ਉੱਤੇ ਜ਼ੋਰ ਦਿੱਤਾ।
‘ਆਸੀਆਨ’ ਆਗੂਆਂ ਨੇ ਇਸ ਖ਼ਿੱਤੇ ਵਿੱਚ ਸ਼ਾਂਤੀ ਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਵੱਲੋਂ ਪਾਏ ਗਏ ਯੋਗਦਾਨ ਨੂੰ ਕਬੂਲ ਕੀਤਾ ਤੇ ‘ਆਸੀਆਨ’ ਕੇਂਦਰਤਾ ਨੂੰ ਭਾਰਤ ਦੇ ਸਮਰਥਨ ਦਾ ਸੁਆਗਤ ਕੀਤਾ। ਆਗੂਆਂ ਨੇ 2021–2025 ਲਈ ਨਵੀਂ ‘ਆਸੀਆਨ–ਭਾਰਤ ਕਾਰਜ–ਯੋਜਨਾ’ ਅਪਣਾਉਣ ਦਾ ਵੀ ਸੁਆਗਤ ਕੀਤਾ।
ਇਸ ਦੌਰਾਨ ਦੱਖਣੀ ਚੀਨ ਦੇ ਸਮੁੰਦਰ ਅਤੇ ਦਹਿਸ਼ਤਗਰਦੀ ਸਮੇਤ ਸਾਂਝੇ ਹਿਤਾਂ ਤੇ ਕੁਝ ਚਿੰਤਾਵਾਂ ਵਾਲੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਬਾਰੇ ਵੀ ਵਿਚਾਰ–ਚਰਚਾ ਹੋਈ। ਦੋਵੇਂ ਧਿਰਾਂ ਨੇ ਖ਼ਾਸ ਤੌਰ ਉੱਤੇ ਯੂਐੱਨਸੀਐੱਲਓਐੱਸ (UNCLOS) ਅੰਤਰਰਾਸ਼ਟਰੀ ਕਾਨੂੰਨ ਦੀ ਪਾਲਣਾ ਨੂੰ ਦਰੁਸਤ ਠਹਿਰਾਉਂਦਿਆਂ ਇਸ ਖੇਤਰ ਵਿੱਚ ਨਿਯਮਾਂ ’ਤੇ ਅਧਾਰਿਤ ਵਿਵਸਥਾ ਨੂੰ ਪ੍ਰੋਤਸਾਹਿਤ ਕਰਨ ਦੇ ਮਹੱਤਵ ਨੂੰ ਨੋਟ ਕੀਤਾ। ਆਗੂਆਂ ਨੇ ਦੱਖਣੀ ਚੀਨ ਦੇ ਸਮੁੰਦਰ ਵਿੱਚ ਸ਼ਾਂਤੀ, ਸਥਿਰਤਾ, ਸੁਰੱਖਿਆ ਅਤੇ ਸਲਾਮਤੀ ਨੂੰ ਕਾਇਮ ਰੱਖਣ ਤੇ ਇਹ ਸਭ ਪ੍ਰੋਤਸਾਹਿਤ ਕਰਨ ਅਤੇ ਵਪਾਰਕ ਸਮੁੰਦਰੀ ਯਾਤਰਾਵਾਂ ਤੇ ਦੇਸ਼ਾਂ ਉੱਤੋਂ ਦੀ ਉਡਾਣਾਂ ਭਰਨ ਦੀ ਆਜ਼ਾਦੀ ਨੂੰ ਯਕੀਨੀ ਬਣਾਉਣ ਦੀ ਅਹਿਮੀਅਤ ਨੂੰ ਦ੍ਰਿੜ੍ਹਾਇਆ।
****
ਡੀਐੱਸ/ਐੱਸਐੱਚ
(Release ID: 1672511)
Visitor Counter : 234
Read this release in:
Odia
,
Tamil
,
Kannada
,
Malayalam
,
Manipuri
,
English
,
Urdu
,
Marathi
,
Hindi
,
Assamese
,
Bengali
,
Gujarati
,
Telugu