ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਕੋਵਿੰਦ ਨੇ ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤੇ
ਕੋਵਿਡ ਮਹਾਮਾਰੀ ਦੇ ਦੌਰਾਨ ਡਿਜੀਟਲ ਸਿੱਖਿਆ ਰਾਹੀਂ ਭੂਮਿਕਾ ਨਿਭਾਉਣ ਲਈ ਅਧਿਆਪਕਾਂ ਦੀ ਸ਼ਲਾਘਾ ਕੀਤੀ
ਕਿਹਾ ‘ਰਾਸ਼ਟਰੀ ਸਿੱਖਿਆ ਨੀਤੀ’ ਬੱਚਿਆਂ ਨੂੰ ਭਵਿੱਖ ਦੀਆਂ ਜ਼ਰੂਰਤਾਂ ਲਈ ਤਿਆਰ ਕਰੇਗੀ
Posted On:
05 SEP 2020 1:19PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (5 ਸਤੰਬਰ, 2020) ਨੂੰ ਅਧਿਆਪਕ ਦਿਵਸ ਦੇ ਮੌਕੇ ’ਤੇ ਸਮੁੱਚੇ ਦੇਸ਼ ਦੇ 47 ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤੇ। ਇਹ ਵਰਚੁਅਲ ਤੌਰ ’ਤੇ ਆਯੋਜਿਤ ਪਹਿਲਾ ਪੁਰਸਕਾਰ ਸਮਾਰੋਹ ਸੀ। ਰਾਸ਼ਟਰਪਤੀ ਨੇ ਆਪਣੇ ਭਾਸ਼ਣ ਦੌਰਾਨ ਪੁਰਸਕਾਰ ਜੇਤੂਆਂ ਨੂੰ ਵਧਾਈਆਂ ਦਿੱਤੀਆਂ ਤੇ ਸਕੂਲ ਸਿੱਖਿਆ ਦੇ ਮਿਆਰ ਵਿੱਚ ਸੁਧਾਰ ਲਿਆਉਣ ਲਈ ਅਧਿਆਪਕਾਂ ਦੁਆਰਾ ਉਠਾਏ ਗਏ ਕਦਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੋਟ ਕੀਤਾ ਕਿ ਰਾਸ਼ਟਰੀ ਪੁਰਸਕਾਰ ਜੇਤੂਆਂ ਵਿੱਚੋਂ 40 ਫ਼ੀਸਦੀ ਮਹਿਲਾਵਾਂ ਹਨ, ਜਿਸ ਲਈ ਉਨ੍ਹਾਂ ਮਹਿਲਾਵਾਂ ਦੁਆਰਾ ਅਧਿਆਪਕਾਂ ਵਜੋਂ ਨਿਭਾਈ ਜਾ ਰਹੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ।
ਡਾ. ਐੱਸ. ਰਾਧਾਕ੍ਰਿਸ਼ਨਨ ਨੂੰ ਨਮਨ ਤੇ ਸ਼ਰਧਾਂਜਲੀ ਭੇਟ ਕਰਦਿਆਂ ਰਾਸ਼ਟਰਪਤੀ ਸ਼੍ਰੀ ਕੋਵਿੰਦ ਨੇ ਕਿਹਾ ਕਿ ਉਹ ਬੇਹੱਦ ਦੂਰ–ਦ੍ਰਿਸ਼ਟੀ ਨਾਲ ਭਰਪੂਰ ਰਾਜਨੀਤੀਵਾਨ ਤੇ ਬੇਹੱਦ ਮਹੱਤਵਪੂਰਨ ਤੇ ਅਸਾਧਾਰਣ ਅਧਿਆਪਕ ਸਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਜਨਮ ਦਿਨ ਮੌਕੇ ਅਧਿਆਪਕ ਦਿਵਸ ਮਨਾਉਣਾ ਦੇਸ਼ ਦੇ ਵਿਕਾਸ ਹਿਤ ਉਨ੍ਹਾਂ ਦੀਆਂ ਸੇਵਾਵਾਂ ਨੂੰ ਦਰਸਾਉਂਦਾ ਹੈ ਤੇ ਇਹ ਸਮੁੱਚੇ ਅਧਿਆਪਕ ਭਾਈਚਾਰੇ ਲਈ ਵੀ ਮਾਣ ਵਾਲੀ ਗੱਲ ਹੈ। ਅੱਜ ਦਾ ਇਹ ਦਿਵਸ ਸਾਨੂੰ ਅਧਿਆਪਕਾਂ ਨੂੰ ਆਪਣੇ ਵਿਦਿਆਰਥੀਆਂ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਤੇ ਵੱਡੇ ਯੋਗਦਾਨ ਲਈ ਮਾਣ–ਸਨਮਾਨ ਦੇਣ ਦਾ ਇੱਕ ਮੌਕਾ ਦਿੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਪ੍ਰਤੀਬੱਧਤਾ ਹੀ ਕਿਸੇ ਵੀ ਸਕੂਲ ਲਈ ਨੀਂਹ–ਪੱਥਰ ਹੁੰਦੀ ਹੈ ਕਿਉਂਕਿ ਅਧਿਆਪਕ ਹੀ ਸੱਚੇ ਰਾਸ਼ਟਰ–ਨਿਰਮਾਤਾ ਹੁੰਦੇ ਹਨ ਜੋ ਬੱਚਿਆਂ ਦਾ ਚਰਿੱਤਰ ਤੇ ਗਿਆਨ ਦਾ ਨਿਰਮਾਣ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਕੋਵਿਡ ਮਹਾਮਾਰੀ ਦੇ ਚੁਣੌਤੀ ਭਰਪੂਰ ਸਮੇਂ ਦੌਰਾਨ ਡਿਜੀਟਲ ਟੈਕਨੋਲੋਜੀ ਦੇ ਮਹੱਤਵ ਉੱਤੇ ਜ਼ੋਰ ਦਿੰਦਿਆਂ ਰਾਸ਼ਟਰਪਤੀ ਸ਼੍ਰੀ ਕੋਵਿੰਦ ਨੇ ਕਿਹਾ ਕਿ ਸਾਡੇ ਅਧਿਆਪਕ ਆਪਣੇ ਬੱਚਿਆਂ ਤੱਕ ਪਹੁੰਚ ਕਰਨ ਲਈ ਇਸ ਟੈਕਨੋਲੋਜੀ ਦੀ ਮਦਦ ਲੈ ਰਹੇ ਹਨ। ਅਧਿਆਪਨ ਲਈ ਨਵੀਂ ਟੈਕਨੋਲੋਜੀ ਨੂੰ ਅਪਨਾਉਣ ਵਿੱਚ ਅਧਿਆਪਕਾਂ ਦੇ ਹੁਨਰਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਸਾਰੇ ਅਧਿਆਪਕਾਂ ਲਈ ਇਹ ਅਹਿਮ ਹੈ ਕਿ ਉਹ ਡਿਜੀਟਲ ਟੈਕਨੋਲੋਜੀ ਦੇ ਖੇਤਰ ਵਿੱਚ ਆਪਣੇ ਹੁਨਰ ‘ਅੱਪਗ੍ਰੇਡ ਅਤੇ ਅੱਪਡੇਟ’ ਕਰਨ, ਤਾਂ ਜੋ ਸਿੱਖਿਆ ਹੋਰ ਪ੍ਰਭਾਵਸ਼ਾਲੀ ਬਣ ਸਕੇ ਤੇ ਵਿਦਿਆਰਥੀ ਵੀ ਇਨ੍ਹਾਂ ਨਵੀਂਆਂ ਤਕਨੀਕਾਂ ਨੂੰ ਸਿੱਖ ਸਕਣ।
ਰਾਸ਼ਟਰਪਤੀ ਸ਼੍ਰੀ ਕੋਵਿੰਦ ਨੇ ਕਿਹਾ ਕਿ ਔਨਲਾਈਨ ਸਿੱਖਿਆ ਪ੍ਰਣਾਲੀ ਨੇ ਮਾਪਿਆਂ ਲਈ ਵੀ ਇਹ ਜ਼ਰੂਰੀ ਕਰ ਦਿੱਤਾ ਹੈ ਕਿ ਉਹ ਅਧਿਆਪਕਾਂ ਨਾਲ ਹੱਥ ਮਿਲਾਉਂਦੇ ਹੋਏ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਨਵੇਂ ਖੇਤਰਾਂ ਵਿੱਚ ਦਿਲਚਸਪੀ ਪੈਦਾ ਕਰਨ ਲਈ ਉਤਸ਼ਾਹਿਤ ਕਰਨ। ਡਿਜੀਟਲ–ਵੰਡੀ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਕਬਾਇਲੀ ਤੇ ਦੂਰ–ਦੁਰਾਡੇ ਦੇ ਇਲਾਕਿਆਂ ’ਚ ਰਹਿੰਦੇ ਬੱਚਿਆਂ ਨੂੰ ਲਾਭ ਪਹੁੰਚਾਉਣ ਲਈ ਵੀ ਕਦਮ ਉਠਾਏ ਜਾਣੇ ਚਾਹੀਦੇ ਹਨ।
ਰਾਸ਼ਟਰੀ ਸਿੱਖਿਆ ਨੀਤੀ ਦੀ ਗੱਲ ਕਰਦਿਆਂ ਰਾਸ਼ਟਰਪਤੀ ਸ਼੍ਰੀ ਕੋਵਿੰਦ ਦਾ ਮੰਨਣਾ ਸੀ ਕਿ ਇਹ ਨਵੀਂ ਨੀਤੀ ਸਾਡੇ ਬੱਚਿਆਂ ਨੂੰ ਭਵਿੱਖ ਦੀਆਂ ਜ਼ਰੂਰਤਾਂ ਮੁਤਾਬਕ ਤਿਆਰ ਕਰਨ ਦਾ ਇੱਕ ਉੱਦਮ ਹੈ ਤੇ ਸਬੰਧਤ ਧਿਰਾਂ ਨਾਲ ਵਿਚਾਰ–ਵਟਾਂਦਰਾ ਕਰਨ ਤੋਂ ਬਾਅਦ ਹੀ ਇਸ ਨੂੰ ਤਿਆਰ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਅਧਿਆਪਕ ਹੀ ਉਹ ਕੇਂਦਰੀ ਭਾਗ ਹਨ, ਜਿਨ੍ਹਾਂ ਨੇ ਇਸ ਨੀਤੀ ਨੂੰ ਸਫ਼ਲ ਤੇ ਉਤਪਾਦਕ ਬਣਾਉਣਾ ਹੈ। ਰਾਸ਼ਟਰਪਤੀ ਸ਼੍ਰੀ ਕੋਵਿੰਦ ਨੇ ਕਿਹਾ ਕਿ ਅਧਿਆਪਕਾਂ ਨੂੰ ਸਮਰੱਥ ਬਣਾਉਣ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਲਾਗੂ ਹੋ ਸਕੇ ਤੇ ਸਿੱਖਿਆ ਲਈ ਸਿਰਫ਼ ਸਰਬੋਤਮ ਹੀ ਚੁਣਿਆ ਜਾ ਸਕੇ।
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਸੁਆਗਤੀ ਭਾਸ਼ਣ ਦਿੱਤਾ, ਜਦ ਕਿ ਸਿੱਖਿਆ ਰਾਜ ਮੰਤਰੀ ਸ਼੍ਰੀ ਸੰਜੈ ਧੋਤ੍ਰੇ ਨੇ ਸਭ ਦਾ ਧੰਨਵਾਦ ਕੀਤਾ।
ਰਾਸ਼ਟਰਪਤੀ ਦਾ ਭਾਸ਼ਣ ਹਿੰਦੀ ਵਿੱਚ ਦੇਖਣ ਲਈ ਇੱਥੇ ਕਲਿੱਕ ਕਰੋ
***
ਵੀਆਰਆਰਕੇ/ਐੱਸਐੱਚ/ਏਕੇ
(Release ID: 1651566)
Visitor Counter : 215
Read this release in:
English
,
Urdu
,
Hindi
,
Marathi
,
Bengali
,
Manipuri
,
Odia
,
Tamil
,
Telugu
,
Kannada
,
Malayalam