ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਹਾਮਾਰੀ ਨਾਲ ਨਿਪਟਣ ਲਈ ਮੁੱਖ ਮੰਤਰੀਆਂ ਨਾਲ ਮੌਜੂਦਾ ਸਥਿਤੀ ਤੇ ਅਗਲੇਰੀ ਯੋਜਨਾ ਬਾਰੇ ਗੱਲਬਾਤ ਕੀਤੀ
ਸਾਨੂੰ ਇੱਕ ਨਵੇਂ ਮੰਤਰ ਦੀ ਪਾਲਣਾ ਕਰਨੀ ਹੋਵੇਗੀ – ਕਿਸੇ ਸੰਕ੍ਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਏ ਸਾਰੇ ਵਿਅਕਤੀਆਂ ਦੀ 72 ਘੰਟਿਆਂ ਅੰਦਰ ਭਾਲ਼ ਕਰਕੇ ਉਨ੍ਹਾਂ ਦਾ ਟੈਸਟ ਕਰਨਾ ਹੋਵੇਗਾ: ਪ੍ਰਧਾਨ ਮੰਤਰੀ
80% ਸਰਗਰਮ ਮਾਮਲੇ 10 ਰਾਜਾਂ ਤੋਂ ਹਨ, ਜੇ ਉੱਥੇ ਵਾਇਰਸ ਨੂੰ ਹਰਾ ਦਿੱਤਾ ਜਾਵੇ, ਤਾਂ ਸਮੁੱਚਾ ਦੇਸ਼ ਜੇਤੂ ਹੋਵੇਗਾ: ਪ੍ਰਧਾਨ ਮੰਤਰੀ
ਮੌਤ ਦਰ ਨੂੰ 1% ਤੋਂ ਹੇਠਾਂ ਲਿਆਉਣ ਦਾ ਟੀਚਾ ਛੇਤੀ ਹਾਸਲ ਕੀਤਾ ਜਾ ਸਕਦਾ ਹੈ: ਪ੍ਰਧਾਨ ਮੰਤਰੀ
ਵਿਚਾਰ–ਵਟਾਂਦਰੇ ਤੋਂ ਇਹ ਗੱਲ ਉੱਘੜੀ ਹੈ ਕਿ ਬਿਹਾਰ, ਗੁਜਰਾਤ, ਉੱਤਰ ਪ੍ਰਦੇਸ਼, ਪੱਛਮ ਬੰਗਾਲ ਤੇ ਤੇਲੰਗਾਨਾ ’ਚ ਟੈਸਟਿੰਗ ਵਿੱਚ ਤੇਜ਼ੀ ਲਿਆਉਣ ਦੀ ਬਹੁਤ ਜ਼ਿਆਦਾ ਲੋੜ ਹੈ: ਪ੍ਰਧਾਨ ਮੰਤਰੀ
ਇਸ ਜੰਗ ਵਿੱਚ ਕੰਟੇਨਮੈਂਟ, ਕੌਂਟੈਕਟ ਟ੍ਰੇਸਿੰਗ ਤੇ ਚੌਕਸੀ ਸਭ ਤੋਂ ਵੱਧ ਪ੍ਰਭਾਵਸ਼ਾਲੀ ਹਥਿਆਰ ਹਨ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਦਿੱਲੀ ਤੇ ਲਾਗਲੇ ਰਾਜਾਂ ਨਾਲ ਮਿਲ ਕੇ ਮਹਾਮਾਰੀ ਨਾਲ ਸਫ਼ਲਤਾਪੂਰਬਕ ਨਿਪਟਣ ਲਈ ਇੱਕ ਰੂਪ–ਰੇਖਾ ਤਿਆਰ ਕਰਨ ਬਾਰੇ ਗ੍ਰਹਿ ਮੰਤਰੀ ਦਾ ਅਨੁਭਵ ਦੱਸਿਆ
ਮੁੱਖ ਮੰਤਰੀਆਂ ਨੇ ਬੁਨਿਆਦੀ ਸਥਿਤੀ ਦੱਸੀ, ਸਿਹਤ ਬੁਨਿਆਦੀ ਢਾਂਚਾ ਤੇ ਟੈਸਟਿੰਗ ਵਿੱਚ ਵਾਧਾ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਦੱਸਿਆ
Posted On:
11 AUG 2020 2:05PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਆਂਧਰ ਪ੍ਰਦੇਸ਼, ਕਰਨਾਟਕ, ਤਾਮਿਲ ਨਾਡੂ, ਪੱਛਮ ਬੰਗਾਲ, ਮਹਾਰਾਸ਼ਟਰ, ਪੰਜਾਬ, ਬਿਹਾਰ, ਗੁਜਰਾਤ, ਤੇਲੰਗਾਨਾ ਤੇ ਉੱਤਰ ਪ੍ਰਦੇਸ਼ ਸਮੇਤ 10 ਰਾਜਾਂ ਦੇ ਮੁੱਖ ਮੰਤਰੀਆਂ ਤੇ ਪ੍ਰਤੀਨਿਧਾਂ ਨਾਲ ਕੋਵਿਡ–19 ਮਹਾਮਾਰੀ ਨਾਲ ਨਿਪਟਣ ਲਈ ਮੌਜੂਦਾ ਸਕਿਤੀ ਤੇ ਅਗਲੇਰੀ ਯੋਜਨਾ ਬਾਰੇ ਵਿਚਾਰ–ਵਟਾਂਦਰਾ ਕੀਤਾ। ਕਰਨਾਟਕ ਦੀ ਨੁਮਾਇੰਦਗੀ ਉੱਪ–ਮੁੱਖ ਮੰਤਰੀ ਨੇ ਕੀਤੀ।
ਟੀਮ ਇੰਡੀਆ ਦੁਆਰਾ ਟੀਮ ਵਰਕ
ਪ੍ਰਧਾਨ ਮੰਤਰੀ ਨੇ ਕਿਹਾ ਕਿ ਟੀਮ ਇੰਡੀਆ ਦੁਆਰਾ ਪ੍ਰਦਰਸ਼ਿਤ ਕੀਤਾ ਗਿਆ ਵੱਡਾ ਸਹਿਯੋਗ ਤੇ ਟੀਮ–ਵਰਕ ਵਰਨਣਯੋਗ ਹੈ। ਉਨ੍ਹਾਂ ਹਸਪਤਾਲਾਂ ਤੇ ਸਿਹਤ–ਸੰਭਾਲ਼ ਕਰਮਚਾਰੀਆਂ ਨੂੰ ਦਰਪੇਸ਼ ਚੁਣੌਤੀਆਂ ਤੇ ਦਬਾਅ ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ 80% ਸਰਗਰਮ ਮਾਮਲੇ 10 ਰਾਜਾਂ ਤੋਂ ਆ ਰਹੇ ਹਨ ਤੇ ਜੇ ਇਸ ਵਾਇਰਸ ਨੂੰ ਇਨ੍ਹਾਂ 10 ਰਾਜਾਂ ਵਿੱਚ ਹਰਾ ਦਿੱਤਾ ਜਾਵੇ, ਤਾਂ ਸਮੁੱਚਾ ਦੇਸ਼ ਕੋਵਿਡ–19 ਖ਼ਿਲਾਫ਼ ਜੰਗ ਵਿੱਚ ਜੇਤੂ ਹੋ ਜਾਵੇਗਾ।
ਟੈਸਟਿੰਗ ਵਧਾਈ ਜਾ ਰਹੀ, ਮੌਤ ਦਰ ਹੇਠਾਂ ਲਿਆਂਦੀ ਜਾ ਰਹੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਰੋਜ਼ਾਨਾ ਹੋਣ ਵਾਲੇ ਟੈਸਟਾਂ ਦੀ ਸੰਖਿਆ ਹੁਣ ਲਗਭਗ 7 ਲੱਖ ਤੱਕ ਪੁੱਜ ਗਈ ਹੈ ਤੇ ਇਹ ਨਿਰੰਤਰ ਵਧ ਰਹੀ ਹੈ, ਇਸ ਨਾਲ ਪੀੜਤਾਂ ਦੀ ਛੇਤੀ ਸ਼ਨਾਖ਼ਤ ਤੇ ਕੰਟੇਨਮੈਂਟ ਕਰਨ ਵਿੱਚ ਮਦਦ ਮਿਲਦੀ ਹੈ। ਦੇਸ਼ ਵਿੱਚ ਔਸਤ ਮੌਤ ਦਰ ਬਹੁਤ ਘੱਟ ਹੈ ਤੇ ਇਹ ਲਗਾਤਾਰ ਘਟਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐਕਟਿਵ ਕੇਸਾਂ ਦੀ ਪ੍ਰਤੀਸ਼ਤਤਾ ਘਟਦੀ ਜਾ ਰਹੀ ਹੈ ਤੇ ਸਿਹਤਯਾਬ ਹੋਣ ਵਾਲਿਆਂ ਦੀ ਦਰ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਦਮਾਂ ਨਾਲ ਲੋਕਾਂ ਦਾ ਆਤਮ–ਵਿਸ਼ਵਾਸ ਵਧਿਆ ਹੈ; ਉਨ੍ਹਾਂ ਅੱਗੇ ਕਿਹਾ ਕਿ ਮੌਤ ਦਰ ਨੂੰ ਹੋਰ ਹੇਠਾਂ 1% ਉੱਤੇ ਲਿਆਉਣ ਦਾ ਟੀਚਾ ਛੇਤੀ ਹੀ ਹਾਸਲ ਕਰ ਲਿਆ ਜਾਵੇਗਾ।
ਪ੍ਰਧਾਨ ਮੰਤਰੀ ਨੇ ਆਪਣੇ ਨੁਕਤੇ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਵਿਚਾਰ–ਵਟਾਂਦਰੇ ਤੋਂ ਇਹ ਗੱਲ ਉੱਘੜੀ ਹੈ ਕਿ ਬਿਹਾਰ, ਗੁਜਰਾਤ, ਉੱਤਰ ਪ੍ਰਦੇਸ਼, ਪੱਛਮ ਬੰਗਾਲ, ਤੇ ਤੇਲੰਗਾਨਾ ਵਿੱਚ ਟੈਸਟਿੰਗ ਦੀ ਰਫ਼ਤਾਰ ਹੋਰ ਤੇਜ਼ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਸ ਜੰਗ ਵਿੱਚ ਕੰਟੇਨਮੈਂਟ, ਸੰਕ੍ਰਮਿਤ ਵਿਅਕਤੀਆਂ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਭਾਲ਼ (ਕੌਂਟੈਕਟ ਟ੍ਰੇਸਿੰਗ) ਤੇ ਚੌਕਸੀ ਹੀ ਸਭ ਤੋਂ ਵੱਧ ਪ੍ਰਭਾਵਸ਼ਾਲੀ ਹਥਿਆਰ ਹੈ। ਲੋਕ ਜਾਗਰੂਕ ਹੋ ਚੁੱਕੇ ਹਨ ਤੇ ਇਨ੍ਹਾਂ ਯਤਨਾਂ ਵਿੱਚ ਸਹਿਯੋਗ ਦੇ ਰਹੇ ਹਨ, ਜਿਸ ਦੇ ਨਤੀਜੇ ਵਜੋਂ ਅਸੀਂ ਪ੍ਰਭਾਵਸ਼ਾਲੀ ਢੰਗ ਨਾਲ ਹੋਮ–ਕੁਆਰੰਟੀਨ ਦੀ ਸਫ਼ਲ ਵਰਤੋਂ ਕਰ ਰਹੇ ਹਾਂ। ਉਨ੍ਹਾਂ ਆਰੋਗਯ–ਸੇਤੂ ਐਪ ਦੇ ਫ਼ਾਇਦੇ ਬਾਰੇ ਗੱਲ ਕਰਦਿਆਂ ਕਿਹਾ ਕਿ ਮਾਹਿਰਾਂ ਅਨੁਸਾਰ ਜੇ ਅਸੀਂ ਮਾਮਲਿਆਂ ਦੀ ਸ਼ਨਾਖ਼ਤ ਮੁਢਲੇ 72 ਘੰਟਿਆਂ ਅੰਦਰ ਕਰਨ ਦੇ ਯੋਗ ਜਾਈਏ, ਤਾਂ ਇਸ ਵਾਇਰਸ ਦੇ ਫੈਲਣ ਦੀ ਰਫ਼ਤਾਰ ਨੂੰ ਘਟਾਇਆ ਜਾ ਸਕਦਾ ਹੈ। ਉਨ੍ਹਾਂ ਆਪਣੇ ਨੁਕਤੇ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਜਿਹੜੇ ਵਿਅਕਤੀ ਕਿਸੇ ਸੰਕ੍ਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਂਦੇ ਹਨ, ਉਨ੍ਹਾਂ ਸਾਰਿਆਂ ਨੂੰ 72 ਘੰਟਿਆਂ ਅੰਦਰ ਲੱਭ ਕੇ ਉਨ੍ਹਾਂ ਦਾ ਟੈਸਟ ਕਰਵਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਦੀ ਪਾਲਣਾ ਇੱਕ ਮੰਤਰ ਵਾਂਗ ਓਨੀ ਹੀ ਗੰਭੀਰਤਾ ਨਾਲ ਹੋਣੀ ਚਾਹੀਦੀ ਹੈ ਭਾਵ ਹੱਥ ਧੋਣੇ ਚਾਹੀਦੇ ਹਨ, ਦੋ ਗਜ਼ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ, ਮਾਸਕ ਪਹਿਨਣੇ ਚਾਹੀਦੇ ਹਨ ਆਦਿ।
ਦਿੱਲੀ ਤੇ ਲਾਗਲੇ ਰਾਜਾਂ ਵਿੱਚ ਰਣਨੀਤੀ
ਪ੍ਰਧਾਨ ਮੰਤਰੀ ਨੇ ਦਿੱਲੀ ਤੇ ਲਾਗਲੇ ਜਾਂ ਨਾਲ ਮਿਲ ਕੇ ਮਹਾਮਾਰੀ ਨਾਲ ਨਿਪਟਣ ਲਈ ਇੱਕ ਰੂਪ–ਰੇਖਾ ਤਿਆਰ ਕਰਨ ਦੇ ਮਾਮਲੇ ਵਿੱਚ ਗ੍ਰਹਿ ਮੰਤਰੀ ਦੇ ਅਨੁਭਵ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਇਸ ਰਣਨੀਤੀ ਦੇ ਮੁੱਖ ਥੰਮ੍ਹ – ਕੰਟੇਨਮੈਂਟ ਜ਼ੋਨਾਂ ਨੂੰ ਨਿਖੇੜਨਾ ਤੇ ਸਕ੍ਰੀਨਿੰਗ ਉੱਤੇ ਫ਼ੋਕਸ ਹਨ, ਖ਼ਾਸ ਕਰ ਕੇ ਵਧੇਰੇ ਖ਼ਤਰੇ ਵਾਲੇ ਵਰਗ ਵਿੱਚ। ਉਨ੍ਹਾਂ ਕਿਹਾ ਕਿ ਇਨ੍ਹਾਂ ਕਦਮਾਂ ਦੇ ਨਤੀਜੇ ਸਾਰੇ ਦੇਖ ਸਕਦੇ ਹਨ; ਉਨ੍ਹਾਂ ਅੱਗੇ ਕਿਹਾ ਕਿ ਹਸਪਤਾਲਾਂ ਵਿੱਚ ਬਿਹਤਰ ਪ੍ਰਬੰਧ ਤੇ ਆਈਸੀਯੂ ਬਿਸਤਰਿਆਂ ਵਿੱਚ ਵਾਧਾ ਜਿਹੇ ਕਦਮ ਬਹੁਤ ਸਹਾਇਕ ਸਿੱਧ ਹੋਏ ਹਨ।
ਮੁੱਖ ਮੰਤਰੀ ਬੋਲੇ
ਮੁੱਖ ਮੰਤਰੀਆਂ ਨੇ ਆਪੋ–ਆਪਣੇ ਰਾਜਾਂ ਦੀ ਬੁਨਿਆਦੀ ਸਥਿਤੀ ਬਾਰੇ ਤਾਜ਼ਾ ਜਾਣਕਾਰੀ ਦਿੱਤੀ। ਉਨ੍ਹਾਂ ਇਸ ਮਹਾਮਾਰੀ ਵਿੱਚ ਸਫ਼ਲ ਪ੍ਰਬੰਧ ਲਈ ਪ੍ਰਧਾਨ ਮੰਤਰੀ ਦੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਦੇ ਨਿਰੰਤਰ ਮਾਰਗ–ਦਰਸ਼ਨ ਤੇ ਸਹਾਇਤਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕੀਤੇ ਜਾ ਰਹੇ ਟੈਸਟਾਂ, ਟੈਸਟਿੰਗ ਵਧਾਉਣ, ਟੈਲੀ–ਮੈਡੀਸਿਨ ਦੀ ਵਰਤੋਂ ਤੇ ਸਿਹਤ ਬੁਨਿਆਦੀ ਢਾਂਚਾ ਵਧਾਉਣ ਦੇ ਯਤਨਾਂ ਲਈ ਉਠਾਏ ਜਾਣ ਵਾਲੇ ਕਦਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਸੇਰੋ–ਸਰਵੇਲਾਂਸ ਕਰਨ ਲਈ ਕੇਂਦਰੀ ਸਿਹਤ ਮੰਤਰਾਲੇ ਦੇ ਹੋਰ ਮਾਰਗ–ਦਰਸ਼ਨ ਲਈ ਬੇਨਤੀ ਕੀਤੀ ਤੇ ਦੇਸ਼ ਵਿੱਚ ਸੰਗਠਿਤ ਮੈਡੀਕਲ ਬੁਨਿਆਦੀ ਢਾਂਚਾ ਸਥਾਪਿਤ ਕਰਨ ਦਾ ਸੁਝਾਅ ਵੀ ਦਿੱਤਾ।
ਵਿਸ਼ਵ ਸਿਹਤ ਸੰਗਠਨ ਦੁਆਰਾ ਸ਼ਲਾਘਾ
ਰੱਖਿਆ ਮੰਤਰੀ ਨੇ ਆਪਣੇ ਨੁਕਤੇ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰ ਇਸ ਵਾਇਰਸ ਖ਼ਿਲਾਫ਼ ਇਸ ਜੰਗ ਵਿੱਚ ਹਰ ਸੰਭਵ ਯਤਨ ਕਰ ਰਹੀ ਹੈ, ਜਿਸ ਦੀ ਸ਼ਲਾਘਾ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੁਆਰਾ ਵੀ ਕੀਤੀ ਗਈ ਹੈ।
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਨੇ ਦੇਸ਼ ਵਿੱਚ ਕੋਵਿਡ ਦੇ ਮਾਮਲਿਆਂ ਬਾਰੇ ਸੰਖੇਪ ਵੇਰਵਾ ਦਿੱਤਾ, ਉਨ੍ਹਾਂ ਕਿਹਾ ਕਿ ਕੁਝ ਰਾਜਾਂ ਵਿੱਚ ਮਾਮਲੇ ਵਧਣ ਦੀ ਦਰ ਔਸਤ ਦਰ ਤੋਂ ਵੱਧ ਹੈ ਤੇ ਉਨ੍ਹਾਂ ਰਾਜਾਂ ਨੂੰ ਟੈਸਟਿੰਗ ਸਮਰੱਥਾ ਦਾ ਵੱਧ ਤੋਂ ਵੱਧ ਉਪਯੋਗ ਕਰਨ ਉੱਤੇ ਧਿਆਨ ਕੇਂਦ੍ਰਿਤ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਮੌਤ ਦਰ ਦੇ ਸਹੀ ਅੰਕੜੇ ਰਿਪੋਰਟ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਸਥਾਨਕ ਭਾਈਚਾਰਿਆਂ ਦੀ ਮਦਦ ਨਾਲ ਕੰਟੇਨਮੈਂਟ ਜ਼ੋਨਾਂ ਦੇ ਘੇਰੇ ਉੱਤੇ ਨਿਗਰਾਨੀ ਰੱਖਣ ਦੀ ਗੱਲ ਵੀ ਕੀਤੀ।
ਕੇਂਦਰੀ ਵਿੱਤ ਮੰਤਰੀ, ਸਿਹਤ ਮੰਤਰੀ ਤੇ ਗ੍ਰਹਿ ਰਾਜ ਮੰਤਰੀ ਵੀ ਇਸ ਵਿਚਾਰ–ਵਟਾਂਦਰੇ ਦੌਰਾਨ ਮੌਜੂਦ ਸਨ।
*****
ਏਐੱਮ/ਏਪੀ
(Release ID: 1645066)
Visitor Counter : 275
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam