ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਮਾਰਟ ਇੰਡੀਆ ਹੈਕਾਥੌਨ 2020 ਦੇ ਗ੍ਰੈਂਡ ਫ਼ਿਨਾਲੇ ਨੂੰ ਸੰਬੋਧਨ ਕੀਤਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020 21ਵੀਂ ਸਦੀ ਦੇ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਪ੍ਰਤੀਬਿੰਬਤ ਕਰਦੀ ਹੈ
ਰਾਸ਼ਟਰੀ ਸਿੱਖਿਆ ਨੀਤੀ ਦਾ ਉਦੇਸ਼ ਵੱਡੇ ਪਰਿਵਰਤਨਾਤਮਕ ਸੁਧਾਰ ਕਰਨਾ; ਨੌਕਰੀਆਂ ਭਾਲਣ ਵਾਲੇ ਨਹੀਂ, ਬਲਕਿ ਰੋਜ਼ਗਾਰ ਸਿਰਜਣ ਵਾਲਿਆਂ ’ਤੇ ਧਿਆਨ ਕੇਂਦ੍ਰਿਤ
Posted On:
01 AUG 2020 8:21PM by PIB Chandigarh
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸ ਜ਼ਰੀਏ ‘ਸਮਾਰਟ ਇੰਡੀਆ ਹੈਕਾਥੌਨ 2020’ ਦੇ ਗ੍ਰੈਂਡ ਫ਼ਿਨਾਲੇ ਨੂੰ ਸੰਬੋਧਨ ਕੀਤਾ।
ਸਮਾਰਟ ਇੰਡੀਆ ਹੈਕਾਥੌਨ
‘ਸਮਾਰਟ ਇੰਡੀਆ ਹੈਕਾਥੌਨ’ ਦੇ ਗ੍ਰੈਂਡ ਫ਼ਿਨਾਲੇ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਦਾ ਕਈ ਹੱਲ ਲੱਭਣ ਲਈ ਵਿਦਿਆਰਥੀ ਕੰਮ ਕਰ ਰਹੇ ਹਨ। ਇਨ੍ਹਾਂ ਸਮੱਸਿਆਵਾਂ ਦੇ ਹੱਲ ਮੁਹੱਈਆ ਹੋਣ ਦੇ ਨਾਲ, ਡਾਟਾ, ਡਿਜੀਟਾਈਜ਼ੇਸ਼ਨ ਤੇ ਹਾਈ–ਟੈੱਕ ਭਵਿੱਖ ਬਾਰੇ ਭਵਿੱਖ ਦੀਆਂ ਆਸਾਂ ਵੀ ਮਜ਼ਬੂਤ ਹੁੰਦੀਆਂ ਹਨ। ਤੇਜ਼ ਰਫ਼ਤਾਰ 21ਵੀਂ ਸਦੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਪ੍ਰਭਾਵਸ਼ਾਲੀ ਭੂਮਿਕਾ ਨਿਰੰਤਰ ਨਿਭਾਉਂਦੇ ਰਹਿਣ ਲਈ ਖ਼ੁਦ ਨੂੰ ਤੇਜ਼ੀ ਨਾਲ ਬਦਲਣ ਦੀ ਜ਼ਰੂਰਤ ਹੈ, ਇਸੇ ਲਈ ਨਵੀਂਆਂ ਖੋਜਾਂ, ਖੋਜ, ਡਿਜ਼ਾਈਨ, ਵਿਕਾਸ ਤੇ ਉੱਦਮਤਾ ਲਈ ਦੇਸ਼ ਵਿੱਚ ਲੋੜੀਂਦਾ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦ੍ਰਿੜ੍ਹਤਾਪੂਰਬਕ ਕਿਹਾ ਕਿ ਭਾਰਤ ਦੀ ਸਿੱਖਿਆ ਨੂੰ ਵਧੇਰੇ ਆਧੁਨਿਕ ਬਣਾਉਣ ਤੇ ਪ੍ਰਤਿਭਾ ਲਈ ਮੌਕੇ ਪੈਦਾ ਕਰਨ ਦਾ ਉਦੇਸ਼ ਹੈ।
ਨਵੀਂ ਸਿੱਖਿਆ ਨੀਤੀ
ਨਵੀਂ ਸਿੱਖਿਆ ਨੀਤੀ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੂੰ 21ਵੀਂ ਸਦੀ ਦੇ ਨੌਜਵਾਨਾਂ ਦੇ ਵਿਚਾਰਾਂ, ਜ਼ਰੂਰਤਾਂ, ਆਸਾਂ ਤੇ ਖ਼ਾਹਿਸ਼ਾਂ ਨੂੰ ਧਿਆਨ ’ਚ ਰੱਖਦਿਆਂ ਤਿਆਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਮਹਿਜ਼ ਇੱਕ ਨੀਤੀ–ਦਸਤਾਵੇਜ਼ ਨਹੀਂ ਹੈ, ਬਲਕਿ 130 ਕਰੋੜ ਤੋਂ ਵੱਧ ਭਾਰਤੀਆਂ ਦੀਆਂ ਇੱਛਾਵਾਂ ਦਾ ਪ੍ਰਤੀਬਿੰਬ ਵੀ ਹੈ। ਉਨ੍ਹਾਂ ਕਿਹਾ ‘ਅੱਜ ਬਹੁਤ ਸਾਰੇ ਬੱਚੇ ਇਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਅਜਿਹੇ ਕਿਸੇ ਵਿਸ਼ੇ ਦੇ ਅਧਾਰ ’ਤੇ ਪਰਖਿਆ ਜਾਂਦਾ ਹੈ, ਜਿਸ ਵਿੱਚ ਉਨ੍ਹਾਂ ਦੀ ਕੋਈ ਦਿਲਚਸਪੀ ਹੀ ਨਹੀਂ ਹੁੰਦੀ। ਮਾਪਿਆਂ, ਰਿਸ਼ਤੇਦਾਰਾਂ, ਦੋਸਤਾਂ ਆਦਿ ਦੇ ਦਬਾਅ ਕਾਰਣ ਬੱਚਿਆਂ ਨੂੰ ਹੋਰਨਾਂ ਵੱਲੋਂ ਚੁਣੇ ਵਿਸ਼ਿਆਂ ਦੀ ਪੜ੍ਹਾਈ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਇਸੇ ਕਾਰਣ ਅੱਜ ਇੱਕ ਅਜਿਹੀ ਵੱਡੀ ਆਬਾਦੀ ਪੈਦਾ ਹੋ ਗਈ ਹੈ, ਜੋ ਪੜ੍ਹੀ–ਲਿਖੀ ਤਾਂ ਬਹੁਤ ਹੈ ਪਰ ਜੋ ਕੁਝ ਵੀ ਉਨ੍ਹਾਂ ਨੇ ਪੜ੍ਹਿਆ ਹੈ, ਉਸ ਦਾ ਉਨ੍ਹਾਂ ਨੂੰ ਕੋਈ ਫ਼ਾਇਦਾ ਨਹੀਂ ਹੁੰਦਾ।’ ਉਨ੍ਹਾਂ ਆਪਣੇ ਨੁਕਤੇ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਭਾਰਤ ਦੇ ਵਿਦਿਅਕ ਢਾਂਚੇ ਵਿੱਚ ਪ੍ਰਣਾਲੀਬੱਧ ਸੁਧਾਰ ਲਿਆ ਕੇ ਅਜਿਹੀ ਪਹੁੰਚ ਬਦਲਣਾ ਲੋਚਦੀ ਹੈ ਅਤੇ ਸਿੱਖਿਆ ਦੀ ਇੱਛਾ ਤੇ ਵਿਸ਼ੇ ਦੋਵਾਂ ਦਾ ਕਾਇਆ–ਕਲਪ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਦਾ ਧਿਆਨ ਅਜਿਹਾ ਕੁਝ ਸਿੱਖਣ ਤੇ ਖੋਜ ਕਰਨ ਉੱਤੇ ਕੇਂਦ੍ਰਿਤ ਹੈ, ਜਿੱਥੇ ਸਕੂਲ, ਕਾਲਜ ਤੇ ਯੂਨੀਵਰਸਿਟੀ ਦੇ ਅਨੁਭਵ ਨੂੰ: ਫਲਦਾਇਕ, ਵਿਆਪਕ ਤੇ ਵਿਦਿਆਰਥੀਆਂ ਦੀ ਕੁਦਰਤੀ ਪ੍ਰਤਿਭਾ ਦਾ ਮਾਰਗ–ਦਰਸ਼ਕ ਬਣਾਇਆ ਜਾ ਸਕੇ।
ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ‘ਹੈਕਾਥੌਨ ਕੋਈ ਪਹਿਲੀ ਸਮੱਸਿਆ ਨਹੀਂ ਹੈ, ਜਿਸ ਨੂੰ ਤੁਸੀਂ ਹੱਲ ਕਰਨ ਦਾ ਯਤਨ ਕੀਤਾ ਹੈ ਤੇ ਨਾ ਹੀ ਇਹ ਕੋਈ ਆਖ਼ਰੀ ਕੋਸ਼ਿਸ਼ ਹੈ।’ ਉਨ੍ਹਾਂ ਇੱਛਾ ਪ੍ਰਗਟਾਈ ਕਿ ਨੌਜਵਾਨ ਇਹ ਤਿੰਨ ਚੀਜ਼ਾਂ ਜਾਰੀ ਰੱਖਣ: ਸਿੱਖਣਾ, ਸੁਆਲ ਕਰਨਾ ਤੇ ਹੱਲ ਲੱਭਣਾ ਕਰਨਾ। ਉਨ੍ਹਾਂ ਕਿਹਾ ਕਿ ਜਦੋਂ ਕੋਈ ਕੁਝ ਸਿੱਖਦਾ ਹੈ, ਕਿਸੇ ਨੂੰ ਸੁਆਲ ਕਰਨ ਦੀ ਸੂਝ ਆ ਜਾਂਦੀ ਹੈ ਤੇ ਭਾਰਤ ਦੀ ਰਾਸ਼ਟਰੀ ਸਿੱਖਿਆ ਨੀਤੀ ਇਸੇ ਭਾਵਨਾ ਨੂੰ ਪ੍ਰਤੀਬਿੰਬਤ ਕਰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਧਿਆਨ ਸਕੂਲੀ ਬਸਤੇ ਦੇ ਬੋਝ ਤੋਂ ਤਬਦੀਲ ਹੋ ਕੇ ਸਿੱਖਿਆ ਦੇ ਫ਼ਾਇਦਿਆਂ ਵਿੱਚ ਤਬਦੀਲ ਹੋ ਗਿਆ ਹੈ ਕਿਉਂਕਿ ਅਜਿਹਾ ਬੋਝ ਸਕੂਲ ਤੋਂ ਬਾਹਰ ਨਹੀਂ ਹੁੰਦਾ; ਇਸ ਦਾ ਲਾਭ ਸਾਰੀ ਜ਼ਿੰਦਗੀ ਹੁੰਦਾ ਹੈ ਤੇ ਇੰਝ ਵਿਦਿਆਰਥੀ ਸਿਰਫ਼ ਘੋਟੇ ਤੇ ਰੱਟੇ ਮਾਰਨ ਦੀ ਥਾਂ ਆਲੋਚਨਾਤਮਕ ਸੋਚਣੀ ਦਾ ਧਾਰਨੀ ਬਣਦਾ ਹੈ।
ਅੰਤਰ–ਅਨੁਸ਼ਾਸਨੀ ਅਧਿਐਨ ਉੱਤੇ ਜ਼ੋਰ
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਤਰ–ਅਨੁਸ਼ਾਸਨੀ ਅਧਿਐਨ ਉੱਤੇ ਜ਼ੋਰ ਨਵੀਂ ਸਿੱਖਿਆ ਨੀਤੀ ਦੀਆਂ ਸਭ ਤੋਂ ਵੱਧ ਉਤੇਜਨਾਪੂਰਨ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ। ਇਹ ਧਾਰਨਾ ਹਰਮਨਪਿਆਰੀ ਹੁੰਦੀ ਜਾ ਰਹੀ ਹੈ ਕਿਉਂਕਿ ਇੱਕੋ ਆਕਾਰ ਬਿਲਕੁਲ ਵੀ ਫ਼ਿੱਟ ਨਹੀਂ ਬੈਠਦਾ। ਉਨ੍ਹਾਂ ਕਿਹਾ ਕਿ ਅੰਤਰ–ਅਨੁਸ਼ਾਸਨੀ ਅਧਿਐਨ ਉੱਤੇ ਜ਼ੋਰ ਇਹ ਯਕੀਨੀ ਬਣਾਏਗਾ ਕਿ ਧਿਆਨ ਉਸੇ ਵਿਸ਼ੇ ਉੱਤੇ ਕੇਂਦ੍ਰਿਤ ਰਹੇਗਾ ਜੋ ਵੀ ਵਿਦਿਆਰਥੀ ਸਿੱਖਣਾ ਚਾਹੁੰਦਾ ਹੈ ਨਾ ਕਿ ਉਸ ਤੋਂ ਸਮਾਜ ਦੇ ਇਸ਼ਾਰੇ ਮੁਤਾਬਕ ਚੱਲਦੇ ਰਹਿਣ ਦੀ ਆਸ ਰੱਖੀ ਜਾਂਦੀ ਹੈ।
ਸਿੱਖਿਆ ਤੱਕ ਪਹੁੰਚ
ਬਾਬਾ ਸਾਹਿਬ ਅੰਬੇਡਕਰ ਦੀ ਟੂਕ – ‘ਸਿੱਖਿਆ ਤੱਕ ਸਭ ਦੀ ਪਹੁੰਚ ਹੋਣੀ ਚਾਹੀਦੀ ਹੈ’ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਿੱਖਿਆ ਨੀਤੀ ਪਹੁੰਚਯੋਗ ਸਿੱਖਿਆ ਦੇ ਵਿਚਾਰ ਨੂੰ ਵੀ ਸਮਰਪਿਤ ਹੈ। ਰਾਸ਼ਟਰੀ ਸਿੱਖਿਆ ਨੀਤੀ ਸਿੱਖਿਆ ਤੱਕ ਪਹੁੰਚ ਉੱਤੇ ਪ੍ਰਾਇਮਰੀ ਸਿੱਖਿਆ ਦੀ ਸ਼ੁਰੂਆਤ ਤੋਂ ਹੀ ਵਧੇਰੇ ਧਿਆਨ ਕੇਂਦ੍ਰਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਨੀਤੀ ਦਾ ਉਦੇਸ਼ ਸਾਲ 2035 ਤੱਕ ਉੱਚ ਸਿੱਖਿਆ ਵਿੱਚ ਵਿਦਿਆਰਥੀਆਂ ਦਾ ਕੁੱਲ ਦਾਖ਼ਲਾ ਅਨੁਪਾਤ ਵਧਾਉਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਿੱਖਿਆ ਨੀਤੀ ਨੌਕਰੀਆਂ ਲੱਭਣ ਵਾਲੇ ਉਮੀਦਵਾਰ ਨਹੀਂ, ਬਲਕਿ ਰੋਜ਼ਗਾਰ ਸਿਰਜਕ ਬਣਾਉਣ ਉੱਤੇ ਜ਼ੋਰ ਦਿੰਦੀ ਹੈ। ਭਾਵ ਇੰਝ ਇਹ ਸਾਡੀ ਮਾਨਸਿਕਤਾ ਤੇ ਸਾਡੀ ਪਹੁੰਚ ਵਿੱਚ ਸੁਧਾਰ ਲਿਆਉਣ ਦਾ ਇੱਕ ਯਤਨ ਹੈ।
ਸਥਾਨਕ ਭਾਸ਼ਾ ਉੱਤੇ ਜ਼ੋਰ
ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਭਾਰਤੀ ਭਾਸ਼ਾਵਾਂ ਦੀ ਪ੍ਰਗਤੀ ਤੇ ਉਨ੍ਹਾਂ ਨੂੰ ਹੋਰ ਵਿਕਸਿਤ ਹੋਣ ਵਿੱਚ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਆਪਣੇ ਮੁਢਲੇ ਸਾਲਾਂ ਵਿੱਚ ਆਪਣੀ ਖ਼ੁਦ ਦੀ ਭਾਸ਼ਾ ਵਿੱਚ ਸਿੱਖ ਕੇ ਲਾਭ ਉਠਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਨਵੀਂ ਵਿਦਿਅਕ ਨੀਤੀ ਸਮੁੱਚੇ ਵਿਸ਼ਵ ਸਾਹਮਣੇ ਭਾਰਤ ਦੀਆਂ ਅਮੀਰ ਭਾਸ਼ਾਵਾਂ ਦੀ ਜਾਣ–ਪਹਿਚਾਣ ਵੀ ਕਰਵਾਏਗੀ।
ਵਿਸ਼ਵ ਦੀ ਅਖੰਡਤਾ ਉੱਤੇ ਜ਼ੋਰ
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨੀਤੀ ਜਿੰਨਾ ਧਿਆਨ ਸਥਾਨਕ ਪੱਧਰ ਦਾ ਰੱਖਦੀ ਹੈ, ਓਨਾ ਹੀ ਜ਼ੋਰ ਉਹ ਵਿਸ਼ਵ ਦੀ ਅਖੰਡਤਾ ਉੱਤੇ ਵੀ ਦਿੰਦੀ ਹੈ। ਵਿਸ਼ਵ ਦੇ ਚੋਟੀ ਦੇ ਸੰਸਥਾਨਾਂ ਨੂੰ ਭਾਰਤ ਵਿੱਚ ਕੈਂਪਸ ਖੋਲ੍ਹਣ ਲਈ ਉਤਸ਼ਾਹਿਤ ਕੀਤਾ ਗਿਆ ਹੈ। ਇਸ ਨਾਲ ਭਾਰਤੀ ਨੌਜਵਾਨਾਂ ਨੂੰ ਵਿਸ਼ਵ–ਪੱਧਰੀ ਮੌਕੇ ਮਿਲਣ ਦਾ ਲਾਭ ਪੁੱਜੇਗਾ ਅਤੇ ਉਨ੍ਹਾਂ ਨੂੰ ਵਿਸ਼ਵ ਦੇ ਮੁੱਖ ਮੁਕਾਬਲਿਆਂ ਦੀ ਤਿਆਰੀ ਕਰਨ ਵਿੱਚ ਵੀ ਮਦਦ ਮਿਲੇਗੀ। ਇਸ ਨਾਲ ਭਾਰਤ ਵਿੱਚ ਵਿਸ਼ਵ–ਪੱਧਰੀ ਸੰਸਥਾਨਾਂ ਦੀ ਉਸਾਰੀ ਵਿੱਚ ਵੀ ਮਦਦ ਮਲੇਗੀ ਤੇ ਭਾਰਤ ਵਿਸ਼ਵ–ਸਿੱਖਿਆ ਦਾ ਇੱਕ ਧੁਰਾ ਬਣੇਗਾ।
***
ਏਕੇ/ਕੇਪੀ
(Release ID: 1642959)
Visitor Counter : 169
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam