ਵਿੱਤ ਮੰਤਰਾਲਾ

ਕੋਵਿਡ-19 ਮਹਾਮਾਰੀ ਦੇ ਦੌਰਾਨ ਇਨਕਮ ਟੈਕਸ ਵਿਭਾਗ ਨੇ 20 ਲੱਖ ਤੋਂ ਵੱਧ ਕਰਦਾਤਿਆਂ ਨੂੰ 62,361 ਕਰੋੜ ਰੁਪਏ ਰਿਫੰਡ ਕੀਤੇ

Posted On: 03 JUL 2020 12:42PM by PIB Chandigarh


ਕੋਵਿਡ-19 ਮਹਾਮਾਰੀ ਦੀ ਸਥਿਤੀ ਵਿੱਚ ਕਰਦਾਤਿਆਂ ਦੀ ਮਦਦ ਲਈ ਲੰਬਿਤ ਇਨਕਮ ਟੈਕਸ ਰਿਫੰਡ ਜਾਰੀ ਕਰਨ ਸਬੰਧੀ ਸਰਕਾਰ ਦੇ 8 ਅਪ੍ਰੈਲ, 2020 ਨੂੰ ਜਾਰੀ ਪ੍ਰੈਸ ਨੋਟ ਰਾਹੀਂ ਦਿੱਤੇ ਫੈਸਲੇ ਦੀ ਪਾਲਣਾ ਕਰਦਿਆਂ ਇਨਕਮ ਟੈਕਸ ਵਿਭਾਗ ਨੇ 8 ਅਪ੍ਰੈਲ ਤੋਂ 30 ਜੂਨ, 2020 ਤੱਕ 76 ਮਾਮਲੇ ਪ੍ਰਤੀ ਮਿੰਟ ਦੀ ਰਫ਼ਤਾਰ ਨਾਲ ਟੈਕਸ ਰਿਫੰਡਸ ਜਾਰੀ ਕੀਤੇ ਹਨ।  ਸਿਰਫ਼ 56 ਕੰਮ ਦੇ ਦਿਨਾਂ ਦੌਰਾਨ, ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ  20.44 ਲੱਖ ਤੋਂ ਵੱਧ ਮਾਮਲਿਆਂ ਵਿੱਚ 62,361 ਕਰੋੜ ਰੁਪਏ  ਤੋਂ ਵੱਧ ਰਕਮ ਦੇ ਰਿਫੰਡ ਜਾਰੀ ਕੀਤੇ ਹਨ।
 
ਇਹ ਦੱਸਿਆ ਜਾਂਦਾ ਹੈ ਕਿ ਟੈਕਸਦਾਤਾ ਇਨਕਮ ਟੈਕਸ ਵਿਭਾਗ ਦੇ ਅਜਿਹੇ ਪਹਿਲੂ ਦਾ ਅਨੁਭਵ ਕਰ ਰਹੇ ਹਨ ਜੋ ਨਾ ਸਿਰਫ ਟੈਕਸਦਾਤਾ ਦੇ ਅਨੁਕੂਲ ਹੈ, ਬਲਕਿ ਕੋਵਿਡ -19 ਮਹਾਮਾਰੀ ਦੇ ਇਸ ਕਠਿਨ ਸਮੇਂ ਵਿੱਚ ਤਰਲਤਾ ਪ੍ਰਦਾਨ ਕਰਨ ਵਾਲਾ ਮਦਦਗਾਰ ਵੀ ਹੈ। ਇਸ ਅਵਧੀ ਦੌਰਾਨ 19,07,853 ਮਾਮਲਿਆਂ ਵਿੱਚ ਇਨਕਮ ਕਰਦਾਤਿਆਂ  ਨੂੰ 23,453.57 ਕਰੋੜ ਰੁਪਏ ਦੇ ਇਨਕਮ ਟੈਕਸ ਰਿਫੰਡ ਜਾਰੀ ਕੀਤੇ ਗਏ ਹਨ ਅਤੇ  1,36,744 ਮਾਮਲਿਆਂ ਵਿੱਚ ਟੈਕਸ ਦੇਣ ਵਾਲਿਆਂ ਨੂੰ 38,908.37 ਕਰੋੜ ਰੁਪਏ ਦੇ ਕਾਰਪੋਰੇਟ ਟੈਕਸ ਰਿਫੰਡ ਕੀਤੇ ਗਏ ਹਨ। ਇਸ ਮਾਤਰਾ ਅਤੇ  ਸੰਖਿਆ ਦੇ ਰਿਫੰਡ  ਪੂਰੀ ਤਰ੍ਹਾਂ ਨਾਲ ਇਲੈਕਟ੍ਰੌਨਿਕ ਤੌਰ ‘ਤੇ ਜਾਰੀ ਕੀਤੇ ਗਏ ਹਨ ਅਤੇ ਸਿੱਧੇ ਕਰਦਾਤਿਆਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰ ਦਿੱਤੇ ਗਏ ਹਨ। ਇਨ੍ਹਾਂ ਰਿਫੰਡ ਮਾਮਲਿਆਂ ਵਿੱਚ, ਜਿਸ ਤਰ੍ਹਾਂ ਕਿ ਕੁਝ ਸਾਲ ਪਹਿਲਾਂ ਹੁੰਦਾ ਸੀ, ਉਸ ਦੇ ਵਿਪਰੀਤ ਕਿਸੇ ਵੀ ਕਰਦਾਤਾ ਨੂੰ ਰਿਫੰਡ ਲੈਣ ਲਈ ਬੇਨਤੀ ਕਰਨ ਵਾਸਤੇ ਵਿਭਾਗ ਕੋਲ ਨਹੀਂ ਜਾਣਾ ਪਿਆ। ਉਨ੍ਹਾਂ ਨੇ ਸਿੱਧੇ ਆਪਣੇ ਬੈਂਕ ਖਾਤਿਆਂ ਵਿੱਚ ਹੀ ਰਿਫੰਡਸ ਪ੍ਰਾਪਤ ਕਰ ਲਏ।

ਸੀਬੀਡੀਟੀ ਨੇ ਦੁਹਰਾਇਆ ਕਿ ਕਰਦਾਤਿਆਂ ਨੂੰ ਵਿਭਾਗ ਦੀਆਂ ਈਮੇਲਾਂ ਦਾ ਤੁਰੰਤ ਜਵਾਬ ਦੇਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਕੇਸਾਂ ਵਿੱਚ ਵੀ  ਕਾਰਵਾਈ ਕੀਤੀ ਜਾ ਸਕੇ ਅਤੇ ਤੁਰੰਤ ਰਿਫੰਡ ਜਾਰੀ ਕੀਤੇ ਜਾ ਸਕਣ। ਆਈ-ਟੀ ਵਿਭਾਗ ਦੀਆਂ ਅਜਿਹੀਆਂ ਈਮੇਲਜ਼ ਟੈਕਸ ਅਦਾ ਕਰਨ ਵਾਲਿਆਂ ਕੋਲੋਂ ਉਨ੍ਹਾਂ ਦੀ ਬਕਾਏ ਸਬੰਧੀ ਮੰਗ, ਉਨ੍ਹਾਂ ਦੇ ਬੈਂਕ ਖਾਤੇ ਦਾ ਨੰਬਰ ਅਤੇ ਰਿਫੰਡ ਜਾਰੀ ਕਰਨ ਤੋਂ ਪਹਿਲਾਂ ਕਿਸੇ ਨੁਕਸ / ਬੇਮੇਲ ਆਦਿ ਦੀ ਪੁਸ਼ਟੀ ਕਰਨੀ ਚਾਹੁੰਦੀਆਂ ਹਨ। ਅਜਿਹੇ ਸਾਰੇ ਮਾਮਲਿਆਂ ਵਿੱਚ, ਕਰਦਾਤਿਆਂ ਦੇ ਤੁਰੰਤ ਜਵਾਬ ਆਈ-ਟੀ ਵਿਭਾਗ ਨੂੰ ਰਿਫੰਡਸ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਵਿੱਚ ਸਹਾਇਤਾ ਕਰਨਗੇ।

****


ਆਰਐੱਮ/ਕੇਐੱਮਐੱਨ


(Release ID: 1636237) Visitor Counter : 185