ਪ੍ਰਧਾਨ ਮੰਤਰੀ ਦਫਤਰ
ਆਚਾਰੀਆ ਮਹਾਪ੍ਰਗਯ (AcharyaMahapragya) ਦੇ ਜਨਮ ਸ਼ਤਾਬਦੀ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
Posted On:
19 JUN 2020 11:34AM by PIB Chandigarh
ਨਮਸਕਾਰ।
ਆਚਾਰੀਆ ਸ਼੍ਰੀ ਮਹਾਸ਼੍ਰਮਣ ਜੀ, ਤੇਰਾਪੰਥੀ ਮਹਾ ਸਭਾ ਦੇ ਪ੍ਰਧਾਨ ਸੁਰੇਸ਼ ਚੰਦਰ ਗੋਇਲ ਜੀ, ਅਤੇ ਟੈਕਨੋਲੋਜੀ ਦੇ ਮਾਧਿਅਮ ਨਾਲ ਇਸ ਪ੍ਰੋਗਰਾਮ ਵਿੱਚ ਜੁੜੇ ਸਾਰੇ ਮਹਾਨੁਭਾਵ, ਸਾਰੇ ਸਾਥੀ!
ਇਹ ਸਾਡੇ ਸਾਰਿਆਂ ਦਾ ਸੁਭਾਗ ਹੈ ਕਿ ਸੰਤ ਪ੍ਰਵਰ ਆਚਾਰੀਆ ਸ਼੍ਰੀ ਮਹਾਪ੍ਰਗਯ ਜੀ ਦੀ ਜਨਮ ਸ਼ਤਾਬਦੀ ਦੇ ਪਵਿੱਤਰ ਅਵਸਰ ’ਤੇ ਅਸੀਂ ਸਾਰੇ ਇਕੱਠੇ ਜੁੜੇ ਹਾਂ। ਉਨ੍ਹਾਂ ਦੀ ਕ੍ਰਿਪਾ, ਉਨ੍ਹਾਂ ਦੇ ਅਸ਼ੀਰਵਾਦ ਨੂੰ, ਤੁਸੀਂ, ਮੈਂ, ਅਸੀਂ ਸਾਰੇ ਅਨੁਭਵ ਕਰ ਰਹੇ ਹਾਂ।
ਸੰਤ ਪ੍ਰਵਰ ਆਚਾਰੀਆ ਸ਼੍ਰੀ ਮਹਾਪ੍ਰਗਯ ਜੀ ਨੂੰ ਨਮਨ ਕਰਦੇ ਹੋਏ, ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ, ਮੈਂ ਆਪ ਸਾਰਿਆਂ ਨੂੰ ਵੀ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਆਚਾਰੀਆ ਸ਼੍ਰੀ ਮਹਾਸ਼੍ਰਮਣ ਜੀ ਦਾ ਵੀ ਵਿਸ਼ੇਸ਼ ਰੂਪ ਨਾਲ ਧੰਨਵਾਦ ਕਰਾਂਗਾ।
ਕੋਰੋਨਾ ਦੀ ਪਰਿਸਥਿਤੀ ਦਰਮਿਆਨ ਵੀ ਉਨ੍ਹਾਂ ਨੇ ਇਸ ਪ੍ਰੋਗਰਾਮ ਨੂੰ technology ਦੇ ਜ਼ਰੀਏ ਇਤਨੇ ਪ੍ਰਭਾਵੀ ਢੰਗ ਨਾਲ ਆਯੋਜਿਤ ਕੀਤਾ ਹੈ।
ਸਾਥੀਓ,
ਤੁਹਾਡੇ ਵਿੱਚੋਂ ਅਨੇਕ ਜਨ ਅਜਿਹੇ ਹਨ, ਜਿਨ੍ਹਾਂ ਨੂੰ ਆਚਾਰੀਆ ਸ਼੍ਰੀ ਮਹਾਪ੍ਰਗਯ ਜੀ ਦੇ ਸਤਸੰਗ ਅਤੇ ਸਾਖਿਆਤ ਦਰਸ਼ਨ, ਦੋਹਾਂ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਸ ਸਮੇਂ ਤੁਸੀਂ ਉਨ੍ਹਾਂ ਦੀ ਅਧਿਆਤਮਕ ਊਰਜਾ ਦਾ ਅਨੁਭਵ ਜ਼ਰੂਰ ਕੀਤਾ ਹੋਵੇਗਾ।
ਮੈਂ ਅਜਿਹਾ ਇਸ ਲਈ ਕਹਿ ਰਿਹਾ ਹਾਂ, ਕਿਉਂਕਿ ਮੈਨੂੰ ਮੇਰੇ ਜੀਵਨ ਵਿੱਚ ਇਹ ਅਵਸਰ, ਆਚਾਰੀਆ ਸ਼੍ਰੀ ਦਾ ਵਿਸ਼ੇਸ਼ ਪਿਆਰ ਅਤੇ ਅਸ਼ੀਰਵਾਦ ਦਾ ਸੁਭਾਗ ਨਿਰੰਤਰ ਮਿਲਦਾ ਰਿਹਾ ਹੈ।
ਮੈਨੂੰ ਯਾਦ ਹੈ, ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਬਣਿਆ ਸੀ ਤਦ ਉਸ ਸਮੇਂ ਵੀ ਉਨ੍ਹਾਂ ਦਾ ਗੁਜਰਾਤ ਆਉਣਾ ਹੋਇਆ ਸੀ। ਮੈਨੂੰ ਉਨ੍ਹਾਂ ਦੀ ਅਹਿੰਸਾ ਯਾਤਰਾ ਵਿੱਚ, ਮਾਨਵਤਾ ਦੀ ਸੇਵਾ ਦੇ ਅਭਿਯਾਨ ਵਿੱਚ ਸ਼ਾਮਲ ਹੋਣ ਦਾ ਅਵਸਰ ਮਿਲਿਆ ਸੀ।
ਮੈਂ ਤਦ ਆਚਾਰੀਆ ਪ੍ਰਵਰ ਦੇ ਸਾਹਮਣੇ ਕਿਹਾ ਸੀ, ‘ਮੈਂ ਚਾਹੁੰਦਾ ਹਾਂ ਇਹ ਤੇਰਾ ਪੰਥ ਮੇਰਾ ਪੰਥ ਬਣ ਜਾਵੇ’।
ਆਚਾਰੀਆ ਸ਼੍ਰੀ ਦੇ ਸਨੇਹ ਨਾਲ ਤੇਰਾ ਪੰਥ ਵੀ ਮੇਰਾ ਪੰਥ ਬਣ ਗਿਆ, ਅਤੇ ਮੈਂ ਵੀ ਆਚਾਰੀਆ ਸ਼੍ਰੀ ਦਾ ਬਣ ਗਿਆ।
ਸਾਥੀਓ,
ਮੈਂ ਹਮੇਸ਼ਾ ਉਨ੍ਹਾਂ ਦੇ ਨਿਕਟ ਇਹ ਅਨੁਭਵ ਕੀਤਾ ਕਿ ਉਨ੍ਹਾਂ ਜਿਹੇ ਯੁਗਰਿਸ਼ਿ ਦੇ ਜੀਵਨ ਵਿੱਚ ਆਪਣੇ ਲਈ ਕੁਝ ਨਹੀਂ ਹੁੰਦਾ ਹੈ। ਉਨ੍ਹਾਂ ਦਾ ਜੀਵਨ, ਉਨ੍ਹਾਂ ਦਾ ਵਿਚਾਰ, ਉਨ੍ਹਾਂ ਦਾ ਚਿੰਤਨ, ਸਭ ਕੁਝ ਸਮਾਜ ਦੇ ਲਈ, ਮਾਨਵਤਾ ਲਈ ਹੀ ਹੁੰਦਾ ਹੈ।
ਆਚਾਰੀਆ ਮਹਾਪ੍ਰਗਯ ਜੀ ਕਹਿੰਦੇ ਸਨ, ‘ਮੈਂ ਔਰ ਮੇਰਾ ਛੋੜੋ ਤੋ ਸਭ ਤੁਮਹਾਰਾ ਹੀ ਹੋਗਾ’।
ਉਨ੍ਹਾਂ ਦਾ ਇਹ ਮੰਤਰ, ਉਨ੍ਹਾਂ ਦਾ ਇਹ ਦਰਸ਼ਨ ਉਨ੍ਹਾਂ ਦੇ ਜੀਵਨ ਵਿੱਚ ਸਪਸ਼ਟ ਦਿਖਾਈ ਵੀ ਦਿੰਦਾ ਸੀ।
ਅਸੀਂ ਸਾਰਿਆਂ ਨੇ ਦੇਖਿਆ ਹੈ, ਉਨ੍ਹਾਂ ਦੇ ਜੀਵਨ ਵਿੱਚ ਉਨ੍ਹਾਂ ਦਾ ਆਪਣਾ ਕੁਝ ਨਹੀਂ ਸੀ, ਲੇਕਿਨ ਹਰ ਕੋਈ ਉਨ੍ਹਾਂ ਦਾ ਆਪਣਾ ਸੀ।
ਉਨ੍ਹਾਂ ਦੇ ਜੀਵਨ ਵਿੱਚ ‘ਪਰਿਗ੍ਰਹਿ’ ਕਿਸੇ ਵੀ ਵਸਤੂ ਦਾ ਨਹੀਂ ਸੀ, ਲੇਕਿਨ ‘ਪ੍ਰੇਮ’ ਹਰ ਵਿਅਕਤੀ ਦੇ ਲਈ ਸੀ।
ਸਾਥੀਓ,
ਦੁਨੀਆ ਵਿੱਚ ਜੀਵਨ ਜਿਊਣ ਦਾ ਦਰਸ਼ਨ ਤਾਂ ਅਸਾਨੀ ਨਾਲ ਮਿਲ ਜਾਂਦਾ ਹੈ, ਲੇਕਿਨ ਇਸ ਤਰ੍ਹਾਂ ਦਾ ਜੀਵਨ ਜਿਊਣ ਵਾਲਾ ਅਸਾਨੀ ਨਾਲ ਨਹੀਂ ਮਿਲਦਾ। ਜੀਵਨ ਨੂੰ ਇਸ ਸਥਿਤੀ ਤੱਕ ਲੈ ਜਾਣ ਲਈ ਤਪਣਾ ਪੈਂਦਾ ਹੈ, ਸਮਾਜ ਅਤੇ ਸੇਵਾ ਲਈ ਖਪਣਾ ਪੈਂਦਾ ਹੈ। ਇਹ ਕੋਈ ਸਧਾਰਣ ਗੱਲ ਨਹੀਂ ਹੈ। ਪਰ ਅਸਧਾਰਣ ਵਿਅਕਤਿਤਵ ਹੀ ‘ਅਸਧਾਰਣ’ ਨੂੰ ਚਰਿਤਾਰਥ ਕਰਦਾ ਹੈ।
ਤਦੇ ਤਾਂ ਰਾਸ਼ਟਰਕਵੀ ਰਾਮਧਾਰੀ ਸਿੰਘ ਦਿਨਕਰ ਕਹਿੰਦੇ ਸਨ – ਆਚਾਰੀਆ ਮਹਾਪ੍ਰਗਯ ਜੀ ਆਧੁਨਿਕ ਯੁੱਗ ਦੇ ਵਿਵੇਕਾਨੰਦ ਹੈ।
ਇਸੇ ਤਰ੍ਹਾਂ, ਦਿਗੰਬਰ ਪਰੰਪਰਾ ਦੇ ਮਹਾਨ ਸੰਤ ਆਚਾਰੀਆ ਵਿਦਿਆਨੰਦ ਜੀ ਮਹਾਪ੍ਰਗਯ ਜੀ ਦੀ ਤੁਲਨਾ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਜੀ ਨਾਲ ਕਰਦੇ ਸਨ।
ਆਚਾਰੀਆ ਮਹਾਪ੍ਰਗਯ ਜੀ ਨੇ ਜੋ ਸਾਹਿਤ ਰਚਨਾ ਕੀਤੀ, ਉਹ ਵੀ ਅਦਭੁੱਤ ਸੀ।
ਸਾਡੇ ਸਤਿਕਾਰਯੋਗ ਅਟਲ ਜੀ, ਜੋ ਖ਼ੁਦ ਵੀ ਸਾਹਿਤ ਅਤੇ ਗਿਆਨ ਦੇ ਇਤਨੇ ਵੱਡੇ ਪਾਰਖੀ ਸਨ, ਉਹ ਅਕਸਰ ਕਹਿੰਦੇ ਸਨ ਕਿ - “ਮੈਂ ਆਚਾਰੀਆ ਮਹਾਪ੍ਰਗਯ ਜੀ ਦੇ ਸਾਹਿਤ ਦਾ, ਉਨ੍ਹਾਂ ਦੇ ਸਾਹਿਤ ਦੀ ਗਹਿਰਾਈ ਦਾ, ਉਨ੍ਹਾਂ ਦੇ ਗਿਆਨ ਅਤੇ ਸ਼ਬਦਾਂ ਦਾ ਬਹੁਤ ਵੱਡਾ ਪ੍ਰੇਮੀ ਹਾਂ”। ਵਾਣੀ ਦੀ ਸੌਮਯਤਾ (ਨਿਰਮਤਾ), ਮੰਤਰਮੁਗਧ ਕਰ ਦੇਣ ਵਾਲੀ ਆਵਾਜ਼, ਸ਼ਬਦਾਂ ਦੀ ਚੋਣ ਦਾ ਸੰਤੁਲਨ, ਈਸ਼ਵਰੀ ਵਰਦਾਨ ਪ੍ਰਾਪਤ ਸੀ ਉਨ੍ਹਾਂ ਨੂੰ।
ਸਾਥੀਓ,
ਤੁਸੀਂ ਵੀ ਆਚਾਰੀਆ ਸ਼੍ਰੀ ਦੇ ਸਾਹਿਤ ਨੂੰ ਪੜ੍ਹੋਗੇ, ਉਨ੍ਹਾਂ ਦੀਆਂ ਗੱਲਾਂ ਨੂੰ ਯਾਦ ਕਰੋਗੇ ਤਾਂ ਤੁਹਾਨੂੰ ਵੀ ਅਨੁਭਵ ਹੋਵੇਗਾ, ਕਿਤਨੇ ਹੀ ਮਹਾਪੁਰਖਾਂ ਦਾ ਅਕਸ ਉਨ੍ਹਾਂ ਦੇ ਅੰਦਰ ਸੀ, ਉਨ੍ਹਾਂ ਦਾ ਗਿਆਨ ਕਿਤਨਾ ਵਿਆਪਕ ਸੀ।
ਉਨ੍ਹਾਂ ਨੇ ਜਿਤਨੀ ਗਹਿਰਾਈ ਨਾਲ ਅਧਿਆਤਮ ’ਤੇ ਲਿਖਿਆ ਹੈ, ਉਤਨਾ ਹੀ ਵਿਆਪਕ vision ਉਨ੍ਹਾਂ ਨੇ philosophy, politics, psychology ਅਤੇ economics ਜਿਹੇ ਵਿਸ਼ਿਆਂ ’ਤੇ ਵੀ ਦਿੱਤਾ ਹੈ।
ਇਨ੍ਹਾਂ subjects ’ਤੇ ਮਹਾਪ੍ਰਗਯ ਜੀ ਨੇ ਸੰਸਕ੍ਰਿਤ, ਹਿੰਦੀ, ਗੁਜਰਾਤੀ, ਇੰਗਲਿਸ਼ ਵਿੱਚ 300 ਤੋਂ ਜ਼ਿਆਦਾ ਕਿਤਾਬਾਂ ਲਿਖੀਆਂ ਹਨ। ਅਤੇ ਤੁਹਾਨੂੰ ਉਨ੍ਹਾਂ ਦੀ ਉਹ ਪੁਸਤਕ ਤਾਂ ਯਾਦ ਹੀ ਹੋਵੇਗੀ - The Family and The Nation. ਇਹ ਕਿਤਾਬ ਮਹਾਪ੍ਰਗਯ ਜੀ ਨੇ ਡਾਕਟਰ ਏਪੀਜੇ ਅਬਦੁਲ ਕਲਾਮ ਜੀ ਦੇ ਨਾਲ ਮਿਲ ਕੇ ਲਿਖੀ ਸੀ।
ਇੱਕ ਪਰਿਵਾਰ ਸੁਖੀ ਪਰਿਵਾਰ ਕਿਵੇਂ ਬਣੇ, ਇੱਕ ਸੁਖੀ ਪਰਿਵਾਰ ਇੱਕ ਸਮ੍ਰਿੱਧ ਰਾਸ਼ਟਰ ਦਾ ਨਿਰਮਾਣ ਕਿਵੇਂ ਕਰ ਸਕਦਾ ਹੈ, ਇਸ ਦਾ vision ਇਨ੍ਹਾਂ ਦੋਹਾਂ ਮਹਾਪੁਰਖਾਂ ਨੇ ਇਸ ਕਿਤਾਬ ਵਿੱਚ ਦਿੱਤਾ ਹੈ।
ਮੈਨੂੰ ਉਹ ਦਿਨ ਵੀ ਯਾਦ ਹੈ ਜਦੋਂ ਮੇਰੇ ਮੁੱਖ ਮੰਤਰੀ ਬਣਨ ਦੇ ਬਾਅਦ ਜਦੋਂ ਡਾਕਟਰ ਕਲਾਮ ਗੁਜਰਾਤ ਆਏ ਸਨ। ਤਜ ਮੈਂ ਹੀ ਉਨ੍ਹਾਂ ਦੇ ਨਾਲ ਆਚਾਰੀਆ ਪ੍ਰਵਰ ਦੇ ਦਰਸ਼ਨ ਲਈ ਗਿਆ ਸਾਂ। ਮੈਨੂੰ ਇੱਕਠੇ ਦੋਹਾਂ ਮਹਾਪੁਰਖਾਂ ਦੇ ਸਾਥ ਦਾ ਸੁਭਾਗ ਮਿਲਿਆ ਸੀ।
ਦੋਹਾਂ ਦੀ ਇਕੱਠੇ ਹਾਜ਼ਰੀ ਵਿੱਚ ਮੈਂ ਇਹ ਪ੍ਰਤੱਖ ਅਨੁਭਵ ਕੀਤਾ, ਕਿ ਸਾਡੇ ਇੱਥੇ ਇੱਕ ਰਿਸ਼ੀ ਕਿਸ ਤਰ੍ਹਾਂ ਵਿਗਿਆਨਕ ਦ੍ਰਿਸ਼ਟੀ ਰੱਖਦਾ ਹੈ, ਅਤੇ ਇੱਕ ਵਿਗਿਆਨੀ ਕਿਸ ਤਰ੍ਹਾਂ ਨਾਲ ਰਿਸ਼ੀ ਪ੍ਰੇਮੀ ਹੋ ਸਕਦਾ ਹੈ।
ਮਹਾਪ੍ਰਗਯ ਜੀ ਬਾਰੇ ਡਾਕਟਰ ਕਲਾਮ ਕਹਿੰਦੇ ਸਨ, ਉਨ੍ਹਾਂ ਦੇ ਜੀਵਨ ਦਾ ਇੱਕ ਹੀ ਉਦੇਸ਼ ਹੈ - Walk, Acquire and Give. ਯਾਨੀ ਕਿ, ਨਿਰੰਤਰ ਯਾਤਰਾ ਕਰੋ, ਗਿਆਨ ਕਮਾਓ, ਅਤੇ ਜੋ ਕੁਝ ਵੀ ਜੀਵਨ ਵਿੱਚ ਹੈ ਉਹ ਸਮਾਜ ਨੂੰ ਦੇ ਦਿਓ।
ਸਾਥੀਓ,
ਮਹਾਪ੍ਰਗਯ ਜੀ ਨੇ ਆਪਣੇ ਜੀਵਨ ਵਿੱਚ ਹਜ਼ਾਰਾਂ ਕਿਲੋਮੀਟਰ ਦੀ ਯਾਤਰਾ ਅਤੇ ਪਦਯਾਤਰਾ ਕੀਤੀ। ਆਪਣੇ ਅੰਤਿਮ ਸਮੇਂ ਵਿੱਚ ਵੀ ਉਹ ਅਹਿੰਸਾ ਯਾਤਰਾ ’ਤੇ ਹੀ ਸਨ।
ਉਹ ਕਹਿੰਦੇ ਸਨ, ‘ਆਤਮਾ ਮੇਰਾ ਈਸ਼ਵਰ ਹੈ, ਤਿਆਗ ਮੇਰੀ ਪ੍ਰਾਰਥਨਾ ਹੈ, ਮੈਤ੍ਰੀ ਮੇਰੀ ਭਗਤੀ ਹੈ, ਸੰਜਮ ਮੇਰੀ ਸ਼ਕਤੀ ਹੈ, ਅਤੇ ਅਹਿੰਸਾ ਮੇਰਾ ਧਰਮ ਹੈ’।
ਇਸ ਜੀਵਨ ਸ਼ੈਲੀ ਨੂੰ ਉਨ੍ਹਾਂ ਨੇ ਖ਼ੁਦ ਵੀ ਜੀਵਿਆ, ਅਤੇ ਲੱਖਾਂ ਕਰੋੜਾਂ ਲੋਕਾਂ ਨੂੰ ਵੀ ਸਿਖਾਇਆ। ਯੋਗ ਜ਼ਰੀਏ, ਲੱਖਾਂ ਕਰੋੜਾਂ ਲੋਕਾਂ ਨੂੰ ਉਨ੍ਹਾਂ ਨੇ depression free life ਦੀ ਕਲਾ ਸਿਖਾਈ। ਇਹ ਵੀ ਇੱਕ ਸੁਖਦ ਸੰਜੋਗ ਹੈ ਕਿ ਇੱਕ ਦਿਨ ਬਾਅਦ ਹੀ ਅੰਤਰਰਾਸ਼ਟਰੀ ਯੋਗ ਦਿਵਸ ਵੀ ਹੈ।
ਸਾਡੇ ਲਈ ਇਹ ਵੀ ਇੱਕ ਅਵਸਰ ਹੋਵੇਗਾ ਕਿ ਅਸੀਂ ਸਭ ‘ਸੁਖੀ ਪਰਿਵਾਰ ਅਤੇ ਸਮ੍ਰਿੱਧ ਰਾਸ਼ਟਰ’ ਦੇ ਮਹਾਪ੍ਰਗਯ ਜੀ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਆਪਣਾ ਯੋਗਦਾਨ ਦੇਈਏ, ਉਨ੍ਹਾਂ ਦੇ ਵਿਚਾਰਾਂ ਨੂੰ ਸਮਾਜ ਤੱਕ ਪਹੁੰਚਾਈਏ।
ਸਾਥੀਓ,
ਆਚਾਰੀਆ ਮਹਾਪ੍ਰਗਯ ਜੀ ਨੇ ਸਾਨੂੰ ਸਾਰਿਆਂ ਨੂੰ ਇੱਕ ਹੋਰ ਮੰਤਰ ਦਿੱਤਾ ਸੀ। ਉਨ੍ਹਾਂ ਦਾ ਇਹ ਮੰਤਰ ਸੀ - ‘ਸੁਅਸਥ ਵਿਅਕਤੀ, ਸੁਅਸਥ ਸਮਾਜ, ਸੁਅਸਥ ਅਰਥਵਿਵਸਥਾ। ਅੱਜ ਦੀ ਪਰਿਸਥਿਤੀ ਵਿੱਚ ਉਨ੍ਹਾਂ ਦਾ ਇਹ ਮੰਤਰ ਸਾਡੇ ਸਭ ਦੇ ਲਈ ਬਹੁਤ ਵੱਡੀ ਪ੍ਰੇਰਣਾ ਹੈ।
ਅੱਜ ਦੇਸ਼ ਇਸੇ ਮੰਤਰ ਦੇ ਨਾਲ, ਆਤਮਨਿਰਭਰ ਸੰਕਲਪ ਦੇ ਨਾਲ ਅੱਗੇ ਵਧ ਰਿਹਾ ਹੈ।
ਮੈਨੂੰ ਵਿਸ਼ਵਾਸ ਹੈ, ਜਿਸ ਸਮਾਜ ਅਤੇ ਰਾਸ਼ਟਰ ਦਾ ਆਦਰਸ਼ ਸਾਡੇ ਰਿਸ਼ੀਆਂ, ਸੰਤ ਆਤਮਾਵਾਂ ਨੇ ਸਾਡੇ ਸਾਹਮਣੇ ਰੱਖਿਆ ਹੈ, ਸਾਡਾ ਦੇਸ਼ ਜਲਦੀ ਹੀ ਉਸ ਸੰਕਲਪ ਨੂੰ ਸਿੱਧ ਕਰੇਗਾ। ਤੁਸੀਂ ਸਭ ਉਸ ਸੁਪਨੇ ਨੂੰ ਸਾਕਾਰ ਕਰੋਗੇ। ਤੁਸੀਂ ਸਾਰੇ ਸੁਅਸਥ ਰਹੋ, ਸਕੁਸ਼ਲ ਰਹੋ, ਸੰਤ ਪ੍ਰਵਰ ਆਚਾਰੀਆ ਸ਼੍ਰੀ ਮਹਾਪ੍ਰਗਯ ਜੀ ਦੇ ਜੀਵਨ ਸੰਦੇਸ਼ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਂਦੇ ਰਹੋ, ਇਨ੍ਹਾਂ ਸ਼ੁਭਕਾਮਨਾਵਾਂ ਦੇ ਨਾਲ, ਆਪ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ!
*****
ਵੀਆਰਆਰਕੇ / ਕੇਪੀ
(Release ID: 1632690)
ਵਿਜ਼ੀਟਰ ਕਾਊਂਟਰ : 168
Read this release in:
English
,
Urdu
,
हिन्दी
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam