ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਅਨਲੌਕ 1.0 ਤੋਂ ਬਾਅਦ ਦੀ ਸਥਿਤੀ ਬਾਰੇ ਮੁੱਖ ਮੰਤਰੀਆਂ ਨਾਲ ਦੂਜੇ ਹਿੱਸੇ ਦੀ ਗੱਲਬਾਤ ਕੀਤੀ


ਵਿਸਤਾਰ ਦੇ ਨਿਰੰਤਰ ਯਤਨਾਂ ਦੇ ਨਾਲ–ਨਾਲ ਮੌਜੂਦਾ ਟੈਸਟਿੰਗ ਸਮਰੱਥਾ ਦੀ ਜ਼ਰੂਰ ਹੀ ਪੂਰੀ ਤਰ੍ਹਾਂ ਵਰਤੋਂ ਹੋਣੀ ਚਾਹੀਦੀ ਹੈ: ਪ੍ਰਧਾਨ ਮੰਤਰੀ

ਸਾਨੂੰ ਵਾਇਰਸ ਤੋਂ ਠੀਕ ਹੋਏ ਲੋਕਾਂ ਦੀ ਵੱਧ ਗਿਣਤੀ ਉਜਾਗਰ ਕਰ ਕੇ ਜ਼ਰੂਰ ਹੀ ਡਰ ਤੇ ਕਲੰਕ ਦਾ ਸਾਹਮਣਾ ਕਰਨਾ ਹੋਵੇਗਾ: ਪ੍ਰਧਾਨ ਮੰਤਰੀ

ਲੌਕਡਾਊਨ ਦੌਰਾਨ ਅਨੁਸ਼ਾਸਨ ਕਾਰਨ ਕੋਵਿਡ–19 ਦਾ ਵਧੇਰੇ ਫੈਲਾਅ ਰੁਕਿਆ: ਪ੍ਰਧਾਨ ਮੰਤਰੀ

ਸਾਨੂੰ ਲੌਕਡਾਊਨ ਦੀਆਂ ਅਫ਼ਵਾਹਾਂ ਦਾ ਸਾਹਮਣਾ ਕਰਨਾ ਹੋਵੇਗਾ ਤੇ ਅਨਲੌਕ 2.0 ਦੀ ਯੋਜਨਾ ਉਲੀਕਣੀ ਹੋਵੇਗੀ: ਪ੍ਰਧਾਨ ਮੰਤਰੀ

ਮੁੱਖ ਮੰਤਰੀਆਂ ਨੇ ਰੱਖੇ ਆਪਣੇ ਵਿਚਾਰ, ਸਿਹਤ ਬੁਨਿਆਦੀ ਢਾਂਚੇ ’ਚ ਵਾਧਾ ਕਰਨ ਲਈ ਕੀਤੇ ਉਪਾਵਾਂ ਤੇ ਜਾਗਰੂਕਤਾ ਫੈਲਾਉਣ ਲਈ ਉਠਾਏ ਕਦਮਾਂ ਦੇ ਵੇਰਵੇ ਸਾਂਝੇ ਕੀਤੇ

Posted On: 17 JUN 2020 5:57PM by PIB Chandigarh

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰਸਿੰਗ ਰਾਹੀਂ ਮੁੱਖ ਮੰਤਰੀਆਂ ਨਾਲ ਦੋ–ਦਿਨਾ ਗੱਲਬਾਤ ਦੇ ਦੂਜੇ ਹਿੱਸੇ ਦੌਰਾਨ ਅਨਲੌਕ 1.0 ਤੋਂ ਬਾਅਦ ਦੀ ਸਥਿਤੀ ਅਤੇ ਕੋਵਿਡ–19 ਦੀ ਵਿਸ਼ਵ–ਪੱਧਰੀ ਮਹਾਮਾਰੀ ਨਾਲ ਨਿਪਟਣ ਲਈ ਯੋਜਨਾ ਉਲੀਕਣ ਬਾਰੇ ਵਿਚਾਰ–ਵਟਾਂਦਰਾ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਖਾਸ ਵੱਡੇ ਰਾਜਾਂ ਤੇ ਸ਼ਹਿਰਾਂ ਵਿੱਚ ਵਾਇਰਸ ਕੁਝ ਵਧੇਰੇ ਫੈਲਿਆ ਹੈ। ਆਬਾਦੀ ਦੀ ਉੱਚ ਘਣਤਾ, ਆਪਸੀ ਸਰੀਰਕ ਦੂਰੀ ਕਾਇਮ ਰੱਖਣ ਵਿੱਚ ਔਖ ਅਤੇ ਵੱਡੀ ਗਿਣਤੀ ’ਚ ਰੋਜ਼ਾਨਾ ਲੋਕਾਂ ਦੀ ਆਵਾਜਾਈ ਕਾਰਨ ਹਾਲਾਤ ਚੁਣੌਤੀਪੂਰਨ ਬਣ ਗਏ ਹਨ, ਫਿਰ ਵੀ ਨਾਗਰਿਕਾਂ ਦੇ ਸਬਰ, ਪ੍ਰਸ਼ਾਸਨ ਦੀ ਤਿਆਰੀ ਅਤੇ ਕੋਰੋਨਾ ਜੋਧਿਆਂ ਦੇ ਸਮਰਪਣ ਨੇ ਇਸ ਵਾਇਰਸ ਦੇ ਫੈਲਣ ਨੂੰ ਕਾਬੂ ਹੇਠ ਰੱਖਿਆ ਹੋਇਆ ਹੈ। ਸਮੇਂ ਸਿਰ ਸੰਭਾਵੀ ਰੋਗੀਆਂ ਨੂੰ ਲੱਭਣ, ਉਨ੍ਹਾਂ ਦੇ ਇਲਾਜ ਤੇ ਰਿਪੋਰਟਿੰਗ ਕਰਨ ਕਰਕੇ ਹੀ ਸਿਹਤਯਾਬ ਹੋਏ ਵਿਅਕਤੀਆਂ ਦੀ ਗਿਣਤੀ ਵਧ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੌਕਡਾਊਨ ਦੌਰਾਨ ਲੋਕਾਂ ਦੇ ਅਨੁਸ਼ਾਸਨ ਨੇ ਇਸ ਵਾਇਰਸ ਨੂੰ ਵੱਡੇ ਪੱਧਰ ਉੱਤੇ ਫੈਲਣ ਤੋਂ ਰੋਕ ਕੇ ਰੱਖਿਆ ਹੈ।

ਸਿਹਤ ਬੁਨਿਆਦੀ ਢਾਂਚੇ ਵਿੱਚ ਵਾਧਾ

ਪ੍ਰਧਾਨ ਮੰਤਰੀ ਨੇ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਬਿਹਤ ਸਿਹਤ ਬੁਨਿਆਦੀ ਢਾਂਚੇ ਅਤੇ ਸਿੱਖਿਅਤ ਮਾਨਵ–ਸ਼ਕਤੀ ਦੀ ਮੌਜੂਦਗੀ ਬਾਰੇ ਦੱਸਿਆ। ਉਨ੍ਹਾਂ ਪੀਪੀਈਜ਼ (PPEs), ਮਾਸਕਸ ਨੂੰ ਦੇਸ਼ ਵਿੱਚ ਹੀ ਤਿਆਰ ਕਰਨ ਦੀਆਂ ਸਮਰੱਥਾਵਾਂ ਅਤੇ ਡਾਇਓਗਨੌਸਟਿਕ ਕਿਟਸ ਦੀ ਉਪਲਬਧਤਾ, ਪੀਐੱਮ ਕੇਅਰਜ਼ ਫ਼ੰਡ ਦੀ ਵਰਤੋਂ ਰਾਹੀਂ ਭਾਰਤ ਵਿੱਚ ਤਿਆਰ ਕੀਤੇ ਵੈਂਟੀਲੇਟਰਜ਼ ਦੀ ਸਪਲਾਈ, ਟੈਸਟਿੰਗ ਲੈਬਜ਼, ਕੋਵਿਡ ਮਰੀਜ਼ਾਂ ਲਈ ਲੱਖਾਂ ਵਿਸ਼ੇਸ਼ ਬਿਸਤਰਿਆਂ, ਹਜ਼ਾਰਾਂ ਆਈਸੋਲੇਸ਼ਨ ਤੇ ਕੁਆਰੰਟੀਨ ਸੈਂਟਰਾਂ ਤੇ ਸਿਖਲਾਈ–ਪ੍ਰਾਪਤ ਉਚਿਤ ਮਾਨਵ ਸੰਸਾਧਨਾਂ ਦੀ ਉਪਲਬਧਤਾ ਨੂੰ ਉਜਾਗਰ ਕੀਤਾ। ਉਨ੍ਹਾਂ ਸਿਹਤ ਬੁਨਿਆਦੀ ਢਾਂਚੇ, ਸੂਚਨਾ ਪ੍ਰਣਾਲੀਆਂ, ਭਾਵਨਾਤਮਕ ਮਦਦ ਤੇ ਜਨਤਕ ਸ਼ਮੂਲੀਅਤ ਉੱਤੇ ਲਗਾਤਾਰ ਜ਼ੋਰ ਦਿੰਦੇ ਰਹਿਣ ਦੀ ਲੋੜ ਉੱਤੇ ਬਲ ਦਿੱਤਾ।

ਪ੍ਰਧਾਨ ਮੰਤਰੀ ਨੇ ਕੋਵਿਡ–19 ਦੇ ਮਰੀਜ਼ਾਂ ਦਾ ਛੇਤੀ ਪਤਾ ਲਾਉਣ ਲਈ ਉਨ੍ਹਾਂ ਦੀ ਟੈਸਟਿੰਗ, ਅਜਿਹੇ ਰੋਗੀਆਂ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਪਤਾ ਲਾਉਣ ਤੇ ਪ੍ਰਭਾਵਿਤ ਲੋਕਾਂ ਨੂੰ ਏਕਾਂਤਵਾਸ ਵਿੱਚ ਰੱਖਣ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮੌਜੂਦਾ ਟੈਸਟਿੰਗ ਸਮਰੱਥਾ ਦੀ ਵਰਤੋਂ ਪੂਰੀ ਤਰ੍ਹਾਂ ਕਰਨ ਤੇ ਉਨ੍ਹਾਂ ਦਾ ਵਿਸਤਾਰ ਕਰਨ ਲਈ ਲਗਾਤਾਰ ਯਤਨ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਟੈਲੀ–ਮੈਡੀਸਨ ਦੇ ਫ਼ਾਇਦਿਆਂ ਦਾ ਜ਼ਿਕਰ ਕਰਦਿਆਂ ਸੀਨੀਅਰ ਡਾਕਟਰਾਂ ਦੀ ਇੱਕ ਅਜਿਹੀ ਟੀਮ ਤਿਆਰ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਜੋ ਇਸ ਵਿਧੀ ਰਾਹੀਂ ਰੋਗੀਆਂ ਦਾ ਮਾਰਗ–ਦਰਸ਼ਨ ਕਰ ਸਕਣ ਤੇ ਉਨ੍ਹਾਂ ਨੂੰ ਸਹੀ ਸੂਚਨਾ ਦੇਣ। ਉਨ੍ਹਾਂ ਹੈਲਪਲਾਈਨਾਂ ਰਾਹੀਂ ਸਮੇਂ–ਸਿਰ ਤੇ ਸਹੀ ਜਾਣਕਾਰੀ ਫੈਲਾਉਣ ਦੀ ਗੱਲ ਕੀਤੀ ਤੇ ਹੈਲਪਲਾਈਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਨੌਜਵਾਨ ਸਵੈ–ਸੇਵਕਾਂ ਦੀ ਇੱਕ ਟੀਮ ਤਿਆਰ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ।

ਡਰ ਤੇ ਕਲੰਕ ਨਾਲ ਜੂਝਦਿਆਂ

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜੇ ਰਾਜਾਂ ਵਿੱਚ ਆਰੋਗਯ ਸੇਤੂ ਐਪ ਵੱਡੀ ਗਿਣਤੀ ਵਿੱਚ ਡਾਊਨਲੋਡ ਕਰ ਕੇ ਇੰਸਟਾਲ ਕੀਤੀ ਗਈ ਹੈ, ਉੱਥੇ ਸਕਾਰਾਤਮਕ ਨਤੀਜੇ ਵੇਖਣ ਨੂੰ ਮਿਲੇ ਹਨ। ਉਨ੍ਹਾਂ ਕਿਹਾ ਕਿ ਇਸ ਐਪ ਤੱਕ ਪਹੁੰਚ ਵਿੱਚ ਵਾਧਾ ਕਰਨ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਮੌਨਸੂਨ ਦੇ ਮੌਸਮ ਦੌਰਾਨ ਸਾਹਮਣੇ ਆਉਣ ਵਾਲੀਆਂ ਸਿਹਤ ਨਾਲ ਸਬੰਧਿਤ ਸਮੱਸਿਆਵਾਂ ਪ੍ਰਤੀ ਚੌਕਸ ਰਹਿਣ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਸ ਵਾਇਰਸ ਵਿਰੁੱਧ ਜੰਗ ਦੇ ਭਾਵਨਾਤਮਕ ਪੱਖ ਉੱਤੇ ਵੀ ਜ਼ੋਰ ਦੇਣ ਦਾ ਲੋੜ ਹੈ, ਇਸ ਲਈ ਇਸ ਰੋਗ ਤੋਂ ਪੀੜਤ ਹੋਣ ਤੇ ਇਸ ਰੋਗ ਦਾ ਕਲੰਕ ਲੱਗਣ ਦੇ ਡਰ ਨਾਲ ਜੂਝਣ ਲਈ ਆਮ ਲੋਕਾਂ ਨੂੰ ਵੱਡੀ ਗਿਣਤੀ ’ਚ ਮੌਜੂਦ ਉਨ੍ਹਾਂ ਵਿਅਕਤੀਆਂ ਤੋਂ ਜਾਣੂ ਕਰਵਾਉਣਾ ਹੋਵੇਗਾ, ਜਿਹੜੇ ਇਸ ਵਾਇਰਸ ਨੂੰ ਹਰਾ ਕੇ ਹੁਣ ਠੀਕ ਹੋ ਉਠਾਏ ਹਨ। ਸਾਡੀ ਤਰਜੀਹ ਜ਼ਰੂਰ ਹੀ ਸਾਡੇ ਕੋਰੋਨਾ ਜੋਧਿਆਂ, ਡਾਕਟਰਾਂ ਤੇ ਸਿਹਤ–ਸੰਭਾਲ ਕਾਮਿਆਂ ਦੀ ਮਦਦ ਤੇ ਉਨ੍ਹਾਂ ਦਾ ਸਮਰਥਨ ਕਰਨਾ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਜੰਗ ਵਿੱਚ ਜਨ–ਭਾਗੀਦਾਰੀ (ਆਮ ਲੋਕਾਂ ਦੀ ਸ਼ਮੂਲੀਅਤ) ਜ਼ਰੂਰੀ ਹੈ ਤੇ ਜਨਤਾ ਨੂੰ ਜ਼ਰੂਰ ਹੀ ਵਾਰ–ਵਾਰ ਮਾਸਕ, ਫ਼ੇਸ ਕਵਰ ਦੀ ਵਰਤੋਂ ਕਰਨ ਅਤੇ ਆਪਸੀ ਸਰੀਰਕ ਦੂਰੀ ਕਾਇਮ ਰੱਖਣ ਲਈ ਚੇਤੇ ਕਰਵਾਉਣਾ ਹੋਵੇਗਾ।

ਮੁੱਖ ਮੰਤਰੀਆਂ ਨੇ ਰੱਖਿਆ ਆਪਣਾ ਪੱਖ

ਅੱਜ ਦੀ ਇਹ ਗੱਲਬਾਤ ਦੋ–ਦਿਨਾ ਗੱਲਬਾਤ ਦਾ ਦੂਜਾ ਹਿੱਸਾ ਸੀ ਤੇ ਇਸ ਵਿੱਚ ਮਹਾਰਾਸ਼ਟਰ, ਤਾਮਿਲ ਨਾਡੂ, ਦਿੱਲੀ, ਗੁਜਰਾਤ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਕਰਨਾਟਕ, ਬਿਹਾਰ, ਆਂਧਰ ਪ੍ਰਦੇਸ਼, ਹਰਿਆਣਾ, ਜੰਮੂ ਤੇ ਕਸ਼ਮੀਰ, ਤੇਲੰਗਾਨਾ ਅਤੇ ਓਡੀਸ਼ਾ ਜਿਹੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਹਿੱਸਾ ਲਿਆ।

ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦਾ ਉਨ੍ਹਾਂ ਦੀ ਅਗਵਾਈ ਲਈ ਧੰਨਵਾਦ ਕੀਤਾ ਤੇ ਉਨ੍ਹਾਂ ਰਾਜਾਂ ਦੀ ਅਸਲ ਸਥਿਤੀ ਅਤੇ ਇਸ ਵਾਇਰਸ ਦੇ ਅਸਰ ਨਾਲ ਨਿਪਟਣ ਲਈ ਆਪਣੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਉਪਲਬਧ ਸਿਹਤ ਬੁਨਿਆਦੀ ਢਾਂਚੇ ਅਤੇ ਇਸ ਨੂੰ ਹੋਰ ਮਜ਼ਬੂਤ ਕਰਨ ਲਈ ਉਠਾਏ ਗਏ ਕਦਮਾਂ, ਮੋਹਰੀ ਰਹਿ ਕੇ ਕੰਮ ਕਰਦੇ ਰਹੇ ਕਾਮਿਆਂ ਨੂੰ ਦਿੱਤੀ ਮਦਦ, ਕੰਟੇਨਮੈਂਟ ਜ਼ੋਨਾਂ ਵਿੱਚ ਨਿਗਰਾਨੀ,  ਮਾਸਕਾਂ ਦੀ ਵਰਤੋਂ ਤੇ ਹੋਰ ਸੁਰੱਖਿਆ ਸਾਵਧਾਨੀਆਂ ਰੱਖਣ ਲਈ ਉਤਸ਼ਾਹਿਤ ਕਰਨ, ਟੈਸਟਿੰਗ ਵਿੱਚ ਵਾਧਾ ਕਰਨ ਅਤੇ ਘਰਾਂ ਨੂੰ ਪਰਤੇ ਪ੍ਰਵਾਸੀਆਂ ਨੂੰ ਰੋਜ਼ਗਾਰ ਦੇ ਲਾਹੇਵੰਦ ਮੌਕੇ ਪ੍ਰਦਾਨ ਕਰਨ ਵਾਸਤੇ ਸ਼ੁਰੂ ਕੀਤੀਆਂ ਗਈਆਂ ਮੁਹਿੰਮਾਂ ਬਾਰੇ ਦੱਸਿਆ।

ਅਨਲੌਕ 2.0

ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਵੱਲ ਪ੍ਰਗਟਾਏ ਗਏ ਵਿਚਾਰਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਾਇਰਸ ਵਿਰੁੱਧ ਲੜਨ ਦੀ ਸਮੂਹਕ ਪ੍ਰਤੀਬੱਧਤਾ ਨਾਲ ਹੀ ਅਸੀਂ ਜਿੱਤਾਂਗੇ ਅਤੇ ਉਨ੍ਹਾਂ ਪੂਰੀਆਂ ਸਾਵਧਾਨੀਆਂ ਰੱਖ ਕੇ ਆਰਥਿਕ ਗਤੀਵਿਧੀਆਂ ਵਿੱਚ ਵਾਧਾ ਕਰਨ ਦੀ ਜ਼ਰੂਰਤ ਬਾਰੇ ਵੀ ਗੱਲ ਕੀਤੀ। ਉਨ੍ਹਾਂ ਲੌਕਡਾਊਨ ਦੀਆਂ ਅਫ਼ਵਾਹਾਂ ਨਾਲ ਨਿਪਟਣ ਦੀ ਗੱਲ ਕੀਤੀ ਤੇ ਕਿਹਾ ਕਿ ਦੇਸ਼ ਹੁਣ ਅਨਲੌਕਿੰਗ (ਮੁੜ ਖੋਲ੍ਹੇ ਜਾਣ) ਦੇ ਗੇੜ ਵਿੱਚ ਹੈ। ਉਨ੍ਹਾਂ ਕਿਹਾ ਕਿ ਹੁਣ ਸਾਨੂੰ ਅਨਲੌਕ ਦੇ ਗੇੜ–2 ਅਤੇ ਇਸ ਬਾਰੇ ਵਿਚਾਰ ਕਰਨ ਦੀ ਜ਼ਰੂਰਤ ਹੈ ਕਿ ਸਾਡੀ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀਆਂ ਸੰਭਾਵਨਾਵਾਂ ਘੱਟ ਤੋਂ ਘੱਟ ਕਿਵੇਂ ਕੀਤੀਆਂ ਜਾਣ।

ਉਨ੍ਹਾਂ ਕਿਹਾ ਕਿ ਪਾਬੰਦੀਆਂ ਘਟਾਏ ਜਾਣ ਨਾਲ ਆਰਥਿਕ ਕਾਰਗੁਜ਼ਾਰੀ ਦੇ ਸੂਚਕਾਂ ਵਿੱਚ ਸੁਧਾਰ ਦੇ ਚਿੰਨ੍ਹ ਵਿਖਾਈ ਦੇ ਰਹੇ ਹਨ। ਮੁਦਰਾ ਸਫ਼ੀਤੀ ਵੀ ਕਾਬੂ ਹੇਠ ਰੱਖੀ ਗਈ ਹੈ।  ਉਨ੍ਹਾਂ ਰਾਜਾਂ ਨੂੰ ਬੁਨਿਆਦੀ ਢਾਂਚੇ ਤੇ ਨਿਰਮਾਣ ਨਾਲ ਸਬੰਧਿਤ ਕੰਮਾਂ ਵਿੱਚ ਵਾਧਾ ਕਰਨ ਹਿਤ ਕਦਮ ਚੁੱਕਣ ਵਾਸਤੇ ਕਿਹਾ। ਉਨ੍ਹਾਂ ਆਤਮਨਿਰਭਰ ਭਾਰਤ ਅਧੀਨ ਸੂਖਮ, ਲਘੂ ਤੇ ਦਰਮਿਆਨੇ ਉੰਦਮਾਂ, ਖੇਤੀਬਾੜੀ ਤੇ ਖੇਤੀਬਾੜੀ ਉਪਜ ਦੇ ਮੰਡੀਕਰਣ ਨੂੰ ਹੁਲਾਰਾ ਦੇਣ ਉਠਾਏ ਗਏ ਕਦਮਾਂ ਬਾਰੇ ਦੱਸਿਆ। ਉਨ੍ਹਾਂ ਆਉਂਦੇ ਮਹੀਨਿਆਂ ਦੌਰਾਨ ਪ੍ਰਵਾਸੀ ਮਜ਼ਦੂਰਾਂ ਸਾਹਵੇਂ ਆਉਣ ਵਾਲੀਆਂ ਸੰਭਾਵੀ ਚੁਣੌਤੀਆਂ ਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਟਾਕਰਾ ਕਰਨ ਲਈ ਚੌਕਸ ਰਹਿਣ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ।

ਗ੍ਰਹਿ ਮੰਤਰੀ ਨੇ ਕਿਹਾ ਕਿ ਹੁਣ ਤੱਕ ਅਸੀਂ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਇਸ ਵਾਇਰਸ ਵਿਰੁੱਧ ਆਪਣੀ ਜੰਗ ਵਿੱਚ ਪੂਰੀ ਤਰ੍ਹਾਂ ਸਫ਼ਲ ਰਹੇ ਹਾਂ ਪਰ ਇਹ ਜੰਗ ਹਾਲੇ ਛੇਤੀ ਕਿਤੇ ਖ਼ਤਮ ਹੋਣ ਵਾਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਦ ਜਦੋਂ ਅਸੀਂ ਅਨਲੌਕ ਦੀ ਸ਼ੁਰੂਆਤ ਕੀਤੀ ਹੈ, ਸਾਨੂੰ ਜ਼ਰੂਰ ਹੀ ਚੌਕਸ ਰਹਿਣਾ ਹੋਵੇਗਾ। ਉਨ੍ਹਾਂ ਸਾਰੇ ਮੁੱਖ ਮੰਤਰੀਆਂ ਨੂੰ ਬੇਨਤੀ ਕੀਤੀ ਕਿ ਉਹ ਆਪੋ–ਆਪਣੇ ਰਾਜਾਂ ਵਿੱਚ ਸੁਰੱਖਿਆ ਲਈ ਆਤਮ–ਰੱਖਿਆ ਵਜੋਂ ਆਰੋਗਯ ਸੇਤੂ ਐਪ ਨੂੰ ਡਾਊਨਲੋਡ ਕਰ ਕੇ ਇੰਸਟਾਲ ਕਰਨ ਨੂੰ ਹੱਲਾਸ਼ੇਰੀ ਦੇਣ।

ਓਐੱਸਡੀ, ਸਿਹਤ ਮੰਤਰਾਲਾ ਨੇ ਲੌਕਡਾਊਨ ਦੇ ਵੱਖੋ–ਵੱਖਰੇ ਗੇੜਾਂ ਤੇ ਉਸ ਤੋਂ ਬਾਅਦ ਹੁਣ ਅਨਲੌਕ 1.0 ਦੌਰਾਨ ਕੇਸਾਂ ਵਿੱਚ ਵਾਧੇ ਦੀ ਦਰ ’ਚ ਨਿਰੰਤਰ ਕਮੀ ਆਉਣ ਦਾ ਜ਼ਿਕਰ ਕੀਤਾ। ਉਨ੍ਹਾਂ ਦਸਿਆ ਕਿ ਲੌਕਡਾਊਨ ਦੇ ਹਾਂ–ਪੱਖੀ ਨਤੀਜੇ ਰਹੇ ਹਨ ਕਿਉਂਕਿ ਕੇਸਾਂ ਵਿੱਚ ਚੋਖਾ ਵਾਧਾ ਹੋਣ ਤੋਂ ਬਚਾਅ ਰਿਹਾ ਤੇ ਜਾਨਾਂ ਬਚੀਆਂ, ਜਾਗਰੂਕਤਾ ਦਾ ਵਿਸਤਾਰ ਹੋਇਆ ਅਤੇ ਸਿਹਤ ਬੁਨਿਆਦੀ ਢਾਂਚੇ ਵਿੱਚ ਵਾਧਾ ਕੀਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਵਿੱਚ ਪ੍ਰਤੀ ਲੱਖ ਆਬਾਦੀ ਪਿੱਛੇ ਕੇਸਾਂ ਤੇ ਮੌਤਾਂ ਦੀ ਗਿਣਤੀ ਵਿਸ਼ਵ ਦੇ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਬਹੁਤ ਘੱਟ ਹੈ।


*****

ਵੀਆਰਆਰਕੇ/ਐੱਸਐੱਚ



(Release ID: 1632238) Visitor Counter : 179