ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਅਨਲੌਕ 1.0 ਦੇ ਬਾਅਦ ਉੱਭਰਦੀ ਸਥਿਤੀ ਬਾਰੇ ਚਰਚਾ ਕਰਨ ਲਈ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ

ਸਾਨੂੰ ਜ਼ਰੂਰ ਹੀ ਜੀਵਨ ਤੇ ਉਪਜੀਵਕਾ ਦੋਹਾਂ ’ਤੇ; ਸਿਹਤ ਬੁਨਿਆਦੀ ਢਾਂਚੇ, ਟੈਸਟਿੰਗ ਤੇ ਟ੍ਰੇਸਿੰਗ ਵਿੱਚ ਵਾਧਾ ਕਰਨ ਦੇ ਨਾਲ–ਨਾਲ ਆਰਥਿਕ ਗਤੀਵਿਧੀ ਵਿੱਚ ਵਾਧਾ ਕਰਨ ਉੱਤੇ ਧਿਆਨ ਕੇਂਦ੍ਰਿਤ ਕਰਨਾ ਹੋਵੇਗਾ: ਪ੍ਰਧਾਨ ਮੰਤਰੀ

ਅਸੀਂ ਹਰੇਕ ਜ਼ਿੰਦਗੀ ਨੂੰ ਬਚਾਉਣ ਦਾ ਯਤਨ ਕੀਤਾ ਹੈ; ਦੇਸ਼ ਵਿੱਚ ਸਿਹਤਯਾਬੀ ਦੀ ਦਰ ਹੁਣ 50% ਤੋਂ ਵੱਧ ਹੈ: ਪ੍ਰਧਾਨ ਮੰਤਰੀ

ਹੋਰਨਾਂ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਕੋਰੋਨਾ ਨਾਲ ਬਹੁਤ ਘੱਟ ਮੌਤਾਂ ਹੋਈਆਂ: ਪ੍ਰਧਾਨ ਮੰਤਰੀ

ਖੁਦ ਦੀ, ਪਰਿਵਾਰ ਤੇ ਸਮਾਜ ਦੀ ਸੁਰੱਖਿਆ ਲਈ ਕਿਸੇ ਨੂੰ ਮਾਸਕ ਜਾਂ ਫ਼ੇਸ ਕਵਰ ਤੋਂ ਬਿਨਾ ਘਰੋਂ ਬਾਹਰ ਨਿਕਲਣ ਬਾਰੇ ਸੋਚਣਾ ਵੀ ਨਹੀਂ ਚਾਹੀਦਾ: ਪ੍ਰਧਾਨ ਮੰਤਰੀ

ਹਾਲੀਆ ਯਤਨਾਂ ਕਾਰਨ, ਹੁਣ ਅਰਥਵਿਵਸਥਾ ਸੰਭਲਣ ਦੇ ਕਈ ਸੰਕੇਤ ਦਿਸ ਰਹੇ ਹਨ, ਜੋ ਸਾਨੂੰ ਅੱਗੇ ਵਧਣ ਲਈ ਪ੍ਰੋਤਸਾਹਿਤ ਕਰ ਰਹੇ ਹਨ: ਪ੍ਰਧਾਨ ਮੰਤਰੀ

ਮੁੱਖ ਮੰਤਰੀਆਂ ਨੇ ਰਾਜਾਂ ਵਿੱਚ ਬੁਨਿਆਦੀ ਹਾਲਤ ਬਾਰੇ ਰੱਖੇ ਆਪਣੇ ਵਿਚਾਰ, ਮੌਜੂਦਾ ਬੁਨਿਆਦੀ ਢਾਂਚੇ ਅਤੇ ਉਸ ਵਿੱਚ ਵਾਧੇ ਲਈ ਚੁੱਕੇ ਗਏ ਕਦਮਾਂ ਦੇ ਵੇਰਵੇ ਦਿੱਤੇ

Posted On: 16 JUN 2020 5:35PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਨਲੌਕ 1.0 ਦੇ ਬਾਅਦ ਉੱਭਰਦੀ ਸਥਿਤੀ ਅਤੇ ਕੋਵਿਡ19 ਮਹਾਮਾਰੀ ਦੇ ਟਾਕਰੇ ਲਈ ਅਗਲੇਰੀ ਯੋਜਨਾ ਉੱਤੇ ਵਿਚਾਰਵਟਾਂਦਰਾ ਕਰਨ ਹਿਤ ਵੀਡੀਓ ਕਾਨਫ਼ਰੰਸਿੰਗ ਰਾਹੀਂ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਦੀ ਮੁੱਖ ਮੰਤਰੀਆਂ ਨਾਲ ਇਹ ਛੇਵੀਂ ਅਜਿਹੀ ਗੱਲਬਾਤ ਸੀ; ਇਸ ਤਰ੍ਹਾਂ ਦੇ ਵਿਚਾਰਵਟਾਂਦਰੇ ਪਹਿਲਾਂ 20 ਮਾਰਚ, 2 ਅਪ੍ਰੈਲ, 11 ਅਪ੍ਰੈਲ, 27 ਅਪ੍ਰੈਲ ਤੇ 11 ਮਈ ਨੂੰ ਵੀ ਹੋ ਚੁੱਕੇ ਹਨ।

ਵਾਇਰਸ ਦੇ ਟਾਕਰੇ ਲਈ ਸਮੇਂਸਿਰ ਫ਼ੈਸਲੇ

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਸਮੇਂਸਿਰ ਲਏ ਗਏ ਫ਼ੈਸਲੇ ਦੇਸ਼ ਵਿੱਚ ਇਸ ਨੂੰ ਫੈਲਣ ਤੋਂ ਰੋਕਣ ਵਿੱਚ ਸਫ਼ਲ ਰਹੇ ਹਨ। ਜਦੋਂ ਅਸੀਂ ਪਿਛਾਂਹ ਪਲਟ ਕੇ ਵੇਖਦੇ ਹਾਂ, ਤਾਂ ਲੋਕਾਂ ਨੂੰ ਚੇਤੇ ਹੋਵੇਗਾ ਕਿ ਅਸੀਂ ਵਿਸ਼ਵ ਵਿੱਚ ਸਹਿਕਾਰੀ ਸੰਘਵਾਦ ਦੀ ਇੱਕ ਮਿਸਾਲ ਕਾਇਮ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਹਰੇਕ ਜ਼ਿੰਦਗੀ ਨੂੰ ਬਚਾਉਣ ਦਾ ਯਤਨ ਕੀਤਾ ਹੈ। ਉਨ੍ਹਾਂ ਇਸ ਗੱਲ ਉੱਤੇ ਬਲ ਦਿੱਤਾ ਕਿ ਆਵਾਜਾਈ ਦੇ ਸਾਰੇ ਸਾਧਨ ਹੁਣ ਖੁੱਲ੍ਹੇ ਹਨ, ਲੱਖਾਂ ਪ੍ਰਵਾਸੀ ਮਜ਼ਦੂਰ ਆਪਣੇ ਪਿੰਡਾਂ ਨੂੰ ਪਰਤ ਗਏ ਹਨ, ਹਜ਼ਾਰਾਂ ਭਾਰਤੀ ਹੋਰਨਾਂ ਦੇਸ਼ਾਂ ਤੋਂ ਪਰਤ ਆਏ ਹਨ ਅਤੇ ਭਾਵੇਂ ਭਾਰਤ ਦੀ ਵਿਸ਼ਾਲ ਆਬਾਦੀ ਹੈ ਪਰ ਬਾਕੀ ਵਿਸ਼ਵ ਦੇ ਮੁਕਾਬਲੇ ਕੋਰੋਨਾਵਾਇਰਸ ਇੱਥੇ ਜੀਵਨ ਲਈ ਓਨਾ ਖ਼ਤਰਾ ਨਹੀਂ ਬਣ ਸਕਿਆ। ਉਨ੍ਹਾਂ ਕਿਹਾ ਕਿ ਭਾਰਤੀਆਂ ਵੱਲੋਂ ਦਿਖਾਏ ਗਏ ਅਨੁਸ਼ਾਸਨ ਦੀ ਹੁਣ ਸਮੁੱਚੇ ਵਿਸ਼ਵ ਦੇ ਸਿਹਤ ਮਾਹਿਰਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ, ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਵਿੱਚ ਸਿਹਤਯਾਬੀ ਦੀ ਦਰ ਹੁਣ 50% ਤੋਂ ਵੱਧ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ ਕੋਰੋਨਾਵਾਇਰਸ ਕਾਰਨ ਸਭ ਤੋਂ ਘੱਟ ਮੌਤਾਂ ਹੋਈਆਂ ਹਨ।ਪ੍ਰਧਾਨ ਮੰਤਰੀ ਨੇ ਕਿਹਾ ਕਿ ਵੱਡਾ ਸਬਕ ਇਹ ਹੈ ਕਿ ਜੇ ਅਸੀਂ ਅਨੁਸ਼ਾਸਿਤ ਰਹੀਏ ਅਤੇ ਸਾਰੇ ਨਿਯਮਾਂ ਦੀ ਪਾਲਣਾ ਕਰੀਏ, ਤਾਂ ਕੋਰੋਨਾਵਾਇਰਸ ਘੱਟ ਨੁਕਸਾਨ ਕਰੇਗਾ। ਉਨ੍ਹਾਂ ਮਾਸਕ/ਫ਼ੇਸ ਕਵਰ ਦੀ ਵਰਤੋਂ ਦੇ ਮਹੱਤਵ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਤੋਂ ਬਿਨਾ ਤਾਂ ਕਿਸੇ ਨੂੰ ਬਾਹਰ ਨਿਕਲਣਾ ਹੀ ਨਹੀਂ ਚਾਹੀਦਾ। ਅਜਿਹਾ ਕਰਨਾ ਸਿਰਫ਼ ਵਿਅਕਤੀਗਤ ਤੌਰ ਤੇ ਹੀ ਨਹੀਂ, ਸਗੋਂ ਪਰਿਵਾਰਾਂ ਤੇ ਸਮਾਜ ਲਈ ਵੀ ਅਹਿਮ ਹੈ। ਉਨ੍ਹਾਂ ਦੋ ਗਜ਼ ਦੂਰੀਦੇ ਮੰਤਰ, ਸਾਬਣ ਨਾਲ ਹੱਥ ਧੋਣ ਤੇ ਸੈਨੀਟਾਈਜ਼ਰ ਦੀ ਵਰਤੋਂ ਕਰਦੇ ਰਹਿਣ ਬਾਰੇ ਵੀ ਗੱਲ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਨੁਸ਼ਾਸਨ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਵਾਇਰਸ ਵਿਰੁੱਧ ਸਾਡੀ ਜੰਗ ਨੂੰ ਕਮਜ਼ੋਰ ਕਰ ਦੇਵੇਗੀ।

ਅਰਥਵਿਵਸਥਾ ਚ ਸੁਧਾਰ ਦੇ ਚਿੰਨ੍ਹ

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਦੇ ਯਤਨਾਂ ਸਦਕਾ, ਹੁਣ ਅਰਥਵਿਵਸਥਾ ਵਿੱਚ ਸੁਧਾਰ ਦੇ ਚਿੰਨ੍ਹ ਦਿਖਾਈ ਦੇਣ ਲਗ ਪਏ ਹਨ, ਹੁਣ ਬਿਜਲੀ ਦੀ ਖਪਤ ਵਿੱਚ ਵਾਧਾ ਹੋਣ ਲਗ ਪਿਆ ਹੈ, ਜੋ ਪਹਿਲਾਂ ਘਟਦੀ ਜਾ ਰਹੀ ਸੀ, ਇਸ ਵਰ੍ਹੇ ਮਈ ਮਹੀਨੇ ਖਾਦਾਂ ਦੀ ਵਿਕਰੀ ਵਿੱਚ ਵਰਣਨਯੋਗ ਵਾਧਾ ਦੇਖਿਆ ਗਿਆ ਹੈ, ਪਿਛਲੇ ਸਾਲ ਦੇ ਮੁਕਾਬਲੇ ਖ਼ਰੀਫ਼ ਦੀ ਫਸ਼ਲ ਦੀ ਲਵਾਈ/ਬਿਜਾਈ ਵਿੱਚ ਚੋਖਾ ਵਾਧਾ ਹੋਇਆ ਹੈ, ਦੋਪਹੀਆ ਵਾਹਨਾਂ ਦਾ ਉਤਪਾਦਨ ਵਧ ਰਿਹਾ ਹੈ, ਡਿਜੀਟਲਭੁਗਤਾਨ ਲੌਕਡਾਊਨ ਤੋਂ ਪਹਿਲਾਂ ਦੇ ਪੱਧਰ ਤੱਕ ਪਹੁੰਚਣ ਲੱਗੇ ਹਨ, ਮਈ ਮਹੀਨੇ ਟੋਲਟੈਕਸ ਦੀ ਕਲੈਕਸ਼ਨ ਵਿੱਚ ਵਾਧਾ ਹੋਇਆ ਹੈ ਅਤੇ ਬਰਾਮਦਾਂ ਮੁੜ ਵਧਣ ਲੱਗੀਆਂ ਹਨ। ਇਨ੍ਹਾਂ ਚਿੰਨ੍ਹਾਂ ਨਾਲ ਸਾਨੂੰ ਅੱਗੇ ਵਧਣ ਲਈ ਪ੍ਰੋਤਸਾਹਨ ਮਿਲਦਾ ਹੈ।

ਆਤਮਨਿਰਭਰ ਭਾਰਤ ਅਭਿਯਾਨ ਦੇ ਫ਼ਾਇਦੇ

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਗ ਲੈ ਰਹੇ ਰਾਜਾਂ ਵਿੱਚ ਖੇਤੀਬਾੜੀ, ਬਾਗ਼ਬਾਨੀ, ਮੱਛੀਪਾਲਣ ਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈਜ਼ – MSMEs) ਦਾ ਡਾਢਾ ਮਹੱਤਵ ਹੈ, ਜਿਨ੍ਹਾਂ ਲਈ ਵਿਵਸਥਾਵਾਂ ਆਤਮਨਿਰਭਰ ਭਾਰਤ ਅਭਿਯਾਨਤਹਿਤ ਮੁਹੱਈਆ ਕਰਵਾਈਆਂ ਗਈਆਂ ਹਨ। ਐੱਮਐੱਸਐੱਮਈਜ਼ (MSMEs) ਨੂੰ ਸਮੇਂਸਿਰ ਕਰਜ਼ੇ ਮੁਹੱਈਆ ਕਰਵਾਉਣ ਦੀਆਂ ਵਿਵਸਥਾਵਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਜੇ ਬੈਂਕਰਸ ਕਮੇਟੀਆਂ ਵੱਲੋਂ ਉਦਯੋਗਾਂ ਨੂੰ ਕਰਜ਼ੇ ਦੀ ਤੁਰੰਤ ਅਦਾਇਗੀ ਯਕੀਨੀ ਬਣਾਈ ਜਾਵੇ, ਤਾਂ ਇਹ ਉਦਯੋਗ ਛੇਤੀ ਕੰਮ ਸ਼ੁਰੂ ਕਰਨ ਦੇ ਯੋਗ ਹੋਣਗੇ ਅਤੇ ਨਾਲ ਹੀ ਰੋਜ਼ਗਾਰ ਦੇ ਮੌਕਿਆਂ ਦੀ ਵਿਵਸਥਾ ਯਕੀਨੀ ਹੋਵੇਗੀ। ਉਨ੍ਹਾਂ ਕਿਹਾ ਕਿ ਛੋਟੀਆਂ ਫ਼ੈਕਟਰੀਆਂ ਨੂੰ ਮਾਰਗਦਰਸ਼ਨ ਦੀ ਲੋੜ ਹੁੰਦੀ ਹੈ ਤੇ ਉਹ ਚਾਹੁੰਦੀਆਂ ਹਨ ਕਿ ਕੋਈ ਉਨ੍ਹਾਂ ਦਾ ਹੱਥ ਫੜੇ। ਉਨ੍ਹਾਂ ਵਪਾਰ ਅਤੇ ਉਦਯੋਗ ਨੂੰ ਪ੍ਰੋਤਸਾਹਿਤ ਕਰਨ ਲਈ ਕੀਮਤਲੜੀਆਂ ਲਈ ਇਕਜੁੱਟਤਾ ਨਾਲ ਕੰਮ ਕਰਨ ਦੇ ਮਹੱਤਵ ਦਾ ਜ਼ਿਕਰ ਕੀਤਾ। ਰਾਜਾਂ ਵਿੱਚ ਖਾਸ ਆਰਥਿਕ ਗਤੀਵਿਧੀ ਨੁਕਤਿਆਂ ਨੂੰ ਦਿਨ ਦੇ 24 ਘੰਟੇ ਕੰਮ ਕਰਨਾ ਚਾਹੀਦਾ ਹੈ ਅਤੇ ਲਦਵਾਈ ਤੇ ਲੁਹਾਈ ਵਿੱਚ ਤੇਜ਼ੀ ਲਿਆਂਦੀ ਜਾਣੀ ਚਾਹੀਦੀ ਹੈ, ਤਾਂ ਜੋ ਆਰਥਿਕ ਗਤੀਵਿਧੀਆਂ ਵਿੱਚ ਹੋਰ ਵਾਧਾ ਹੋਵੇ।

ਪ੍ਰਧਾਨ ਮੰਤਰੀ ਨੇ ਖੇਤੀ ਖੇਤਰ ਵਿੱਚ ਸੁਧਾਰਾਂ ਰਾਹੀਂ ਕਿਸਾਨਾਂ ਨੂੰ ਹੋਣ ਵਾਲੇ ਅਨੇਕ ਫ਼ਾਇਦਿਆਂ; ਜਿਵੇਂ ਫ਼ਸਲਾਂ ਦੀ ਉਪਜ ਵੇਚਣ ਤੇ ਆਮਦਨ ਵਧਾਉਣ ਦੇ ਨਵੇਂ ਰਾਹਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਨਾਲ ਅਰਥਵਿਵਸਥਾ ਵਿੱਚ ਮੰਗ ਵਧੇਗੀ। ਖੇਤੀਬਾੜੀ ਤੇ ਬਾਗ਼ਬਾਨੀ ਦੇ ਖੇਤਰਾਂ ਵਿੱਚ ਉੱਤਰਪੂਰਬ ਤੇ ਕਬਾਇਲੀ ਖੇਤਰਾਂ ਲਈ ਨਵੇਂ ਮੌਕੇ ਸਿਰਜੇ ਜਾਣ ਲਈ ਤਿਆਰ ਹਨ; ਇਸ ਸਬੰਧੀ ਆਰਗੈਨਿਕ ਉਤਪਾਦਾਂ, ਬਾਂਸ ਦੇ ਉਤਪਾਦਾਂ ਤੇ ਹੋਰ ਕਬਾਇਲੀ ਉਤਪਾਦਾਂ ਲਈ ਨਵੇਂ ਬਜ਼ਾਰ ਖੋਲ੍ਹੇ ਜਾ ਰਹੇ (ਨਵੀਂਆਂ ਮੰਡੀਆਂ ਖੋਲ੍ਹੀਆਂ ਜਾ ਰਹੀਆਂ) ਹਨ। ਉਨ੍ਹਾਂ ਕਿਹਾ ਕਿ ਸਥਾਨਕ ਉਤਪਾਦਾਂ ਲਈ ਇੱਕ ਸਮੂਹਆਧਾਰਤ ਪਹੁੰਚ ਤੋਂ ਵੀ ਲਾਭ ਹੋਵੇਗਾ; ਉਨ੍ਹਾਂ ਇਹ ਵੀ ਕਿਹਾ ਕਿ ਹਰੇਕ ਬਲਾਕ ਤੇ ਜ਼ਿਲ੍ਹਾ ਪੱਧਰ ਉੱਤੇ ਬਿਹਤਰ ਪ੍ਰੋਸੈਸਿੰਗ ਅਤੇ ਹੋਰ ਪ੍ਰਭਾਵਸ਼ਾਲੀ ਮੰਡੀਕਰਣ ਲਈ ਅਜਿਹੇ ਉਤਪਾਦਾਂ ਦੀ ਸ਼ਨਾਖ਼ਤ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਇਕਜੁੱਟਤਾ ਨਾਲ ਕੰਮ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ, ਤਾਂ ਜੋ ਆਤਮਨਿਰਭਰ ਭਾਰਤ ਅਭਿਯਾਨਤਹਿਤ ਕੀਤੇ ਐਲਾਨਾਂ ਨੂੰ ਸਾਕਾਰ ਰੂਪ ਦਿੱਤਾ ਜਾ ਸਕੇ।

ਮੁੱਖ ਮੰਤਰੀਆਂ ਨੇ ਰੱਖਿਆ ਆਪਣਾ ਪੱਖ

ਅੱਜ ਦੀ ਇਹ ਗੱਲਬਾਤ ਦੋਦਿਨਾ ਵਿਚਾਰਵਟਾਂਦਰੇ ਦਾ ਪਹਿਲਾ ਦਿਨ ਸੀ, ਜਿਸ ਵਿੱਚ ਪੰਜਾਬ, ਅਸਾਮ, ਕੇਰਲ,ਉੱਤਰਾਖੰਡ, ਝਾਰਖੰਡ, ਛੱਤੀਸਗੜ੍ਹ, ਤ੍ਰਿਪੁਰਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਗੋਆ, ਮਣੀਪੁਰ, ਨਾਗਾਲੈਂਡ, ਲਦਾਖ, ਪੁੱਦੂਚੇਰੀ, ਅਰੁਣਾਚਲ ਪ੍ਰਦੇਸ਼, ਮੇਘਾਲਿਆ, ਮਿਜ਼ੋਰਮ, ਅੰਡੇਮਾਨ ਤੇ ਨਿਕੋਬਾਰ ਟਾਪੂ, ਦਾਦਰਾ ਨਗਰ ਹਵੇਲੀ ਅਤੇ ਦਮਨ ਦੀਊ, ਸਿੱਕਿਮ ਅਤੇ ਲਕਸ਼ਦਵੀਪ ਜਿਹੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਹਿੱਸਾ ਲਿਆ।

ਮੁੱਖ ਮੰਤਰੀਆਂ ਨੇ ਅਜਿਹੇ ਚੁਣੌਤੀ ਭਰੇ ਸਮੇਂ ਦੌਰਾਨ ਪ੍ਰਧਾਨ ਮੰਤਰੀ ਦੀ ਲੀਡਰਸ਼ਿਪ ਅਤੇ ਵਾਇਰਸ ਵਿਰੁੱਧ ਸਮੂਹਿਕ ਜੰਗ ਲੜਨ ਲਈ ਦੇਸ਼ ਨੂੰ ਇਕਜੁੱਟ ਕਰਨ ਦਾ ਧੰਨਵਾਦ ਕੀਤਾ। ਉਨ੍ਹਾਂ ਆਪੋਆਪਣੇ ਰਾਜਾਂ ਵਿੱਚ ਮੌਜੂਦਾ ਬੁਨਿਆਦੀ ਢਾਂਚੇ ਤੇ ਵਾਇਰਸ ਦੇ ਅਸਰ ਦਾ ਮੁਕਾਬਲਾ ਕਰਨ ਲਈ ਇਸ ਢਾਂਚੇ ਵਿੱਚ ਵਾਧਾ ਕਰਨ ਦੇ ਯਤਨਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਆਪਣੇ ਵੱਲੋਂ ਚਲਾਈਆਂ ਜਾ ਰਹੀਆਂ ਜਾਗਰੂਕਤਾ ਮੁਹਿੰਮਾਂ, ਘਰ ਪਰਤੇ ਕਾਮਿਆਂ ਨੂੰ ਦਿੱਤੀ ਜਾ ਰਹੀ ਮਦਦ, ਆਰੋਗਯ ਸੇਤੂ ਐਪ ਦੀ ਵਰਤੋਂ ਅਤੇ ਰਾਜਾਂ ਵਿੱਚ ਆਰਥਿਕ ਗਤੀਵਿਧੀਆਂ ਦੀ ਸ਼ੁਰੂਆਤ ਕਰਨ ਬਾਰੇ ਵੀ ਦੱਸਿਆ।

ਜੀਵਨ ਤੇ ਉਪਜੀਵਕਾ ਦੋਵਾਂ ਉੱਤੇ ਧਿਆਨ ਕੇਂਦ੍ਰਿਤ

ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਵੱਲੋਂ ਵਿਚਾਰ ਪ੍ਰਗਟਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਜੀਵਨ ਤੇ ਉਪਜੀਵਕਾ ਦੋਵਾਂ ਉੱਤੇ ਧਿਆਨ ਕੇਂਦ੍ਰਿਤ ਕਰਨ ਦਾ ਮਹੱਤਵ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ਟੈਸਟਿੰਗ ਤੇ ਟ੍ਰੇਸਿੰਗ (ਕੋਰੋਨਾ ਵਾਇਰਸ ਦੀ ਲਾਗ ਤੋਂ ਪ੍ਰਭਾਵਿਤ ਵਿਅਕਤੀਆਂ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਲੱਭਣਾ) ਉੱਤੇ ਜ਼ੋਰ ਦਿੰਦਿਆਂ ਸਿਹਤ ਬੁਨਿਆਦੀ ਢਾਂਚੇ ਵਿੱਚ ਵਾਧਾ ਕਰਨ ਦੀ ਜ਼ਰੂਰਤ ਹੈ, ਉੱਥੇ ਆਰਥਿਕ ਗਤੀਵਿਧੀਆਂ ਵਿੱਚ ਵੀ ਵਾਧਾ ਕਰਨ ਦੀ ਲੋੜ ਹੈ। ਇਸ ਸਬੰਧੀ ਫ਼ੈਸਲੇ ਮੌਜੂਦਾ ਜ਼ਰੂਰਤਾਂ ਤੇ ਭਵਿੱਖ ਦੀਆਂ ਆਵਸ਼ਕਤਾਵਾਂ ਦੋਹਾਂ ਨੂੰ ਧਿਆਨ ਚ ਰੱਖਦਿਆਂ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹਕੀਕਤ ਇਹੋ ਹੈ ਕਿ ਵਾਇਰਸ ਦਾ ਖ਼ਤਰਾ ਹਾਲੇ ਟਲਿਆ ਨਹੀਂ ਹੈ, ਪਰ ਆਗੂਆਂ ਨੂੰ ਆਪਣੇ ਕੰਮ ਜਾਰੀ ਰੱਖਣੇ ਚਾਹੀਦੇ ਹਨ ਅਤੇ ਅਰਥਵਿਵਸਥਾ ਨੂੰ ਖੋਲ੍ਹਦੇ ਸਮੇਂ ਚੌਕਸ ਰਹਿਣ ਦੀ ਜ਼ਰੂਰਤ ਹੈ।

ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹੁਣ ਤੱਕ ਵਿਸ਼ਵਪੱਧਰੀ ਮਹਾਮਾਰੀ ਵਿਰੁੱਧ ਸਫ਼ਲ ਜੰਗ ਲੜੀ ਹੈ, ਪਰ ਹਾਲੇ ਲੰਬਾ ਪੰਧ ਤਹਿ ਕਰਨਾ ਬਾਕੀ ਹੈ ਅਤੇ ਮਾਸਕ/ਫ਼ੇਸ ਕਵਰ ਦੀ ਵਰਤੋਂ, ਦੋ ਗਜ਼ ਦੀ ਦੂਰੀ ਬਣਾ ਕੇ ਰੱਖਣ ਜਿਹੇ ਪ੍ਰਧਾਨ ਮੰਤਰੀ ਦੇ ਸੁਝਾਵਾਂ ਦੀ ਪਾਲਣਾ ਸਭ ਨੂੰ ਕਰਨੀ ਚਾਹੀਦੀ ਹੈ।

ਤਿਆਰੀਆਂ ਦੀ ਪਹਿਲਾਂ ਸਮੀਖਿਆ

ਪ੍ਰਧਾਨ ਮੰਤਰੀ ਨੇ ਬੀਤੀ 13 ਜੂਨ ਨੂੰ ਕੋਵਿਡ19 ਦੀ ਵਿਸ਼ਵਪੱਧਰੀ ਮਹਾਮਾਰੀ ਦੇ ਖਾਤਮੇ ਲਈ ਭਾਰਤ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੀ ਸਮੀਖਿਆ ਹਿਤ ਸੀਨੀਅਰ ਮੰਤਰੀਆਂ ਤੇ ਅਧਿਕਾਰੀਆਂ ਨਾਲ ਇੱਕ ਵਿਸਤ੍ਰਿਤ ਮੀਟਿੰਗ ਕੀਤੀ ਸੀ। ਉਸ ਮੀਟਿੰਗ ਵਿੱਚ ਰਾਸ਼ਟਰ ਪੱਧਰੀ ਸਥਿਤੀ ਅਤੇ ਮਹਾਮਾਰੀ ਦੇ ਟਾਕਰੇ ਲਈ ਕੀਤੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ ਸੀ।

ਇਹ ਤੱਥ ਨੋਟ ਕੀਤਾ ਗਿਆ ਕਿ ਕੋਰੋਨਾ ਦੇ ਕੁੱਲ ਕੇਸਾਂ ਵਿੱਚੋਂ ਦੋਤਿਹਾਈ ਪੰਜ ਰਾਜਾਂ ਵਿੱਚ ਹਨ ਤੇ ਵਧੇਰੇ ਅਨੁਪਾਤ ਵਿੱਚ ਕੇਸ ਵੱਡੇ ਸ਼ਹਿਰਾਂ ਵਿੱਚ ਜ਼ਿਆਦਾ ਹਨ। ਖਾਸ ਕਰ ਕੇ ਵੱਡੇ ਸ਼ਹਿਰਾਂ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਰੋਜ਼ਾਨਾ ਵੱਡੀ ਗਿਣਤੀ ਵਿੱਚ ਸਾਹਮਣੇ ਆਉਣ ਵਾਲੇ ਮਾਮਲਿਆਂ ਨਾਲ ਪ੍ਰਭਾਵਸ਼ਾਲੀ ਤਰੀਕੇ ਨਿਪਟਣ ਲਈ ਟੈਸਟਿੰਗ ਅਤੇ ਬਿਸਤਰਿਆਂ ਦੀ ਗਿਣਤੀ ਵਿੱਚ ਵਾਧਾ ਕਰਨ ਬਾਰੇ ਵਿਚਾਰਵਟਾਂਦਰਾ ਕੀਤਾ ਗਿਆ।

ਪ੍ਰਧਾਨ ਮੰਤਰੀ ਨੇ ਹਸਪਤਾਲਾਂ ਦੇ ਬਿਸਤਰਿਆਂ / ਆਈਸੋਲੇਸ਼ਨ ਬਿਸਤਰਿਆਂ ਦੀਆਂ ਸ਼ਹਿਰ ਅਤੇ ਜ਼ਿਲ੍ਹਾਕ੍ਰਮ ਅਨੁਸਾਰ ਜ਼ਰੂਰਤਾਂ ਬਾਰੇ ਅਧਿਕਾਰਪ੍ਰਾਪਤ ਸਮੂਹ ਦੀਆਂ ਸਿਫ਼ਾਰਸ਼ਾਂ ਦਾ ਨੋਟਿਸ ਲਿਆ, ਜਿਨ੍ਹਾਂ ਬਾਰੇ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੂੰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਲਾਹਮਸ਼ਵਰਾ ਕਰ ਕੇ ਐਮਰਜੈਂਸੀ ਯੋਜਨਾਬੰਦੀ ਕਰਨ ਲਈ ਹਦਾਇਤ ਦੇਣ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਮੰਤਰਾਲੇ ਨੂੰ ਇਹ ਵੀ ਸਲਾਹ ਦਿੱਤੀ ਕਿ ਮੌਨਸੂਨ ਦਾ ਮੌਸਮ ਸ਼ੁਰੂ ਹੋ ਜਾਣ ਦੇ ਮੱਦੇਨਜ਼ਰ ਢੁਕਵੀਂਆਂ ਤਿਆਰੀਆਂ ਯਕੀਨੀ ਬਣਾਈਆਂ ਜਾਣੀਆਂ ਚਾਹੀਦੀਆਂ ਹਨ।

*****

 

ਵੀਆਰਆਰਕੇ/ਐੱਸਐੱਚ(Release ID: 1631981) Visitor Counter : 205