ਗ੍ਰਹਿ ਮੰਤਰਾਲਾ

ਗ੍ਰਹਿ ਮੰਤਰਾਲੇ ਵੱਲੋਂ ਦੇਸ਼ ਤੋਂ ਬਾਹਰ ਫਸੇ ਭਾਰਤੀ ਨਾਗਰਿਕਾਂ ਅਤੇ ਨਾਲ ਹੀ ਭਾਰਤ ’ਚ ਫਸੇ ਤੇ ਜ਼ਰੂਰੀ ਕਾਰਨਾਂ ਕਰਕੇ ਵਿਦੇਸ਼ ਯਾਤਰਾ ਕਰਨ ਦੇ ਚਾਹਵਾਨ ਵਿਅਕਤੀਆਂ ਦੀ ਆਵਾਜਾਈ ਲਈ ‘ਸਟੈਂਡਰਡ ਅਪਰੇਟਿੰਗ ਪ੍ਰੋਟੋਕੋਲ’ (ਐੱਸਓਪੀ) ਜਾਰੀ

Posted On: 24 MAY 2020 8:40PM by PIB Chandigarh

ਕੇਂਦਰੀ ਗ੍ਰਹਿ ਮੰਤਰਾਲੇ ਨੇ ਦੇਸ਼ ਤੋਂ ਬਾਹਰ ਫਸੇ ਭਾਰਤੀ ਨਾਗਰਿਕਾਂ ਤੇ ਭਾਰਤ ’ਚ ਫਸੇ ਤੇ ਜ਼ਰੂਰੀ ਕਾਰਨਾਂ ਕਰਕੇ ਵਿਦੇਸ਼ ਯਾਤਰਾ ਕਰਨ ਦੇ ਚਾਹਵਾਨ ਵਿਅਕਤੀਆਂ ਦੀ ਆਵਾਜਾਈ ਲਈ ਇੱਕ ‘ਸਟੈਂਡਰਡ ਅਪਰੇਟਿੰਗ ਪ੍ਰੋਟੋਕੋਲ’ (ਐੱਸਓਪੀ) ਜਾਰੀ ਕੀਤਾ ਹੈ। ਇਸ ਹੁਕਮ ਨੇ ਇਸੇ ਵਿਸ਼ੇ ’ਤੇ 5 ਮਈ, 2020 ਨੂੰ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮ ਦੀ ਥਾਂ ਲਈ ਹੈ। ਇਹ ‘ਸਟੈਂਡਰਡ ਅਪਰੇਟਿੰਗ ਪ੍ਰੋਟੋਕੋਲ’ (ਐੱਸਓਪੀ) ਜ਼ਮੀਨੀ ਸਰਹੱਦਾਂ ਰਾਹੀਂ ਦੇਸ਼ ’ਚ ਆਉਣ ਵਾਲੇ ਯਾਤਰੀਆਂ ਉੱਤੇ ਵੀ ਲਾਗੂ ਹੋਣਗੇ।

 

ਕੋਵਿਡ–19 ਦੀ ਮਹਾਮਾਰੀ ਨੂੰ ਰੋਕਣ ਲਈ, ਲੌਕਡਾਊਨ ਉਪਾਵਾਂ ਅਧੀਨ ਯਾਤਰੀਆਂ ਦੀ ਕੌਮਾਂਤਰੀ ਯਾਤਰਾ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ। ਉਪਲਬਧ ਜਾਣਕਾਰੀ ਅਨੁਸਾਰ, ਜਿਹੜੇ ਬਹੁਤੇ ਭਾਰਤੀ ਨਾਗਰਿਕ ਲੌਕਡਾਊਨ ਤੋਂ ਪਹਿਲਾਂ ਵੱਖੋ–ਵੱਖਰੇ ਮੰਤਵਾਂ ਜਿਵੇਂ ਰੋਜ਼ਗਾਰ, ਪੜ੍ਹਾਈ / ਇੰਟਰਨਸ਼ਿਪਸ, ਸੈਰ–ਸਪਾਟਾ, ਵਪਾਰ ਆਦਿ ਲਈ ਵਿਭਿੰਨ ਦੇਸ਼ਾਂ ’ਚ ਗਏ ਸਨ, ਉਹ ਵਿਦੇਸ਼ਾਂ ’ਚ ਫਸੇ ਹੋਏ ਹਨ। ਲੰਮਾ ਸਮਾਂ ਵਿਦੇਸ਼ ’ਚ ਰਹਿਣ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਹ ਬਹੁਤ ਜ਼ਰੂਰੀ ਭਾਰਤ ਪਰਤਣ ਦੇ ਚਾਹਵਾਨ ਹਨ। ਉਪਰੋਕਤ ਮਾਮਲਿਆਂ ਤੋਂ ਇਲਾਵਾ, ਬਹੁਤ ਸਾਰੇ ਭਾਰਤੀ ਨਾਗਰਿਕ ਵੀ ਅਜਿਹੇ ਹਨ, ਜੋ ਮੈਡੀਕਲ ਐਮਰਜੈਂਸੀਆਂ ਜਾਂ ਕਿਸੇ ਪਰਿਵਾਰਕ ਮੈਂਬਰ ਦੇ ਦੇਹਾਂਤ ਕਾਰਨ ਭਾਰਤ ਦੀ ਯਾਤਰਾ ਕਰਨੀ ਚਾਹੁੰਦੇ ਹਨ। ਅਜਿਹੇ ਵੀ ਬਹੁਤ ਸਾਰੇ ਵਿਅਕਤੀ ਹਨ, ਜਿਹੜੇ ਭਾਰਤ ’ਚ ਹੀ ਫਸੇ ਹੋਏ ਹਨ ਅਤੇ ਉਹ ਵਿਭਿੰਨ ਕਾਰਨਾਂ ਕਰ ਕੇ ਤੁਰੰਤ ਵਿਦੇਸ਼ ਦੀ ਯਾਤਰਾ ਕਰਨ ਦੇ ਚਾਹਵਾਨ ਹਨ।

 

ਵਿਦੇਸ਼ਾਂ ’ਚ ਫਸੇ ਭਾਰਤੀ ਨਾਗਰਿਕਾਂ ਦੀ ਯਾਤਰਾ ਲਈ, ਤਰਜੀਹ ਉਨ੍ਹਾਂ ਨੂੰ ਦਿੱਤੀ ਜਾਵੇਗੀ, ਜਿਹੜੇ ਦੁੱਖਾਂ ਕਰਕੇ ਮਜਬੂਰ ਹਨ, ਜਿਵੇਂ ਪ੍ਰਵਾਸੀ ਕਾਮੇ / ਮਜ਼ਦੂਰ, ਜਿਨ੍ਹਾਂ ਦੀਆਂ ਨੌਕਰੀਆਂ ਛੁੱਟ ਗਈਆਂ ਹਨ, ਜਿਨ੍ਹਾਂ ਕੋਲ ਥੋੜ੍ਹੇ ਸਮੇਂ ਦੇ ਵੀਜ਼ੇ ਸਨ ਤੇ ਉਨ੍ਹਾਂ ਦੇ ਵੀਜ਼ਿਆਂ ਦੀ ਮਿਆਦ ਪੁੱਗ ਗਈ ਹੈ, ਮੈਡੀਕਲ ਐਮਰਜੈਂਸੀਆਂ ਵਾਲੇ ਵਿਅਕਤੀ / ਗਰਭਵਤੀ ਔਰਤਾਂ / ਬਜ਼ੁਰਗ ਵਿਅਕਤੀ, ਅਜਿਹੇ ਵਿਅਕਤੀ ਜਿਨ੍ਹਾਂ ਨੂੰ ਕਿਸੇ ਪਰਿਵਾਰਕ ਮੈਂਬਰ ਦੇ ਦੇਹਾਂਤ ਕਾਰਨ ਭਾਰਤ ਪਰਤਣ ਦੀ ਜ਼ਰੂਰਤ ਹੈ, ਅਤੇ ਵਿਦਿਆਰਥੀ।

 

ਅਜਿਹੇ ਵਿਅਕਤੀਆਂ ਨੂੰ ਉਸੇ ਦੇਸ਼ ’ਚ ਸਥਿਤ ਭਾਰਤੀ ਮਿਸ਼ਨਾਂ ਕੋਲ ਖੁਦ ਨੂੰ ਰਜਿਸਟਰ ਕਰਵਾਉਣਾ ਹੋਵੇਗਾ, ਜਿੱਥੇ ਉਹ ਫਸੇ ਹੋਏ ਹਨ, ਨਾਲ ਹੀ ਵਿਦੇਸ਼ ਮੰਤਰਾਲੇ ਵੱਲੋਂ ਨਿਰਧਾਰਿਤ ਲੋੜੀਂਦੇ ਵੇਰਵੇ ਵੀ ਮੁਹੱਈਆ ਕਰਵਾਉਣੇ ਹੋਣਗੇ। ਉਹ ਗ਼ੈਰ–ਅਨੁਸੂਚਿਤ ਵਪਾਰਕ ਉਡਾਨਾਂ ਰਾਹੀਂ ਭਾਰਤ ਦੀ ਯਾਤਰਾ ਕਰਨਗੇ, ਜਿਵੇਂ ਵੀ ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰਾਲੇ ਦੀ ਇਜਾਜ਼ਤ ਮਿਲੇਗੀ ਅਤੇ ਜਾਂ ਉਨ੍ਹਾਂ ਨੂੰ ਸਮੁੰਦਰੀ ਜਹਾਜ਼ਾਂ ਰਾਹੀਂ ਭਾਰਤ ਦੀ ਯਾਤਰਾ ਕਰਨੀ ਪਵੇਗੀ, ਜਿਵੇਂ ਕਿ ਫ਼ੌਜੀ ਮਾਮਲਿਆਂ ਬਾਰੇ ਵਿਭਾਗ (ਡੀਐੱਮਏ) / ਜਹਾਜ਼ਰਾਨੀ ਮੰਤਰਾਲੇ ਵੱਲੋਂ ਇਜਾਜ਼ਤ ਦਿੱਤੀ ਜਾਵੇਗੀ। ਯਾਤਰਾ ਦਾ ਖ਼ਰਚਾ ਯਾਤਰੀ ਖੁਦ ਝੱਲਣਗੇ। ਇਸ ਦੇ ਨਾਲ ਹੀ, ਸਿਰਫ਼ ਉਨ੍ਹਾਂ ਹੀ ਵਿਅਕਤੀਆਂ ਨੂੰ ਭਾਰਤ ਦੀ ਯਾਤਰਾ ਦੀ ਪ੍ਰਵਾਨਗੀ ਮਿਲੇਗੀ, ਜਿਨ੍ਹਾਂ ਦੇ ਸਰੀਰ ’ਚ ਸਾਹਮਣੇ ਕੋਈ ਲੱਛਣ ਨਹੀਂ ਦਿਸਦੇ।

 

ਵਿਦੇਸ਼ ਮੰਤਰਾਲਾ ਅਜਿਹੇ ਸਾਰੇ ਯਾਤਰੀਆਂ ਦਾ ਉਡਾਨ / ਸਮੁੰਦਰੀ ਜਹਾਜ਼ ਦੇ ਕ੍ਰਮ ਅਨੁਸਾਰ ਡਾਟਾਬੇਸ ਤਿਆਰ ਕਰੇਗਾ, ਜਿਸ ਵਿੱਚ ਹੋਰ ਲੋੜੀਂਦੇ ਤੇ ਵਾਜਬ ਵੇਰਵੇ ਵੀ ਸ਼ਾਮਲ ਹੋਣਗੇ ਅਤੇ ਉਸ ਨੂੰ ਪਹਿਲਾਂ ਸਬੰਧਿਤ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਨਾਲ ਸਾਂਝਾ ਕੀਤਾ ਜਾਵੇਗਾ। ਵਿਦੇਸ਼ ਮੰਤਰਾਲਾ ਆਪਣੇ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਕ੍ਰਮ ਅਨੁਸਾਰ ਨੋਡਲ ਅਧਿਕਾਰੀ ਮਨੋਨੀਤ ਕਰੇਗਾ, ਜੋ ਸਬੰਧਿਤ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਇਸ ਉਦੇਸ਼ ਲਈ ਮਨੋਨੀਤ ਨੋਡਲ ਅਧਿਕਾਰੀਆਂ ਨਾਲ ਤਾਲਮੇਲ ਕਾਇਮ ਕਰਨਗੇ। ਵਿਦੇਸ਼ ਮੰਤਰਾਲੇ ਵੱਲੋਂ ਘੱਟੋ–ਘੱਟ ਦੋ ਦਿਨਾਂ ਦੇ ਨੋਟਿਸ ’ਤੇ ਆਉਣ ਵਾਲੀ ਉਡਾਨ / ਸਮੁੰਦਰੀ ਜਹਾਜ਼ ਦੀ ਅਨੁਸੂਚੀ (ਆਮਦ ਦਾ ਦਿਨ, ਸਥਾਨ ਅਤੇ ਸਮਾਂ) ਆਪਣੇ ਆਨਲਾਈਨ ਡਿਜੀਟਲ ਪਲੈਟਫ਼ਾਰਮ ਉੱਤੇ ਪ੍ਰਦਰਸ਼ਿਤ ਕੀਤਾ ਜਾਵੇਗਾ।

 

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੁਆਰੰਟੀਨ ਦੇ ਇੰਤਜ਼ਾਮਾਂ ਸਮੇਤ ਕੌਮਾਂਤਰੀ ਆਮਦਾਂ ਲਈ ਦਿਸ਼ਾ–ਨਿਰਦੇਸ਼ ਵੀ ਗ੍ਰਹਿ ਮੰਤਰਾਲੇ ਦੀਆਂ ਐੱਸਓਪੀਜ਼ (SOPs) ਦੇ ਨਾਲ ਹੇਠ ਦਿੱਤੇ ਲਿੰਕ ਵਿੱਚ ਨੱਥੀ ਕਰ ਦਿੱਤੇ ਗਏ ਹਨ। ਸਿਹਤ ਮੰਤਰਾਲੇ ਦੇ ਦਿਸ਼ਾ–ਨਿਰਦੇਸ਼ਾਂ ਅਨੁਸਾਰ, ਉਡਾਨ ਜਾਂ ਸਮੁੰਦਰੀ ਜਹਾਜ਼ ’ਤੇ ਸਵਾਰ ਹੋਣ ਤੋਂ ਪਹਿਲਾਂ ਸਾਰੇ ਯਾਤਰੀਆਂ ਨੂੰ ਇਹ ਲਿਖਤੀ ਇਕਰਾਰ ਦੇਣਾ ਹੋਵੇਗਾ ਕਿ ਉਹ ਵਿਧਾਨਕ ਤੌਰ ’ਤੇ ਜ਼ਰੂਰੀ 14 ਦਿਨਾਂ ਦੇ ਕੁਆਰੰਟੀਨ ’ਤੇ ਜਾਣਗੇ – 7–ਦਿਨਾਂ ਦੇ ਸੰਸਥਾਨਕ ਕੁਆਰੰਟੀਨ ਦਾ ਖ਼ਰਚਾ ਉਨ੍ਹਾਂ ਨੂੰ ਖੁਦ ਹੀ ਅਦਾ ਕਰਨਾ ਹੋਵੇਗਾ।

 

ਭਾਰਤ ’ਚ ਫਸੇ ਵਿਅਕਤੀਆਂ ਲਈ, ਜਿਹੜੇ ਵਿਦੇਸ਼ ਯਾਤਰਾ ਕਰਨ ਦੇ ਚਾਹਵਾਨ ਹਨ, ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਜਾਂ ਇਸ ਉਦੇਸ਼ ਲਈ ਇਸੇ ਮੰਤਰਾਲੇ ਵੱਲੋਂ ਮਨੋਨੀਤ ਕਿਸੇ ਏਜੰਸੀ ਨੂੰ ਅਰਜ਼ੀ ਦੇਣੀ ਹੋਵੇਗੀ ਅਤੇ ਨਾਲ ਹੀ ਸਾਰੇ ਲੋੜੀਂਦੇ ਵੇਰਵੇ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਨਿਰਧਾਰਿਤ ਰਵਾਨਗੀ ਤੇ ਆਮਦ ਦੇ ਸਥਾਨਾਂ ਸਮੇਤ, ਵੀ ਦੇਣੇ ਹੋਣਗੇ। ਯਾਤਰਾ ਦਾ ਖ਼ਰਚਾ ਯਾਤਰੀ ਖੁਦ ਝੱਲਣਗੇ।

 

ਉਨ੍ਹਾਂ ਹੀ ਦੇਸ਼ਾਂ ਦੀ ਯਾਤਰਾ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਹੜੇ ਉਸ ਦੇਸ਼ ਦੇ ਨਾਗਰਿਕ ਹਨ; ਜਿਨ੍ਹਾਂ ਕੋਲ ਉਸ ਦੇਸ਼ ਦਾ ਘੱਟੋ–ਘੱਟ ਇੱਕ ਸਾਲ ਦੇ ਸਮੇਂ ਦਾ ਵੀਜ਼ਾ ਹੈ; ਅਤੇ ਜੋ ਗ੍ਰੀਨ ਕਾਰਡ ਜਾਂ ਓਸੀਆਈ (OCI) ਕਾਰਡ ਧਾਰਕ ਹਨ। ਕਿਸੇ ਮੈਡੀਕਲ ਐਮਰਜੈਂਸੀ ਦੇ ਮਾਮਲਿਆਂ ਜਾਂ ਪਰਿਵਾਰ ਵਿੱਚ ਕਿਸੇ ਦੇ ਦੇਹਾਂਤ, ਜਿਹੜੇ ਭਾਰਤੀ ਨਾਗਰਿਕਾਂ ਕੋਲ ਛੇ ਮਹੀਨਿਆਂ ਦਾ ਵੀਜ਼ਾ ਹੈ, ਉਨ੍ਹਾਂ ਨੂੰ ਵੀ ਇਜਾਜ਼ਤ ਮਿਲੇਗੀ। ਅਜਿਹੇ ਵਿਅਕਤੀਆਂ ਦੀਆਂ ਟਿਕਟਾਂ ਦੀ ਪੁਸ਼ਟੀ ਹੋਣ ਤੋਂ ਪਹਿਲਾਂ, ਸ਼ਹਿਰੀ ਹਵਾਬਾਜ਼ੀ ਮੰਤਰਾਲਾ ਇਹ ਯਕੀਨੀ ਬਣਾਏਗਾ ਕਿ ਜਿਹੜੇ ਦੇਸ਼ ਜਾਣ ਦੀ ਇਜਾਜ਼ਤ ਮੰਗੀ ਜਾ ਰਹੀ ਹੈ, ਕੀ ਉਹ ਦੇਸ਼ ਅਜਿਹੇ ਵਿਅਕਤੀਆਂ ਨੁੰ ਦਾਖ਼ਲ ਹੋਣ ਦੀ ਪ੍ਰਵਾਨਗੀ ਦੇਵੇਗਾ।

 

ਸਮੁੰਦਰੀ ਜਹਾਜ਼ਾਂ ਦੇ ਭਾਰਤੀ ਮੱਲਾਹ / ਅਮਲੇ ਦੇ ਮੈਂਬਰ, ਜੋ ਵਿਦੇਸ਼ ਵਿੱਚ ਕਿਸ਼ਤੀਆਂ ਉੱਤੇ ਨੌਕਰੀਆਂ ਕਰਨ ਜਾਂ ਸੇਵਾਵਾ ਦੇਣ ਲਈ ਕੰਟਰੈਕਟਸ ਪ੍ਰਵਾਨ ਕਰਨ ਦੇ ਚਾਹਵਾਨ ਹਨ, ਉਹ ‘ਵੰਦੇ ਭਾਰਤ ਮਿਸ਼ਨ’ ਅਧੀਨ ਭਾਰਤ ਤੋਂ ਰਵਾਨਾ ਹੋਣ ਵਾਲੀਆਂ ਗ਼ੈਰ–ਅਧਿਸੂਚਿਤ ਵਪਾਰਕ ਉਡਾਨਾਂ ਜਾਂ ਉਨ੍ਹਾਂ ਦੇ ਰੋਜ਼ਗਾਰਦਾਤਿਆਂ ਵੱਲੋਂ ਵਿਵਸਥਿਤ ਕੀਤੀਆਂ ਉਡਾਨਾਂ ਰਾਹੀਂ ਯਾਤਰਾ ਕਰ ਸਕਦੇ ਹਨ, ਬਸ਼ਰਤੇ ਜਹਾਜ਼ਰਾਨੀ ਮੰਤਰਾਲੇ ਵੱਲੋਂ ਪ੍ਰਵਾਨਗੀ ਮਿਲੇ।

 

ਉਡਾਨ ’ਤੇ ਸਵਾਰ ਹੋਣ ਸਮੇਂ, ਸ਼ਹਿਰੀ ਹਵਾਬਾਜ਼ੀ ਮੰਤਰਾਲਾ ਇਹ ਯਕੀਨੀ ਬਣਾਵੇਗਾ ਕਿ ਸਾਰੇ ਯਾਤਰੀਆਂ ਨੂੰ ਸਿਹਤ ਪ੍ਰੋਟੋਕੋਲ ਅਨੁਸਾਰ ਥਰਮਲ ਸਕ੍ਰੀਨਿੰਗ ’ਚੋਂ ਲੰਘਾਇਆ ਜਾਵੇ। ਜਿਹੜੇ ਯਾਤਰੀਆਂ ਦੇ ਸਾਹਮਣੇ ਤੋਂ ਕੋਈ ਲੱਛਣ ਨਹੀਂ ਦਿਸਦੇ ਹੋਣਗੇ, ਸਿਰਫ਼ ਉਨ੍ਹਾਂ ਨੂੰ ਹੀ ਉਡਾਨ ’ਤੇ ਬਹਿਣ ਦੀ ਇਜਾਜ਼ਤ ਮਿਲੇਗੀ। ਉਡਾਨ ’ਚ ਬੈਠਣ ਸਮੇਂ, ਲੋੜੀਂਦੀਆਂ ਸਾਵਧਾਨੀਆਂ ਜਿਵੇਂ ਕਿ ਮਾਸਕ ਪਹਿਨਣਗੇ, ਵਾਤਾਵਰਣਕ ਸਵੱਛਤਾ, ਸਾਹ ਦੀ ਸਵੱਛਤਾ, ਹੱਥਾਂ ਦੀ ਸਵੱਛਤਾ ਆਦਿ ਦਾ ਧਿਆਨ ਹਰੇਕ ਨੂੰ ਰੱਖਣਾ ਹੋਵੇਗਾ।

 

ਐੱਸਓਪੀ (SOP) ਦਸਤਾਵੇਜ਼ ਅਤੇ ਸਿਹਤ ਮੰਤਰਾਲੇ ਦੇ ਦਿਸ਼ਾ–ਨਿਰਦੇਸ਼ ਦੇਖਣ ਲਈ ਇੱਥੇ ਕਲਿੱਕ ਕਰੋ

Click here to see the SOP Document and Health Ministry Guidelines

 

*****

ਵੀਜੀ/ਐੱਸਐੱਨਸੀ/ਵੀਐੱਮ(Release ID: 1626674) Visitor Counter : 6