ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾ. ਹਰਸ਼ ਵਰਧਨ ਨੇ ਹਿਮਾਚਲ ਪ੍ਰਦੇਸ਼, ਉੱਤਰਾਖੰਡ ਰਾਜਾਂ ਤੇ ਜੰਮੂ–ਕਸ਼ਮੀਰ ਤੇ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਕੋਵਿਡ–19 ਦੇ ਪ੍ਰਬੰਧਨ ਲਈ ਰੋਕਥਾਮ ਉਪਾਵਾਂ ਤੇ ਤਿਆਰੀ ਦੀ ਸਮੀਖਿਆ ਲਈ ਗੱਲਬਾਤ ਕੀਤੀ
Posted On:
12 MAY 2020 5:13PM by PIB Chandigarh
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀ ਅਸ਼ਵਨੀ ਕੁਮਾਰ ਚੌਬੇ ਦੀ ਮੌਜੂਦਗੀ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਤੇ ਕਸ਼ਮੀਰ ਦੇ ਲੈਫ਼ਟੀਨੈਂਟ ਗਵਰਨਰ ਸ਼੍ਰੀ ਗਿਰੀਸ਼ ਚੰਦਰ ਮੁਰਮੂ, ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਲੈਫ਼ਟੀਨੈਂਟ ਗਵਰਨਰ ਸ਼੍ਰੀ ਆਰ.ਕੇ. ਮਾਥੁਰ, ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਤ੍ਰਿਵੇਂਦਰ ਸਿੰਘ ਰਾਵਤ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਜੈ ਰਾਮ ਠਾਕੁਰ ਨਾਲ ਇੱਕ ਉੱਚ–ਪੱਧਰੀ ਬੈਠਕ ਕੀਤੀ। ਇਹ ਮੁਲਾਕਾਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ–19 ਦੇ ਪ੍ਰਬੰਧਨ ਦੀਆਂ ਤਿਆਰੀਆਂ ਅਤੇ ਉਪਾਵਾਂ ਦੀ ਸਮੀਖਿਆ ਲਈ ਵਿਭਿੰਨ ਰਾਜਾਂ ਦੇ ਸਿਹਤ ਮੰਤਰੀਆਂ ਤੇ ਰੈੱਡ ਜ਼ੋਨ ਜ਼ਿਲ੍ਹਿਆਂ ਦੇ ਕਲੈਕਟਰਾਂ ਨਾਲ ਨਿਜੀ ਗੱਲਬਾਤ ਦੀਆਂ ਲੜੀਆਂ ਦਾ ਹਿੱਸਾ ਹੈ।
ਸ਼ੁਰੂ ’ਚ, ਡਾ. ਹਰਸ਼ ਵਰਧਨ ਨੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸੂਚਿਤ ਕੀਤਾ ਕਿ 12 ਮਈ, 2020 ਨੂੰ ਦੇਸ਼ ਵਿੱਚ ਕੁੱਲ 70,756 ਮਾਮਲੇ ਦਰਜ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 22,455 ਵਿਅਕਤੀ ਠੀਕ ਹੋ ਚੁੱਕੇ ਹਨ ਤੇ 2,293 ਮੌਤਾਂ ਹੋ ਚੁੱਕੀਆਂ ਹਨ। ਪਿਛਲੇ 24 ਘੰਟਿਆਂ ਦੌਰਾਨ 3,604 ਨਵੇਂ ਕੇਸ ਆ ਕੇ ਜੁੜੇ ਹਨ ਅਤੇ 1,538 ਮਰੀਜ਼ ਠੀਕ ਹੋਏ ਹਨ। ਪਿਛਲੇ 14 ਦਿਨਾਂ ਵਿੱਚ ਡਬਲਿੰਗ ਸਮਾਂ 10.9 ਸੀ, ਪਿਛਲੇ ਤਿੰਨ ਦਿਨਾਂ ’ਚ ਇਸ ਵਿੱਚ ਸੁਧਾਰ ਹੋਇਆ ਹੈ ਤੇ ਇਹ 12.2 ਹੋ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੌਤ ਦਰ 3.2% ਹੈ ਤੇ ਸਿਹਤਯਾਬੀ ਦੀ ਦਰ 31.74% ਉੱਤੇ ਹੈ। ਉਨ੍ਹਾਂ ਇਹ ਦੱਸਿਆ ਕਿ (ਕੱਲ੍ਹ ਤੱਕ) 2.37% ਸਰਗਰਮ ਕੋਵਿਡ–19 ਮਰੀਜ਼ ਆਈਸੀਯੂ’ਚ ਹਨ, 0.41% ਵੈਂਟੀਲੇਟਰ ’ਤੇ ਹਨ ਅਤੇ 1.82% ਮਰੀਜ਼ਾਂ ਨੂੰ ਆਕਸੀਜਨ ਲੱਗੀ ਹੋਈ ਹੈ। ਡਾ. ਹਰਸ਼ ਵਰਧਨ ਨੇ ਦੱਸਿਆ ਕਿ ਦੇਸ਼ ਵਿੱਚ ਟੈਸਟਿੰਗ ਸਮਰੱਥਾ 347 ਸਰਕਾਰੀ ਲੈਬਾਰੇਟਰੀਜ਼ ਅਤੇ 137 ਪ੍ਰਾਈਵੇਟ ਲੈਬਾਰੇਟਰੀਜ਼ ਨਾਲ ਵਧ ਕੇ 1,00,000 ਟੈਸਟ ਪ੍ਰਤੀ ਦਿਨ ਹੋ ਗਈ ਹੈ। ਕੁੱਲ ਮਿਲਾ ਕੇ ਹੁਣ ਤੱਕ ਕੋਵਿਡ–19 ਲਈ 17,62,840 ਟੈਸਟ ਹੋ ਚੁੱਕੇ ਹਨ। ਜਦ ਕਿ 86,191 ਸੈਂਪਲ ਕੱਲ੍ਹ ਟੈਸਟ ਕੀਤੇ ਗਏ ਸਨ।
ਡਾ. ਹਰਸ਼ ਵਰਧਨ ਨੇ ਦੱਸਿਆ, ‘ਕੋਵਿਡ–19 ਦਾ ਮੁਕਾਬਲਾ ਕਰਨ ਲਈ ਵਾਜਬ ਕਦਮ ਚੁੱਕੇ ਜਾ ਰਹੇ ਹਨ ਤੇ ਕੇਂਦਰ ਅਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੋਹਾਂ ਦੇ ਯਤਨਾਂ ਨਾਲ ਸਮਰਪਿਤ ਕੋਵਿਡ ਹਸਪਤਾਲਾਂ ਦੀ ਗਿਣਤੀ ਵਿੱਚ ਉਚਿਤ ਵਾਧਾ ਹੁੰਦਾ ਜਾ ਰਿਹਾ ਹੈ ਆਈਸੋਲੇਸ਼ਨ ਤੇ ਆਈਸੀਯੂ ਬਿਸਤਰਿਆਂ ਤੇ ਕੁਆਰੰਟੀਨ ਕੇਂਦਰਾਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਨੂੰ ਵਿਕਸਤ ਕੀਤਾ ਜਾ ਰਿਹਾ ਹੈ; ਇਸੇ ਲਈ ਸਾਨੂੰ ਇਹ ਭਰੋਸਾ ਮਿਲਦਾ ਹੈ ਕਿ ਦੇਸ਼ ਕੋਵਿਡ–19 ਦੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਥਿਤੀ ਦਾ ਟਾਕਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।’ ਉਨ੍ਹਾਂ ਇਹ ਵੀ ਦੱਸਿਆ ਕਿ ਕੇਂਦਰ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ / ਕੇਂਦਰੀ ਸੰਸਥਾਨਾਂ ਨੂੰ ਉਚਿਤ ਗਿਣਤੀ ਵਿੱਚ ਮਾਸਕ ਤੇ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟਸ (ਪੀਪੀਈਜ਼) ਮੁਹੱਈਆ ਕਰਵਾ ਕੇ ਮਦਦ ਕਰ ਰਿਹਾ ਹੈ।
ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ–19 ਦੇ ਕੇਸਾਂ ਦੀ ਸਥਿਤੀ ਤੇ ਉਨ੍ਹਾਂ ਦੇ ਪ੍ਰਬੰਧ ਬਾਰੇ ਸੰਖੇਪ ਪੇਸ਼ਕਾਰੀ ਤੋਂ ਬਾਅਦ ਡਾ. ਹਰਸ਼ ਵਰਧਨ ਨੇ ਦੱਸਿਆ,‘ਪ੍ਰਵਾਸੀ ਮਜ਼ਦੂਰਾਂ ਦੀ ਵਾਪਸੀ ਵਿੱਚ ਵਾਧੇ ਨੂੰ ਦੇਖਦਿਆਂ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਜਿਹੇ ਵਾਪਸ ਆ ਰਹੇ ਸਾਰੇ ਵਿਅਕਤੀਆਂ ਵਧੇਰੇ ਪ੍ਰਭਾਵਸ਼ਾਲੀ ਚੌਕਸ ਨਿਗਰਾਨੀ, ਉਨ੍ਹਾਂ ਦੇ ਸੰਪਰਕ ’ਚ ਆਏ ਵਿਅਕਤੀਆਂ ਦੀ ਭਾਲ, ਉਚਿਤ ਟੈਸਟਿੰਗ ਤੇ ਉਨ੍ਹਾਂ ਸਭਨਾਂ ਦੇ ਸਮੇਂ–ਸਿਰ ਇਲਾਜ ਉੱਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੈ। ਇਨ੍ਹਾਂ ਵਿੱਚ ਵਿਦੇਸ਼ਾਂ ਤੋਂ ਵਾਪਸ ਆਉਣ ਵਾਲੇ ਪ੍ਰਵਾਸੀ ਵੀ ਸ਼ਾਮਲ ਹੋਣਗੇ।’ ਵਿਭਿੰਨ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਵਾਹਨਾਂ ਤੋਂ ਉੱਤਰਨ ਦੇ ਸਥਾਨਾਂ ਉੱਤੇ ਉਨ੍ਹਾਂ ਦੀ ਟੈਸਟਿੰਗ, ਉਨ੍ਹਾਂ ਨੂੰ ਕੁਆਰੰਟੀਨ, ਟੈਸਟਿੰਗ ਤੇ ਉਨ੍ਹਾਂ ਦਾ ਇਲਾਜ ਕਰਨ ਬਾਰੇ ਕੀਤੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ। ਮੰਤਰੀ ਨੇ ਇਹ ਵੀ ਸੁਝਾਅ ਦਿੱਤਾ ਕਿ ਬਿਹਤਰ ਸੰਪਰਕ ਚੌਕਸੀ–ਨਿਗਰਾਨੀ ਤੇ ਉਚਿਤ ਮੈਡੀਕਲ ਦਖ਼ਲਾਂ ਲਈ ਆਰੋਗਯ–ਸੇਤੂ ਐਪ ਦੀ ਡਾਊਨਲੋਡਿੰਗ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ।
ਡਾ. ਹਰਸ਼ ਵਰਧਨ ਨੇ ਪ੍ਰਭਾਵਿਤ ਤੇ ਗ਼ੈਰ–ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ‘ਸਵੀਅਰ ਐਕਿਯੂਟ ਰੈਸਪੀਰੇਟਰੀ ਇਨਫ਼ੈਕਸ਼ਨਜ਼’ (ਐੱਸਏਆਰਆਈ – SARI) / ਇਨਫ਼ਲੂਐਂਜ਼ਾ ਜਿਹੇ ਰੋਗ (ਆਈਐੱਲਆਈ – ILI) ਉੱਤੇ ਚੌਕਸ ਨਿਗਰਾਨੀ ਵਧਾਉਣ ਉੱਤੇ ਜ਼ੋਰ ਦਿੱਤਾ। ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸੁਝਾਅ ਦਿੱਤਾ ਗਿਆ ਕਿ ਉਹ ਮੈਡੀਕਲ ਕਾਲਜਾਂ ਦੀ ਮਦਦ ਲੈਣ, ਜੇ ਉਹ ਉੱਥੇ ਮੌਜੂਦ ਹਨ। ਉਨ੍ਹਾਂ ਇਹ ਵੀ ਕਿਹਾ,‘ਅਜਿਹੇ ਉਪਾਵਾਂ ਨਾਲ ਮੁਢਲੇ ਪੜਾਅ ’ਤੇ ਹੀ ਕਿਸੇ ਸੰਭਾਵੀ ਲੁਕਵੀਂ ਛੂਤ ਦੀ ਮੌਜੂਦਗੀ ਦਾ ਸੰਕੇਤ ਪਤਾ ਲਾਉਣ ਵਿੱਚ ਮਦਦ ਮਿਲੇਗੀ ਅਤੇ ਇੰਝ ਇਸ ਦਾ ਸਮੇਂ ਸਿਰ ਖਾਤਮਾ ਕਰਨ ਵਿੱਚ ਮਦਦ ਮਿਲੇਗੀ।’ ਉਨ੍ਹਾਂ ਐੱਸਏਆਰਆਈ / ਆਈਐੱਲਆਈ (SARI/ILI) ਦੀ ਚੌਕਸੀ ਅਤੇ ਆਈਡੀਐੱਸਪੀ (IDSP) ਵੱਲੋਂ ਉੱਤਰਾਖੰਡ ’ਚ ਛੂਤਗ੍ਰਸਤ ਵਿਅਕਤੀ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਭਾਲ ਤੇ ਨਿਗਰਾਨੀ ਲਈ ਸ਼ਲਾਘਾ ਕੀਤੀ। ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਨੇ ਦੱਸਿਆ ਕਿ ਉਨ੍ਹਾਂ ਗ਼ੈਰ–ਕੋਵਿਡ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਮੋਬਾਈਲ ਮੈਡੀਕਲ ਵੈਨਾਂ ਦੂਰ–ਦੁਰਾਡੇ ਦੇ ਇਲਾਕਿਆਂ ਤੱਕ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸ਼੍ਰੀ ਆਰ.ਕੇ. ਮਾਥੁਰ ਨੇ ਦੱਸਿਆ ਕਿ ਉਹ ਕੁਝ ਡਾਕਟਰਾਂ ਤੇ ਪੁਲਿਸ ਅਮਲੇ ਨੂੰ ਰਾਖਵੇਂ ਰੱਖ ਰਹੇ ਹਨ, ਤਾਂ ਜੋ ਉਨ੍ਹਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕੋਵਿਡ–19 ਦੇ ਪੂਰੇ ਸਮੇਂ ਪ੍ਰਬੰਧ ਲਈ ਰੋਟੇਸ਼ਨਲ ਆਧਾਰ ਉੱਤੇ ਤਾਇਨਾਤ ਕੀਤਾ ਜਾ ਸਕੇ। ਉਹ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਤੇ ਆਤਮ–ਵਿਸ਼ਵਾਸ ਵਧਾਉਣ ਲਈ ਪੰਚਾਇਤਾਂ ਤੇ ਭਾਈਚਾਰੇ ਵਿੱਚ ਮੌਜੂਦ ਬਜ਼ੁਰਗਾਂ ਨਾਲ ਮਿਲ ਕੇ ਵੀ ਕੰਮ ਕਰ ਰਹੇ ਹਨ। ਕੇਂਦਰ ਸਰਕਾਰ ਵੱਲੋਂ ਲਗਾਤਾਰ ਮੁਹੱਈਆ ਕਰਵਾਈ ਜਾ ਰਹੀ ਤਕਨੀਕੀ ਤੇ ਹੋਰ ਮਦਦ ਲਈ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਧੰਨਵਾਦ ਕੀਤਾ। ਸ਼੍ਰੀ ਜੈ ਰਾਮ ਠਾਕੁਰ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦਾ ਸਿਰਮੌਰ ਜ਼ਿਲ੍ਹਾ ਲੌਕਡਾਊਨ ਤੋਂ ਬਾਅਦ ਦੇ ਅਪਰੇਸ਼ਨਸ ਲਈ ਨਾਈਆਂ ਤੇ ਸੈਲੂਨ ਅਪਰੇਟਰਾਂ ਨੂੰ ਕੋਵਿਡ–19 ਦੇ ਮੱਦੇਨਜ਼ਰ ਉਚਿਤ ਵਿਵਹਾਰ ਲਈ ਸਿਖਲਾਈ ਮੁਹੱਈਆ ਕਰਵਾਈ ਜਾ ਰਹੀ ਹੈ। ਰੋਗ–ਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਆਯੁਰਵੇਦਿਕ ਦਵਾਈਆਂ ਅਗਲੀ ਕਤਾਰ ਦੇ ਸਿਹਤ ਕਾਮਿਆਂ, ਪੁਲਿਸ ਕਰਮਚਾਰੀਆਂ ਤੇ ਨੀਮ–ਫ਼ੌਜੀ ਬਲਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਡਾ. ਹਰਸ਼ ਵਰਧਨ ਨੇ ਦੱਸਿਆ ਕਿ ਲੱਦਾਖ ਵਿੱਚ ਕਿਉਂਕਿ ਤੰਬਾਕੂ ਦਾ ਸੇਵਨ ਕਾਫ਼ੀ ਜ਼ਿਆਦਾ ਹੁੰਦਾ ਹੈ, ਇਸ ਲਈ ਪਹਿਲਾਂ ਜਾਰੀ ਦਿਸ਼ਾ–ਨਿਰਦੇਸ਼ਾਂ ਅਨੁਸਾਰ ਜਨਤਕ ਸਥਾਨਾਂ ਉੱਤੇ ਥੁੱਕਣ ’ਤੇ ਪਾਬੰਦੀ ਲਾਉਣ ਦੀ ਜ਼ਰੂਰਤ ਹੈ।
ਰਾਜਾਂ ਲਈ ਇਹ ਦੁਹਰਾਇਆ ਗਿਆ ਕਿ ਟੀਕਾਕਰਣ ਮੁਹਿੰਮਾਂ, ਟੀਬੀ (ਤਪੇਦਿਕ) ਕੇਸ ਲੱਭਣ ਤੇ ਉਨ੍ਹਾਂ ਦੇ ਇਲਾਜ ਕਰਨ, ਡਾਇਲਾਇਸਿਸ ਦੇ ਰੋਗੀਆਂ ਲਈ ਬਲੱਡ–ਟ੍ਰਾਂਸਫ਼ਿਊਜ਼ਨ ਮੁਹੱਈਆ ਕਰਵਾਉਣ, ਕੈਂਸਰ ਰੋਗੀਆਂ ਦੇ ਇਲਾਜ, ਗਰਭਵਤੀ ਔਰਤਾਂ ਦੀ ਏਐੱਨਸੀ (ANC) ਆਦਿ ਨਾਲ ਸਬੰਧਿਤ ਗ਼ੈਰ–ਕੋਵਿਡ ਜ਼ਰੂਰੀ ਸਿਹਤ ਸੇਵਾਵਾਂ ਦੀ ਵਿਵਸਥਾ ਵੱਲ ਲੋੜੀਂਦਾ ਧਿਆਨ ਦੇਣ ਦੀ ਜ਼ਰੂਰਤ ਹੈ। ਇਹ ਵੀ ਦੱਸਿਆ ਗਿਆ ਕਿ ਹਾਈਪਰਟੈਂਸ਼ਨ, ਸ਼ੂਗਰ (ਡਾਇਬਟੀਜ਼ ਜਾਂ ਸ਼ੱਕਰ) ਰੋਗ ਤੇ ਤਿੰਨ ਤਰ੍ਹਾਂ ਦੇ ਕੈਂਸਰਾਂ ਦੀ ਸਕ੍ਰੀਨਿੰਗ ਲਈ ‘ਆਯੁਸ਼ਮਾਨ ਭਾਰਤ–ਹੈਲਥ ਐਂਡ ਵੈੱਲਨੈੱਸ ਸੈਂਟਰਜ਼’ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਰਾਜਾਂ ਨੂੰ ਚੇਤੇ ਕਰਵਾਇਆ ਕਿ ਉਨ੍ਹਾਂ ਨੂੰ ਜਦੋਂ ਵੀ ਕਦੇ ਲੋੜ ਹੋਵੇ, ਰੋਕਥਾਮ ਲਈ ਦਵਾਈਆਂ ਤੇ ਰੋਗ–ਪ੍ਰਤੀਰੋਧਕ ਸ਼ਕਤੀ ਵਧਾਉਣ ਦੇ ਨਾਲ–ਨਾਲ ਟੈਸਟਿੰਗ ਮੁਹੱਈਆ ਕਰਵਾਉਣੀ ਹੋਵੇਗੀ। ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਉਹ ਜ਼ਰੂਰੀ ਦਵਾਈਆਂ ਦਾ ਉਚਿਤ ਸਟਾ ਰੱਖਣ। ਰਾਜਾਂ ਨੂੰ ਇਹ ਵੀ ਸੂਚਿਤ ਕੀਤਾ ਗਿਆ ਕਿ 1075 ਦੇ ਨਾਲ–ਨਾਲ ਹੈਲਪਲਾਈਨ ਨੰਬਰ 104 ਦੀ ਵਰਤੋਂ ਗ਼ੈਰ–ਕੋਵਿਡ ਜ਼ਰੂਰੀ ਸੇਵਾਵਾਂ ਨਾਲ ਸਬੰਧਿਤ ਸ਼ਿਕਾਇਤਾਂ ਦੇ ਹੱਲ ਅਤੇ ਇਨ੍ਹਾਂ ਸੇਵਾਵਾਂ ਆਦਿ ਦੀ ਉਪਲਬਧਤਾ ਨਾਲ ਸਬੰਧਿਤ ਜਾਣਕਾਰੀ ਦੇਣ ਲਈ ਕੀਤੀ ਜਾ ਸਕਦੀ ਹੈ। ਉਨ੍ਹਾਂ ਨੂੰ ਸਲਾਹ ਦਿੱਤੀ ਗਈ ਕਿ ਵੈਕਟਰ–ਰੋਗਾਂ ਦੀ ਰੋਕਥਾਮ ਲਈ ਉਚਿਤ ਕਦਮ ਚੁੱਕਣ ਦੀ ਜ਼ਰੂਰਤ ਹੈ। ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਤਨਖਾਹਾਂ ਤੇ ਪ੍ਰੋਤਸਾਹਨਾਂ (ਇੰਸੈਂਟਿਵਜ਼) ਦੇ ਭੁਗਤਾਨ ਸਮੇਂ–ਸਿਰ ਕਰ ਦੇਣ ਕਿਉਂਕਿ ਇਸ ਨਾਲ ਮੂਹਰਲੀ ਕਤਾਰ ਦੇ ਸਿਹਤ ਕਰਮਚਾਰੀਆਂ ਦਾ ਮਨੋਬਲ ਵਧੇਗਾ।
ਡਾ. ਹਰਸ਼ ਵਰਧਨ ਨੇ ਹਿਮਾਚਲ ਪ੍ਰਦੇਸ਼ ਦੇ ਊਨਾ, ਚੰਬਾ, ਹਮੀਰਪੁਰ, ਸਿਰਮੌਰ, ਸੋਲਨ ਤੇ ਕਾਂਗੜਾ; ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਤੇ ਕਸ਼ਮੀਰ ਦੇ ਸ਼ੋਪੀਆਂ, ਸ਼੍ਰੀਨਗਰ, ਬਾਂਦੀਪੁਰਾ ਤੇ ਅਨੰਤਨਾਗ; ਉੱਤਰਾਖੰਡ ਦੇ ਹਰਿਦੁਆਰ; ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਕਰਗਿਲ ਜਿਹੇ ਵੱਖੋ–ਵੱਖਰੇ ਜ਼ਿਲ੍ਹਿਆਂ ਦੇ ਡੀਐੱਮਜ਼ (DMs) ਨਾਲ ਉਨ੍ਹਾਂ ਦੇ ਖੇਤਰਾਂ ਵਿੱਚ ਕੋਵਿਡ–19 ਦੀ ਤਾਜ਼ਾ ਸਥਿਤੀ ਤੇ ਹੋਰ ਪ੍ਰਬੰਧਾਂ ਬਾਰੇ ਲੰਮੀ ਗੱਲਬਾਤ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀਆਂ ਮੀਟਿੰਗਾਂ ਨਾਲ ਹੋਰ ਵਧੇਰੇ ਇਕਜੁੱਟਤਾ ਨਾਲ ਕੰਮ ਕਰਨ ਤੇ ਪਾੜੇ, ਜੇ ਕੋਈ ਹੋਣਗੇ, ਪੂਰਨ ਅਤੇ ਹਰ ਤਰ੍ਹਾਂ ਦੇ ਮਸਲੇ ਵਧੇਰੇ ਨੇੜਿਓਂ ਤੇ ਸਪੱਸ਼ਟਤਾ ਨਾਲ ਸਮਝਣ ਤੇ ਹੱਲ ਕਰਨ ਵਿੱਚ ਵੀ ਮਦਦ ਮਿਲੇਗੀ।
ਇਸ ਬੈਠਕ ਵਿੱਚ ਸੁਸ਼੍ਰੀ ਪ੍ਰੀਤੀ ਸੂਦਨ, ਸਕੱਤਰ (ਸਿਹਤ ਤੇ ਪਰਿਵਾਰ ਭਲਾਈ), ਸ਼੍ਰੀ ਸੰਜੀਵ ਕੁਮਾਰ, ਵਿਸ਼ੇਸ਼ ਸਕੱਤਰ (ਸਿਹਤ), ਸ਼੍ਰੀ ਰਾਜੇਸ਼ ਭੂਸ਼ਨ, ਓਐੱਸਡੀ (ਸਿਹਤ ਤੇ ਪਰਿਵਾਰ ਭਲਾਈ), ਸੁਸ਼੍ਰੀ ਵੰਦਨਾ ਗੁਰਨਾਨੀ, ਏਐੱਸ ਅਤੇ ਐੰਮਡੀ (ਐੱਨਐੱਚਐੱਮ), ਸ਼੍ਰੀ ਵਿਕਾਸ ਸ਼ੀਲ, ਸੰਯੁਕਤ ਸਕੱਤਰ (ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ), ਡਾ. ਐੱਸ.ਕੇ. ਸਿੰਘ, ਡਾਇਰੈਕਟਰ, ਐੱਨਸੀਡੀਸੀ ਦੇ ਨਾਲ ਪ੍ਰਿੰਸੀਪਲ ਸਕੱਤਰ (ਸਿਹਤ) ਅਤੇ ਹੋਰ ਰਾਜਾਂ ਦੇ ਸੀਨੀਅਰ ਅਧਿਕਾਰੀਆਂ ਨੇ ਭਾਗ ਲਿਆ।
*****
ਐੱਮਵੀ/ਐੱਸਜੀ
(Release ID: 1623385)
Visitor Counter : 205
Read this release in:
Manipuri
,
English
,
Urdu
,
Hindi
,
Bengali
,
Assamese
,
Gujarati
,
Tamil
,
Telugu
,
Kannada
,
Malayalam