ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਭਾਰਤ ਦੇ ਵਿਕਾਸ ਲਈ ਵਿੱਤੀ ਖੇਤਰ, ਢਾਂਚਾਗਤ ਅਤੇ ਕਲਿਆਣਕਾਰੀ ਉਪਾਵਾਂ ’ਤੇ ਚਰਚਾ ਕਰਨ ਲਈ ਇੱਕ ਵਿਸਤ੍ਰਿਤ ਬੈਠਕ ਕੀਤੀ

Posted On: 02 MAY 2020 10:57PM by PIB Chandigarh

ਪ੍ਰਧਾਨ ਮੰਤਰੀ ਨੇ ਮੌਜੂਦਾ ਸੰਦਰਭ ਵਿੱਚ ਵਿਕਾਸ ਅਤੇ ਕਲਿਆਣ ਲਈ ਵਿੱਤੀ ਖੇਤਰ ਵਿੱਚ ਦਖਲ ਦੇ ਨਾਲ-ਨਾਲ ਢਾਂਚਾਗਤ ਸੁਧਾਰਾਂ ਅਤੇ ਰਣਨੀਤੀਆਂ ਤੇ ਚਰਚਾ ਕਰਨ ਲਈ ਇੱਕ ਬੈਠਕ ਕੀਤੀ।

 

ਵਿੱਤ ਮੰਤਰੀ ਅਤੇ ਅਧਿਕਾਰੀਆਂ ਨਾਲ ਬੈਠਕ ਵਿੱਚ ਪ੍ਰਧਾਨ ਮੰਤਰੀ ਨੇ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਅਤੇ ਕਿਸਾਨਾਂ ਦੀ ਸਹਾਇਤਾ ਕਰਨ, ਬੈਂਕ ਨਕਦੀ (ਤਰਲਤਾ) ਵਧਾਉਣ ਅਤੇ ਕ੍ਰੈਡਿਟ ਪ੍ਰਵਾਹ ਨੂੰ ਮਜ਼ਬੂਤ ਕਰਨ ਲਈ ਰਣਨੀਤੀਆਂ ਅਤੇ ਦਖਲਅੰਦਾਜ਼ੀਆਂ ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਕੋਵਿਡ-19 ਦੇ ਮੱਦੇਨਜ਼ਰ ਵਿੱਤੀ ਸਥਿਰਤਾ ਸੁਨਿਸ਼ਚਿਤ ਕਰਨ ਲਈ ਅਤੇ ਕਾਰੋਬਾਰਾਂ ਨੂੰ ਇਸ ਦੇ ਪ੍ਰਭਾਵਾਂ ਤੋਂ ਜਲਦੀ ਠੀਕ ਹੋਣ ਲਈ ਕੀਤੇ ਗਏ ਉਪਾਵਾਂ ਤੇ ਚਰਚਾ ਕੀਤੀ।

 

ਵਰਕਰਾਂ ਅਤੇ ਆਮ ਲੋਕਾਂ ਦੀ ਭਲਾਈ ਦੇ ਮੁੱਦੇ ਤੇ ਪ੍ਰਧਾਨ ਮੰਤਰੀ ਨੋ ਕੋਵਿਡ-19 ਕਾਰਨ ਹੋਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਕਾਰੋਬਾਰਾਂ ਦੀ ਮਦਦ ਕਰਕੇ ਰੋਜ਼ਗਾਰ ਦੇ ਮੌਕਿਆਂ ਨੂੰ ਪੈਦਾ ਕਰਨ ਦੀ ਲੋੜ ਤੇ ਜ਼ੋਰ ਦਿੱਤਾ।

 

ਪ੍ਰਧਾਨ ਮੰਤਰੀ ਨੇ ਅਤੀਤ ਵਿੱਚ ਕੀਤੇ ਗਏ ਪ੍ਰਮੁੱਖ ਢਾਂਚਾਗਤ ਸੁਧਾਰਾਂ ਨੂੰ ਮਜ਼ਬੂਤ ਕਰਨ ਦੀ ਲੋੜ ਤੇ ਵੀ ਜ਼ੋਰ ਦਿੱਤਾ ਅਤੇ ਕਾਰਪੋਰੇਟ ਪ੍ਰਸ਼ਾਸਨ, ਕ੍ਰੈਡਿਟ ਸੁਧਾਰਾਂ ਅਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਨਵੇਂ ਢਾਂਚਾਗਤ ਸੁਧਾਰਾਂ ਬਾਰੇ ਵੀ ਚਰਚਾ ਕੀਤੀ

 

ਪ੍ਰਧਾਨ ਮੰਤਰੀ ਨੇ ਨਵੇਂ ਢਾਂਚਾਗਤ ਪ੍ਰੋਜੈਕਟਾਂ ਤੇ ਕੰਮ ਸ਼ੁਰੂ ਕਰਨ ਅਤੇ ਢਾਂਚਾਗਤ ਖੇਤਰ ਵਿੱਚ ਕਾਰਜਾਂ ਨੂੰ ਗਤੀ ਦੇਣ ਲਈ ਤੇਜ਼ੀ ਨਾਲ ਉਪਾਅ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਤਾਕਿ ਕੋਵਿਡ-19 ਵਿੱਚ ਖੋਏ ਹੋਏ ਸਮੇਂ ਦੀ ਪੂਰਤੀ ਕੀਤੀ ਜਾ ਸਕੇ। ਉਹ ਚਾਹੁੰਦੇ ਸਨ ਕਿ ਰਾਸ਼ਟਰੀ ਢਾਂਚਾਗਤ ਪਾਈਪਲਾਈਨ ਤਹਿਤ ਲਏ ਜਾਣ ਵਾਲੇ ਪ੍ਰੋਜੈਕਟਾਂ ਦੀ ਸਮੀਖਿਆ ਉੱਚ ਪੱਧਰ ਤੇ ਕੀਤੀ ਜਾਵੇ ਤਾਕਿ ਸਮੇਂ ਵਿੱਚ ਦੇਰੀ ਤੋਂ ਬਚਿਆ ਜਾ ਸਕੇ ਅਤੇ ਨੌਕਰੀਆਂ ਦੀ ਸਿਰਜਣਾ ਸੰਭਵ ਹੋ ਸਕੇ।

 

ਇਹ ਵੀ ਚਰਚਾ ਕੀਤੀ ਗਈ ਕਿ ਵਿਭਿੰਨ ਮੰਤਰਾਲਿਆਂ ਵੱਲੋਂ ਕੀਤੀਆਂ ਗਈਆਂ ਸੁਧਾਰ ਪਹਿਲਾਂ ਨੂੰ ਬੇਰੋਕ ਜਾਰੀ ਰੱਖਿਆ ਜਾਣਾ ਚਾਹੀਦਾ ਹੈ ਅਤੇ ਨਿਵੇਸ਼ ਪ੍ਰਵਾਹ ਅਤੇ ਪੂੰਜੀ ਨਿਰਮਾਣ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਸਮਾਂਬੱਧ ਤਰੀਕੇ ਨਾਲ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

 

ਇਸ ਬੈਠਕ ਵਿੱਚ ਕੇਂਦਰੀ ਗ੍ਰਹਿ ਮੰਤਰੀ, ਵਿੱਤ ਮੰਤਰੀ, ਵਿੱਤ ਮੰਤਰਾਲੇ ਦੇ ਸਕੱਤਰ ਦੇ ਨਾਲ ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।   

 

******

 

ਵੀਆਰਆਰਕੇ/ਐੱਸਐੱਚ


(Release ID: 1620554) Visitor Counter : 192