ਰਸਾਇਣ ਤੇ ਖਾਦ ਮੰਤਰਾਲਾ

ਜਨਔਸ਼ਧੀ ਕੇਂਦਰਾਂ ਤੱਕ ਪਹੁੰਚਣ ਲਈ 325000 ਤੋਂ ਜ਼ਿਆਦਾ ਲੋਕ ‘ਜਨਔਸ਼ਧੀ ਸੁਗਮ’ ਮੋਬਾਈਲ ਐਪ ਦੀ ਵਰਤੋਂ ਕਰ ਰਹੇ ਹਨ

Posted On: 30 APR 2020 11:52AM by PIB Chandigarh

ਕੋਵਿਡ-19 ਸੰਕਟ ਕਾਰਨ ਰਾਸ਼ਟਰਵਿਆਪੀ ਲੌਕਡਾਊਨ ਦੌਰਾਨ ਜਨਔਸ਼ਧੀ ਸੁਗਮ ਮੋਬਾਈਲ ਐਪ, ਲੋਕਾਂ ਨੂੰ ਆਪਣੇ ਨਜ਼ਦੀਕੀ ਪ੍ਰਧਾਨ ਮੰਤਰੀ ਜਨਔਸ਼ਧੀ ਕੇਂਦਰ  (ਪੀਐੱਮਜੇਏਕੇ) ਦਾ ਪਤਾ ਲਗਾਉਣ ਅਤੇ ਕਿਫਾਇਤੀ ਜੈਨੇਰਿਕ ਦਵਾਈ ਪ੍ਰਾਪਤ ਕਰਨ ਵਿੱਚ ਬਹੁਤ ਮਦਦ ਕਰ ਰਿਹਾ ਹੈ।

 

ਦੇਸ਼ ਵਿੱਚ 325000 ਤੋਂ ਜ਼ਿਆਦਾ ਲੋਕ ਜਨਔਸ਼ਧੀ ਸੁਗਮ ਮੋਬਾਈਲ ਐਪ ਦੀ ਵਰਤੋਂ ਕਰ ਰਹੇ ਹਨ। ਡਿਜੀਟਲ ਤਕਨੀਕ ਦੀ ਵਰਤੋਂ ਕਰਕੇ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਉਣ ਲਈ ਰਸਾਇਣ ਅਤੇ ਖਾਦ ਮੰਤਰਾਲੇ ਦੇ ਫਾਰਮਾਸਿਊਟੀਕਲ ਵਿਭਾਗ ਅਧੀਨ ਭਾਰਤ ਫਾਰਮਾ ਪੀਐੱਸਯੂ ਬਿਊਰੋ (ਬੀਪੀਪੀਆਈ) ਵੱਲੋਂ ਪ੍ਰਧਾਨ ਮੰਤਰੀ ਭਾਰਤੀ ਜਨਔਸ਼ਧੀ ਯੋਜਨਾ (ਪੀਐੱਮਬੀਜੇਪੀ) ਲਈ ਇਸ ਮੋਬਾਈਲ ਐਪਲੀਕੇਸ਼ਨ ਨੂੰ ਵਿਕਸਿਤ ਕੀਤਾ ਗਿਆ ਹੈ। ਇਸ ਦਾ ਉਦੇਸ਼ ਲੋਕਾਂ ਨੂੰ ਡਿਜੀਟਲ ਪਲੈਟਫਾਰਮ ਤਹਿਤ ਸੁਵਿਧਾਵਾਂ ਪ੍ਰਦਾਨ ਕਰਨਾ ਹੈ। ਲੋਕ ਆਪਣੇ ਮੋਬਾਈਲ ਫੋਨ ਰਾਹੀਂ ਉਪਯੋਗਕਰਤਾ-ਅਨੁਕੂਲ ਵਿਕਲਪਾਂ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਇਨ੍ਹਾਂ ਵਿਕਲਪਾਂ ਵਿੱਚ ਸ਼ਾਮਲ ਹੈ-ਨਜ਼ਦੀਕੀ ਜਨਔਸ਼ਧੀ ਕੇਂਦਰ ਦਾ ਪਤਾ ਲਗਾਉਣਾ, ਗੂਗਲ ਮੈਪ ਜ਼ਰੀਏ ਨਜ਼ਦੀਕੀ ਜਨਔਸ਼ਧੀ ਕੇਂਦਰ ਤੱਕ ਪਹੁੰਚਣ ਦੇ ਮਾਰਗ ਦਾ ਪਤਾ ਲਗਾਉਣਾ, ਜਨਔਸ਼ਧੀ ਜੈਨੇਰਿਕ ਦਵਾਈਆਂ ਦੀ ਜਾਣਕਾਰੀ ਪ੍ਰਾਪਤ ਕਰਨਾ, ਐੱਮਆਰਪੀ ਦੇ ਅਧਾਰ ਤੇ ਜੈਨੇਰਿਕ ਅਤੇ ਬ੍ਰਾਂਡੇਡ ਦਵਾਈਆਂ ਦੀ ਤੁਲਨਾ ਕਰਨਾ, ਆਪਣੀ ਬੱਚਤ ਦਾ ਹਿਸਾਬ ਲਗਾਉਣਾ ਆਦਿ। 

ਜਨਔਸ਼ਧੀ ਸੁਗਮ ਮੋਬਾਈਲ ਐਪ ਐਂਡਰਾਇਡ ਅਤੇ ਆਈ-ਫੋਨ ਦੋਹਾਂ ਹੀ ਪਲੈਟਫਾਰਮਾਂ ਤੇ ਉਪਲੱਬਧ ਹੈ। ਉਪਭੋਗਕਰਤਾ ਇਸ ਨੂੰ ਗੂਗਲ ਪਲੇ ਸਟੋਰ ਅਤੇ ਐਪਲ ਸਟੋਰ ਤੋਂ ਮੁ਼ਫ਼ਤ ਡਾਊਨਲੋਡ ਕਰ ਸਕਦੇ ਹਨ

ਭਾਰਤ ਦੀ ਕੋਵਿਡ-19 ਖ਼ਿਲਾਫ਼ ਲੜਾਈ  ਵਿੱਚ ਭਾਰਤ ਸਰਕਾਰ ਪੀਐੱਮਬੀਜੇਪੀ ਜਿਹੀਆਂ ਜ਼ਿਕਰਯੋਗ ਯੋਜਨਾਵਾਂ ਰਾਹੀਂ ਸਿਹਤ ਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆ ਰਹੀ ਹੈ। ਜਨਔਸ਼ਧੀ ਕੇਂਦਰਾਂ ਤੇ 900 ਤੋਂ ਜ਼ਿਆਦਾ ਗੁਣਵੱਤਾਪੂਰਨ ਜੈਨੇਰਿਕ ਦਵਾਈਆਂ ਅਤੇ 154 ਸਰਜੀਕਲ ਉਪਕਰਨ ਦੇਸ਼ ਦੇ ਹਰੇਕ ਨਾਗਰਿਕ ਲਈ ਕਿਫਾਇਤੀ ਕੀਮਤ ਤੇ ਉਪਲੱਬਧ ਹਨ।

ਮੌਜੂਦਾ ਸਮੇਂ ਦੇਸ਼ ਦੇ 726 ਜ਼ਿਲ੍ਹਿਆਂ ਨੂੰ ਕਵਰ ਕਰਦੇ ਹੋਏ 6300 ਤੋਂ ਜ਼ਿਆਦਾ ਜਨਔਸ਼ਧੀ ਕੇਂਦਰ (ਪੀਐੱਮਜੇਏਕੇ) ਕਾਰਜ ਕਰ ਰਹੇ ਹਨ। ਲੌਕਡਾਊਨ ਦੌਰਾਨ ਪੀਐੱਮਬੀਜੇਪੀ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਤੇ ਸੂਚਨਾਤਮਕ ਪੋਸਟਾਂ ਰਾਹੀਂ ਜਾਗਰੂਕਤਾ ਫੈਲਾ ਰਿਹਾ ਹੈ ਤਾਕਿ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਵਿੱਚ ਮਦਦ ਮਿਲ ਸਕੇ।

 

*****

 

ਆਰਸੀਜੇ/ਆਰਕੇਐੱਮ



(Release ID: 1619585) Visitor Counter : 114