ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ–19 ਬਾਰੇ ਅੱਪਡੇਟ

Posted On: 26 APR 2020 5:13PM by PIB Chandigarh


ਭਾਰਤ ਸਰਕਾਰ ਦੇਸ਼ ’ਚ ਕੋਵਿਡ–19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੇ ਪ੍ਰਬੰਧ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਦੀ ਨਿਯਮਿਤ ਤੌਰ ’ਤੇ ਉੱਚ–ਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ।
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਕੋਵਿਡ–19 ਉੱਤੇ ਜਿੱਤ ਹਾਸਲ ਕਰਨ ਲਈ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ‘ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼’ (ਏਮਸ) ਦੇ ਟ੍ਰੌਮਾ ਸੈਂਟਰ ਦਾ ਦੌਰਾ ਕੀਤਾ। ਆਪਣੀ ਇਸ ਫੇਰੀ ਦੌਰਾਨ, ਉਹ ਇਸ ਅਤਿ–ਆਧੂਨਿਕ ਇਮਾਰਤ ਦੇ ਵਿਭਿੰਨ ਵਾਰਡਾਂ ’ਚ ਗਏ, ਜਿੱਥੇ ਕੋਵਿਡ–19 ਦੇ ਮਰੀਜ਼ਾਂ ਲਈ ਆਈਸੋਲੇਸ਼ਨ ਸੁਵਿਧਾ ਵੀ ਮੌਜੂਦ ਹੈ। ਆਪਣੇ ਇਸ ਦੌਰੇ ਦੌਰਾਨ ਉਨ੍ਹਾਂ ਫ਼ੋਨ ’ਤੇ ਵਿਡੀਓ ਕਾਲ ਰਾਹੀਂ ਕੋਵਿਡ–19 ਦੇ ਕੁਝ ਪੀੜਤ ਰੋਗੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦਾ ਹਾਲ–ਚਾਲ ਜਾਣਿਆ ਅਤੇ ਇਸ ਦੌਰਾਨ ਮਰੀਜ਼ਾਂ ਵਾਲੇ ਪਾਸੇ ਸਾਰੇ ਇੰਤਜ਼ਾਮ ਰੋਬੋਟ ਵੱਲੋਂ ਕੀਤੇ ਗਏ ਸਨ। ਉਨ੍ਹਾਂ ਏਮਸ ’ਚ ਉਪਲਬਧ ਸਹੂਲਤਾਂ ਬਾਰੇ ਉਨ੍ਹਾਂ ਦੇ ਵਿਚਾਰ ਵੀ ਜਾਣੇ, ਤਾਂ ਜੋ ਲੋੜੀਂਦੇ ਸੁਧਾਰ ਕੀਤੇ ਜਾ ਸਕਣ।
ਇੱਕ ਵਿਸਤ੍ਰਿਤ ਸਮੀਖਿਆ ਤੋਂ ਬਾਅਦ ਡਾ. ਹਰਸ਼ ਵਰਧਨ ਨੇ ਵਿਭਿੰਨ ਇਕਾਈਆਂ ਦੇ ਕੰਮਕਾਜ ਉੱਤੇ ਤਸੱਲੀ ਪ੍ਰਗਟਾਈ। ਉਨ੍ਹਾਂ ਡਿਜੀਟਲ ਪਲੈਟਫ਼ਾਰਮਾਂ ਤੇ ਵੀਡੀਓ / ਵੁਆਇਸ ਕਾਲ ਟੈਕਨੋਲੋਜੀਆਂ ਦੀ ਵਰਤੋਂ ਕਰਦਿਆਂ ਕੋਵਿਡ–19 ਦੇ ਪੁਸ਼ਟੀ ਹੋਏ ਤੇ ਸ਼ੱਕੀ ਰੋਗੀਆਂ ਦੀ ਸਲਾਮਤੀ ਉੱਤੇ 24x7 ਨਿਗਰਾਨੀ ਯਕੀਨੀ ਬਣਾਉਣ ਲਈ ਏਮਸ ਦੀ ਸ਼ਲਾਘਾ ਵੀ ਕੀਤੀ। ਡਾ. ਹਰਸ਼ ਵਰਧਨ ਨੇ ਭਾਰਤ ਦੀ ਜਨਤਾ ਨੂੰ ਲੌਕਡਾਊਨ 2.0 ਦੀ ਇੰਨ੍ਹ–ਬਿੰਨ੍ਹ ਪਾਲਣਾ ਕਰਨ ਦੀ ਬੇਨਤੀ ਕੀਤੀ ਤੇ ਉਨ੍ਹਾਂ ਕਿਹਾ ਕਿ ਉਹ ਇਸ ਨੂੰ ਕੋਵਿਡ–19 ਦੇ ਫੈਲਣ ਤੋਂ ਰੋਕਣ ਲਈ ਇਸ ਨੂੰ ਇੱਕ ਪ੍ਰਭਾਵਸ਼ਾਲੀ ਉਪਾਅ ਮੰਨਣ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਹੁਣ ਹਾਲਤ ਸੁਧਰ ਰਹੀ ਹੈ ਕਿਉਂਕਿ ਹੌਟ–ਸਪੌਟ ਜ਼ਿਲ੍ਹੇ (ਐੱਚਐੱਸਡੀ) ਹੁਣ ਗ਼ੈਰ–ਹੌਟ–ਸਪੌਟ ਜ਼ਿਲ੍ਹਿਆਂ (ਐੱਨਐੱਚਐੱਸਡੀ) ਵਿੱਚ ਤਬਦੀਲ ਹੁੰਦੇ ਜਾ ਰਹੇ ਹਨ।
ਅੱਜ, ਕੈਬਨਿਟ ਸਕੱਤਰ ਨੇ ਇੱਕ ਲੰਮੇਰੀ ਵੀਡੀਓ ਕਾਲ ਦੌਰਾਨ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਰੇ ਮੁੱਖ ਸਕੱਤਰਾਂ ਅਤੇ ਡੀਜੀਪੀਜ਼ (DGPs) ਕੋਵਿਡ–19 ਦੇ ਟਾਕਰੇ ਲਈ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਜਿਹੜੇ ਰਾਜਾਂ ਵਿੱਚ ਵਧੇਰੇ ਕੇਸ ਹਨ, ਉਨ੍ਹਾਂ ਨੂੰ ਲੌਕਡਾਊਨ ਦੇ ਉਪਾਵਾਂ ਤੇ ਕੰਟੇਨਮੈਂਟ ਨੀਤੀ ਦੀ ਪ੍ਰਭਾਵਸ਼ਾਲੀ ਢੰਗ ਨਾਲ ਪਾਲਣਾ ਉੱਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਰਾਜਾਂ ਨੂੰ ਆਈਸੋਲੇਸ਼ਨ ਬਿਸਤਰਿਆਂ, ਆਈਸੀਯੂ ਬਿਸਤਰਿਆਂ, ਵੈਂਟੀਲੇਟਰ ਆਦਿ ਦੀ ਉਚਿਤ ਉਪਲਬਤਾ ਸਮੇਤ ਮੈਡੀਕਲ ਬੁਨਿਆਦੀ ਢਾਂਚੇ ਉੱਤੇ ਵੀ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੈ।
ਹੁਣ ਤੱਕ 5,804 ਵਿਅਕਤੀ ਸਿਹਤਯਾਬ ਹੋਣ ਦੀ 21.90 ਫ਼ੀ ਸਦੀ ਦਰ ਨਾਲ ਠੀਕ ਹੋ ਚੁੱਕੇ ਹਨ। ਹੁਣ ਤੱਕ ਭਾਰਤ ਵਿੱਚ ਕੋਵਿਡ–19 ਦੇ 26,496 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿੱਚੋਂ 824 ਮੌਤਾਂ ਹੋ ਚੁੱਕੀਆਂ ਹਨ।
ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ’ਚ ਇੱਥੇ ਜਾਓ: https://www.mohfw.gov.in/
ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।
ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਜਾਂ 1075 (ਟੋਲ–ਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf

*****
ਐੱਮਵੀ



(Release ID: 1618469) Visitor Counter : 147