ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਫੁੱਟਵੀਅਰ ਉਦਯੋਗ ਦੇ ਨੁਮਾਇੰਦਿਆਂ ਨੂੰ ਹਰ ਸੰਭਵ ਹਿਮਾਇਤ ਦਾ ਭਰੋਸਾ ਦਿਵਾਇਆ
Posted On:
18 APR 2020 6:09PM by PIB Chandigarh
ਕੇਂਦਰੀ ਸੂਖਮ, ਛੋਟੇ ਤੇ ਦਰਮਿਆਨੇ ਉੱਦਮ ਅਤੇ ਸੜਕ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਫੁੱਟਵੀਅਰ ਉਦਯੋਗ ਨੂੰ ਕੋਵਿਡ-19 ਮਹਾਮਾਰੀ ਦੇ ਫੈਲਣ ਤੋਂ ਬਾਅਦ ਲੱਗੇ ਲੌਕਡਾਊਨ ਤੋਂ ਪੈਦਾ ਚੁਣੌਤੀਆਂ ਨਾਲ ਨਜਿੱਠਣ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ। ਉਹ ਕਾਨਫੈਡਰੇਸ਼ਨ ਆਵ੍ ਇੰਡੀਅਨ ਫੁੱਟਵੀਅਰ ਇੰਡਸਟ੍ਰੀਜ਼ ਦੇ ਨੁਮਾਇੰਦਿਆਂ ਨਾਲ ਨਾਗਪੁਰ ਤੋਂ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕਰ ਰਹੇ ਸਨ। ਸ਼੍ਰੀ ਗਡਕਰੀ ਨੇ ਕਿਹਾ ਕਿ ਸਰਕਾਰ ਨੇ ਬੀਤੇ 10 ਦਿਨਾਂ ਵਿੱਚ ਕੇਂਦਰੀ ਸੂਖਮ, ਛੋਟੇ ਤੇ ਦਰਮਿਆਨੇ ਉੱਦਮਾਂ ਨੂੰ 5204 ਕਰੋੜ ਰੁਪਏ ਇਨਕਮ ਟੈਕਸ ਦੇ ਰਿਫੰਡ ਵਜੋਂ ਮੁਹੱਈਆ ਕਰਵਾਏ ਹਨ ਇਸ ਨਾਲ ਇਸ ਖੇਤਰ ਨੂੰ ਵੱਡੀ ਮਦਦ ਮਿਲੇਗੀ।
ਮੰਤਰੀ ਨੇ ਉਦਯੋਗ ਨੂੰ ਕਿਹਾ ਕਿ ਦਰਾਮਦੀ ਬਦਲ ਤਿਆਰ ਕੀਤਾ ਜਾਵੇ ਅਤੇ ਬਰਾਮਦਾਂ ਲਈ ਮਿਲੇ ਮੌਕਿਆਂ ਦਾ ਫਾਇਦਾ ਉਠਾਇਆ ਜਾਵੇ।
ਇਸ ਮੀਟਿੰਗ ਦੌਰਾਨ ਫੁੱਟਵੀਅਰ ਉਦਯੋਗ ਦੇ ਨੁਮਾਇੰਦਿਆਂ ਨੇ ਕੋਵਿਡ-19 ਦੌਰਾਨ ਵਰਕਿੰਗ ਪੂੰਜੀ, ਲੌਜਿਸਟਿਕਸ, ਕੱਚਾ ਮਾਲ ਮੁਹੱਈਆ ਨਾ ਹੋਣ, ਕੰਮ ਵਾਲੀਆਂ ਥਾਵਾਂ ਦੀ ਮਾੜੀ ਹਾਲਤ ਦਾ ਵਿਸਤਾਰ ਨਾਲ ਜ਼ਿਕਰ ਕੀਤਾ ਅਤੇ ਸਰਕਾਰ ਨੂੰ ਬੇਨਤੀ ਕੀਤੀ ਕਿ ਇਸ ਖੇਤਰ ਨੂੰ ਕਾਇਮ ਰੱਖਣ ਲਈ ਸਹਾਇਤਾ ਵਾਲੇ ਕਦਮ ਚੁੱਕੇ ਜਾਣ।
ਇਹ ਵੀ ਦੱਸਿਆ ਗਿਆ ਕਿ ਲੌਕਡਾਊਨ ਦੀ ਸਮਾਪਤੀ ਤੋਂ ਬਾਅਦ ਵੀ ਉਤਪਾਦਨ ਹੌਲੀ-ਹੌਲੀ ਸ਼ੁਰੂ ਹੋਵੇਗਾ ਅਤੇ ਉਸ ਨੂੰ ਆਪਣੀ ਸਮਰੱਥਾ ਉੱਤੇ ਪਹੁੰਚਣ ਵਿੱਚ ਕੁਝ ਮਹੀਨੇ ਲਗਣਗੇ ਜਿਸ ਕਾਰਣ ਕੱਚੇ ਮਾਲ ਦੀ ਬਹੁਤਾਤ ਦੀ ਸਮੱਸਿਆ ਪੈਦਾ ਹੋ ਜਾਵੇਗੀ। ਇਹ ਵੀ ਬੇਨਤੀ ਕੀਤੀ ਗਈ ਕਿ ਚੀਨ ਤੋਂ ਫੁੱਟਵੀਅਰ ਬਣਾਉਣ ਲਈ ਜੋ ਕੱਚਾ ਮਾਲ ਮੰਗਵਾਇਆ ਜਾਂਦਾ ਹੈ, ਉਸ ਉੱਤੇ ਰੋਕ ਲਗਾਈ ਜਾਵੇ ਤਾਕਿ ਮਾਰਕਿਟ ਵਿੱਚ ਸਮਾਨ ਦਾ ਜ਼ਿਆਦਾ ਭੰਡਾਰ ਨਾ ਹੋ ਜਾਵੇ।
ਸ਼੍ਰੀ ਗਡਕਰੀ ਨੇ ਦੱਸਿਆ ਕਿ ਸਭ ਤੋਂ ਪਹਿਲੀ ਅਤੇ ਅਹਿਮ ਗੱਲ ਇਹ ਹੈ ਕਿ ਸਰਕਾਰ ਨੇ ਕੁਝ ਉਦਯੋਗਿਕ ਖੇਤਰਾਂ ਨੂੰ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਇਹ ਯਕੀਨੀ ਬਣਾਇਆ ਜਾਣਾ ਜ਼ਰੂਰੀ ਹੈ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਸਾਰੇ ਇਹਤਿਹਾਤੀ ਕਦਮ ਚੁੱਕੇ ਜਾਣ। ਉਨ੍ਹਾਂ ਨੇ ਪੀਪੀਈ (ਮਾਸਕ, ਸੈਨੇਟਾਈਜ਼ਰ, ਦਸਤਾਨੇ ਆਦਿ) ਦੀ ਵਰਤੋਂ ਉੱਤੇ ਜ਼ੋਰ ਦਿੱਤਾ ਅਤੇ ਨਾਲ ਹੀ ਕੰਮ ਦੌਰਾਨ ਸਮਾਜਿਕ ਦੂਰੀ ਕਾਇਮ ਰੱਖਣ ਲਈ ਵੀ ਕਿਹਾ।
ਸ਼੍ਰੀ ਗਡਕਰੀ ਨੇ ਭਰੋਸਾ ਦਿਵਾਇਆ ਕਿ ਉਹ ਸਬੰਧਿਤ ਮੁੱਦੇ ਵਿੱਤ ਮੰਤਰੀ ਅਤੇ ਵਣਜ ਮੰਤਰੀ ਕੋਲ ਉਠਾਉਣਗੇ ਤਾਕਿ ਇਸ ਖੇਤਰ ਨੂੰ ਤੁਰੰਤ ਰਾਹਤ ਮਿਲ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਫੁੱਟਵੀਅਰ ਉਦਯੋਗ ਨੂੰ ਲੌਕਡਾਊਨ ਦਾ ਸੰਕਟ ਖਤਮ ਹੋਣ ਤੋਂ ਬਾਅਦ ਕੰਮ ਸ਼ੁਰੂ ਕਰਨ ਸਮੇਂ ਹਾਂ-ਪੱਖੀ ਪਹੁੰਚ ਅਪਣਾਉਣੀ ਚਾਹੀਦੀ ਹੈ ਅਤੇ ਮਿਲਕੇ ਉਨ੍ਹਾਂ ਮੌਕਿਆਂ ਦਾ ਲਾਭ ਉਠਾਉਣਾ ਚਾਹੀਦਾ ਹੈ ਜੋ ਕਿ ਸਾਹਮਣੇ ਆਉਣੇ ਹਨ।
******
ਆਰਸੀਜੇ/ਐੱਸਕੇਪੀ/ਆਈਏ
(Release ID: 1615821)
Visitor Counter : 152