ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕੋਵਿਡ-19 ਨਾਲ ਨਜਿੱਠਣ ਲਈ ਅੱਗੇ ਦੀ ਰਣਨੀਤੀ ਤਿਆਰ ਕਰਨ ਵਾਸਤੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ

ਮੁੱਖ ਮੰਤਰੀਆਂ ਨੇ ਲੌਕਡਾਊਨ ਦੋ ਸਪਤਾਹ ਵਧਾਉਣ ਦਾ ਸੁਝਾਅ ਦਿੱਤਾ ਹੈ
ਸਾਡਾ ਮੰਤਰ ਪਹਿਲਾਂ ਸੀ ‘ਜਾਨ ਹੈ ਤੋ ਜਹਾਨ ਹੈ’, ਲੇਕਿਨ ਹੁਣ ਮੰਤਰ ਹੈ ‘ਜਾਨ ਭੀ ਜਹਾਨ ਭੀ’ :ਪ੍ਰਧਾਨ ਮੰਤਰੀ
ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹੁਣ ਤੱਕ ਉਠਾਏ ਗਏ ਕਦਮਾਂ ਦੇ ਪ੍ਰਭਾਵ ਦਾ ਪਤਾ ਲਗਾਉਣ ਲਈ ਅਗਲੇ 3-4 ਸਪਤਾਹ ਮਹੱਤਵਪੂਰਨ ਹਨ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਖੇਤੀਬਾੜੀ ਉਪਜ ਦੀ ਵਿਕਰੀ ਵਿੱਚ ਸੁਵਿਧਾ ਲਈ ‘ਏਪੀਐੱਮਸੀ’ ਕਾਨੂੰਨਾਂ ਵਿੱਚ ਸੋਧ ਸਹਿਤ ਖੇਤੀਬਾੜੀ ਅਤੇ ਸਬੰਧਿਤ ਖੇਤਰ ਲਈ ਵਿਸ਼ੇਸ਼ ਉਪਾਅ ਸੁਝਾਏ
ਕੋਵਿਡ–19 ਦੇ ਖ਼ਿਲਾਫ਼ ਸਾਡੀ ਲੜਾਈ ਵਿੱਚ ‘ਆਰੋਗਯ ਸੇਤੂ’ ਐਪ ਇੱਕ ਜ਼ਰੂਰੀ ਸਾਧਨ ਹੈ, ਜੋ ਅੱਗੇ ਚਲ ਕੇ ਯਾਤਰਾ ਵਿੱਚ ਸੁਵਿਧਾ ਲਈ ‘ਈ-ਪਾਸ’ ਬਣ ਸਕਦਾ ਹੈ : ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਹੈਲਥ ਪ੍ਰੋਫੈਸ਼ਨਲਾਂ ’ਤੇ ਹਮਲੇ ਅਤੇ ਪੂਰਬ-ਉੱਤਰ ਅਤੇ ਕਸ਼ਮੀਰ ਦੇ ਵਿਦਿਆਰਥੀਆਂ ਨਾਲ ਦੁਰਵਿਵਹਾਰ ਦੀਆਂ ਘਟਨਾਵਾਂ ਦੀ ਨਿੰਦਾ ਕੀਤੀ
ਪ੍ਰਧਾਨ ਮੰਤਰੀ ਨੇ ਭਰੋਸਾ ਦਿਵਾਇਆ ਕਿ ਦੇਸ਼ ਵਿੱਚ ਜ਼ਰੂਰੀ ਦਵਾਈਆਂ ਦੀ ਉਚਿਤ ਸਪਲਾਈ ਹੈ; ਕਾਲਾਬਜ਼ਾਰੀ ਅਤੇ ਜਮ੍ਹਾਂਖੋਰੀ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦਾ ਸੰਦੇਸ਼ ਦਿੱਤਾ

Posted On: 11 APR 2020 4:39PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਵਿਡ-19 ਨਾਲ ਨਜਿੱਠਣ ਲਈ ਅੱਗੇ ਦੀ ਰਣਨੀਤੀ ਤਿਆਰ ਕਰਨ ਲਈ ਵੀਡੀਓ ਕਾਨਫਰੰਸਿੰਗ ਜ਼ਰੀਏ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਚਰਚਾ ਕੀਤੀ। ਇਹ ਮੁੱਖ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਦੀ ਇਸ ਤਰ੍ਹਾਂ ਦੀ ਤੀਜੀ ਚਰਚਾ ਸੀ, ਜੋ ਇਸ ਤੋਂ ਪਹਿਲਾਂ 2 ਅਪ੍ਰੈਲ ਅਤੇ 20 ਮਾਰਚ, 2020 ਨੂੰ ਆਯੋਜਿਤ ਕੀਤੀ ਗਈ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਅਤੇ ਰਾਜਾਂ ਦੇ ਸੰਯੁਕਤ ਪ੍ਰਯਤਨਾਂ ਨਾਲ ਕੋਵਿਡ-19 ਦੇ ਪ੍ਰਭਾਵ ਨੂੰ ਘੱਟ ਕਰਨ ਵਿੱਚ ਨਿਸ਼ਚਿਤ ਰੂਪ ਨਾਲ ਮਦਦ ਮਿਲੀ ਹੈ, ਲੇਕਿਨ ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ, ਇਸ ਲਈ ਨਿਰੰਤਰ ਸਤਰਕਤਾ ਸਭ ਤੋਂ ਉੱਪਰ ਹੈ। ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਬਲ ਦਿੰਦੇ ਹੋਏ ਕਿਹਾ ਕਿ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹੁਣ ਤੱਕ ਉਠਾਏ ਗਏ ਕਦਮਾਂ ਦੇ ਪ੍ਰਭਾਵ ਦਾ ਪਤਾ ਲਗਾਉਣ ਲਈ ਅਗਲੇ 3-4 ਸਪਤਾਹ ਅਤਿਅੰਤ ਮਹੱਤਵਪੂਰਨ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਟੀਮ ਵਰਕ ਅਤਿਅੰਤ ਜ਼ਰੂਰੀ ਹੈ।

ਪ੍ਰਧਾਨ ਮੰਤਰੀ ਨੇ ਸਪਸ਼ਟ ਤੌਰ ਤੇ ਭਰੋਸਾ ਦਿੱਤਾ ਕਿ ਭਾਰਤ ਵਿੱਚ ਜ਼ਰੂਰੀ ਦਵਾਈਆਂ ਦੀ ਉਚਿਤ ਸਪਲਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਲੜਾਈ ਵਿੱਚ ਸਭ ਤੋਂ ਅੱਗੇ ਰਹਿਣ ਵਾਲੇ ਸਾਰੇ ਵਰਕਰਾਂ ਲਈ ਸੁਰੱਖਿਆਤਮਕ ਗਿਅਰ (ਕੱਪੜੇ-ਲੀੜੇ) ਅਤੇ ਮਹੱਤਵਪੂਰਨ ਉਪਕਰਣਾਂ ਦੀ ਉਪਲੱਬਧਤਾ ਸੁਨਿਸ਼ਚਿਤ ਕਰਨ ਲਈ ਉਪਾਅ ਕੀਤੇ ਜਾ ਰਹੇ ਹਨ । ਉਨ੍ਹਾਂ ਨੇ ਕਾਲਾਬਜ਼ਾਰੀ ਅਤੇ ਜਮ੍ਹਾਂਖੋਰੀ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦਾ ਸੰਦੇਸ਼ ਦਿੱਤਾ। ਡਾਕਟਮਰਾਂ ਅਤੇ ਸਿਹਤ ਕਰਮੀਆਂ ਤੇ ਹਮਲਿਆਂ ਤੇ ਪੂਰਬ-ਉੱਤਰ ਅਤੇ ਕਸ਼ਮੀਰ ਦੇ ਵਿਦਿਆਰਥੀਆਂ ਨਾਲ ਦੁਰਵਿਵਹਾਰ ਦੀਆਂ ਘਟਨਾਵਾਂ ਦੀ ਨਿੰਦਾ ਕਰਨ ਦੇ ਨਾਲ-ਨਾਲ ਦੁਖ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਹ ਗੱਲ ਰੇਖਾਂਕਿਤ ਕੀਤੀ ਕਿ ਇਸ ਤਰ੍ਹਾਂ ਦੇ ਮਾਮਲਿਆਂ ਨਾਲ ਦ੍ਰਿੜ੍ਹਤਾ ਨਾਲ ਨਜਿੱਠਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਲੌਕਡਾਊਨ ਦੇ ਉਲੰਘਣਾਂ ਤੇ ਅੰਕੁਸ਼ ਲਗਾਉਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦਾ ਪਾਲਣ ਕਰਨ ਦੀ ਜ਼ਰੂਰਤ ਬਾਰੇ ਵੀ ਚਰਚਾ ਕੀਤੀ ।

ਲੌਕਡਾਊਨ ਖ਼ਤਮ ਕਰਨ ਦੀ ਯੋਜਨਾ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਲੌਕਡਾਊਨ ਦੋ ਸਪਤਾਹ ਹੋਰ ਵਧਾਉਣ ਤੇ ਰਾਜਾਂ ਦਰਮਿਆਨ ਆਮ ਸਹਿਮਤੀ ਬਣਦੀ ਦਿਖ ਰਹੀ ਹੈ। ਉਨ੍ਹਾਂ ਨੇ ਇਹ ਰੇਖਾਂਕਿਤ ਕੀਤਾ ਕਿ ਸਰਕਾਰ ਦਾ ਮੰਤਰ ਪਹਿਲਾਂ ਸੀ ਜਾਨ ਹੈ ਤੋ ਜਹਾਨ ਹੈ’, ਲੇਕਿਨ ਹੁਣ ਮੰਤਰ ਹੈ ਜਾਨ ਭੀ ਜਹਾਨ ਭੀ

ਪ੍ਰਧਾਨ ਮੰਤਰੀ ਨੇ ਸਿਹਤ ਸੇਵਾ ਨਾਲ ਜੁੜੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਟੈਲੀ-ਮੈਡੀਸਿਨ ਜ਼ਰੀਏ ਰੋਗੀਆਂ ਤੱਕ ਪਹੰਚਣ ਤੇ ਵਿਸ਼ੇਸ਼ ਬਲ ਦਿੱਤਾ। ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਮੰਡੀਆਂ ਵਿੱਚ ਭੀੜ ਨੂੰ ਰੋਕਣ ਲਈ ਖੇਤੀਬਾੜੀ ਉਪਜ ਦੇ ਪ੍ਰਤੱਖ ਵਿਪਣਨ (ਮਾਰਕਿਟਿੰਗ) ਨੂੰ ਪ੍ਰੋਤਸਾਹਿਤ ਕੀਤਾ ਜਾ ਸਕਦਾ ਹੈ, ਜਿਸ ਦੇ ਲਈ ਮਾਡਲ ਏਪੀਐੱਮਸੀ ਕਾਨੂੰਨਾਂ ਵਿੱਚ ਤੇਜ਼ੀ ਨਾਲ ਸੰਸ਼ੋਧਨ ਕੀਤੇ ਜਾਣੇ ਚਾਹੀਦੇ ਹਨ। ਇਸ ਤਰ੍ਹਾਂ ਦੇ ਕਦਮਾਂ ਨਾਲ ਕਿਸਾਨਾਂ ਨੂੰ ਆਪਣੇ ਦਰਵਾਜ਼ੇ ਤੇ ਹੀ  ਆਪਣੀ ਉਪਜ ਵੇਚਣ ਵਿੱਚ ਮਦਦ ਮਿਲੇਗੀ।

ਪ੍ਰਧਾਨ ਮੰਤਰੀ ਨੇ ਆਰੋਗਯ ਸੇਤੂਐਪ ਨੂੰ ਮਕਬੂਲ ਬਣਾਉਣ ਨੂੰ ਵੀ ਕਿਹਾ, ਤਾਕਿ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਵਿੱਚ ਇਸ ਨੂੰ ਡਾਊਨਲੋਡ ਕਰਨਾ ਸੁਨਿਸ਼ਚਿਤ ਕੀਤਾ ਜਾ ਸਕੇ । ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਕਿਵੇਂ ਦੱਖਣ ਕੋਰੀਆ ਅਤੇ ਸਿੰਗਾਪੁਰ ਨੂੰ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਪਤਾ ਲਗਾਉਣ ਵਿੱਚ ਸਫ਼ਲਤਾ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਅਨੁਭਵਾਂ ਦੇ ਅਧਾਰ ਤੇ ਭਾਰਤ ਨੇ ਇਸ ਐਪ ਦੇ ਜ਼ਰੀਏ ਆਪਣੇ ਵੱਲੋਂ ਠੋਸ ਪ੍ਰਯਤਨ ਕੀਤੇ ਹਨ ਜੋ ਇਸ ਮਹਾਮਾਰੀ ਦੇ ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਇੱਕ ਜ਼ਰੂਰੀ ਸਾਧਨ ਸਾਬਤ ਹੋਵੇਗਾ। ਉਨ੍ਹਾਂ ਨੇ ਇਸ ਐਪ ਦੇ ਈ-ਪਾਸਬਣ ਜਾਣ ਦੀਆਂ ਸੰਭਾਵਨਾਵਾਂ ਦਾ ਵੀ ਜ਼ਿਕਰ ਕੀਤਾ ਜੋ ਬਾਅਦ ਵਿੱਚ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਯਾਤਰਾ ਕਰਨ ਦੀ ਸੁਵਿਧਾ ਪ੍ਰਦਾਨ ਕਰ ਸਕਦਾ ਹੈ।

ਆਰਥਿਕ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੰਕਟ ਆਤਮਨਿਰਭਰ ਬਣਨ ਅਤੇ ਰਾਸ਼ਟਰ ਨੂੰ ਇੱਕ ਆਰਥਿਕ ਮਹਾਸ਼ਕਤੀ ਵਿੱਚ ਪਰਿਵਰਤਿਤ ਕਰਨ ਦਾ ਅਵਸਰ ਹੈ।

ਇਸ ਅਵਸਰ ਤੇ ਮੁੱਖ ਮੰਤਰੀਆਂ ਨੇ ਆਪਣੇ-ਆਪਣੇ ਰਾਜਾਂ ਵਿੱਚ ਕੋਵਿਡ ਦੇ ਪਾਜ਼ਿਟਿਵ ਮਾਮਲਿਆਂ, ਸਮਾਜਿਕ ਦੂਰੀ ਬਣਾਈ ਰੱਖਣ ਲਈ ਹੁਣ ਤੱਕ ਉਠਾਏ ਗਏ ਕਦਮਾਂ, ਸਿਹਤ ਸੇਵਾਵਾਂ ਨਾਲ ਜੁੜੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਪ੍ਰਵਾਸੀਆਂ ਦੀਆਂ ਕਠਿਨਾਈਆਂ ਨੂੰ ਘੱਟ ਕਰਨ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਬਣਾਈ ਰੱਖਣ ਬਾਰੇ ਵਿਆਪਕ ਜਾਣਕਾਰੀ (ਫੀਡਬੈਕ) ਦਿੱਤੀ। ਮੁੱਖ ਮੰਤਰੀਆਂ ਨੇ ਸੁਝਾਅ ਦਿੱਤਾ ਕਿ ਲੌਕਡਾਊਨ ਨੂੰ ਦੋ ਸਪਤਾਹ ਵਧਾਇਆ ਜਾਣਾ ਚਾਹੀਦਾ ਹੈ। ਮੁੱਖ ਮੰਤਰੀਆਂ ਨੇ ਮਹਾਮਾਰੀ ਦੇ ਖ਼ਿਲਾਫ਼ ਇਸ ਲੜਾਈ ਵਿੱਚ ਆਪਣੇ ਸੰਸਾਧਨਾਂ ਨੂੰ ਵਧਾਉਣ ਲਈ ਕੇਂਦਰ ਤੋਂ ਵਿੱਤੀ ਸਹਾਇਤਾ ਵੀ ਮੰਗੀ।

ਕੇਂਦਰੀ ਗ੍ਰਹਿ ਮੰਤਰੀ, ਰੱਖਿਆ ਮੰਤਰੀ, ਸਿਹਤ ਮੰਤਰੀ, ਪ੍ਰਿੰਸੀਪਲ ਸਕੱਤਰ, ਕੈਬਨਿਟ ਸਕੱਤਰ ਅਤੇ ਭਾਰਤ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਇਸ ਗੱਲਬਾਤ ਵਿੱਚ ਹਿੱਸਾ ਲਿਆ।

 

******

 

ਵੀਆਰਆਰਕੇ/ਕੇਪੀ



(Release ID: 1613429) Visitor Counter : 206