ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ–19 ਬਾਰੇ ਅੱਪਡੇਟ
Posted On:
05 APR 2020 6:48PM by PIB Chandigarh
ਦੇਸ਼ ’ਚ ਕੋਵਿਡ–19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੇ ਪ੍ਰਬੰਧ ਲਈ ਭਾਰਤ ਸਰਕਾਰ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕੇ ਹਨ। ਇਨ੍ਹਾਂ ਦੀ ਨਿਯਮਿਤ ਤੌਰ ’ਤੇ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਉੱਚਤਮ ਪੱਧਰ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ।
ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਉੱਚ ਅਧਿਕਾਰ ਪ੍ਰਾਪਤ ਗਰੁੱਪਾਂ ਦੀ ਸਾਂਝੀ ਮੀਟਿੰਗ ਸਮੁੱਚੇ ਦੇਸ਼ ’ਚ ਕੋਵਿਡ–19 ਦਾ ਟਾਕਰਾ ਕਰਨ ਲਈ ਯੋਜਨਾਬੰਦੀ, ਤਿਆਰੀ ਤੇ ਉਸ ਨੂੰ ਲਾਗੂ ਕਰਨਾ ਸੁਨਿਸ਼ਚਿਤ ਕਰਨ ਵਾਸਤੇ ਹੋਈ। ਗਰੁੱਪਾਂ ਨੇ ਹੁਣ ਤੱਕ ਹਸਪਤਾਲਾਂ, ਆਈਸੋਲੇਸ਼ਨ ਤੇ ਕੁਆਰੰਟੀਨ ਸੁਵਿਧਾਵਾਂ, ਟੈਸਟਿੰਗ ਤੇ ਨਾਜ਼ੁਕ ਮਾਮਲਿਆਂ ’ਚ ਦੇਖਭਾਲ ਦੀ ਸਿਖਲਾਈ ਆਦਿ ਦੀ ਉਪਲੱਬਧਤਾ ਸਬੰਧੀ ਕੀਤੀਆਂ ਕਾਰਵਾਈਆਂ ਤੋਂ ਜਾਣੂ ਕਰਵਾਇਆ।
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਕੋਵਿਡ–19 ਉੱਤੇ ਕਾਬੂ ਪਾਉਣ ਲਈ ਕੀਤੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਝੱਜਰ ਸਥਿਤ ‘ਆਲ ਇੰਡੀਆ ਇੰਸਟੀਟਿਊਟ ਆੱਵ ਮੈਡੀਕਲ ਸਾਇੰਸਜ਼’ (ਏਮਸ) ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਏਮਸ ਝੱਜਰ ਪੂਰੀ ਤਰ੍ਹਾਂ ਕੋਵਿਡ–19 ਹਸਪਤਾਲ ਵਜੋਂ ਕੰਮ ਕਰੇਗਾ, ਜਿਸ ਦੇ 300 ਬਿਸਤਰਿਆਂ ਵਾਲੇ ਆਈਸੋਲੇਸ਼ਨ ਵਾਰਡ ਹਨ ਅਤੇ ਜਿਸ ਨਾਲ ਆਈਸੋਲੇਸ਼ਨ ’ਚ ਰੱਖੇ ਜਾਣ ਵਾਲੇ ਮਰੀਜ਼ਾਂ ਲਈ ਤੁਰੰਤ ਦੇਖਭਾਲ਼ ਯਕੀਨੀ ਹੋ ਸਕੇਗੀ ਕਿਉਂਕਿ ਉਨ੍ਹਾਂ ਲਈ ਉੱਨਤ ਕਿਸਮ ਦੀ ਮੈਡੀਕਲ ਮਦਦ ਦੀ ਜ਼ਰੂਰਤ ਹੁੰਦੀ ਹੈ। ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ‘ਸਮੁੱਚੇ ਵਿਸ਼ਵ ਦੇ ਲੋਕ ਇਸ ਵੇਲੇ ਘਾਤਕ ਕਿਸਮ ਦੇ ਵਾਇਰਸ ਦੇ ਖਾਤਮੇ ਲਈ ਵੈਕਸੀਨ ਦੀ ਖੋਜ ਹਿਤ ਦਿਨ–ਰਾਤ ਇੱਕ ਕਰ ਰਹੇ ਹਨ ਅਤੇ ਜਦੋਂ ਤੱਕ ਇਸ ਦੀ ਖੋਜ ਨਹੀਂ ਹੋ ਜਾਂਦੀ, ਤਦ ਤੱਕ ਸਾਨੂੰ ਜ਼ਰੂਰ ਹੀ ਕੋਵਿਡ–19 ਦੇ ਖਾਤਮੇ ਵਾਸਤੇ ਲੌਕਡਾਊਨ ਤੇ ਸੋਸ਼ਲ–ਡਿਸਟੈਂਸਿੰਗ (ਸਮਾਜਿਕ–ਦੂਰੀ) ਨੂੰ ਹੀ ਇੱਕ ਪ੍ਰਭਾਵਸ਼ਾਲੀ ਸਮਾਜਿਕ ਵੈਕਸੀਨ ਮੰਨਣਾ ਚਾਹੀਦਾ ਹੈ।’
ਕੈਬਨਿਟ ਸਕੱਤਰ ਨੇ ਅੱਜ ਇੱਥੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਤੇ ਸਿਹਤ ਸਕੱਤਰਾਂ ਅਤੇ ਸਾਰੇ ਜ਼ਿਲ੍ਹਿਆਂ ਦੇ ਡੀਐੱਮ, ਐੱਸਐੱਸਪੀ, ਸੀਐੱਮਓ, ਆਈਡੀਐੱਸਪੀ ਸਟਾਫ਼ ਨਾਲ ਇੱਕ ਵੀਡੀਓ ਕਾਨਫ਼ਰੰਸ ਰਾਹੀਂ ਗੱਲਬਾਤ ਕੀਤੀ। ਉਨ੍ਹਾਂ ਸਾਰੇ ਡੀਐੱਮਜ਼ ਨੂੰ ਇਹ ਯਕੀਨੀ ਬਣਾਉਣ ਦੀ ਹਿਦਾਇਤ ਕੀਤੀ ਕਿ ਦਵਾਈਆਂ ਤੇ ਮੈਡੀਕਲ ਉਪਕਰਨ ਤਿਆਰ ਕਰਨ ਵਾਲੀਆਂ ਫ਼ਾਰਮਾ ਇਕਾਈਆਂ ਸੁਖਾਵੇਂ ਢੰਗ ਨਾਲ ਚੱਲਦੀਆਂ ਰਹਿਣ। ਅੱਜ ਦੀ ਵੀਡੀਓ ਕਾਨਫ਼ਰੰਸ ’ਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਰੇ ਸਟਾਫ਼ ਤੇ ਸਬੰਧਿਤ ਨੁਮਾਇੰਦਿਆਂ ਨੂੰ ਆਮ ਜਨਤਾ ਨੂੰ ਘਰਾਂ ’ਚ ਰੱਖਣ ਨਾਲ ਸਬੰਧਿਤ ਨੀਤੀ ਬਾਰੇ ਜਾਣਕਾਰੀ ਦਿੱਤੀ ਗਈ। ਸਾਰੇ ਜ਼ਿਲ੍ਹਿਆਂ ਨੂੰ ਕੋਵਿਡ–19 ਸੰਕਟ ਨਾਲਾ ਨਿਪਟਣ ਲਈ ਅਗਲੇਰੀ ਯੋਜਨਾ ਉਲੀਕਣ ਦੀ ਸਲਾਹ ਦਿੱਤੀ ਗਈ। ਇਸ ਵੀਡੀਓ ਕਾਨਫ਼ਰੰਸ ਰਾਹੀਂ, ਛੇ ਜ਼ਿਲ੍ਹਿਆਂ (ਭੀਲਵਾੜਾ, ਆਗਰਾ, ਗੌਤਮ ਬੁੱਧ ਨਗਰ, ਪਠਾਨਮਥਿੱਤਾ (Pathanamthitta) (ਕੇਰਲ), ਪੂਰਬੀ ਦਿੱਲੀ ਤੇ ਮੁੰਬਈ ਸ਼ਹਿਰੀ) ਦੇ ਜ਼ਿਲ੍ਹਾ ਕਮਿਸ਼ਨਰਾਂ ਤੇ ਮਿਉਂਸਪਲ ਕਮਿਸ਼ਨਰਾਂ ਨੇ ਆਪਣੀਆਂ ਨੀਤੀਆਂ ਤੇ ਅਨੁਭਵ ਸਾਂਝੇ ਕੀਤੇ।
ਹੁਣ ਤੱਕ ਦੇਸ਼ ਭਰ ’ਚ ਕੁੱਲ 274 ਜ਼ਿਲ੍ਹੇ ਕੋਵਿਡ–19 ਵਾਇਰਸ ਤੋਂ ਪ੍ਰਭਾਵਿਤ ਹੋਏ ਹਨ।
ਗਰੁੱਪਾਂ ’ਚ (ਲੋਕਾਂ ਨੂੰ ਘਰਾਂ ’ਚ ਰੱਖਣ ਦੇ ਜ਼ੋਨਾਂ ਨਾਲ) ਅਤੇ ਵਿਸ਼ਾਲ ਪ੍ਰਵਾਸੀ ਇਕੱਠਾਂ/ਇਵੈਕੁਈਜ਼ ਕੇਂਦਰਾਂ ’ਚ ਆਈਸੀਐੱਮਆਰ ਦੁਆਰਾ ਕੋਵਿਡ–19 ਲਈ ਤੇਜ਼–ਰਫ਼ਤਾਰ ਐਂਟੀਬੌਡੀ ਅਧਾਰਿਤ ਖੂਨ ਦੇ ਟੈਸਟਾਂ ਬਾਰੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਐਡਵਾਈਜ਼ਰੀ ਅਨੁਸਾਰ, ਇਹ ਸੁਵਿਧਾਵਾਂ ਇਹ ਯਕੀਨੀ ਬਣਾਉਣਗੀਆਂ ਕਿ ਟੈਸਟ ਦੀ ਰਿਪੋਰਟਿੰਗ ਸਿੱਧੀ ਆਈਸੀਐੱਮਆਰਾ ਪੋਰਟਲ ’ਤੇ ਅੱਪਲੋਡ ਕਰ ਦਿੱਤੀ ਜਾਵੇ। ਇਸ ਨਾਲ ਸੰਪਰਕ ਲੱਭਣ ਤੇ ਸਮੇਂ–ਸਿਰ ਇਲਾਜ ਕਰਨ ਦੀ ਪ੍ਰਕਿਰਿਆ ’ਚ ਤੇਜ਼ੀ ਆਵੇਗੀ।
ਆਈਸੀਐੱਮਆਰ ਦੁਆਰਾ ਜਾਰੀ ਇੱਕ ਹਾਲੀਆ ਅਡਵਾਈਜ਼ਰੀ ਅਨਸਾਰ ਜਨਤਕ ਸਥਾਨਾਂ ’ਤੇ ਥੁੱਕਣ ਨਾਲ ਕੋਵਿਡ–19 ਵਾਇਰਸ ਦਾ ਫੈਲਣਾ ਵਧ ਸਕਦਾ ਹੈ। ਕੋਵਿਡ–19 ਦੀ ਵਿਸ਼ਵ–ਪੱਧਰੀ ਮਹਾਮਾਰੀ ਦੇ ਵਧਦੇ ਖ਼ਤਰੇ ਦੇ ਮੱਦੇਨਜ਼ਰ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਕੋਵਿਡ–19 ਦੀ ਮਹਾਮਾਰੀ ਦੌਰਾਨ ਧੂੰਆਂ–ਰਹਿਤ ਤਮਾਕੂ ਉਤਪਾਦਾਂ ਦਾ ਸੇਵਨ ਕਰਨ ਅਤੇ ਜਨਤਕ ਸਥਾਨਾਂ ’ਤੇ ਥੁੱਕਣ ਤੋਂ ਗੁਰੇਜ਼ ਕਰਨ।
ਹੁਣ ਤੱਕ 3,374 ਕੋਰੋਨਾ–ਪਾਜ਼ਿਟਿਵ ਕੇਸ ਤੇ 79 ਮੌਤਾਂ ਰਿਪੋਰਟ ਹੋ ਚੁੱਕੀਆਂ ਹਨ, 267 ਵਿਅਕਤੀਆਂ ਦਾ ਇਲਾਜ ਹੋ ਚੁੱਕਾ ਹੈ/ਇਲਾਜ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ।
ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਤਾਜ਼ਾ ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰ ਕੇ ਨਿਯਮਿਤ ਰੂਪ ’ਚ ਇੱਥੇ ਜਾਓ: https://www.mohfw.gov.in/.
ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।
ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰ ਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਜਾਂ 1075 (ਟੋਲ–ਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲੱਬਧ ਹੈ https://www.mohfw.gov.in/pdf/coronvavirushelplinenumber.pdf.
*****
ਐੱਮਵੀ
(Release ID: 1611490)
Visitor Counter : 153
Read this release in:
Assamese
,
Kannada
,
English
,
Hindi
,
Marathi
,
Manipuri
,
Bengali
,
Gujarati
,
Odia
,
Tamil
,
Telugu
,
Malayalam