ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਦਰਮਿਆਨ ਟੈਲੀਫੋਨ ’ਤੇ ਗੱਲਬਾਤ ਹੋਈ

Posted On: 04 APR 2020 9:58PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ। ਦੋਹਾਂ ਨੇਤਾਵਾਂ ਨੇ ਦੁਨੀਆ ਵਿੱਚ ਜਾਰੀ ਕੋਵਿਡ-19 ਮਹਾਮਾਰੀ ਅਤੇ ਆਲਮੀ ਸਿਹਤ ਅਤੇ ਅਰਥਵਿਵਸਥਾ ਉੱਤੇ ਇਸ ਦੇ ਅਸਰ ਬਾਰੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।

ਪ੍ਰਧਾਨ ਮੰਤਰੀ ਨੇ ਅਮਰੀਕਾ ਵਿੱਚ ਹੋਏ ਜਾਨੀ ਨੁਕਸਾਨ ਤੇ ਗਹਿਰੀ ਸੰਵੇਦਨਾ ਪ੍ਰਗਟ ਕੀਤੀ ਅਤੇ ਇਸ ਬਿਮਾਰੀ ਨਾਲ ਜੂਝ ਰਹੇ ਲੋਕਾਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ।

ਦੋਹਾਂ ਦੇਸ਼ਾਂ ਦਰਮਿਆਨ ਵਿਸ਼ੇਸ਼ ਸਬੰਧਾਂ ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਆਲਮੀ ਸੰਕਟ ਨੂੰ ਮਿਲ ਕੇ ਨਜਿੱਠਣ ਲਈ ਅਮਰੀਕਾ ਨਾਲ ਭਾਰਤ ਦੀ ਇਕਜੁੱਟਤਾ ਜ਼ਾਹਰ ਕੀਤੀ ਹੈ। ਦੋਵੇਂ ਨੇਤਾ ਕੋਵਿਡ-19 ਦਾ ਦ੍ਰਿੜ੍ਹਤਾਪੂਰਵਕ ਅਤੇ ਪ੍ਰਭਾਵੀ ਤਰੀਕੇ ਨਾਲ ਮੁਕਾਬਲਾ ਕਰਨ ਲਈ ਭਾਰਤ-ਅਮਰੀਕਾ ਦੀ ਭਾਈਵਾਲੀ ਦੀ ਪੂਰੀ ਤਾਕਤ ਲਗਾਉਣ ਲਈ ਸਹਿਮਤ ਹੋਏ।

ਪ੍ਰਧਾਨ ਮੰਤਰੀ ਅਤੇ ਅਮਰੀਕੀ ਰਾਸ਼ਟਰਪਤੀ ਨੇ ਇੱਕ-ਦੂਜੇ ਨੂੰ ਮਹਾਮਾਰੀ ਦੇ ਸਿਹਤ ਅਤੇ ਆਰਥਿਕ ਅਸਰ ਨੂੰ ਘੱਟ ਕਰਨ ਲਈ ਆਪਣੇ-ਆਪਣੇ ਦੇਸ਼ ਵਿੱਚ ਉਠਾਏ ਗਏ ਜ਼ਰੂਰੀ ਕਦਮਾਂ ਬਾਰੇ ਦੱਸਿਆ।

ਦੋਹਾਂ ਨੇਤਾਵਾਂ ਨੇ ਇਸ ਮੁਸ਼ਕਿਲ ਦੌਰ ਵਿੱਚ ਸਰੀਰਕ ਅਤੇ ਮਾਨਸਿਕ ਸਿਹਤ ਸੁਨਿਸ਼ਚਿਤ ਕਰਨ ਲਈ ਯੋਗ ਅਤੇ ਆਯੁਰਵੇਦ (ਪਰੰਪਰਾਗਤ ਭਾਰਤੀ ਹਰਬਲ ਚਿਕਿਤਸਾ ਪੱਧਤੀ) ਜਿਹੇ ਇਲਾਜ ਦੇ ਮਹੱਤਵ ਬਾਰੇ ਵੀ ਗੱਲ ਕੀਤੀ।

ਉਨ੍ਹਾਂ ਨੇ ਸਹਿਮਤੀ ਪ੍ਰਗਟਾਈ ਕਿ ਉਨ੍ਹਾਂ ਦੇ ਅਧਿਕਾਰੀ ਆਲਮੀ ਕੋਵਿਡ-19 ਸੰਕਟ ਨੂੰ ਲੈ ਕੇ ਇੱਕ-ਦੂਜੇ ਦੇ ਸੰਪਰਕ ਵਿੱਚ ਰਹਿਣਗੇ।

******

ਵੀਆਰਆਰਕੇ/ਏਕੇ


(Release ID: 1611290) Visitor Counter : 159