ਗੋਆ ਦੇ ਪਣਜੀ ਵਿੱਚ ਆਯੋਜਿਤ 57ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇੱਫੀ) ਵਿੱਚ ਸਿਨੇਮਾ ਦੇ ਨਾਲ-ਨਾਲ ਹੋਰ ਵੀ ਕਈ ਆਕਰਸ਼ਕ ਅਨੁਭਵ ਪ੍ਰਾਪਤ ਹੋ ਰਹੇ ਹਨ। ਇੱਫੀ ਕੰਪਲੈਕਸ ਰਚਨਾਤਮਕ ਸੰਸਥਾਵਾਂ, ਸੱਭਿਆਚਾਰਕ ਪਹਿਲਕਦਮੀਆਂ, ਖੇਤਰੀ ਪਕਵਾਨਾਂ, ਸਥਾਨਕ ਉਤਪਾਦਾਂ, ਯਾਦਗਾਰੀ ਚਿੰਨ੍ਹਾਂ ਅਤੇ ਪਹੁੰਚਯੋਗਤਾ ਸਬੰਧੀ ਪਹਿਲਕਦਮੀਆਂ ਦੇ ਇੱਕ ਜੀਵੰਤ ਕੇਂਦਰ ਵਜੋਂ ਵਿਕਸਿਤ ਹੋਇਆ ਹੈ। ਇਹਨਾਂ ਵਿਭਿੰਨ ਗਤੀਵਿਧੀਆਂ ਦੇ ਮਾਧਿਅਮ ਨਾਲ ਮਹੋਤਸਵ ਵਿੱਚ ਸ਼ਾਮਲ ਪ੍ਰਤੀਨਿਧੀਆਂ, ਫਿਲਮ ਨਿਰਮਾਤਾਵਾਂ, ਵਿਦਿਆਰਥੀਆਂ ਅਤੇ ਵਿਜ਼ਿਟਰਾਂ ਨੂੰ ਭਾਰਤ ਦੀ ਸਮ੍ਰਿੱਧ ਰਚਨਾਤਮਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਜਾਣਨ-ਸਮਝਣ ਅਤੇ ਉਸ ਨਾਲ ਜੁੜਨ ਦਾ ਅਵਸਰ ਮਿਲ ਰਿਹਾ ਹੈ।

ਪਹੁੰਚਯੋਗਤਾ ਅਤੇ ਸ਼ਮੂਲੀਅਤ ਨੂੰ ਹੁਲਾਰਾ
ਮਹੋਤਸਵ ਕੰਪਲੈਕਸ ਦੀ ਇੱਕ ਮਹੱਤਵਪੂਰਨ ਪਹਿਲ 'ਸਵਯਮ' (Svayam) ਦੁਆਰਾ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਹੈ। ਇਹ ਸੰਸਥਾ ਸੀਮਤ ਗਤੀਸ਼ੀਲਤਾ ਵਾਲੇ ਦਿਵਿਯਾਂਗਜਨਾਂ ਦੇ ਸਨਮਾਨ, ਗਰਿਮਾ ਅਤੇ ਪਹੁੰਚਯੋਗਤਾ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਦੀ ਹੈ। ਆਈਐੱਫਐੱਫਆਈ (IFFI) ਵਿੱਚ ਦੂਜੀ ਵਾਰ ਭਾਗੀਦਾਰੀ ਕਰਦੇ ਹੋਏ, ਸਵਯਮ ਜਨਤਕ ਥਾਵਾਂ ਨੂੰ ਪਹੁੰਚਯੋਗ ਬਣਾਉਣ ਅਤੇ ਸੱਭਿਆਚਾਰਕ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਦਿਵਿਯਾਂਗਜਨਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਦੀ ਜ਼ਰੂਰਤ ਪ੍ਰਤੀ ਲੋਕਾਂ ਦਾ ਧਿਆਨ ਆਕਰਸ਼ਿਤ ਕਰ ਰਿਹਾ ਹੈ। ਇਹ ਪਹਿਲ ਮਹੋਤਸਵ ਵਾਲੀ ਥਾਂ 'ਤੇ ਕੀਤੇ ਗਏ ਪਹੁੰਚਯੋਗਤਾ ਸਬੰਧੀ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਦੀ ਹੈ ਅਤੇ ਇਸ ਗੱਲ 'ਤੇ ਜ਼ੋਰ ਦਿੰਦੀ ਹੈ ਕਿ ਸੱਭਿਆਚਾਰਕ ਅਨੁਭਵ ਸਾਰਿਆਂ ਲਈ ਪਹੁੰਚਯੋਗ, ਆਸਾਨ ਅਤੇ ਸਵਾਗਤਯੋਗ ਹੋਣੇ ਚਾਹੀਦੇ ਹਨ।
ਭਾਰਤ ਦੇ ਰਚਨਾਤਮਕ ਅਤੇ ਵਿਦਿਅਕ ਮਾਹੌਲ ਦਾ ਪ੍ਰਦਰਸ਼ਨ
ਮਹੋਤਸਵ ਕੰਪਲੈਕਸ ਰਚਨਾਤਮਕ ਤਕਨਾਲੋਜੀ, ਸਿਨੇਮਾ, ਪ੍ਰਦਰਸ਼ਨ ਕਲਾਵਾਂ ਅਤੇ ਡਿਜ਼ਾਈਨ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਸੰਸਥਾਵਾਂ ਨੂੰ ਆਪਣੀਆਂ ਪਹਿਲਕਦਮੀਆਂ ਨੂੰ ਪੇਸ਼ ਕਰਨ ਅਤੇ ਵਿਜ਼ਿਟਰਾਂ ਨਾਲ ਗੱਲਬਾਤ ਕਰਨ ਦਾ ਮੰਚ ਵੀ ਪ੍ਰਦਾਨ ਕਰ ਰਿਹਾ ਹੈ।
ਮੁੰਬਈ ਸਥਿਤ ਭਾਰਤੀ ਰਚਨਾਤਮਕ ਤਕਨਾਲੋਜੀ ਸੰਸਥਾਨ (ਆਈਆਈਸੀਟੀ), ਜੋ ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ, ਕੌਮਿਕਸ ਅਤੇ ਐਕਸਟੈਂਡਡ ਰਿਐਲਿਟੀ (AVGC-XR) ਦੇ ਖੇਤਰ ਵਿੱਚ ਭਾਰਤ ਦਾ ਰਾਸ਼ਟਰੀ ਉੱਤਮਤਾ ਕੇਂਦਰ ਹੈ, ਐਨੀਮੇਸ਼ਨ ਕਰੈਕਟਰ ਨਿਰਮਾਣ ਮੁਕਾਬਲੇ ਰਾਹੀਂ ਵੀ ਵਿਜ਼ਿਟਰਾਂ ਨੂੰ ਜੋੜ ਰਿਹਾ ਹੈ। ਇਸ ਦੇ ਨਾਲ ਹੀ, ਸੰਸਥਾਨ ਵੱਲੋਂ ਪ੍ਰਦਰਸ਼ਿਤ ਉਤਪਾਦ ਵਿਜ਼ਿਟਰਾਂ ਨੂੰ ਰਚਨਾਤਮਕ ਤਕਨਾਲੋਜੀ ਖੇਤਰ ਦੀਆਂ ਸੰਭਾਵਨਾਵਾਂ ਅਤੇ ਇਸ ਵਿੱਚ ਉਪਲਬਧ ਹੁੰਦੇ ਮੌਕਿਆਂ ਤੋਂ ਜਾਣੂ ਕਰਵਾ ਰਹੇ ਹਨ।

ਡਾਇਰੈਕਟੋਰੇਟ ਆਫ ਪਬਲੀਕੇਸ਼ਨ ਡਿਵੀਜ਼ਨ (DPD) ਭਾਰਤੀ ਸਿਨੇਮਾ 'ਤੇ ਅਧਾਰਿਤ ਕਿਤਾਬਾਂ ਦੇ ਸੰਗ੍ਰਹਿ ਦੇ ਨਾਲ-ਨਾਲ ਆਪਣੀ ਪ੍ਰਸਿੱਧ ਗਾਂਧੀਵਾਦੀ ਕਿਤਾਬ ਲੜੀ ਦਾ ਪ੍ਰਦਰਸ਼ਨ ਕਰ ਰਿਹਾ ਹੈ। ਚੁਣੀਆਂ ਗਈਆਂ ਕਿਤਾਬਾਂ 'ਤੇ ਵਿਸ਼ੇਸ਼ ਛੋਟ ਵੀ ਦਿੱਤੀ ਜਾ ਰਹੀ ਹੈ, ਜਿਸ ਨਾਲ ਵਿਜ਼ਿਟਰਾਂ ਨੂੰ ਇਸ ਦੇ ਸਾਹਿਤਕ ਸੰਗ੍ਰਹਿ ਨੂੰ ਦੇਖਣ ਅਤੇ ਕਿਤਾਬਾਂ ਦਾ ਲਾਭ ਉਠਾਉਣ ਲਈ ਉਤਸ਼ਾਹ ਮਿਲ ਰਿਹਾ ਹੈ।
ਐੱਸਏ ਫਿਲਮ ਅਕੈਡਮੀ, ਚੇੱਨਈ, ਦਾਦਾ ਲਕਸ਼ਮੀਚੰਦ ਸਟੇਟ ਪਰਫਾਰਮਿੰਗ ਐਂਡ ਵਿਜ਼ੂਅਲ ਆਰਟਸ ਯੂਨੀਵਰਸਿਟੀ, ਰੋਹਤਕ, ਹਰਿਆਣਾ ਅਤੇ ਜੇਡੀ ਇੰਸਟੀਟਿਊਟ ਆਫ਼ ਫੈਸ਼ਨ ਟੈਕਨਾਲੋਜੀ ਦੀ ਭਾਗੀਦਾਰੀ ਵੀ ਭਾਰਤ ਦੇ ਤੇਜ਼ੀ ਨਾਲ ਫੈਲ ਰਹੇ ਮੀਡੀਆ, ਮਨੋਰੰਜਨ ਅਤੇ ਰਚਨਾਤਮਕ ਉਦਯੋਗਾਂ ਵਿੱਚ ਯੋਗਦਾਨ ਪਾਉਣ ਵਾਲੇ ਵਿਦਿਅਕ ਅਤੇ ਪੇਸ਼ੇਵਰ ਖੇਤਰਾਂ ਦੀ ਵਿਆਪਕਤਾ ਨੂੰ ਦਰਸਾਉਂਦੀ ਹੈ।
ਖੇਤਰੀ ਵਿਭਿੰਨਤਾ ਦਾ ਸੁਆਦ
ਮਹੋਤਸਵ ਕੰਪਲੈਕਸ ਵਿੱਚ ਲੱਗੇ ਖਾਣ-ਪੀਣ ਦੇ ਸਟਾਲ ਇੱਥੇ ਦੇ ਅਨੁਭਵ ਨੂੰ ਇੱਕ ਨਵਾਂ ਆਯਾਮ ਦੇ ਰਹੇ ਹਨ। ਇਨ੍ਹਾਂ ਸਟਾਲਾਂ 'ਤੇ ਰਵਾਇਤੀ ਨਾਗਾ ਪਕਵਾਨਾਂ ਅਤੇ ਬਿਰਿਆਨੀ ਤੋਂ ਲੈ ਕੇ ਡੋਸਾ, ਕੌਫੀ ਅਤੇ ਬੇਕਰੀ ਉਤਪਾਦਾਂ ਤੱਕ ਕਈ ਤਰ੍ਹਾਂ ਦੇ ਖੇਤਰੀ ਅਤੇ ਮਸ਼ਹੂਰ ਖਾਣ-ਪੀਣ ਦੇ ਵਿਕਲਪ ਉਪਲਬਧ ਹਨ। ਗੋਆ ਦੀ ਵਿਲੱਖਣ ਪਛਾਣ ਨੂੰ ਸਾਹਮਣੇ ਲਿਆਉਂਦੇ ਹੋਏ, ਗੋਆ ਫੋਰੈਸਟ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟੇਡ ਸਥਾਨਕ ਪੱਧਰ 'ਤੇ ਪੈਦਾ ਹੋਏ ਕਾਜੂ ਦਾ ਪ੍ਰਦਰਸ਼ਨ ਕਰ ਰਿਹਾ ਹੈ, ਜੋ ਇਸ ਖੇਤਰ ਦੇ ਰਵਾਇਤੀ ਉਤਪਾਦਾਂ ਨੂੰ ਦਰਸਾਉਂਦਾ ਹੈ।

ਮਹੋਤਸਵ ਦੇ ਯਾਦਗਾਰੀ ਚਿੰਨ੍ਹਾਂ ਅਤੇ ਰਚਨਾਤਮਕ ਉਤਪਾਦਾਂ ਦੀ ਇੱਕ ਵਿਸ਼ਾਲ ਲੜੀ ਵੱਖ-ਵੱਖ ਸਟਾਲਾਂ 'ਤੇ ਉਪਲਬਧ ਹੈ। ਪੁਣੇ ਸਥਿਤ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਸੰਸਥਾਨ (FTII) ਇੱਥੇ ਪਹਿਰਾਵੇ ਅਤੇ ਸਹਾਇਕ ਵਸਤੂਆਂ ਦਾ ਪ੍ਰਦਰਸ਼ਨ ਕਰ ਰਿਹਾ ਹੈ, ਉੱਥੇ ਹੀ ਐਂਟਰਟੇਨਮੈਂਟ ਸੋਸਾਇਟੀ ਆਫ਼ ਗੋਆ (ESG) ਵੀ ਆਪਣੇ ਉਤਪਾਦਾਂ ਦਾ ਸੰਗ੍ਰਹਿ ਪੇਸ਼ ਕਰ ਰਹੀ ਹੈ।
ਵੱਡੇ ਪਰਦੇ ਤੋਂ ਪਰੇ ਮਨੋਰੰਜਨ ਦੇ ਵੱਖ-ਵੱਖ ਪਹਿਲੂ
ਮਹੋਤਸਵ ਦੇ ਅਨੁਭਵ ਨੂੰ ਡਿਜੀਟਲ ਅਤੇ ਪ੍ਰਸਾਰਣ ਮਾਧਿਅਮਾਂ ਤੱਕ ਵਧਾਉਂਦੇ ਹੋਏ ਪ੍ਰਾਈਮ ਵੀਡੀਓ (Prime Video), ਸਟੋਰੀ ਟੀਵੀ ਐਪ ਅਤੇ ਬਿਗ ਐੱਫਐੱਮ (Big FM) ਵੀ ਆਪਣੇ-ਆਪਣੇ ਸਟਾਲ ਰਾਹੀਂ ਇਸ ਵਿੱਚ ਹਿੱਸਾ ਲੈ ਰਹੇ ਹਨ। ਇਨ੍ਹਾਂ ਦੀ ਮੌਜੂਦਗੀ ਵਿਜ਼ਿਟਰਾਂ ਨੂੰ ਤੇਜ਼ੀ ਨਾਲ ਬਦਲਦੇ ਮੀਡੀਆ ਅਤੇ ਮਨੋਰੰਜਨ ਜਗਤ ਦੇ ਵੱਖ-ਵੱਖ ਰੂਪਾਂ ਅਤੇ ਮੰਚਾਂ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰ ਰਹੀ ਹੈ।
ਸਟਾਲ ਸੰਚਾਲਕਾਂ ਨੇ ਉਨ੍ਹਾਂ ਦੀ ਭਾਗੀਦਾਰੀ ਨੂੰ ਸੁਖਾਲਾ ਬਣਾਉਣ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਐਂਟਰਟੇਨਮੈਂਟ ਸੋਸਾਇਟੀ ਆਫ਼ ਗੋਆ (ESG) ਅਤੇ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (NFDC) ਵੱਲੋਂ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਕੀਤੀ।
ਰਚਨਾਤਮਕ ਸੰਸਥਾਵਾਂ, ਖੇਤਰੀ ਪਕਵਾਨਾਂ, ਸਥਾਨਕ ਉਤਪਾਦਾਂ, ਮਨੋਰੰਜਨ ਮੰਚਾਂ ਅਤੇ ਪਹੁੰਚਯੋਗਤਾ ਸਬੰਧੀ ਪਹਿਲਕਦਮੀਆਂ ਦੇ ਤਾਲਮੇਲ ਨਾਲ ਆਈਐੱਫਐੱਫਆਈ (IFFI) ਕੰਪਲੈਕਸ ਦਰਸ਼ਕਾਂ ਨੂੰ ਭਾਰਤ ਦੀ ਸੱਭਿਆਚਾਰਕ ਅਤੇ ਰਚਨਾਤਮਕ ਵਿਭਿੰਨਤਾ ਦੇ ਵੱਖ-ਵੱਖ ਪਹਿਲੂਆਂ ਨੂੰ ਜਾਣਨ, ਗੱਲਬਾਤ ਕਰਨ ਅਤੇ ਉਨ੍ਹਾਂ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰ ਰਿਹਾ ਹੈ।

ਇੱਫੀਲੌਇਡ ਇੱਥੇ ਪੜ੍ਹੋ:
https://www.pib.gov.in/iffi/57/iffiLoid.aspx?yr=2026&lang=1®=48
* * *
ਪੀਆਈਬੀ ਇੱਫੀ ਟੀਮ/ ਰਬੀਹਾਸ਼ਮੀ/ਸੁਪ੍ਰਿਆ/ਲਕਸ਼ਮੀਪ੍ਰਿਆ/ ਐਂਡਰਿਊ/ਦਰਸ਼ਨਾ/ ਸ਼ੀਨਮ| IFFI 57 – 103