ਗੋਆ ਵਿੱਚ ਆਯੋਜਿਤ 57ਵੇਂ ਅੰਤਰਰਾਸ਼ਟਰੀ ਫਿਲਮ ਮਹੋਤਸਵ, ਇੱਫੀ (IFFI), ਦੌਰਾਨ ‘Words Across Borders: Subtitling Across Cultures’ ਯਾਨੀ ‘ਸਰਹੱਦਾਂ ਤੋਂ ਪਾਰ ਸ਼ਬਦ: ਸੱਭਿਆਚਾਰਾਂ ਦਰਮਿਆਨ ਸਬਟਾਈਟਲਿੰਗ’ (ਉਪ-ਸਿਰਲੇਖ) ਵਿਸ਼ੇ ‘ਤੇ ਆਯੋਜਿਤ ਮਾਸਟਰਕਲਾਸ ਵਿੱਚ ਸਬਟਾਈਟਲਿੰਗ ਦੀ ਕਲਾ ਅਤੇ ਭਾਰਤੀ ਸਿਨੇਮਾ ਨੂੰ ਵਿਸ਼ਵ ਪੱਧਰੀ ਦਰਸ਼ਕਾਂ ਤੱਕ ਪਹੁੰਚਾਉਣ ਵਿੱਚ ਇਸ ਦੀ ਭੂਮਿਕਾ ਬਾਰੇ ਪ੍ਰਸਿੱਧ ਸਬਟਾਈਟਲ ਮਾਹਿਰ ਰੇਖਸ ਨੇ ਆਪਣੇ ਵਿਚਾਰ ਸਾਂਝੇ ਕੀਤੇ। ਰੇਖਸ ਨੇ ਪੰਜ ਭਾਸ਼ਾਵਾਂ ਵਿੱਚ 800 ਤੋਂ ਵੱਧ ਫਿਲਮਾਂ ਦਾ ਅਨੁਵਾਦ ਕੀਤਾ ਹੈ।
ਸਬਟਾਈਟਲਿੰਗ ਸਿਰਫ਼ ਸ਼ਬਦਾਂ ਦਾ ਅਨੁਵਾਦ ਕਰਨ ਤੱਕ ਸੀਮਤ ਨਹੀਂ ਹੈ, ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਰੇਖਸ ਨੇ ਕਿਹਾ ਕਿ ਇਸ ਦੇ ਲਈ ਧੀਰਜ, ਰਚਨਾਤਮਕਤਾ, ਸੱਭਿਆਚਾਰਕ ਸਮਝ ਅਤੇ ਫਿਲਮ ਵਿੱਚ ਸ਼ਾਮਲ ਭਾਵਨਾਵਾਂ ਪ੍ਰਤੀ ਸੰਵੇਦਨਸ਼ੀਲਤਾ ਜ਼ਰੂਰੀ ਹੈ। ਸਟੀਕਤਾ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਬਟਾਈਟਲਿੰਗ ਵਿੱਚ ਸਬਰ ਬੇਹੱਦ ਜ਼ਰੂਰੀ ਹੈ। ਤੁਹਾਨੂੰ ਵਾਰ-ਵਾਰ ਦੇਖਣਾ ਅਤੇ ਮੁੜ ਦੇਖਣਾ ਹੁੰਦਾ ਹੈ।

ਰੇਖਸ ਨੇ ਯਾਦ ਕਰਦੇ ਹੋਏ ਕਿਹਾ ਕਿ ਓਟੀਟੀ (OTT) ਪਲੈਟਫਾਰਮਾਂ ਦੇ ਆਉਣ ਤੋਂ ਪਹਿਲਾਂ ਸਬਟਾਈਟਲ ਮੁੱਖ ਤੌਰ ‘ਤੇ ਉਨ੍ਹਾਂ ਫਿਲਮਾਂ ਲਈ ਤਿਆਰ ਕੀਤੇ ਜਾਂਦੇ ਸਨ ਜਿਨ੍ਹਾਂ ਨੂੰ ਪੁਰਸਕਾਰ ਪ੍ਰੋਗਰਾਮਾਂ ਲਈ ਭੇਜਿਆ ਜਾਂਦਾ ਸੀ। ਡਿਜੀਟਲ ਸਟ੍ਰੀਮਿੰਗ ਨੇ ਇਸ ਦੇ ਦਾਇਰੇ ਨੂੰ ਕਾਫ਼ੀ ਵਧਾ ਦਿੱਤਾ ਹੈ, ਜਿਸ ਨਾਲ ਖੇਤਰੀ ਸਿਨੇਮਾ ਨੂੰ ਦੁਨੀਆ ਭਰ ਵਿੱਚ ਦਰਸ਼ਕ ਮਿਲ ਰਹੇ ਹਨ। ਹਾਲਾਂਕਿ, ਉਨ੍ਹਾਂ ਨੇ ਓਟੀਟੀ ਪਲੈਟਫਾਰਮਾਂ ਵੱਲੋਂ ਸਬਟਾਈਟਲਾਂ ਵਿੱਚ ਤਬਦੀਲੀਆਂ ਕੀਤੇ ਜਾਣ ‘ਤੇ ਚਿੰਤਾ ਪ੍ਰਗਟ ਕੀਤੀ ਅਤੇ ਮੂਲ ਅਨੁਵਾਦ ਦੀ ਸ਼ੁੱਧਤਾ ਅਤੇ ਭਾਵਨਾਤਮਕ ਪ੍ਰਭਾਵ ਨੂੰ ਬਣਾਈ ਰੱਖਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਆਪਣੇ ਰਚਨਾਤਮਕ ਦ੍ਰਿਸ਼ਟੀਕੋਣ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਬਟਾਈਟਲਿੰਗ ਲਈ ਕੋਈ ਨਿਸ਼ਚਿਤ ਨਿਯਮ-ਪੁਸਤਕ ਨਹੀਂ ਹੈ ਅਤੇ ਅਕਸਰ ਇਸ ਦੇ ਲਈ ਨਿਜੀ ਤਰੀਕਿਆਂ ਨੂੰ ਅਪਣਾਉਣਾ ਪੈਂਦਾ ਹੈ। ਉਹ ਗੀਤਾਂ ਦੇ ਸਬਟਾਈਟਲਾਂ ਵਿੱਚ ਤੁਕਬੰਦੀ (ਰਾਈਮ) ਰੱਖਣਾ ਪਸੰਦ ਕਰਦੇ ਹਨ, ਜਿਸ ਨਾਲ ਦਰਸ਼ਕ ਗੀਤ ਦੇ ਬੋਲਾਂ ਅਤੇ ਸੰਵਾਦਾਂ ਦਰਮਿਆਨ ਫ਼ਰਕ ਕਰ ਸਕਣ। ਉਹ ਇੱਕ ਪਿਰਾਮਿਡ ਵਰਗੀ ਬਣਤਰ ਦਾ ਵੀ ਪ੍ਰਯੋਗ ਕਰਦੇ ਹਨ, ਜਿਸ ਵਿੱਚ ਛੋਟੇ ਵਾਕਾਂ ਨੂੰ ਲੰਬੇ ਵਾਕਾਂ ਦੇ ਉੱਪਰ ਰੱਖਿਆ ਜਾਂਦਾ ਹੈ। ਬਿਹਤਰ ਵਿਜ਼ੀਬਿਲਿਟੀ ਲਈ ਉਹ ਪੀਲੇ ਰੰਗ ਦੇ ਸਬਟਾਈਟਲਾਂ ਨੂੰ ਤਰਜੀਹ ਦਿੰਦੇ ਹਨ।
ਸਬਟਾਈਟਲਿੰਗ ਦੀਆਂ ਬਾਰੀਕੀਆਂ ਨੂੰ ਸਮਝਾਉਂਦੇ ਹੋਏ ਰੇਖਸ ਨੇ ਬੋਲਚਾਲ ਦੇ ਮੁਹਾਵਰਿਆਂ ਅਤੇ ਗੀਤਾਂ ਦੇ ਅਨੁਵਾਦ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਜ਼ਿਕਰ ਕੀਤਾ, ਜਿਨ੍ਹਾਂ ਵਿੱਚ ‘ਦੰਗਮਾਰੀ’ ਵੀ ਸ਼ਾਮਲ ਹੈ। ਉਨ੍ਹਾਂ ਨੇ ਤਮਿਲ ਦੇ ਸ਼ਬਦ ‘ਵੇਸ਼ਮ’ (Vaisham) ਅਤੇ ‘ਵਿਸ਼ਮ’ (Visham) ਦੀ ਉਦਾਹਰਣ ਦਿੰਦਿਆਂ ਦੱਸਿਆ ਕਿ ਉਚਾਰਨ ਵਿੱਚ ਮਾਮੂਲੀ ਫ਼ਰਕ ਨਾਲ ਅਰਥ ‘ਭੇਸ’ ਤੋਂ ਬਦਲ ਕੇ ‘ਜ਼ਹਿਰ’ ਹੋ ਸਕਦਾ ਹੈ। ਫਿਲਮ ‘ਕਬਾਲੀ’ ਵਿੱਚ ਆਪਣੇ ਕੰਮ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਰਜਨੀਕਾਂਤ ਦੇ ਹਾਸੇ ਦੇ ਵੱਖ-ਵੱਖ ਭਾਵਾਂ ਨੂੰ ਪ੍ਰਗਟ ਕਰਨ ਲਈ ਉਨ੍ਹਾਂ ਨੇ “indulgent laughter” (ਸਨੇਹਪੂਰਨ ਹਾਸਾ) ਅਤੇ “sceptical chuckle” (ਸ਼ੱਕੀ ਮੁਸਕਰਾਹਟ) ਵਰਗੇ ਭਾਵਪੂਰਨ ਸ਼ਬਦਾਂ ਦੀ ਵਰਤੋਂ ਕੀਤੀ।
ਸਬਟਾਈਟਲਿੰਗ ਨੂੰ ਸਮਾਵੇਸ਼ਨ ਦਾ ਇੱਕ ਮਹੱਤਵਪੂਰਨ ਮਾਧਿਅਮ ਦੱਸਦੇ ਹੋਏ ਉਨ੍ਹਾਂ ਨੇ ਸੁਣਨ ਤੋਂ ਅਸਮਰੱਥ (ਦਿਵਿਯਾਂਗ) ਲੋਕਾਂ ਲਈ ਇਸ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੱਭਿਆਚਾਰਕ ਤੌਰ ‘ਤੇ ਵਿਸ਼ੇਸ਼ ਪ੍ਰਗਟਾਵਿਆਂ ਅਤੇ ਰਿਸ਼ਤਿਆਂ ਨੂੰ ਸਮਝਣ ਲਈ ਸ਼ਬਦ-ਦਰ-ਸ਼ਬਦ ਅਨੁਵਾਦ ਦੀ ਬਜਾਏ ਸੰਦਰਭ ਅਤੇ ਭਾਵ ਨੂੰ ਸਮਝਣਾ ਜ਼ਰੂਰੀ ਹੈ।

ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਧਦੀ ਵਰਤੋਂ ਨੂੰ ਲੈ ਕੇ ਰੇਖਸ ਨੇ ਚੇਤਾਵਨੀ ਦਿੱਤੀ ਕਿ ਏਆਈ (AI) ਰਾਹੀਂ ਤਿਆਰ ਕੀਤੇ ਗਏ ਸਬਟਾਈਟਲ ਅਰਥਾਂ ਨੂੰ ਵਿਗਾੜ ਸਕਦੇ ਹਨ, ਇਸਤਰੀ-ਪੁਰਸ਼ ਸਬੰਧੀ ਸੰਦਰਭਾਂ ਵਿੱਚ ਬਦਲਾਅ ਕਰ ਸਕਦੇ ਹਨ ਅਤੇ ਕਿਸੇ ਦ੍ਰਿਸ਼ ਦੇ ਭਾਵਨਾਤਮਕ ਪਿਛੋਕੜ ਨੂੰ ਸਮਝਣ ਵਿੱਚ ਖੁੰਝ ਸਕਦੇ ਹਨ। ਉਨ੍ਹਾਂ ਨੇ ਕਿਹਾ, “ਏਆਈ ਸ਼ਬਦਕੋਸ਼ ਨੂੰ ਜਾਣਦਾ ਹੈ, ਪਰ ਉਹ ਨਾਟਕ ਜਾਂ ਆਤਮਾ ਦੀ ਭਾਵਨਾ ਨੂੰ ਨਹੀਂ ਜਾਣਦਾ।” ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਰਚਨਾਤਮਕ ਪ੍ਰਕਿਰਿਆ ਵਿੱਚ ਮਨੁੱਖੀ ਸਮਝ ਦਾ ਮਹੱਤਵ ਅਜੇ ਵੀ ਬਣਿਆ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਸਬਟਾਈਟਲ ਪੋਸਟ-ਪ੍ਰੋਡਕਸ਼ਨ ਦਾ ਬਚਿਆ-ਖੁਚਿਆ ਹਿੱਸਾ ਨਹੀਂ ਹਨ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਚੰਗੇ ਸਬਟਾਈਟਲਾਂ ਦਾ ਉਦੇਸ਼ ਸਿਰਫ਼ ਫਿਲਮ ਦੇ ਸੰਵਾਦਾਂ ਨੂੰ ਦੁਹਰਾਉਣਾ ਨਹੀਂ, ਸਗੋਂ ਉਸ ਦੇ ਅਰਥਾਂ ਅਤੇ ਭਾਵਨਾਵਾਂ ਨੂੰ ਦਰਸ਼ਕਾਂ ਤੱਕ ਪਹੁੰਚਾਉਣਾ ਹੈ। ਸਬਟਾਈਟਲ ਕਹਾਣੀਆਂ ਨੂੰ ਭਾਸ਼ਾਈ ਅਤੇ ਸੱਭਿਆਚਾਰਕ ਸਰਹੱਦਾਂ ਤੋਂ ਪਾਰ ਲਿਜਾ ਕੇ ਉਨ੍ਹਾਂ ਨੂੰ ਦੁਨੀਆ ਭਰ ਦੇ ਦਰਸ਼ਕਾਂ ਨਾਲ ਜੋੜਨ ਦੇ ਸਮਰੱਥ ਬਣਾਉਂਦੇ ਹਨ।
IFFILOID ਬਾਰੇ ਇੱਥੇ ਪੜ੍ਹੋ:
https://www.pib.gov.in/iffi/57/iffiLoid.aspx?yr=2026&lang=1®=48
* * *
ਪੀਆਈਬੀ ਇੱਫੀ ਟੀਮ/ ਰਬੀਹਾਸ਼ਮੀ/ਸੁਪ੍ਰਿਆ/ ਗੋਪਿਕਾ/ਦਰਸ਼ਨਾ/ਬਲਜੀਤ| IFFI 57 – 101