ਗੋਆ ਵਿੱਚ 57ਵੇਂ ਭਾਰਤੀ ਅੰਤਰਰਾਸ਼ਟਰੀ ਫ਼ਿਲਮ ਮਹੋਤਸਵ (ਇੱਫੀ) ਦੌਰਾਨ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ, ਨਿਊ ਹੋਮ ਦੇ ਡਾਇਰੈਕਟਰ ਅਤੇ ਰੂਸੀ ਫ਼ਿਲਮ ਨਿਰਮਾਤਾ ਨਿਕਿਤਾ ਗਰੁਸ਼ਿਨ ਨੇ ਕਿਹਾ ਕਿ ਜੇਲ੍ਹ ਵਿੱਚ ਕਈ ਸਾਲ ਬਿਤਾਉਣ ਤੋਂ ਬਾਅਦ ਸਮਾਜ ਵਿੱਚ ਵਾਪਸ ਆਉਣ ਵਾਲੇ ਲੋਕਾਂ ਨੂੰ ਅਕਸਰ ਆਪਣੀ ਜ਼ਿੰਦਗੀ ਨੂੰ ਮੁੜ ਸੰਵਾਰਨ ਅਤੇ ਆਪਣੇ ਅਤੀਤ ਦੇ ਬੋਝ ਤੋਂ ਉਭਰਨ ਲਈ ਅਜਿਹੇ ਸੰਘਰਸ਼ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ‘ਤੇ ਅਕਸਰ ਕਿਸੇ ਦਾ ਧਿਆਨ ਨਹੀਂ ਜਾਂਦਾ। 101 ਮਿੰਟ ਦੀ ਇਹ ਰੂਸੀ ਭਾਸ਼ਾ ਦੀ ਫ਼ੀਚਰ ਫ਼ਿਲਮ, ਜਿਸ ਦਾ ਇੱਫੀ 2026 ਵਿੱਚ ਵਰਲਡ ਪ੍ਰੀਮੀਅਰ ਹੋ ਰਿਹਾ ਹੈ, ਮਹੋਤਸਵ ਵਿੱਚ ਸਾਂਝੇਦਾਰ ਦੇਸ਼ ਵਜੋਂ ਰੂਸ ਨੂੰ ਸਨਮਾਨਿਤ ਕਰਨ ਵਾਲੇ ਵਿਸ਼ੇਸ਼ ਪ੍ਰਦਰਸ਼ਨ ਦਾ ਹਿੱਸਾ ਹੈ।
_20261122142216_912f69.jpeg)
ਆਪਣੀ ਫ਼ਿਲਮ ਦੀ ਪ੍ਰੇਰਨਾ ਬਾਰੇ ਦੱਸਦੇ ਹੋਏ, ਸ਼੍ਰੀ ਗਰੁਸ਼ਿਨ ਨੇ ਕਿਹਾ ਕਿ ਲੰਬੇ ਸਮੇਂ ਤੱਕ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਮੁੜ-ਵਸੇਬੇ ਵਿੱਚੋਂ ਲੰਘ ਰਹੇ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਸਮਾਜ ਵਿੱਚ ਵਾਪਸ ਆਉਣ ਵਿੱਚ ਉਨ੍ਹਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਲੱਗਾ ਕਿ ਇਨ੍ਹਾਂ ਅਨੁਭਵਾਂ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ, ਇਸ ਲਈ ਉਨ੍ਹਾਂ ਨੇ ਆਪਣੀ ਪਹਿਲੀ ਅੰਤਰਰਾਸ਼ਟਰੀ ਪੱਧਰ 'ਤੇ ਪੇਸ਼ ਕੀਤੀ ਗਈ ਫ਼ੀਚਰ ਫ਼ਿਲਮ ਰਾਹੀਂ ਅਜਿਹੀਆਂ ਕਹਾਣੀਆਂ ਨੂੰ ਇੱਕ ਵੱਡੇ ਦਰਸ਼ਕ ਵਰਗ ਤੱਕ ਪਹੁੰਚਾਉਣ ਦਾ ਫ਼ੈਸਲਾ ਕੀਤਾ। ਇਹ ਫ਼ਿਲਮ ਉਨ੍ਹਾਂ ਪੁਰਸ਼ਾਂ ਅਤੇ ਮਹਿਲਾਵਾਂ ਦੇ ਸੰਘਰਸ਼ਾਂ ਨੂੰ ਦਿਖਾਉਂਦੀ ਹੈ, ਜੋ ਜੇਲ੍ਹ ਵਿੱਚੋਂ ਰਿਹਾਅ ਹੋਣ ਤੋਂ ਬਾਅਦ ਆਪਣੀ ਜ਼ਿੰਦਗੀ ਨੂੰ ਮੁੜ ਸੰਵਾਰਨ ਅਤੇ ਜੀਵਨ ਦਾ ਨਵਾਂ ਅਰਥ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।
ਸ਼੍ਰੀ ਗਰੁਸ਼ਿਨ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਫ਼ਿਲਮ ਨਿਊ ਹੋਮ (ਨੋਵੀ ਡੋਮ) ਐਨਾ ਨਾਮ ਦੀ ਇੱਕ ਮਹਿਲਾ ਦੀ ਕਹਾਣੀ ਹੈ, ਜੋ ਸੱਤ ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਬਾਹਰ ਆਉਂਦੀ ਹੈ। ਉਸ ਕੋਲ ਨਾ ਤਾਂ ਪੈਸੇ ਹਨ, ਨਾ ਪਰਿਵਾਰ ਅਤੇ ਨਾ ਹੀ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਕੋਈ ਸਪਸ਼ਟ ਦਿਸ਼ਾ। ਸਮਾਜਿਕ ਸੇਵਾਵਾਂ ਦੀ ਮਦਦ ਨਾਲ ਉਸ ਨੂੰ ਕੰਮ, ਰਹਿਣ ਦੀ ਥਾਂ ਅਤੇ ਇੱਕ ਸਪੋਰਟ ਗਰੁੱਪ ਮਿਲ ਜਾਂਦਾ ਹੈ, ਜਿੱਥੇ ਉਸ ਦੀ ਮੁਲਾਕਾਤ ਰੋਮਨ ਨਾਲ ਹੁੰਦੀ ਹੈ। ਰੋਮਨ ਦੇ ਸਹਿਯੋਗ ਨਾਲ ਜਦੋਂ ਉਹ ਹੌਲੀ-ਹੌਲੀ ਆਪਣੀ ਜ਼ਿੰਦਗੀ ਨੂੰ ਮੁੜ ਬਣਾਉਣ ਦੀ ਕੋਸ਼ਿਸ਼ ਕਰਦੀ ਹੈ, ਤਾਂ ਉਸ ਨੂੰ ਆਪਣੇ ਅਤੀਤ ਅਤੇ ਆਪਣੇ ਅੰਦਰ ਚੱਲ ਰਹੇ ਸੰਘਰਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਬਾਅਦ ਉਸ ਨੂੰ ਇੱਕ ਅਜਿਹਾ ਮੁਸ਼ਕਲ ਫ਼ੈਸਲਾ ਲੈਣਾ ਪੈਂਦਾ ਹੈ, ਜੋ ਉਸ ਦੇ ਭਵਿੱਖ ਨੂੰ ਤੈਅ ਕਰ ਸਕਦਾ ਹੈ। ਇਹ ਫ਼ਿਲਮ ਅਪਰਾਧ-ਬੋਧ, ਮੁਆਫ਼ੀ, ਮੁੜ-ਵਸੇਬੇ ਅਤੇ ਦੂਜੇ ਮੌਕੇ ਦੀ ਸੰਭਾਵਨਾ ਵਰਗੇ ਵਿਸ਼ਿਆਂ ਨੂੰ ਸਾਹਮਣੇ ਲਿਆਉਂਦੀ ਹੈ।
ਫ਼ਿਲਮ ਦੇ ਮੁੱਖ ਕਿਰਦਾਰ ਦੇ ਵਿਕਾਸ ਬਾਰੇ ਗੱਲ ਕਰਦੇ ਹੋਏ, ਸ਼੍ਰੀ ਗਰੁਸ਼ਿਨ ਨੇ ਸਾਫ਼ ਕੀਤਾ ਕਿ ਐਨਾ ਦਾ ਕਿਰਦਾਰ ਕਿਸੇ ਇੱਕ ਖ਼ਾਸ ਵਿਅਕਤੀ 'ਤੇ ਅਧਾਰਿਤ ਨਹੀਂ ਹੈ। ਇਸ ਦੀ ਬਜਾਏ, ਉਨ੍ਹਾਂ ਨੇ ਉਨ੍ਹਾਂ ਕਈ ਲੋਕਾਂ ਨਾਲ ਹੋਈ ਗੱਲਬਾਤ ਤੋਂ ਪ੍ਰੇਰਨਾ ਲਈ, ਜੋ ਇਸੇ ਤਰ੍ਹਾਂ ਦੇ ਹਾਲਾਤ ਵਿੱਚੋਂ ਲੰਘੇ ਸਨ ਅਤੇ ਆਪਣੀ ਜ਼ਿੰਦਗੀ ਨੂੰ ਮੁੜ ਸੰਵਾਰਨ ਦੀ ਕੋਸ਼ਿਸ਼ ਕਰ ਰਹੇ ਸਨ। ਅਸਲ ਜ਼ਿੰਦਗੀ ਦੇ ਇਨ੍ਹਾਂ ਹੀ ਅਨੁਭਵਾਂ ਅਤੇ ਨਿਰੀਖਣਾਂ ਦੇ ਅਧਾਰ 'ਤੇ ਉਨ੍ਹਾਂ ਨੇ ਇਸ ਕਹਾਣੀ ਨੂੰ ਬੁਣਿਆ, ਜਿਸ ਨੂੰ ਉਨ੍ਹਾਂ ਨੇ ਆਪਣੀ ਲਿਖਣ ਸ਼ੈਲੀ ਅਤੇ ਰਚਨਾਤਮਕ ਦ੍ਰਿਸ਼ਟੀਕੋਣ ਨਾਲ ਆਕਾਰ ਦਿੱਤਾ ਹੈ।

ਫ਼ਿਲਮ ਦੇ ਮੁੱਖ ਸੁਨੇਹੇ ਬਾਰੇ ਗੱਲ ਕਰਦੇ ਹੋਏ, ਡਾਇਰੈਕਟਰ ਨੇ ਦੱਸਿਆ ਕਿ ਜੇਲ੍ਹ ਤੋਂ ਬਾਹਰ ਆਉਣ ਵਾਲੇ ਲੋਕਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਕਿਸੇ ਇੱਕ ਦੇਸ਼ ਜਾਂ ਸਮਾਜ ਤੱਕ ਸੀਮਤ ਨਹੀਂ ਹਨ। ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ, ਕਈ ਲੋਕ ਡੂੰਘੇ ਅਪਰਾਧ-ਬੋਧ ਨੂੰ ਆਪਣੇ ਨਾਲ ਲਈ ਜਿਉਂਦੇ ਹਨ, ਜੋ ਉਨ੍ਹਾਂ ਦੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਦਾ ਹੈ। ਐਨਾ ਦੇ ਸਫ਼ਰ ਰਾਹੀਂ, ਉਨ੍ਹਾਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਲੋਕ ਇਸ ਭਾਵਨਾਤਮਕ ਬੋਝ ਦਾ ਸਾਹਮਣਾ ਕਰਦੇ ਹਨ ਅਤੇ ਮੁੜ ਸ਼ੁਰੂਆਤ ਕਰਨ ਦਾ ਹੌਸਲਾ ਜੁਟਾਉਂਦੇ ਹਨ।
ਪ੍ਰੈੱਸ ਕਾਨਫ਼ਰੰਸ ਵਿੱਚ ਡਾਇਰੈਕਟਰ ਦੇ ਨਾਲ ਮੌਜੂਦ ਸਿਨੇਮੈਟੋਗ੍ਰਾਫ਼ਰ ਸੁਸ਼੍ਰੀ ਏਕਾਤੇਰਿਨਾ ਸਮੋਲਿਨਾ ਨੇ ਉਨ੍ਹਾਂ ਵਿਚਕਾਰ ਰਚਨਾਤਮਕ ਸਾਂਝੇਦਾਰੀ ਬਾਰੇ ਗੱਲ ਕੀਤੀ। ਫ਼ਿਲਮ ਸਕੂਲ ਦੇ ਦਿਨਾਂ ਤੋਂ ਹੀ ਇੱਕ-ਦੂਜੇ ਨਾਲ ਕੰਮ ਕਰਨ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੇ ਦੱਸਿਆ ਕਿ ਉਹ ਪਹਿਲਾਂ ਵੀ ਤਿੰਨ ਸ਼ੌਰਟ ਫ਼ਿਲਮਾਂ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਉਨ੍ਹਾਂ ਦੀ ਪੁਰਾਣੀ ਦੋਸਤੀ ਅਤੇ ਇੱਕ-ਦੂਜੇ ਦੇ ਕੰਮ ਕਰਨ ਦੇ ਤਰੀਕੇ ਦੀ ਸਮਝ ਨੇ ਸੈੱਟ 'ਤੇ ਉਨ੍ਹਾਂ ਵਿਚਕਾਰ ਇੱਕ ਸੁਭਾਵਿਕ ਤਾਲਮੇਲ ਬਣਾਉਣ ਵਿੱਚ ਮਦਦ ਕੀਤੀ, ਜਿਸ ਨਾਲ ਰਚਨਾਤਮਕ ਪ੍ਰਕਿਰਿਆ ਨਾ ਸਿਰਫ਼ ਸਹਿਜ ਰਹੀ, ਸਗੋਂ ਕਾਫ਼ੀ ਸੰਤੋਸ਼ਜਨਕ ਵੀ ਰਹੀ।
ਸਿਨੇਮੈਟੋਗ੍ਰਾਫ਼ੀ ਦੇ ਖੇਤਰ ਵਿੱਚ ਆਉਣ ਵਾਲੀਆਂ ਮਹਿਲਾਵਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਬਾਰੇ ਪੁੱਛੇ ਜਾਣ 'ਤੇ, ਸੁਸ਼੍ਰੀ ਸਮੋਲਿਨਾ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਵੀ ਡਰ ਅਤੇ ਅਨਿਸ਼ਚਿਤਤਾ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ, ਹੌਲੀ-ਹੌਲੀ ਉਨ੍ਹਾਂ ਨੇ ਇਨ੍ਹਾਂ ਆਸ਼ੰਕਾਵਾਂ 'ਤੇ ਕਾਬੂ ਪਾ ਲਿਆ। ਉਨ੍ਹਾਂ ਨੇ ਸਿਨੇਮੈਟੋਗ੍ਰਾਫ਼ੀ ਵਿੱਚ ਆਉਣ ਦੀ ਇੱਛਾ ਰੱਖਣ ਵਾਲੀਆਂ ਮਹਿਲਾਵਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਸ਼ੁਰੂਆਤੀ ਡਰ ਨੂੰ ਆਪਣੇ ਆਪ ਨੂੰ ਰੋਕਣ ਨਾ ਦੇਣ, ਸਗੋਂ ਪੂਰੇ ਆਤਮਵਿਸ਼ਵਾਸ ਅਤੇ ਦ੍ਰਿੜ੍ਹ ਸੰਕਲਪ ਨਾਲ ਇਸ ਪੇਸ਼ੇ ਵਿੱਚ ਕਦਮ ਰੱਖਣ।
_20261122142259_bd0f2c.jpeg)
ਭਾਰਤੀ ਅਤੇ ਰੂਸੀ ਸਿਨੇਮਾ ਦਰਮਿਆਨ ਬਿਹਤਰ ਸਹਿਯੋਗ ਦੇ ਮੌਕਿਆਂ ਬਾਰੇ ਗੱਲ ਕਰਦੇ ਹੋਏ, ਸ਼੍ਰੀ ਗਰੁਸ਼ਿਨ ਨੇ ਦੋਵਾਂ ਦੇਸ਼ਾਂ ਦਰਮਿਆਨ ਲੰਬੇ ਸਮੇਂ ਤੋਂ ਚੱਲੇ ਆ ਰਹੇ ਸਿਨੇਮਾਈ ਸਬੰਧਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸੋਵੀਅਤ ਸੰਘ ਵਿੱਚ ਭਾਰਤੀ ਫ਼ਿਲਮਾਂ ਬੇਹੱਦ ਮਸ਼ਹੂਰ ਸਨ ਅਤੇ ਅੱਜ ਵੀ ਰੂਸੀ ਦਰਸ਼ਕਾਂ ਦੇ ਦਿਲਾਂ ਵਿੱਚ ਉਨ੍ਹਾਂ ਦਾ ਇੱਕ ਖ਼ਾਸ ਸਥਾਨ ਹੈ।
ਸ਼੍ਰੀ ਗਰੁਸ਼ਿਨ ਨੇ ਭਵਿੱਖ ਵਿੱਚ ਭਾਰਤ-ਰੂਸ ਦਰਮਿਆਨ ਸਿਨੇਮਾਈ ਸਾਂਝੇਦਾਰੀ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਸਕਾਰਾਤਮਕਤਾ ਪ੍ਰਗਟਾਈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਹਿਯੋਗ ਸਿਰਫ਼ ਵਿੱਤੀ ਨਿਵੇਸ਼ ਅਤੇ ਤਕਨੀਕੀ ਅਦਾਨ-ਪ੍ਰਦਾਨ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਸੱਭਿਆਚਾਰਕ ਜੁੜਾਅ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਸਬੰਧਾਂ ਨੂੰ ਉਜਾਗਰ ਕਰਨ ਵਾਲੀਆਂ ਕਹਾਣੀਆਂ, ਇੱਕ ਮਜ਼ਬੂਤ ਰਚਨਾਤਮਕ ਸਾਂਝੇਦਾਰੀ ਲਈ ਇੱਕ ਸਾਰਥਕ ਅਧਾਰ ਬਣ ਸਕਦੀਆਂ ਹਨ।
ਨਿਊ ਹੋਮ ਫ਼ਿਲਮ, ਐਨਾ ਦੀ ਯਾਤਰਾ ਰਾਹੀਂ ਇੱਕ ਅਜਿਹੇ ਮਨੁੱਖੀ ਅਨੁਭਵ ਨੂੰ ਸਾਹਮਣੇ ਲਿਆਉਂਦੀ ਹੈ ਜੋ ਰਾਸ਼ਟਰੀ ਅਤੇ ਸੱਭਿਆਚਾਰਕ ਹੱਦਾਂ ਤੋਂ ਪਰੇ ਹੈ: ਇਹ ਸਨਮਾਨ, ਸਵੀਕਾਰਤਾ ਅਤੇ ਜ਼ਿੰਦਗੀ ਨੂੰ ਮੁੜ ਸ਼ੁਰੂ ਕਰਨ ਦੇ ਇੱਕ ਮੌਕੇ ਦੀ ਭਾਲ ਹੈ। ਇੱਫੀ (IFFI) 2026 ਦੀ ਥੀਮ ਸੀਮਾਵਾਂ ਤੋਂ ਪਰੇ ਕਹਾਣੀਆਂ ਦੇ ਅਨੁਕੂਲ, ਇਹ ਫ਼ਿਲਮ ਸਿਨੇਮਾ ਦੀ ਉਸ ਸਮਰੱਥਾ ਨੂੰ ਰੇਖਾਂਕਿਤ ਕਰਦੀ ਹੈ, ਜੋ ਵੱਖ-ਵੱਖ ਹਕੀਕਤਾਂ ਨੂੰ ਨੇੜੇ ਲਿਆਉਂਦੀ ਹੈ, ਹਮਦਰਦੀ ਨੂੰ ਵਧਾਉਂਦੀ ਹੈ ਅਤੇ ਸਾਂਝੇ ਮਨੁੱਖੀ ਅਨੁਭਵਾਂ ਰਾਹੀਂ ਦਰਸ਼ਕਾਂ ਨੂੰ ਆਪਸ ਵਿੱਚ ਜੋੜਦੀ ਹੈ। ਰੂਸ ਦੇ ਸਾਂਝੇਦਾਰ ਦੇਸ਼ ਸ਼ੋਅਕੇਸ ਦੇ ਹਿੱਸੇ ਵਜੋਂ ਇਸ ਫ਼ਿਲਮ ਦੀ ਪੇਸ਼ਕਾਰੀ, ਭਾਰਤ ਅਤੇ ਦੁਨੀਆ ਦਰਮਿਆਨ ਸੱਭਿਆਚਾਰਕ ਸਮਝ ਨੂੰ ਮਜ਼ਬੂਤ ਕਰਨ ਅਤੇ ਰਚਨਾਤਮਕ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਵਿੱਚ ਇਸ ਮਹੋਤਸਵ ਦੀ ਭੂਮਿਕਾ ਨੂੰ ਵੀ ਦਰਸਾਉਂਦੀ ਹੈ।
ਇਸ ਪ੍ਰੈੱਸ ਕਾਨਫ਼ਰੰਸ ਦਾ ਸੰਚਾਲਨ ਸ਼੍ਰੀ ਕਿਰਨ ਮੁਰਲੀ ਨੇ ਕੀਤਾ।
ਇੱਥੇ IFFILOID ਪੜ੍ਹੋ: https://www.pib.gov.in/iffi/57/iffiLoid.aspx?yr=2026&lang=1®=48
* * *
ਪੀਆਈਬੀ ਇੱਫੀ ਟੀਮ/ਰਜਿਤ/ ਸੁਪ੍ਰਿਆ/ ਪ੍ਰਵੀਨ/ ਦਰਸ਼ਨਾ/ਏਕੇ/ IFFI 57 - 059