ਰਾਸ਼ਟਰੀ ਫਿਲਮ ਵਿਕਾਸ ਨਿਗਮ (ਐੱਨਐੱਫਡੀਸੀ) ਅਤੇ ਸੋਨੀ ਪਿਕਚਰਸ ਨੈੱਟਵਰਕਸ ਇੰਡੀਆ (ਐੱਸਪੀਐੱਨਆਈ) ਨੇ ਅੱਜ ਗੋਆ ਵਿੱਚ 57ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇੱਫੀ) ਵਿਖੇ ਵੇਵਸ ਬਜ਼ਾਰ × ਐੱਸਪੀਐੱਨਆਈ ਕੰਟੈਂਟ ਕ੍ਰਿਏਟਰ ਸਬਮਿਸ਼ਨ ਪਹਿਲਕਦਮੀ ਸ਼ੁਰੂ ਕਰਨ ਲਈ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ।
ਇਸ ਪਹਿਲਕਦਮੀ ਤਹਿਤ ਦੇਸ਼ ਭਰ ਦੇ ਲੇਖਕਾਂ, ਰਚਨਾਕਾਰਾਂ ਅਤੇ ਪ੍ਰੋਡਕਸ਼ਨ ਹਾਊਸਾਂ ਨੂੰ ਹਿੰਦੀ, ਅੰਗਰੇਜ਼ੀ, ਤਮਿਲ, ਤੇਲਗੂ ਅਤੇ ਬੰਗਾਲੀ ਵਿੱਚ ਮੌਲਿਕ ਫਿਕਸ਼ਨ ਅਤੇ ਨੌਨ-ਫਿਕਸ਼ਨ ਧਾਰਨਾਵਾਂ ਐੱਸਪੀਐੱਨਆਈ ਦੇ ਸਾਹਮਣੇ ਪੇਸ਼ ਕਰਨ ਦਾ ਮੌਕਾ ਮਿਲੇਗਾ।

ਫਿਕਸ਼ਨ ਸੀਰੀਜ਼, ਪ੍ਰੀਮੀਅਮ ਟੀਵੀ+ ਕੰਟੈਂਟ, ਰਿਐਲਿਟੀ ਸ਼ੋਅ, ਗੇਮ ਅਤੇ ਮੁਕਾਬਲੇ ਦੇ ਫਾਰਮੈਟਾਂ, ਪ੍ਰਤਿਭਾ-ਅਧਾਰਿਤ ਪ੍ਰੋਗਰਾਮਾਂ ਅਤੇ ਹੋਰ ਨੌਨ-ਸਕ੍ਰਿਪਟਿਡ ਧਾਰਨਾਵਾਂ ਸਮੇਤ ਵੱਖ-ਵੱਖ ਫਾਰਮੈਟਾਂ ਵਿੱਚ ਐਂਟਰੀਆਂ ਸੱਦੀਆਂ ਗਈਆਂ ਹਨ। ਚੁਣੇ ਗਏ ਬਿਨੈਕਾਰਾਂ ਨੂੰ ਵਿਚਾਰ ਕਰਨ ਅਤੇ ਸੰਭਾਵਿਤ ਵਿਕਾਸ ਲਈ ਐੱਸਪੀਐੱਨਆਈ ਦੇ ਸਾਹਮਣੇ ਆਪਣੀਆਂ ਧਾਰਨਾਵਾਂ ਪੇਸ਼ ਕਰਨ ਲਈ ਸੱਦਾ ਦਿੱਤਾ ਜਾਵੇਗਾ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਸਰਪ੍ਰਸਤੀ ਹੇਠ, ਐੱਨਐੱਫਡੀਸੀ ਦਾ ਉਦਯੋਗ ਮੰਚ ਵੇਵਸ ਬਜ਼ਾਰ ਰਚਨਾਤਮਕ ਪ੍ਰਤਿਭਾਵਾਂ ਨੂੰ ਭਾਰਤ ਦੇ ਮੀਡੀਆ ਅਤੇ ਮਨੋਰੰਜਨ ਈਕੋਸਿਸਟਮ ਦੇ ਵੱਖ-ਵੱਖ ਹਿੱਸੇਦਾਰਾਂ ਨਾਲ ਜੋੜਦਾ ਹੈ। ਇਸ ਸਹਿਯੋਗ ਦਾ ਉਦੇਸ਼ ਮੌਲਿਕ ਕਹਾਣੀ-ਕਥਨ ਦੇ ਮੌਕਿਆਂ ਦਾ ਵਿਸਤਾਰ ਕਰਨਾ ਹੈ, ਖਾਸ ਤੌਰ ‘ਤੇ ਖੇਤਰੀ ਬਜ਼ਾਰਾਂ ਤੋਂ ਆਉਣ ਵਾਲੀਆਂ ਪ੍ਰਤਿਭਾਵਾਂ ਲਈ ਅਤੇ ਵਿਭਿੰਨ ਆਵਾਜ਼ਾਂ ਅਤੇ ਦ੍ਰਿਸ਼ਟੀਕੋਣਾਂ ਨੂੰ ਵਿਆਪਕ ਦਰਸ਼ਕਾਂ ਤੱਕ ਪਹੁੰਚਾਉਣਾ ਹੈ।
ਸਹਿਮਤੀ ਪੱਤਰ ‘ਤੇ ਹਸਤਾਖਰ ਕਰਨ ਦੇ ਮੌਕੇ ‘ਤੇ ਐੱਨਐੱਫਡੀਸੀ ਦੇ ਚੇਅਰਮੈਨ ਸ਼੍ਰੀ ਜੀ. ਕ੍ਰਿਸ਼ਨਕੁਮਾਰ ਨੇ ਕਿਹਾ, “ਇੱਫੀ ਸਿਨੇਮਾ ਅਤੇ ਇਸ ਨੂੰ ਸੰਭਵ ਬਣਾਉਣ ਵਾਲੇ ਲੋਕਾਂ ਦਾ ਉਤਸਵ ਹੈ। ਇਹ ਦੁਨੀਆ ਭਰ ਦੀਆਂ ਕਹਾਣੀਆਂ, ਸੱਭਿਆਚਾਰਾਂ ਅਤੇ ਰਚਨਾਤਮਕ ਆਵਾਜ਼ਾਂ ਨੂੰ ਇੱਕ ਮੰਚ ‘ਤੇ ਲਿਆਉਂਦਾ ਹੈ। ਫਿਲਮਾਂ ਅਤੇ ਆਵਾਜ਼ਾਂ ਦੀ ਵਿਭਿੰਨਤਾ ਹੀ ਇਸ ਐਡੀਸ਼ਨ ਨੂੰ ਖਾਸ ਬਣਾਉਂਦੀ ਹੈ। ‘ਸਰਹੱਦਾਂ ਤੋਂ ਪਰੇ ਕਹਾਣੀਆਂ’ ਥੀਮ ਸਿਨੇਮਾ ਦੀ ਭਾਵਨਾ ਨੂੰ ਖੂਬਸੂਰਤੀ ਨਾਲ ਬਿਆਨ ਕਰਦਾ ਹੈ।”

ਐੱਨਐੱਫਡੀਸੀ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਧੀਰਜ ਸਿੰਘ ਨੇ ਕਿਹਾ, “ਵੇਵਸ ਬਜ਼ਾਰ ਰਚਨਾਤਮਕ ਪ੍ਰਤਿਭਾਵਾਂ ਅਤੇ ਉਦਯੋਗ ਵਿਚਕਾਰ ਸਾਰਥਕ ਸੰਪਰਕ ਸਥਾਪਿਤ ਕਰਨ ਦਾ ਕੰਮ ਨਿਰੰਤਰ ਕਰ ਰਿਹਾ ਹੈ। ਸੋਨੀ ਪਿਕਚਰਸ ਨੈੱਟਵਰਕਸ ਇੰਡੀਆ ਨਾਲ ਇਹ ਸਹਿਯੋਗ ਲੇਖਕਾਂ, ਰਚਨਾਕਾਰਾਂ ਅਤੇ ਪ੍ਰੋਡਕਸ਼ਨ ਹਾਊਸਾਂ ਲਈ ਵੱਖ-ਵੱਖ ਭਾਸ਼ਾਵਾਂ ਅਤੇ ਫਾਰਮੈਟਾਂ ਵਿੱਚ ਮੌਲਿਕ ਧਾਰਨਾਵਾਂ ਪੇਸ਼ ਕਰਨ ਦੇ ਨਵੇਂ ਮੌਕੇ ਖੋਲ੍ਹਦਾ ਹੈ।”
ਸੋਨੀ ਪਿਕਚਰਸ ਨੈੱਟਵਰਕਸ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਸ਼੍ਰੀ ਗੌਰਵ ਬੈਨਰਜੀ ਨੇ ਕਿਹਾ, “ਦੇਸ਼ ਭਰ ਵਿੱਚ ਅਪਾਰ ਰਚਨਾਤਮਕ ਪ੍ਰਤਿਭਾ ਹੈ ਅਤੇ ਅਜਿਹੇ ਵਿਚਾਰ ਵੀ ਹਨ, ਜਿਨ੍ਹਾਂ ਨੂੰ ਹਮੇਸ਼ਾ ਸਥਾਪਿਤ ਮੰਚਾਂ ਤੱਕ ਪਹੁੰਚਣ ਦਾ ਮੌਕਾ ਨਹੀਂ ਮਿਲ ਪਾਉਂਦਾ। ਵੇਵਸ ਬਜ਼ਾਰ ਰਾਹੀਂ ਐੱਨਐੱਫਡੀਸੀ ਨਾਲ ਸਾਡੀ ਇਹ ਸਾਂਝੇਦਾਰੀ ਲੇਖਕਾਂ ਅਤੇ ਰਚਨਾਕਾਰਾਂ ਲਈ ਵੱਖ-ਵੱਖ ਭਾਸ਼ਾਵਾਂ ਅਤੇ ਫਾਰਮੈਟਾਂ ਵਿੱਚ ਆਪਣੀਆਂ ਮੌਲਿਕ ਧਾਰਨਾਵਾਂ ਸਾਡੇ ਤੱਕ ਪਹੁੰਚਾਉਣ ਦੇ ਵਧੇਰੇ ਮੌਕੇ ਸਿਰਜਿਤ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ। ਅਸੀਂ ਦਰਸ਼ਕਾਂ ਲਈ ਨਵੇਂ ਦ੍ਰਿਸ਼ਟੀਕੋਣਾਂ ਅਤੇ ਪ੍ਰਭਾਵਸ਼ਾਲੀ ਵਿਚਾਰਾਂ ਦੀ ਖੋਜ ਕਰਨ ਲਈ ਉਤਸੁਕ ਹਾਂ।”
ਐੱਨਐੱਫਡੀਸੀ ਵੇਵਸ ਬਜ਼ਾਰ ਪੋਰਟਲ (https://wavesbazaar.com) ਰਾਹੀਂ ਐਂਟਰੀਆਂ ਦਾ ਪ੍ਰਬੰਧਨ ਕਰੇਗਾ ਅਤੇ ਆਪਸੀ ਤੌਰ ‘ਤੇ ਸਹਿਮਤੀ ਵਾਲੇ ਮਾਪਦੰਡਾਂ ਦੇ ਅਧਾਰ ‘ਤੇ ਐਂਟਰੀਆਂ ਦੀ ਸ਼ੁਰੂਆਤੀ ਸੂਚੀ ਤਿਆਰ ਕਰੇਗਾ। ਚੁਣੇ ਗਏ ਬਿਨੈਕਾਰਾਂ ਨੂੰ ਐੱਸਪੀਐੱਨਆਈ ਦੇ ਸਾਹਮਣੇ ਆਪਣੀਆਂ ਧਾਰਨਾਵਾਂ ਪੇਸ਼ ਕਰਨ ਲਈ ਸੱਦਾ ਦਿੱਤਾ ਜਾਵੇਗਾ।

ਇੱਫੀਲੌਇਡ ਇੱਥੇ ਪੜ੍ਹੋ:
https://www.pib.gov.in/iffi/57/iffiLoid.aspx?yr=2026&lang=1®=48
***
ਪੀਆਈਬੀ ਇੱਫੀ ਟੀਮ/ ਰਜਿਤ/ਸੁਪ੍ਰਿਆ/ ਦਰਸ਼ਨਾ/ਏਕੇ/ IFFI 57 – 057