2007 ਵਿੱਚ 18 ਦੇਸ਼ਾਂ ਦੇ 204 ਪ੍ਰਤੀਨਿਧੀਆਂ ਦੇ ਇੱਕ ਮਾਮੂਲੀ ਇਕੱਠ ਤੋਂ ਸ਼ੁਰੂ ਹੋ ਕੇ 2025 ਵਿੱਚ 40 ਤੋਂ ਵੱਧ ਦੇਸ਼ਾਂ ਦੇ 2500 ਤੋਂ ਜ਼ਿਆਦਾ ਪ੍ਰਤੀਨਿਧੀਆਂ ਦਾ ਸਵਾਗਤ ਕਰਨ ਵਾਲੇ ਇੱਕ ਵੱਡੇ ਅੰਤਰਰਾਸ਼ਟਰੀ ਬਜ਼ਾਰ ਤੱਕ, ਫਿਲਮ ਬਜ਼ਾਰ, ਭਾਰਤੀ ਸਿਨੇਮਾ ਨੂੰ ਆਲਮੀ ਫਿਲਮ ਉਦਯੋਗ ਨਾਲ ਜੋੜਨ ਵਾਲਾ ਇੱਕ ਅਹਿਮ ਮੰਚ ਬਣ ਚੁੱਕਿਆ ਹੈ। ਆਪਣੇ 20ਵੇਂ ਵਰ੍ਹੇ ਵਿੱਚ ਵੇਵਸ ਫਿਲਮ ਬਜ਼ਾਰ 2026 ਰਚਨਾਤਮਕ ਸਹਿਯੋਗ ਨੂੰ ਹੁਲਾਰਾ ਦੇਣ, ਨਵੀਆਂ ਕਹਾਣੀਆਂ ਦੀ ਤਲਾਸ਼ ਕਰਨ ਅਤੇ ਭਾਰਤੀ ਸਿਨੇਮਾ ਲਈ ਆਲਮੀ ਮੌਕੇ ਖੋਲ੍ਹਣ ਦੇ ਦੋ ਦਹਾਕਿਆਂ ਦਾ ਜਸ਼ਨ ਮਨਾ ਰਿਹਾ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਧੀਨ ਰਾਸ਼ਟਰੀ ਫਿਲਮ ਵਿਕਾਸ ਨਿਗਮ (ਐੱਨਐੱਫਡੀਸੀ) ਦੁਆਰਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਇੱਫੀ) ਦੇ ਹਿੱਸੇ ਵਜੋਂ ਆਯੋਜਿਤ ਵੇਵਸ ਫਿਲਮ ਬਜ਼ਾਰ, ਵਿਆਪਕ ਵਰਲਡ ਆਡੀਓ ਵਿਜ਼ੁਅਲ ਅਤੇ ਮਨੋਰੰਜਨ ਸਮਿਟ (ਵੇਵਸ) ਪਹਿਲਕਦਮੀ ਦਾ ਹਿੱਸਾ ਹੈ। ‘ਕ੍ਰਿਏਟ ਇਨ ਇੰਡੀਆ, ਕ੍ਰਿਏਟ ਫੋਰ ਦ ਵਰਲਡ’ ਦੇ ਵਿਜ਼ਨ ਤੋਂ ਪ੍ਰੇਰਿਤ ਇਹ ਮੰਚ ਸਹਿ-ਉਤਪਾਦਨ, ਫੰਡਿੰਗ, ਵੰਡ ਅਤੇ ਅੰਤਰਰਾਸ਼ਟਰੀ ਭਾਈਵਾਲੀ ਰਾਹੀਂ ਭਾਰਤ ਦੀ ਰਚਨਾਤਮਕ ਸਮਰੱਥਾ ਨੂੰ ਆਲਮੀ ਮੌਕਿਆਂ ਵਿੱਚ ਬਦਲਣ ਦੀ ਕੋਸ਼ਿਸ਼ ਕਰਦਾ ਹੈ।

ਵੇਵਸ ਫਿਲਮ ਬਜ਼ਾਰ ਦੇ 20ਵੇਂ ਐਡੀਸ਼ਨ ਦਾ ਉਦਘਾਟਨ 20 ਨਵੰਬਰ 2026 ਨੂੰ ‘ਦ ਬੌਲਰੂਮ, ਤਾਜ ਸਿਦਾਦੇ ਦੇ ਗੋਆ ਹੌਰੀਜ਼ਨ’ ਵਿਖੇ ਹੋਵੇਗਾ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਚੰਚਲ ਕੁਮਾਰ ਸਵਾਗਤੀ ਭਾਸ਼ਣ ਦੇਣਗੇ, ਜਿਸ ਤੋਂ ਬਾਅਦ ਫੈਸਟੀਵਲ ਦੇ ਡਾਇਰੈਕਟਰ ਸ਼੍ਰੀ ਆਸ਼ੁਤੋਸ਼ ਗੋਵਾਰਿਕਰ ਸਨਮਾਨਿਤ ਮਹਿਮਾਨ ਵਜੋਂ ਸੰਬੋਧਨ ਕਰਨਗੇ। ਐੱਨਐੱਫਡੀਸੀ ਦੇ ਚੇਅਰਪਰਸਨ ਸ਼੍ਰੀ ਜੀ. ਕ੍ਰਿਸ਼ਨ ਕੁਮਾਰ ਉਦਘਾਟਨੀ ਭਾਸ਼ਣ ਦੇਣਗੇ, ਜਦਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਪ੍ਰਭਾਤ ਕੁਮਾਰ ਧੰਨਵਾਦ ਪ੍ਰਸਤਾਵ ਪੇਸ਼ ਕਰਨਗੇ। ਐੱਨਐੱਫਡੀਸੀ ਦੇ ਪ੍ਰਬੰਧ ਨਿਦੇਸ਼ਕ ਸ਼੍ਰੀ ਧੀਰਜ ਸਿੰਘ ਵੀ ਇਸ ਮੌਕੇ ‘ਤੇ ਮੌਜੂਦ ਰਹਿਣਗੇ। ਰਸਮੀ ਪ੍ਰੋਗਰਾਮ ਮਗਰੋਂ ਫਿਲਮ ਬਜ਼ਾਰ ਦੀ ਟੀਮ ‘ਵੇਵਸ ਫਿਲਮ ਬਜ਼ਾਰ ਨੂੰ ਸਮਝਣਾ’ ਵਿਸ਼ੇ ‘ਤੇ ਪੇਸ਼ਕਾਰੀ ਦੇਵੇਗੀ।
ਕਹਾਣੀਆਂ ਅਤੇ ਮੌਕਿਆਂ ਦਾ ਵੱਡਾ ਬਜ਼ਾਰ
ਦੋ ਦਹਾਕਿਆਂ ਵਿੱਚ ਫਿਲਮ ਬਜ਼ਾਰ ਇੱਕ ਨੈੱਟਵਰਕਿੰਗ ਪ੍ਰੋਗਰਾਮ ਦੁਆਰਾ ਵਿਕਸਿਤ ਹੋ ਕੇ ਅਜਿਹੇ ਯੋਜਨਾਬੱਧ ਬਜ਼ਾਰ ਵਿੱਚ ਬਦਲ ਗਿਆ ਹੈ, ਜੋ ਕਿ ਫਿਲਮ ਨਿਰਮਾਤਾਵਾਂ, ਪ੍ਰੋਡਿਊਸਰਾਂ, ਨਿਵੇਸ਼ਕਾਂ, ਡਿਸਟ੍ਰੀਬਿਊਟਰਾਂ, ਵਿਕਰੀ ਏਜੰਟਾਂ ਅਤੇ ਫੈਸਟੀਵਲ ਪ੍ਰੋਗਰਾਮਕਰਤਾਵਾਂ ਨੂੰ ਜੋੜਦਾ ਹੈ। ਇਸ ਦੇ ਪ੍ਰੋਗਰਾਮ ਐੱਨਐੱਫਡੀਸੀ ਸਕ੍ਰੀਨਰਾਈਟਰਸ ਲੈਬ, ਸਹਿ-ਨਿਰਮਾਣ ਅਤੇ ਵਰਕ-ਇਨ-ਪ੍ਰੋਗਰੈੱਸ ਲੈਬ ਜਿਹੀਆਂ ਪਹਿਲਕਦਮੀਆਂ ਰਾਹੀਂ ਫਿਲਮਾਂ ਨੂੰ ਵਿਕਾਸ ਦੇ ਵੱਖ-ਵੱਖ ਪੜਾਵਾਂ ਵਿੱਚ ਸਹਾਇਤਾ ਪ੍ਰਦਾਨ ਕਰਦੇ ਹਨ। ਵਿਊਇੰਗ ਰੂਮ, ਬਜ਼ਾਰ ਸਕ੍ਰੀਨਿੰਗ, ਵਿਸ਼ੇਸ਼ ਤੌਰ ‘ਤੇ ਆਯੋਜਿਤ ਬੀ2ਬੀ ਬੈਠਕਾਂ ਅਤੇ ਗਿਆਨ ਲੜੀ ਪ੍ਰੋਜੈਕਟਾਂ ਦੀ ਪਛਾਣ, ਉਦਯੋਗ ਨਾਲ ਜੁੜਾਅ ਅਤੇ ਸੰਭਾਵੀ ਸਹਿਯੋਗ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਦੇ ਹਨ।
20 ਤੋਂ 24 ਨਵੰਬਰ, 2025 ਤੱਕ ਗੋਆ ਵਿੱਚ 56ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਇੱਫੀ) ਦੇ ਨਾਲ ਆਯੋਜਿਤ ਐਡੀਸ਼ਨ ਵਿੱਚ 40 ਤੋਂ ਵੱਧ ਦੇਸਾਂ ਦੇ 2500 ਤੋਂ ਵੱਧ ਪ੍ਰਤੀਨਿਧੀਆਂ ਨੇ ਹਿੱਸਾ ਲਿਆ ਸੀ। ਇਸ ਵਿੱਚ 320 ਪ੍ਰੋਜੈਕਟਾਂ ਨੂੰ ਪੇਸ਼ ਕੀਤਾ ਗਿਆ ਅਤੇ 220 ਤੋਂ ਵੱਧ ਖਰੀਦਦਾਰਾਂ ਨਾਲ 1200 ਤੋਂ ਜ਼ਿਆਦਾ ਨਿਜੀ ਕਾਰੋਬਾਰੀ ਬੈਠਕਾਂ ਆਯੋਜਿਤ ਕੀਤੀਆਂ ਗਈਆਂ। ਕਾਰੋਬਾਰੀ ਚਰਚਾਵਾਂ ਅਤੇ ਗੱਲਬਾਤ ਦਾ ਮੁੱਲ ਲਗਭਗ 1050 ਕਰੋੜ ਰੁਪਏ ਲਗਾਇਆ ਗਿਆ ਸੀ, ਜਿਸ ਵਿੱਚ ਪ੍ਰੋਗਰਾਮ ਤੋਂ ਬਾਹਰ ਰਿਪੋਰਟ ਕੀਤੇ ਗਏ ਲਗਭਗ 100 ਕਰੋੜ ਰੁਪਏ ਦੇ ਸਮਝੌਤਾ ਪੱਤਰ (ਐੱਮਓਯੂ) ਵੀ ਸ਼ਾਮਲ ਸਨ।
ਵੇਵਸ ਬਜ਼ਾਰ : ਸਲਾਨਾ ਆਯੋਜਨ ਤੋਂ ਅੱਗੇ ਭਾਰਤ ਦੀ ਰਚਨਾਤਮਕ ਪਹੁੰਚ ਦਾ ਵਿਸਥਾਰ
ਵੇਵਸ ਪਹਿਲ ਸਲਾਨਾ ਫਿਲਮ ਬਜ਼ਾਰ ਤੋਂ ਅੱਗੇ ਵੇਵਸ ਬਜ਼ਾਰ ਰਾਹੀਂ ਵੀ ਵਿਸਥਾਰ ਕਰ ਰਹੀ ਹੈ। ਜਨਵਰੀ 2025 ਵਿੱਚ ਸ਼ੁਰੂ ਕੀਤਾ ਗਿਆ ਵੇਵਸ ਬਜ਼ਾਰ ਸਾਲ ਭਰ ਚੱਲਣ ਵਾਲਾ ਅੰਤਰਰਾਸ਼ਟਰੀ ਬੀ2ਬੀ ਮੰਚ ਹੈ। ਇਸ ਵਿੱਚ ਫਿਲਮ, ਟੈਲੀਵਿਜ਼ਨ, ਓਟੀਟੀ, ਐਨੀਮੇਸ਼ਨ, ਵੀਐੱਫਐਕਸ, ਗੇਮਿੰਗ, ਸੰਗੀਤ ਅਤੇ ਹੋਰ ਰਚਨਾਤਮਕ ਖੇਤਰ ਸ਼ਾਮਲ ਹਨ। ਇਹ ਮੰਚ ਰਚਨਾਕਾਰਾਂ ਅਤੇ ਕਾਰੋਬਾਰਾਂ ਨੂੰ ਸੰਭਾਵੀ ਖਰੀਦਦਾਰਾਂ ਅਤੇ ਸਹਿਯੋਗੀਆਂ ਨਾਲ ਜੋੜਦਾ ਹੈ।
ਅਕਤੂਬਰ 2026 ਦੀ ਪ੍ਰਗਤੀ ਰਿਪੋਰਟ ਮੁਤਾਬਕ, ਵੇਵਸ ਬਜ਼ਾਰ ਵਿੱਚ 12,500 ਤੋਂ ਵੱਧ ਐਕਟਿਵ ਯੂਜ਼ਰ ਸਨ, ਜਿਨ੍ਹਾਂ ਵਿੱਚੋਂ 5,000 ਤੋਂ ਵੱਧ ਖਰੀਦਦਾਰ ਅਤੇ ਲਗਭਗ 6,500 ਵਿਕ੍ਰੇਤਾ ਸ਼ਾਮਲ ਸਨ। ਇਸ ਮੰਚ ‘ਤੇ 2,800 ਤੋਂ ਵੱਧ ਐਕਟਿਵ ਪ੍ਰੋਜੈਕਟ ਸਨ। ਆਰਟੀਫਿਸ਼ੀਅਲ ਇੰਟੈਲੀਜੈਂਸ (AI)-ਅਧਾਰਿਤ ਅਰਥ-ਸਬੰਧੀ ਖੋਜ, ਸੰਪਰਕ ਮਿਲਾਨ, ਵਰਚੁਅਲੀ ਪੇਸ਼ਕਾਰੀ ਅਤੇ ਔਨਲਾਈਨ ਬੀ2ਬੀ ਬੈਠਕ ਸਹੂਲਤਾਂ ਰਚਨਾਕਾਰਾਂ ਅਤੇ ਕੋਰਾਬਾਰਾਂ ਨੂੰ ਸੰਭਾਵੀ ਭਾਈਵਾਲਾਂ ਦੀ ਪਛਾਣ ਕਰਨ ਅਤੇ ਭੌਤਿਕ ਸਮਾਗਮਾਂ ਤੋਂ ਇਲਾਵਾ ਵੀ ਉਦਯੋਗ ਨਾਲ ਜੁੜਾਅ ਕਾਇਮ ਰੱਖਣ ਵਿੱਚ ਮਦਦ ਕਰਦੀਆਂ ਹਨ।
ਆਸਟ੍ਰੇਲੀਆ, ਜਾਪਾਨ, ਦੱਖਣੀ ਕੋਰੀਆ, ਇਟਲੀ, ਜਰਮਨੀ, ਕੈਨੇਡਾ, ਫਰਾਂਸ ਅਤੇ ਸਪੇਨ ਵਰਗੇ ਦੇਸ਼ਾਂ ਵਿੱਚ ਇਸ ਦੀ ਇੰਟਰਨੈਸ਼ਲ ਪਹੁੰਚ ਨੇ ਭਾਰਤੀ ਰਚਨਾਤਮਕ ਉੱਦਮਾਂ ਲਈ ਮੌਕਿਆਂ ਦਾ ਹੋਰ ਵਿਸਥਾਰ ਕੀਤਾ ਹੈ। ਗੇਮਸਕੌਮ, ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ, ਵੈਨਿਸ ਅਤੇ ਐੱਮਆਈਪੀਸੀਓਐੱਮ (MIPCOM) ਸਮੇਤ ਆਲਮੀ ਉਦਯੋਗ ਮੰਚਾਂ ਵਿੱਚ ਭਾਗੀਦਾਰੀ ਨਾਲ ਅੰਤਰਰਾਸ਼ਟਰੀ ਹਿੱਸੇਦਾਰਾਂ ਨਾਲ ਜੁੜਾਅ ਮਜ਼ਬੂਤ ਹੋਇਆ ਹੈ।
ਇਹ ਪਹਿਲਕਦਮੀ ‘ਰਚਨਾਤਮਕ ਕੌਸ਼ਲ ਤੋਂ ਕਾਰੋਬਾਰ’ ਤੱਕ ਭਾਰਤੀ ਰਚਨਾਤਮਕਤਾ ਨੂੰ ਪਹੁੰਚਾਉਣ ਦੇ ਵਿਆਪਕ ਯਤਨ ਨੂੰ ਦਰਸਾਉਂਦੀਆਂ ਹਨ। ਇਸ ਨਾਲ ਭਾਰਤ ਦੀ ਆਲਮੀ ਪੱਧਰ ‘ਤੇ ਕੰਟੈਂਟ ਨਿਰਮਾਣ, ਬੌਧਿਕ ਸੰਪਦਾ ਅਤੇ ਰਚਨਾਤਮਕ ਉਦਯੋਗਾਂ ਦੇ ਕੇਂਦਰ ਦੇ ਰੂਪ ਵਿੱਚ ਸਥਿਤੀ ਮਜ਼ਬੂਤ ਕਰਨ ਵਿੱਚ ਮਦਦ ਮਿਲ ਰਹੀ ਹੈ।
ਵੇਵਸ ਫਿਲਮ ਬਜ਼ਾਰ ਆਪਣੀ ਯਾਤਰਾ ਦੇ ਦੋ ਦਹਾਰੇ ਪੂਰੇ ਕਰ ਰਿਹਾ ਹੈ ਅਤੇ ਸੁਤੰਤਰ ਫਿਲਮ ਨਿਰਮਾਤਾਵਾਂ, ਖੇਤਰੀ ਭਾਸ਼ਾ ਦੇ ਸਿਨੇਮਾ ਅਤੇ ਉਭਰਦੀਆਂ ਰਚਨਾਤਮਕ ਪ੍ਰਤਿਭਾਵਾਂ ਨੂੰ ਅੰਤਰਰਾਸ਼ਟਰੀ ਬਜ਼ਾਰਾਂ ਤੱਕ ਪਹੁੰਚਣ, ਸਾਂਝੇਦਾਰੀ ਬਣਾਉਣ ਅਤੇ ਭਾਰਤੀ ਕਹਾਣੀਆਂ ਨੂੰ ਦੁਨੀਆ ਭਰ ਦੇ ਦਰਸ਼ਕਾਂ ਤੱਕ ਪਹੁੰਚਾਉਣ ਲਈ ਇੱਕ ਮਹੱਤਵਪੂਰਨ ਮੰਚ ਬਣਿਆ ਹੋਇਆ ਹੈ।
* * *
PIB IFFI Team | Rajith Chandran/Supriya Ghaytadak/Lekshmi Priya/Nikhitha A. S./ Darshana Rane
ਪੀਆਈਬੀ ਇੱਫੀ ਟੀਮ। ਰਜਿਤ ਚੰਦ੍ਰਨ /ਸੁਪ੍ਰਿਆ ਘੀਤਾਡਕ /ਲਕਸ਼ਮੀ ਪ੍ਰਿਆ/ ਨਿਕੀਤਾ ਏ.ਐੱਸ. /ਦਰਸ਼ਨਾ ਰਾਣੇ/ ਬਲਜੀਤ ਸਿੰਘ | IFFI 57 - 035