ਉਪ ਰਾਸ਼ਟਰਪਤੀ ਸਕੱਤਰੇਤ
ਉਪ-ਰਾਸ਼ਟਰਪਤੀ ਸ਼੍ਰੀ ਸੀਪੀ ਰਾਧਾਕ੍ਰਿਸ਼ਨਨ ਨੇ ਤਿਰੂਵਰੁਰ ਵਿਖੇ ਕੇਂਦਰੀ ਯੂਨੀਵਰਸਿਟੀ ਦੇ11ਵੇਂ ਕਨਵੋਕੇਸ਼ਨ ਵਿੱਚ ਸ਼ਿਰਕਤ ਕੀਤੀ
ਸਿਰਫ਼ ਗਿਆਨ ਹੀ ਕਾਫ਼ੀ ਨਹੀਂ ਹੈ, ਭਵਿੱਖ ਲਈ ਜੀਵਨ ਭਰ ਸਿੱਖਦੇ ਰਹਿਣਾ, ਨਵੀਨਤਾ ਅਤੇ ਅਨੁਕੂਲਤਾ ਜ਼ਰੂਰੀ ਹਨ: ਉਪ-ਰਾਸ਼ਟਰਪਤੀ
ਸਿੱਖਿਆ ਨੂੰ ਪ੍ਰੀਖਿਆਵਾਂ ਅਤੇ ਅੰਕਾਂ ਤੋਂ ਪਰ੍ਹੇ ਜਾ ਕੇ ਸੁਤੰਤਰ ਸੋਚ, ਰਚਨਾਤਮਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ: ਉਪ-ਰਾਸ਼ਟਰਪਤੀ
ਗ਼ਲਤ ਕਰਨ ਵਾਲਿਆਂ ਨੂੰ ਸਜ਼ਾ ਦੇਣ ਅਤੇ ਇਮਾਨਦਾਰ ਵਿਦਿਆਰਥੀਆਂ ਦੇ ਹਿੱਤਾਂ ਦੀ ਰੱਖਿਆ ਲਈ ਜਨਤਕ ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰ ਜ਼ਰੂਰੀ ਹਨ: ਉਪ-ਰਾਸ਼ਟਰਪਤੀ
ਆਪਣੇ ਲਈ ਜਿਊਂਣਾ ਪਾਪ ਨਹੀਂ ਹੈ, ਸਿਰਫ਼ ਆਪਣੇ ਲਈ ਜਿਊਂਣਾ ਪਾਪ ਹੈ: ਉਪ-ਰਾਸ਼ਟਰਪਤੀ
“ਗਿਆਨ ਦੇ ਖਪਤਕਾਰ ਬਣਨ ਦੀ ਬਜਾਏ ਸਿਰਜਣਹਾਰ ਬਣੋ, ਨਕਲ ਕਰਨ ਦੀ ਬਜਾਏ ਨਵੀਨਤਾਕਾਰੀ ਬਣੋ, ਪੈਰੋਕਾਰਾਂ ਦੀ ਬਜਾਏ ਨੇਤਾ ਬਣੋ”: ਉਪ-ਰਾਸ਼ਟਰਪਤੀ
ਉਪ-ਰਾਸ਼ਟਰਪਤੀ ਨੇ ਸੁਰੱਖਿਆ ਏਜੰਸੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ
प्रविष्टि तिथि:
17 AUG 2026 1:56PM by PIB Chandigarh
ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਅੱਜ ਤਿਰੂਵਰੂਰ ਵਿੱਚ ਕੇਂਦਰੀ ਤਾਮਿਲਨਾਡੂ ਯੂਨੀਵਰਸਿਟੀ ਦੇ 11ਵੇਂ ਕਨਵੋਕੇਸ਼ਨ ਵਿੱਚ ਸ਼ਿਰਕਤ ਕੀਤੀ ਅਤੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਜੀਵਨ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹਾਸਲ ਕਰਨ ’ਤੇ ਵਧਾਈ ਦਿੱਤੀ।
ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਗ੍ਰੇਜੂਏਟਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਨਵੋਕੇਸ਼ਨ ਸਿਰਫ਼ ਡਿਗਰੀਆਂ ਵੰਡਣ ਦਾ ਜਸ਼ਨ ਨਹੀਂ ਹੈ, ਸਗੋਂ ਸਿੱਖਿਆ ਦੀ ਪਰਿਵਰਤਨਸ਼ੀਲ ਸ਼ਕਤੀ, ਗਿਆਨ ਦੀ ਖੋਜ ਅਤੇ ਸਮਰਪਣ, ਦ੍ਰਿੜ੍ਹਤਾ ਤੇ ਲਚਕੀਲੇਪਣ ਦਾ ਜਸ਼ਨ ਹੈ ਜਿਸ ਨੇ ਵਿਦਿਆਰਥੀਆਂ ਨੂੰ ਮਹੱਤਵਪੂਰਨ ਪਲ ਤੱਕ ਪਹੁੰਚਾਇਆ ਹੈ।
ਉਨ੍ਹਾਂ ਡਿਗਰੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਆਪਣੇ ਮੌਜੂਦਾ ਸੁੱਖ-ਸਹੂਲਤਾਂ ਦਾ ਤਿਆਗ ਕੀਤਾ ਹੈ।
ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਤਿਰੂਵਰੂਰ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਆਲੀਸ਼ਾਨ ਤਿਆਗਰਾਜ ਮੰਦਰ ਵਾਲਾ ਇਹ ਪਵਿੱਤਰ ਸ਼ਹਿਰ ਸਦੀਆਂ ਤੋਂ ਅਧਿਆਤਮਿਕਤਾ, ਵਿਦਵਤਾ ਅਤੇ ਕਲਾਤਮਕ ਉੱਤਮਤਾ ਦਾ ਕੇਂਦਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਪਵਿੱਤਰ ਧਰਤੀ ਨੇ ਸੰਤਾਂ, ਵਿਦਵਾਨਾਂ ਅਤੇ ਕਰਨਾਟਕ ਸੰਗੀਤ ਦੀ ਮਹਾਨ ਤ੍ਰਿਮੂਰਤੀ ਨੂੰ ਜਨਮ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੱਚੀ ਮਹਾਨਤਾ ਉਦੋਂ ਉੱਭਰਦੀ ਹੈ ਜਦੋਂ ਸੱਭਿਆਚਾਰ, ਗਿਆਨ ਅਤੇ ਕਦਰਾਂ-ਕੀਮਤਾਂ ਇਕੱਠੇ ਵਧਦੀਆਂ-ਫੁੱਲਦੀਆਂ ਹਨ।
ਉਪ-ਰਾਸ਼ਟਰਪਤੀ ਨੇ ਪਿਛਲੇ ਬਾਰਾਂ ਸਾਲਾਂ ਵਿੱਚ ਉੱਚ ਸਿੱਖਿਆ ਦੇ ਬੇਮਿਸਾਲ ਵਿਸਥਾਰ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਕਨਵੋਕੇਸ਼ਨਾਂ (ਡਿਗਰੀ ਵੰਡ ਸਮਾਗਮਾਂ)ਵਿੱਚ, ਉਹ ਅਕਸਰ ਮਰਦਾਂ ਨਾਲੋਂ ਵੱਧ ਔਰਤਾਂ ਨੂੰ ਡਿਗਰੀਆਂ ਅਤੇ ਮੈਡਲ ਪ੍ਰਾਪਤ ਕਰਦੇ ਦੇਖਦੇ ਹਨ, ਜੋ ਕਿ ਸਵਾਗਤਯੋਗ ਹੈ।
ਉਪ-ਰਾਸ਼ਟਰਪਤੀ ਨੇ ਕਿਹਾ ਕਿ ਅੱਜ ਸਿੱਖਿਆ ਦਾ ਮੁਲਾਂਕਣ ਸਿਰਫ਼ ਪ੍ਰੀਖਿਆਵਾਂ ਜਾਂ ਅੰਕਾਂ ਦੇ ਆਧਾਰ ’ਤੇ ਨਹੀਂ ਕੀਤਾ ਜਾ ਸਕਦਾ। ਇਸ ਦਾ ਮੁਲਾਂਕਣ ਸੁਤੰਤਰ ਤੌਰ ’ਤੇ ਸੋਚਣ, ਪ੍ਰਭਾਵਸ਼ਾਲੀ ਢੰਗ ਨਾਲ ਸੰਚਾਰ ਕਰਨ, ਸਹਿਯੋਗ ਨਾਲ ਕੰਮ ਕਰਨ ਅਤੇ ਜੀਵਨ ਭਰ ਸਿੱਖਣ ਵਾਲੇ ਬਣਨ ਦੀ ਯੋਗਤਾ ਦੇ ਆਧਾਰ ’ਤੇ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਬਹੁ-ਅਨੁਸ਼ਾਸਨੀ ਸਿੱਖਿਆ, ਖੋਜ, ਨਵੀਨਤਾ ਅਤੇ ਮੁੱਲ-ਅਧਾਰਤ ਸਿੱਖਿਆ ’ਤੇ ਜ਼ੋਰ ਦੇ ਕੇ ਇਸ ਪਹੁੰਚ ਨੂੰ ਅਪਣਾਉਣ ਲਈ ਤਾਮਿਲਨਾਡੂ ਕੇਂਦਰੀ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ।
ਸੰਸਦ ਵੱਲੋਂ ਹਾਲ ਹੀ ਵਿੱਚ ਪਾਸ ਕੀਤੇ ਗਏ ਜਨਤਕ ਪ੍ਰੀਖਿਆਵਾਂ (ਅਣਉਚਿਤ ਸਾਧਨਾਂ ਦੀ ਰੋਕਥਾਮ) ਸੋਧ ਬਿੱਲ ਦਾ ਹਵਾਲਾ ਦਿੰਦੇ ਹੋਏ, ਉਪ-ਰਾਸ਼ਟਰਪਤੀ ਨੇ ਕਿਹਾ ਕਿ ਪ੍ਰੀਖਿਆਵਾਂ ਵਿੱਚ ਗ਼ਲਤ ਤਰੀਕਿਆਂ ਨੂੰ ਰੋਕਣਾ ਅਤੇ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਕਰਨਾ ਸਭ ਤੋਂ ਵੱਧ ਮਹੱਤਵਪੂਰਨ ਹੈ।
ਝਾਰਖੰਡ ਦੇ ਰਾਜਪਾਲ ਵਜੋਂ ਆਪਣੇ ਕਾਰਜਕਾਲ ਨੂੰ ਯਾਦ ਕਰਦਿਆਂ, ਸ਼੍ਰੀ ਸੀਪੀ ਰਾਧਾਕ੍ਰਿਸ਼ਨਨ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਝਾਰਖੰਡ ਸਰਕਾਰ ਵੱਲੋਂ ਇੱਕ ਅਜਿਹਾ ਹੀ ਬਿੱਲ ਪਾਸ ਕੀਤਾ ਗਿਆ ਸੀ ਅਤੇ ਉਸ ਸਮੇਂ ਦੇ ਰਾਜਪਾਲ ਵਜੋਂ ਉਨ੍ਹਾਂ ਨੇ ਤੁਰੰਤ ਇਸ ’ਤੇ ਦਸਤਖ਼ਤ ਕਰਕੇ ਕਾਨੂੰਨ ਦਾ ਰੂਪ ਦਿੱਤਾ ਸੀ ।
ਉਨ੍ਹਾਂ ਕਿਹਾ ਕਿ ਚੰਗੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਸਮਾਜ ਦੇ ਮਾੜੇ ਅਨਸਰਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਜਨਤਕ ਪ੍ਰੀਖਿਆਵਾਂ ਦੀ ਨਿਰਪੱਖਤਾ ਅਤੇ ਅਖੰਡਤਾ ਦੀ ਰੱਖਿਆ ਲਈ ਸਖ਼ਤ ਉਪਾਵਾਂ ਦੀ ਲੋੜ ’ਤੇ ਜ਼ੋਰ ਦਿੱਤਾ।
ਉਪ-ਰਾਸ਼ਟਰਪਤੀ ਨੇ ਗ੍ਰੇਜੂਏਟਸ ਨੂੰ ਅਪੀਲ ਕੀਤੀ ਕਿ ਉਹ ਗਿਆਨ ਦੇ ਖਪਤਕਾਰ ਬਣਨ ਦੀ ਬਜਾਏ ਨਿਰਮਾਤਾ ਬਣਨ, ਨਕਲ ਕਰਨ ਦੀ ਬਜਾਏ ਨਵੀਨਤਾਕਾਰੀ ਬਣਨ ਅਤੇ ਪੈਰੋਕਾਰ ਦੀ ਬਜਾਏ ਨੇਤਾ ਬਣਨ ।
ਸ਼੍ਰੀ ਸੀਪੀ ਰਾਧਾਕ੍ਰਿਸ਼ਨਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਹੇਠ ਭਾਰਤ 2047 ਤੱਕ ਇੱਕ ਵਿਕਸਤ ਭਾਰਤ ਬਣਨ ਦੀ ਦਿਸ਼ਾ ਵੱਲ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ “ਰਾਸ਼ਟਰ ਪਹਿਲਾਂ” ਦੀ ਭਾਵਨਾ ਨੂੰ ਸਰਵਉੱਚ ਰੱਖਣ ਅਤੇ ਦੇਸ਼ ਦੇ ਵਿਕਾਸ ਲਈ ਆਪਣੇ ਗਿਆਨ, ਹੁਨਰ ਅਤੇ ਅਗਵਾਈ ਦੀ ਵਰਤੋਂ ਕਰਨ ।
ਉਪ-ਰਾਸ਼ਟਰਪਤੀ ਨੇ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੂੰ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਅਤੇ ਨਸ਼ੀਲੇ ਪਦਾਰਥਾਂ ਦੇ ਖ਼ਤਰੇ ਨੂੰ ਫੈਲਾਉਣ ਵਿੱਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਦੁਰਵਰਤੋਂ ਨਾ ਸਿਰਫ਼ ਵਿਅਕਤੀਆਂ ਦੇ ਜੀਵਨ ਨੂੰ ਬਰਬਾਦ ਕਰਦੀ ਹੈ, ਸਗੋਂ ਪਰਿਵਾਰਾਂ ਅਤੇ ਸਮਾਜ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ ਅਤੇ ਨੌਜਵਾਨਾਂ ਨੂੰ ਇਸ ਖ਼ਤਰੇ ਤੋਂ ਬਚਾਉਣਾ ਇੱਕ ਸਮੂਹਿਕ ਜ਼ਿੰਮੇਵਾਰੀ ਹੈ।
ਉਨ੍ਹਾਂ ਵਿਦਿਆਰਥੀਆਂ ਨੂੰ "ਨਸ਼ੀਲੀਆਂ ਦਵਾਈਆਂ ਨੂੰ ਨਾ ਕਹਿਣ" ਦੀ ਅਪੀਲ ਨੂੰ ਦੁਹਰਾਇਆ ਅਤੇ ਉਨ੍ਹਾਂ ਨੂੰ ਆਪਣੇ ਦੋਸਤਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਲਈ ਉਤਸ਼ਾਹਿਤ ਕੀਤਾ।
ਆਪਣੇ ਸੰਬੋਧਨ ਦੇ ਅੰਤ ਵਿੱਚ, ਉਪ-ਰਾਸ਼ਟਰਪਤੀ ਨੇ ਹਰੇਕ ਗ੍ਰੈਜੂਏਟ ਦੀ ਸਫਲਤਾ, ਸੰਤੁਸ਼ਟੀ ਚੰਗੀ ਸਿਹਤ ਅਤੇ ਸਮਾਜ ਵਿੱਚ ਸਾਰਥਕ ਤਬਦੀਲੀ ਲਿਆਉਣ ਦੀ ਕਾਮਨਾ ਕੀਤੀ।
ਕਨਵੋਕੇਸ਼ਨ ਵਿੱਚ ਕੁੱਲ 1,103 ਗ੍ਰੇਜੂਏਟਸ ਨੂੰ ਡਿਗਰੀਆਂ ਮਿਲੀਆਂ। ਇਸ ਵਿੱਚ ਅਕਾਦਮਿਕ ਉੱਤਮਤਾ ਲਈ 50 ਵੱਕਾਰੀ ਸੋਨ ਤਗਮਾ ਜੇਤੂ ਸ਼ਾਮਲ ਹਨ। ਇਨ੍ਹਾਂ 1,103 ਗ੍ਰੇਜੂਏਟਸ ਵਿੱਚੋਂ 616 ਮਹਿਲਾਵਾਂ ਹਨ। 50 ਵਿੱਚੋਂ 37 ਸੋਨ ਤਗਮੇ ਵਿਦਿਆਰਥਣਾਂ ਨੂੰ ਮਿਲੇ।
ਇਸ ਮੌਕੇ ’ਤੇ ਤਾਮਿਲਨਾਡੂ ਦੇ ਰਾਜਪਾਲ ਸ਼੍ਰੀ ਰਾਜੇਂਦਰ ਵਿਸ਼ਵਨਾਥ ਅਰਲੇਕਰ, ਲੋਕ ਸਭਾ ਮੈਂਬਰ (ਨਾਗਾਪੱਟੀਨਮ) ਥਿਰੂ ਵੀ. ਸੇਲਵਰਾਜ, ਚਾਂਸਲਰ ਪ੍ਰੋ. ਜੀ. ਪਦਮਨਾਭਨ, ਵਾਈਸ ਚਾਂਸਲਰ ਸੀਨੀਅਰ ਪ੍ਰੋ. ਸੁਲੋਚਨਾ ਸ਼ੇਖਰ, ਫੈਕਲਟੀ ਮੈਂਬਰ, ਮਾਪੇ ਅਤੇ ਵਿਦਿਆਰਥੀ ਵੀ ਹਾਜ਼ਰ ਸਨ।
****
ਪੀਆਰ/ਏਐਸਐਮ/ਵੀਐਮ
(रिलीज़ आईडी: 2300890)
आगंतुक पटल : 6
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Bengali-TR
,
Manipuri
,
Gujarati
,
Tamil
,
Telugu
,
Kannada
,
Malayalam