ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਮੁੱਖ ਸਕੱਤਰਾਂ ਅਤੇ ਆਫ਼ਤ ਪ੍ਰਬੰਧਨ ਵਿਭਾਗਾਂ ਨੂੰ ਸੰਵੇਦਨਸ਼ੀਲ ਖੇਤਰਾਂ ਵਿੱਚ ਨਵੇਂ ਕਮਿਊਨਿਟੀ ਰੇਡੀਓ ਸਟੇਸ਼ਨਾਂ ਨੂੰ ਹੁਲਾਰਾ ਦੇਣ ਦੀ ਤਾਕੀਦ ਕੀਤੀ ਗਈ, ਹੜ੍ਹਾਂ, ਭੂਚਾਲ ਅਤੇ ਬਿਜਲੀ ਡਿੱਗਣ ਕਾਰਨ ਪ੍ਰਭਾਵਿਤ ਸਟੇਸ਼ਨਾਂ ਲਈ 11.50 ਲੱਖ ਰੁਪਏ ਦੀ ਐਮਰਜੈਂਸੀ ਗ੍ਰਾਂਟ ਉਪਲਬਧ ਹੈ


Posted On: 07 AUG 2026 3:31PM by PIB Chandigarh

ਦੇਸ਼ ਵਿੱਚ ਕਮਿਊਨਿਟੀ  ਰੇਡੀਓ ਸਟੇਸ਼ਨ ਸਥਾਪਿਤ ਕਰਨ ਲਈ ਨੀਤੀਗਤ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਕਮਿਊਨਿਟੀ  ਰੇਡੀਓ ਬ੍ਰੌਡਕਾਸਟਿੰਗ ਦਾ ਮੁੱਖ ਮਕਸਦ ਕਮਿਊਨਿਟੀ  ਰੇਡੀਓ ਸਟੇਸ਼ਨ ਦੇ ਸੇਵਾ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਦੀ ਸੇਵਾ ਕਰਨਾ ਹੈ।

ਇਨ੍ਹਾਂ ਨੀਤੀਗਤ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਸਰਕਾਰ ਕੋਲ ਕਮਿਊਨਿਟੀ  ਰੇਡੀਓ ਸਟੇਸ਼ਨਾਂ ਨੂੰ ਕੋਈ ਵੀ ਵਿਸ਼ੇਸ਼ ਸੰਦੇਸ਼ ਪ੍ਰਸਾਰਿਤ ਕਰਨ ਦਾ ਨਿਰਦੇਸ਼ ਦੇਣ ਦਾ ਅਧਿਕਾਰ ਹੈ, ਜਿਸ ਨੂੰ ਕੁਦਰਤੀ ਆਫਤਾਂ, ਲੋਕਾਂ ਦੇ ਹਿਤ ਜਾਂ ਅਜਿਹੀਆਂ ਹੀ ਸਥਿਤੀਆਂ ਤੋਂ ਪੈਦਾ ਹੋਣ ਵਾਲੀਆਂ ਮੁਸ਼ਕਲਾਂ ਨਾਲ ਨਜਿੱਠਣ ਲਈ ਲਾਜ਼ਮੀ ਸਮਝਿਆ ਜਾਂਦਾ ਹੈ। ਕਮਿਊਨਿਟੀ ਰੇਡੀਓ ਸਟੇਸ਼ਨ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਵਚਨਬੱਧ ਹਨ।

ਇਹ ਨੀਤੀਗਤ ਦਿਸ਼ਾ-ਨਿਰਦੇਸ਼ ਕਮਿਊਨਿਟੀ ਰੇਡੀਓ ਸਟੇਸ਼ਨਾਂ ਨੂੰ ਨਾਗਰਿਕ ਸਹੂਲਤਾਂ, ਕੁਦਰਤੀ ਆਫ਼ਤਾਂ, ਹੈਲਥ ਐਲਰਟ ਅਤੇ ਸਥਾਨਕ ਪ੍ਰਸ਼ਾਸਨ ਦੁਆਰਾ ਦਿੱਤੀ ਗਈ ਦੂਜੀ ਜਾਣਕਾਰੀ ਨਾਲ ਜੁੜੇ ਜਨਤਕ ਐਲਾਨ ਪ੍ਰਸਾਰਿਤ ਕਰਨ ਦੀ ਵੀ ਮਨਜ਼ੂਰੀ ਦਿੰਦੇ ਹਨ।

ਕਮਿਊਨਿਟੀ ਰੇਡੀਓ ਸਟੇਸ਼ਨ ਕੁਦਰਤੀ ਆਫ਼ਤਾਂ ਅਤੇ ਦੂਜੇ ਸੰਕਟਾਂ ਦੌਰਾਨ ਸਥਾਨਕ ਭਾਸ਼ਾਵਾਂ ਵਿੱਚ ਸਮੇਂ ਸਿਰ ਅਤੇ ਭਰੋਸੇਯੋਗ ਜਾਣਕਾਰੀ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਇਸ ਤੋਂ ਇਲਾਵਾ, ਸਥਾਨਕ ਭਾਈਚਾਰਾ, ਖਾਸ ਕਰਕੇ ਹੜ੍ਹ ਦੀ ਸ਼ੰਕਾ ਵਾਲੇ, ਤਟਵਰਤੀ ਅਤੇ ਦੂਜੇ ਆਫ਼ਤ ਦੇ ਖ਼ਤਰੇ ਵਾਲੇ ਇਲਾਕਿਆਂ ਵਿੱਚ ਜਾਣਕਾਰੀ ਪ੍ਰਸਾਰਿਤ ਕਰਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਕਮਿਊਨਿਟੀ ਰੇਡੀਓ ਸਟੇਸ਼ਨਾਂ ਦੇ ਲਾਭ ਨੂੰ ਦੇਖਦੇ ਹੋਏ, ਮੰਤਰਾਲੇ ਨੇ ਸਬੰਧਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮਾਲੀਆ ਅਤੇ ਆਫ਼ਤ ਪ੍ਰਬੰਧਨ ਵਿਭਾਗ ਦੇ ਮੁੱਖ ਸਕੱਤਰ ਅਤੇ ਪ੍ਰਸ਼ਾਸਨਿਕ ਸਕੱਤਰ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਆਫ਼ਤ ਨਾਲ ਜੁੜੀ ਜਾਣਕਾਰੀ ਦਾ ਪ੍ਰਸਾਰ ਕਰਨ ਲਈ ਇਸ ਪ੍ਰਭਾਵਸ਼ਾਲੀ ਜ਼ਰੀਏ ਦੀ ਵਰਤੋਂ ਕਰਨ ਅਤੇ ਅਜਿਹੇ ਇਲਾਕਿਆਂ ਵਿੱਚ ਨਵੇਂ ਕਮਿਊਨਿਟੀ ਰੇਡੀਓ ਸਟੇਸ਼ਨਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਸ਼ੁਰੂ ਕਰਨ ਦੀ ਬੇਨਤੀ ਕੀਤੀ।

ਕਮਿਊਨਿਟੀ ਰੇਡੀਓ ਸਟੇਸ਼ਨਾਂ ਨੂੰ ‘ਸਪੋਰਟਿੰਗ ਕਮਿਊਨਿਟੀ ਰੇਡੀਓ ਮੂਵਮੈਂਟ ਇਨ ਇੰਡੀਆ’ ਅਧੀਨ ਸਮਰਥਨ ਦਿੱਤਾ ਜਾਂਦਾ ਹੈ, ਜਿਸ ਨੂੰ 2026-27 ਤੋਂ 2030-31 ਲਈ 50 ਕਰੋੜ ਰੁਪਏ ਦੀ ਲਾਗਤ ਨਾਲ ਜਾਰੀ ਰੱਖਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਯੋਜਨਾ ਦਾ ਉਦੇਸ਼ ਨਵੇਂ ਅਤੇ ਮੌਜੂਦਾ ਕਮਿਊਨਿਟੀ ਰੇਡੀਓ ਸਟੇਸ਼ਨਾਂ ਨੂੰ ਮਜ਼ਬੂਤ ਬਣਾਉਣਾ ਹੈ। ਇਸ ਲਈ ਕਮਿਊਨਿਟੀ ਰੇਡੀਓ ਸਟੇਸ਼ਨਾਂ ਨੂੰ ਸਥਾਪਿਤ ਕਰਨ ਅਤੇ ਚਲਾਉਣ ਲਈ ਜ਼ਰੂਰੀ ਉਪਕਰਣ ਖਰੀਦਣ ਜਾਂ ਬਦਲਣ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ, ਜਿਸ ਵਿੱਚ ਯੂਪੀਐੱਸ, ਜੈਨਰੇਟਰ ਸੈੱਟ ਅਤੇ ਸੋਲਰ ਪਾਵਰ ਸਿਸਟਮ ਜਿਹੇ ਬੈਕਅੱਪ ਪਾਵਰ ਉਪਕਰਣ ਸ਼ਾਮਲ ਹਨ ਤਾਂ ਜੋ ਐਮਰਜੈਂਸੀ ਦੌਰਾਨ ਵੀ ਪ੍ਰਸਾਰਣ ਜਾਰੀ ਰਹੇ।

ਇਸ ਯੋਜਨਾ ਵਿੱਚ ਹੜ੍ਹਾਂ, ਬਿਜਲੀ ਡਿੱਗਣ, ਭੂਚਾਲ ਆਦਿ ਜਿਹੀਆਂ ਕੁਦਰਤੀ ਆਫ਼ਤਾਂ ਦੀ ਸਥਿਤੀ ਵਿੱਚ ਚੱਲ ਰਹੇ ਕਮਿਊਨਿਟੀ ਰੇਡੀਓ ਸਟੇਸ਼ਨਾਂ ਨੂੰ 11.50 ਲੱਖ ਰੁਪਏ ਦੀ ਐਮਰਜੈਂਸੀ ਗ੍ਰਾਂਟ ਵੀ ਦਿੱਤੀ ਜਾਂਦੀ ਹੈ।

ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਅੱਜ ਰਾਜ ਸਭਾ ਵਿੱਚ ਸ਼੍ਰੀ ਕਣਾਦ ਪੁਰਕਾਯਸਥ, ਸ਼੍ਰੀ ਮਨਨ ਕੁਮਾਰ ਮਿਸ਼ਰਾ, ਸ਼੍ਰੀਮਤੀ ਸੀਮਾ ਦ੍ਵਿਵੇਦੀ, ਸ਼੍ਰੀ ਸੰਭੂ ਸ਼ਰਣ ਪਟੇਲ, ਸ਼੍ਰੀਮਤੀ ਸਾਧਨਾ ਸਿੰਘ ਦੁਆਰਾ ਪੁੱਛੇ ਗਏ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

****

ਮਹੇਸ਼ ਕੁਮਾਰ/ ਵਿਵੇਕ ਵਿਸ਼ਵਾਸ਼ / ਏਕੇ


(Release ID: 2296935) ਵਿਜ਼ੀਟਰ ਕਾਊਂਟਰ : 61