ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਜ਼ਮੀਨੀ ਪੱਧਰ ਦੇ ਨਵੀਨਤਾਕਾਰਾਂ ਦੇ ਇੱਕ ਸਮੂਹ ਨਾਲ ਗੱਲਬਾਤ ਕੀਤੀ


ਜ਼ਮੀਨੀ ਪੱਧਰ ਦੀਆਂ ਨਵੀਨਤਾਵਾਂ ਸਾਡੀਆਂ ਜ਼ਰੂਰਤਾਂ ਦੇ ਵਧੇਰੇ ਅਨੁਕੂਲ ਹੁੰਦੀਆਂ ਹਨ ਕਿਉਂਕਿ ਉਨ੍ਹਾਂ ਵਿੱਚ ਸਥਾਨਕ ਤਜਰਬੇ, ਵਿਗਿਆਨਕ ਸੋਚ ਅਤੇ ਨਿੱਜੀ ਰਚਨਾਤਮਕਤਾ ਦੇ ਨਾਲ ਸਮਾਜਿਕ ਜ਼ਿੰਮੇਵਾਰੀ ਦਾ ਵੀ ਸਮਾਵੇਸ਼ ਹੁੰਦਾ ਹੈ: ਰਾਸ਼ਟਰਪਤੀ ਦ੍ਰੌਪਦੀ ਮੁਰਮੂ

Posted On: 31 JUL 2026 3:32PM by PIB Chandigarh

ਰਾਸ਼ਟਰਪਤੀ ਭਵਨ ਸਭਿਆਚਾਰਕ ਕੇਂਦਰ ਵਿੱਚ ਅੱਜ (31 ਜੁਲਾਈ, 2026) ਅਟਲ ਇਨੋਵੇਸ਼ਨ ਮਿਸ਼ਨ ਦੇ ਜ਼ਮੀਨੀ ਪੱਧਰ ਦੇ ਨਵੀਨਤਾਕਾਰਾਂ ਦੇ ਇੱਕ ਸਮੂਹ ਨੇ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਨੇ ਇਨ੍ਹਾਂ ਨਵੀਨਤਾਕਾਰਾਂ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਦਾ ਦੌਰਾ ਵੀ ਕੀਤਾ, ਉਨ੍ਹਾਂ ਦੀਆਂ ਨਵੀਨਤਾਵਾਂ ਨੂੰ ਦੇਖਿਆ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਆਪਣੇ ਵਿਆਪਕ ਸਰੂਪ ਅਤੇ ਨਵੀਨਤਾ ਦੀ ਭਾਵਨਾ ਦੀ ਵਰਤੋਂ ਕਰਕੇ ਜ਼ਮੀਨੀ ਪੱਧਰ ਦੀ ਨਵੀਨਤਾ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਸ਼ਕਤੀ ਬਣਨ ਦੀ ਸਮਰੱਥਾ ਰੱਖਦਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜ਼ਮੀਨੀ ਪੱਧਰ ਦੀਆਂ ਨਵੀਨਤਾਵਾਂ ਸਾਡੀਆਂ ਜ਼ਰੂਰਤਾਂ ਦੇ ਵਧੇਰੇ ਅਨੁਕੂਲ ਹਨ ਕਿਉਂਕਿ ਉਨ੍ਹਾਂ ਵਿੱਚ ਸਥਾਨਕ ਤਜਰਬੇ, ਵਿਗਿਆਨਕ ਸੋਚ ਅਤੇ ਨਿੱਜੀ ਰਚਨਾਤਮਕਤਾ ਦੇ ਨਾਲ ਸਮਾਜਿਕ ਜ਼ਿੰਮੇਵਾਰੀ ਦਾ ਵੀ ਸਮਾਵੇਸ਼ ਹੁੰਦਾ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖ਼ੁਸ਼ੀ ਹੋਈ ਕਿ ਦੇਸ਼ ਭਰ ਵਿੱਚ ਨਵੀਨਤਾਕਾਰ ਸਥਾਨਕ ਸਮੱਸਿਆਵਾਂ ਦੇ ਅਜਿਹੇ ਹੱਲ ਵਿਕਸਤ ਕਰ ਰਹੇ ਹਨ, ਜਿਨ੍ਹਾਂ ਦਾ ਮਹੱਤਵ ਰਾਸ਼ਟਰੀ ਪੱਧਰ ’ਤੇ ਵੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੀ ਪ੍ਰਦਰਸ਼ਨੀ ਵਿੱਚ ਅਸੀਂ ਦੇਖਿਆ ਕਿ ਜ਼ਮੀਨੀ ਪੱਧਰ ਦੇ ਨਵੀਨਤਾਕਾਰ ਕਿਵੇਂ ਕੂੜੇ ਤੋਂ ਆਮਦਨ ਸਿਰਜਣ, ਊਰਜਾ ਦੀ ਸੰਭਾਲ ਕਰਨ, ਮਹਿਲਾਵਾਂ ਅਤੇ ਦਿਵਿਆਂਗਜਨਾਂ ਲਈ ਸੁਵਿਧਾ ਵਧਾਉਣ, ਵਾਤਾਵਰਣ ਦੀ ਸੰਭਾਲ ਕਰਨ, ਖੇਤੀਬਾੜੀ ਅਤੇ ਕਲਾ ਸੰਭਾਲ ਵਰਗੇ ਖੇਤਰਾਂ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਸਮਾਜ ਵਿੱਚ ਪਰਿਵਰਤਨ ਕੇਵਲ ਵਿਚਾਰਾਂ ਨਾਲ ਨਹੀਂ ਆਉਂਦਾ। ਉਨ੍ਹਾਂ ਵਿਚਾਰਾਂ ਨੂੰ ਅੱਗੇ ਵਧਾਉਣ ਲਈ ਅਜਿਹੇ ਵਾਤਾਵਰਣ ਦੀ ਜ਼ਰੂਰਤ ਹੁੰਦੀ ਹੈ, ਜੋ ਪ੍ਰਤਿਭਾਵਾਂ ਦਾ ਮਾਰਗਦਰਸ਼ਨ ਕਰੇ ਅਤੇ ਉਨ੍ਹਾਂ ਨੂੰ ਉੱਚਿਤ ਮੰਚ ਅਤੇ ਸਾਧਨ ਉਪਲਬਧ ਕਰਵਾਏ। ਉਨ੍ਹਾਂ ਨੂੰ ਇਹ ਦੇਖ ਕੇ ਖ਼ੁਸ਼ੀ ਹੋਈ ਕਿ ਅਟਲ ਕਮਿਊਨਿਟੀ ਇਨੋਵੇਸ਼ਨ ਸੈਂਟਰਜ਼ ਜ਼ਮੀਨੀ ਪੱਧਰ ਦੇ ਨਵੀਨਤਾਕਾਰਾਂ ਨੂੰ ਮਾਰਗਦਰਸ਼ਨ, ਤਕਨੀਕੀ ਸਹਾਇਤਾ ਅਤੇ ਨਵੀਨਤਾਕਾਰੀ ਵਿਚਾਰਾਂ ਨੂੰ ਟਿਕਾਊ ਉੱਦਮਾਂ ਵਿੱਚ ਬਦਲਣ ਦੇ ਮੌਕੇ ਉਪਲਬਧ ਕਰਵਾ ਰਹੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਵਿਕਸਤ ਭਾਰਤ ਦਾ ਸੁਪਨਾ ਉਦੋਂ ਹੀ ਸਾਕਾਰ ਹੋਵੇਗਾ ਜਦੋਂ ਹਰੇਕ ਨਾਗਰਿਕ ਸਮੱਸਿਆ ਦਾ ਹੱਲ ਲੱਭਣ ਲਈ ਨਵੀਂ ਸੋਚ ਨਾਲ ਕੰਮ ਕਰੇ। ਉਨ੍ਹਾਂ ਨੂੰ ਇਹ ਜਾਣ ਕੇ ਖ਼ੁਸ਼ੀ ਹੋਈ ਕਿ ਵੱਖ-ਵੱਖ ਸੰਸਥਾਵਾਂ ਅਤੇ ਦੇਸ਼ਵਾਸੀ ਇੱਕ ਸਾਂਝੇ ਉਦੇਸ਼ ਨਾਲ ਮਿਲ ਕੇ ਕੰਮ ਕਰ ਰਹੇ ਹਨ ਅਤੇ ਨਵੀਨਤਾ ਦਾ ਸੱਭਿਆਚਾਰ ਮਜ਼ਬੂਤ ਹੋ ਰਿਹਾ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਅਜਿਹੇ ਯਤਨਾਂ ਦਾ ਲਾਭ ਸਮਾਜ ਦੇ ਵਿਆਪਕ ਵਰਗ ਤੱਕ ਪਹੁੰਚੇਗਾ।

 

ਰਾਸ਼ਟਰਪਤੀ ਨੂੰ ਇਹ ਜਾਣ ਕੇ ਖ਼ੁਸ਼ੀ ਹੋਈ ਕਿ ਕਈ ਨਵੀਨਤਾਕਾਰਾਂ ਨੇ ਸੀਮਤ ਸਾਧਨਾਂ, ਅਨਿਸ਼ਚਿਤਤਾਵਾਂ ਅਤੇ ਵਾਰ-ਵਾਰ ਆਉਣ ਵਾਲੀਆਂ ਚੁਣੌਤੀਆਂ ਦੇ ਬਾਵਜੂਦ ਆਪਣੇ ਯਤਨ ਜਾਰੀ ਰੱਖੇ। ਉਨ੍ਹਾਂ ਨੇ ਕਿਸੇ ਵਿਅਕਤੀ, ਪਰਿਵਾਰ ਜਾਂ ਭਾਈਚਾਰੇ ਦੇ ਜੀਵਨ ਵਿੱਚ ਸਕਾਰਾਤਮਕ ਪਰਿਵਰਤਨ ਲਿਆਉਣ ਲਈ ਨਵੀਨਤਾ ਪ੍ਰਤੀ ਉਨ੍ਹਾਂ ਦੇ ਦ੍ਰਿੜ੍ਹ ਵਿਸ਼ਵਾਸ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਆਪਣੀ ਨਵੀਨਤਾ ਨੂੰ ਨਿਰੰਤਰ ਸੁਧਾਰਦੇ ਰਹਿਣ ਅਤੇ ਖੋਜ ਸੰਸਥਾਵਾਂ, ਉਦਯੋਗ ਜਗਤ ਅਤੇ ਹੋਰ ਨਵੀਨਤਾਕਾਰਾਂ ਨਾਲ ਸਹਿਯੋਗ ਵਧਾਉਣ ਅਤੇ ਆਪਣੀਆਂ ਨਵੀਨਤਾਵਾਂ ਨੂੰ ਵਿਆਪਕ ਪੱਧਰ ’ਤੇ ਪਹੁੰਚਾਉਣ ਦਾ ਯਤਨ ਕਰਨ।

 ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ 

************

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2294141) ਵਿਜ਼ੀਟਰ ਕਾਊਂਟਰ : 33