ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਕਾਰਜਕਾਲ ਦੇ ਚਾਰ ਵਰ੍ਹੇ ਪੂਰੇ ਹੋਣ ‘ਤੇ ਰਾਸ਼ਟਰਪਤੀ ਭਵਨ ਵਿਖੇ ਪੰਜ ਯਾਦਗਾਰੀ ਕਿਤਾਬਾਂ ਜਾਰੀ ਕੀਤੀਆਂ ਗਈਆਂ
ਇਹ ਯਾਦਗਾਰੀ ਕਿਤਾਬਾਂ ਸਮਾਵੇਸ਼ੀ ਲੋਕਤੰਤਰ ਵਿੱਚ ਦੇਸ਼ ਦੇ ਭਰੋਸੇ ਨੂੰ ਦਰਸਾਉਂਦੀਆਂ ਹਨ ਅਤੇ ਨਾਗਰਿਕਾਂ ਨੂੰ ਭਾਰਤ ਦੀ ਵਿਰਾਸਤ ‘ਤੇ ਮਾਣ ਕਰਨ ਲਈ ਪ੍ਰੇਰਿਤ ਕਰਦੀਆਂ ਹਨ: ਸ਼੍ਰੀਮਤੀ ਦ੍ਰੌਪਦੀ ਮੁਰਮੂ
ਰਸ਼ਟਰਪਤੀ ਮੁਰਮੂ ਨੇ ਕਿਰਪਾ, ਨਿਮਰਤਾ, ਸਮਝਦਾਰੀ (ਸੂਝ-ਬੂਝ) ਅਤੇ ਸੰਵਿਧਾਨ ਪ੍ਰਤੀ ਅਟੁੱਟ ਵਚਨਬੱਧਤਾ ਨਾਲ ਸਰਬਉੱਚ ਸੰਵਿਧਾਨਿਕ ਅਹੁਦੇ ਦਾ ਮਾਣ ਵਧਾਇਆ ਹੈ : ਉਪ-ਰਾਸ਼ਟਰਪਤੀ
प्रविष्टि तिथि:
28 JUL 2026 8:47PM by PIB Chandigarh
ਭਾਰਤ ਦੇ ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ.ਰਾਧਾਕ੍ਰਿਸ਼ਣਨ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ, ਭਾਰਤ ਦੇ ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਕਾਰਜਕਾਲ ਦੇ ਚਾਰ ਵਰ੍ਹੇ ਪੂਰੇ ਹੋਣ ਦੇ ਜਸ਼ਨ ਵਿੱਚ ਪੰਜ ਯਾਦਗਾਰੀ ਪੁਸਤਕਾਂ ਦਾ ਪਹਿਲਾ ਸੈੱਟ ਰਿਲੀਜ਼ ਕੀਤਾ ਅਤੇ ਰਾਸ਼ਟਰਪਤੀ ਨੂੰ ਭੇਟ ਕੀਤਾ।
ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਕਾਰਜਕਾਲ ਦੇ ਚਾਰ ਵਰ੍ਹੇ ਪੂਰੇ ਹੋਣ ‘ਤੇ, ਅੱਜ ਰਾਸ਼ਟਰਪਤੀ ਭਵਨ ਵਿਖੇ ਚਾਰ ਪੁਸਤਕਾਂ, ਰਾਸ਼ਟਰਪਤੀ ਭਵਨ: ਰਾਸ਼ਟਰ ਕਾ ਭਵਨ, ਸੇਵਾ ਔਰ ਸੰਵੇਦਨਾ, ਸਮਾਵੇਸ਼ੀ ਸਹਿਭਾਗਿਤਾ ਅਤੇ ਭਾਰਤੀਯਤਾ ਕਾ ਉਤਸਵ ਜਾਰੀ ਕੀਤੀਆਂ ਗਈਆਂ। ਇਹ ਪੁਸਤਕਾਂ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਪ੍ਰਕਾਸ਼ਨ ਵਿਭਾਗ ਦੁਆਰਾ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਇਨ੍ਹਾਂ ਪੁਸਤਕਾਂ ਤੋਂ ਇਲਾਵਾ, ਓਡੀਆ ਭਾਸ਼ਾ ਵਿੱਚ ਇੱਕ ਹੋਰ ਕਿਤਾਬ ਆਮਾ ਰਾਸ਼ਟਰਪਤੀ ਆਮਾ ਗੌਰਵ ਵੀ ਜਾਰੀ ਕੀਤੀ ਗਈ। ਅਮਾ ਰਾਸ਼ਟਰਪਤੀ ਅਮਾ ਗੌਰਵ (Ama Rastrapati Ama Gourav) ਭਾਰਤ ਦੇ ਮਾਣਯੋਗ ਰਾਸ਼ਟਰਪਤੀ ‘ਤੇ ਲਿਖੇ ਲੇਖਾਂ ਦਾ ਸੰਗ੍ਰਹਿ ਹੈ।
ਇਨ੍ਹਾਂ ਪੁਸਤਕਾਂ ਨੂੰ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ, ਭਾਰਤ ਦੇ ਮਾਣਯੋਗ ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਣਨ ਅਤੇ ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ ਡਾ. ਐੱਲ ਮੁਰੂਗਨ ਦੀ ਮਾਣਮੱਤੇ ਮੌਜੂਦਗੀ ਵਿੱਚ ਜਾਰੀ ਕੀਤਾ ਗਿਆ।
ਇਸ ਮੌਕੇ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਇਨ੍ਹਾਂ ਪੁਸਤਕਾਂ ਦੇ ਸਿਰਲੇਖ ਸਮਾਵੇਸ਼ੀ ਲੋਕਤੰਤਰ ਵਿੱਚ ਸਾਡੇ ਭਰੋਸੇ ਨੂੰ ਦਰਾਸਾਉਂਦੇ ਹਨ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਤਸਵੀਰਾਂ ‘ਤੇ ਅਧਾਰਿਤ ਇਹ ਕਿਤਾਬਾਂ ਪਾਠਕਾਂ ਨੂੰ ਰਾਸ਼ਟਰਪਤੀ ਭਵਨ ਦੀਆਂ ਪਰੰਪਰਾਵਾਂ, ਕੰਮਕਾਜ ਅਤੇ ਕਈ ਪਹਿਲੂਆਂ ਨਾਲ ਜਾਣੂ ਕਰਵਾਉਣਗੀਆਂ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੀ ਅਸਲ ਅਹਿਮੀਅਤ ਇਸ ਗੱਲ ਵਿੱਚ ਹੈ ਕਿ ਇਹ ਦੇਸ਼ਵਾਸੀਆਂ ਨੂੰ ਆਪਣੀ ਵਿਰਾਸਤ ‘ਤੇ ਮਾਣ ਕਰਦੇ ਹੋਏ ਵਿਕਾਸ ਦੇ ਰਾਹ ‘ਤੇ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ 25 ਜੁਲਾਈ 2022 ਨੂੰ ਭਾਰਤ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ, ਤਾਂ ਇਹ ਉਨ੍ਹਾਂ ਲਈ ਸਨਮਾਨ ਤੋਂ ਕਿਤੇ ਵੱਧ ਇੱਕ ਜ਼ਿੰਮੇਵਾਰੀ ਦਾ ਕੰਮ ਸੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਚਾਰ ਵਰ੍ਹਿਆਂ ਵਿੱਚ ਉਨ੍ਹਾਂ ਨੇ ਇਸੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਆਪਣੇ ਫਰਜ਼ਾਂ ਦੀ ਪਾਲਣਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਉਹ ਰਾਸ਼ਟਰਪਤੀ ਭਵਨ ਜਾਂ ਵੱਖ-ਵੱਖ ਰਾਜਾਂ ਦੀਆਂ ਯਾਤਰਾਵਾਂ ਦੌਰਾਨ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਮਿਲਦੇ ਹਨ, ਤਾਂ ਉਹ ਉਨ੍ਹਾਂ ਨੂੰ ਨੈਤਿਕ ਕਦਰਾਂ-ਕੀਮਤਾਂ ਨਾਲ ਜੁੜੇ ਰਹਿਣ ਅਤੇ ਦੇਸ਼ ਅਤੇ ਸਮਾਜ ਦੇ ਵਿਕਾਸ ਲਈ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਮਹਿਲਾਵਾਂ ਨੂੰ ਆਤਮਨਿਰਭਰ ਬਣਨ ਅਤੇ ਆਤਮਵਿਸ਼ਵਾਸ ਨਾਲ ਤਰੱਕੀ ਦੇ ਰਾਹ ‘ਤੇ ਅੱਗੇ ਵਧਣ ਦੀ ਤਾਕੀਦ ਕਰਦੇ ਹਨ। ਕਬਾਇਲੀ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ, ਉਹ ਉਨ੍ਹਾਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਨਾਲ ਹੀ ਵਿਕਾਸ ਦੀ ਮੁੱਖਧਾਰਾ ਨਾਲ ਜੁੜਨ ਦੀ ਵੀ ਅਪੀਲ ਕਰਦੇ ਹਨ। ਇਸ ਦੇ ਨਾਲ ਹੀ ਜਦੋਂ ਵੀ ਉਹ ਵਿਦੇਸ਼ ਯਾਤਰਾ ‘ਤੇ ਜਾਉਂਦੇ ਹਨ, ਤਾਂ ਉਨ੍ਹਾਂ ਦੇਸ਼ਾਂ ਵਿੱਚ ਭਾਰਤੀ ਭਾਈਚਾਰੇ ਨੂੰ ਮਿਲਦੇ ਹਨ ਅਤੇ ਉਨ੍ਹਾਂ ਨੂੰ ਭਾਰਤ ਦੀ ਵਿਕਾਸ ਯਾਤਰਾ ਵਿੱਚ ਯੋਗਦਾਨ ਦੇਣ ਲਈ ਉਤਸ਼ਾਹਿਤ ਕਰਦੇ ਹਨ।
ਝਾਰਖੰਡ ਦੇ ਰਾਜਪਾਲ ਵਜੋਂ ਆਪਣੇ ਕਾਰਜਕਾਲ ਨੂੰ ਯਾਦ ਕਰਦੇ ਹੋਏ ਪ੍ਰੋਗਰਾਮ ਵਿੱਚ ਦਿੱਤੇ ਆਪਣੇ ਸੰਬੋਧਨ ਵਿੱਚ ਉਪ-ਰਾਸ਼ਟਰਪਤੀ ਨੇ ਕਿਹਾ ਕਿ ਇਹ ਮੌਕਾ ਉਨ੍ਹਾਂ ਲਈ ਖਾਸ ਤੌਰ ‘ਤੇ ਵਿਅਕਤੀਗਤ ਮਹੱਤਵ ਰੱਖਦਾ ਹੈ। ਉਨ੍ਹਾਂ ਨੇ ਦੱਸਿਆ ਕਿ ਰਾਜ ਭਰ ਵਿੱਚ ਆਪਣੀਆਂ ਵਿਆਪਕ ਯਾਤਰਾਵਾਂ ਦੌਰਾਨ, ਹਰ ਵਰਗ ਦੇ ਲੋਕਾਂ ਨੇ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਰਾਜਪਾਲ ਦੇ ਕਾਰਜਕਾਲ ਬਾਰੇ ਬਹੁਤ ਗਰਮਜੋਸ਼ੀ ਅਤੇ ਸਨਮਾਨ ਨਾਲ ਗੱਲ ਕੀਤੀ। ਉਨ੍ਹਾਂ ਨੇ ਦੇਖਿਆ ਕਿ ਨਾਗਰਿਕ ਉਨ੍ਹਾਂ ਦੇ ਉਸ ਮਾਣਮੱਤੇ ਰੂਪ ਨੂੰ ਪਿਆਰ ਨਾਲ ਯਾਦ ਕਰਦੇ ਹਨ, ਜਿਸ ਦੇ ਨਾਲ ਉਨ੍ਹਾਂ ਨੇ ਆਪਣੀਆਂ ਸੰਵਿਧਾਨਿਕ ਜ਼ਿੰਮੇਵਾਰੀਆਂ ਨਿਭਾਈਆਂ, ਲੋਕਾਂ ਦੇ ਨਾਲ ਉਨ੍ਹਾਂ ਦਾ ਨਿਜੀ ਜੁੜਾਅ ਅਤੇ ਕਬਾਇਲੀ ਭਾਈਚਾਰਿਆਂ, ਵੰਚਿਤਾਂ ਅਤੇ ਨੌਜਵਾਨਾਂ ਪ੍ਰਤੀ ਉਨ੍ਹਾਂ ਦੀ ਹਮਦਰਦੀ ਅਤੇ ਸੱਚੀ ਚਿੰਤਾ ਜਾਹਿਰ ਕੀਤੀ। ਉਨ੍ਹਾਂ ਨੇ ਕਿਹਾ, “ਇਸ ਤਰ੍ਹਾਂ ਦੀ ਸਦਭਾਵਨਾ ਸਿਰਫ਼ ਅਹੁਦੇ ਤੋਂ ਨਹੀਂ ਕਮਾਈ ਜਾ ਸਕਦੀ, ਇਹ ਚਰਿੱਤਰ, ਦਇਆ ਅਤੇ ਲੋਕਾਂ ਪ੍ਰਤੀ ਸਮਰਪਣ ਭਾਵ ਨਾਲ ਕਮਾਈ ਜਾਂਦੀ ਹੈ।”
ਰਾਸ਼ਟਰਪਤੀ ਮੁਰਮੂ ਦੇ ਕਾਰਜਕਾਲ ਦੌਰਾਨ ਸ਼ੁਰੂ ਕੀਤੀਆਂ ਗਈਆਂ ਕਈ ਪਹਿਲਕਦਮੀਆਂ ਦਾ ਜ਼ਿਕਰ ਕਰਦੇ ਹੋਏ, ਉਪ-ਰਾਸ਼ਟਰਪਤੀ ਨੇ ਇਤਿਹਾਸਕ ਮੁਗਲ ਗਾਰਡਨ ਦਾ ਨਾਮ ਬਦਲ ਕੇ ਅੰਮ੍ਰਿਤ ਉਦਿਆਨ ਕਰਨ, ਦੇਹਰਾਦੂਨ ਵਿੱਚ ਰਾਸ਼ਟਰਪਤੀ ਨਿਕੇਤਨ ਅਤੇ ਰਾਸ਼ਟਰਪਤੀ ਤਪੋਵਨ ਨੂੰ ਜਨਤਾ ਲਈ ਖੋਲ੍ਹਣ, ਰਾਸ਼ਟਰਪਤੀ ਭਵਨ ਨੂੰ ਦਿਵਯਾਂਗਜਨਾਂ ਲਈ ਵਧੇਰੇ ਅਨੁਕੂਲ ਬਣਾਉਣ ਦੀਆਂ ਕੋਸ਼ਿਸ਼ਾਂ ਅਤੇ ਸਰ ਐਡਵਿਨ ਲੁਟਿਅੰਸ ਦੀ ਪ੍ਰਤਿਮਾ ਦੀ ਜਗ੍ਹਾ ਭਾਰਤ ਦੇ ਲਾਸਟ ਗਵਰਨਰ-ਜਨਰਲ ਭਾਰਤ ਰਤਨ ਚੱਕ੍ਰਵਰਤੀ ਰਾਜਗੋਪਾਲਾਚਾਰੀ ਦੀ ਪ੍ਰਤਿਮਾ ਲਗਾਉਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲਕਦਮੀਆਂ ਰਾਸ਼ਟਰੀ ਸੰਸਥਾਵਾਂ ਨੂੰ ਬਸਤੀਵਾਦੀ ਮਾਨਸਿਕਤਾ ਤੋਂ ਮੁਕਤ ਕਰਨ ਅਤੇ ਨਾਲ ਹੀ ਰਾਸ਼ਟਰਪਤੀ ਅਹੁਦੇ ਦੀ ਸੰਸਥਾ ਨੂੰ ਲੋਕਾਂ ਦੇ ਨੇੜੇ ਲਿਆਉਣ ਦੇ ਸੁਚੇਤ ਯਤਨਾਂ ਨੂੰ ਦਰਸਾਉਂਦੀਆਂ ਹਨ।
ਇਨ੍ਹਾਂ ਪ੍ਰਕਾਸ਼ਨਾਂ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਰਾਧਾਕ੍ਰਿਸ਼ਣਨ ਨੇ ਕਿਹਾ ਕਿ ਸੇਵਾ ਔਰ ਸੰਵੇਦਨਾ, ਉਨ੍ਹਾਂ ਸੇਵਾਵਾਂ ਦੀਆਂ ਕਦਰਾਂ-ਕੀਮਤਾਂ ਅਤੇ ਹਮਦਰਦੀ ਨੂੰ ਉਜਾਗਰ ਕਰਦੀ ਹੈ, ਜੋ ਰਾਸ਼ਟਰਪਤੀ ਮੁਰਮੂ ਦੇ ਜਨਤਕ ਜੀਵਨ ਦੀ ਪਛਾਣ ਰਹੇ ਹਨ, ਜਦਕਿ ਸਮਾਵੇਸ਼ੀ ਸਹਿਭਾਗਿਤਾ ਇਸ ਗੱਲ ਵਿੱਚ ਉਨ੍ਹਾਂ ਦੇ ਭਰੋਸੇ ਨੂੰ ਦਰਸਾਉਂਦੀ ਹੈ ਕਿ ਭਾਰਤ ਦਾ ਵਿਕਾਸ ਸਮਾਵੇਸ਼ੀ ਅਤੇ ਸਾਰਿਆਂ ਦੀ ਭਾਗੀਦਾਰੀ ਨਾਲ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀਯਤਾ ਕਾ ਉਤਸਵ ਦੀਆਂ ਸਦੀਵੀ ਕਦਰਾਂ-ਕੀਮਤਾਂ ਅਤੇ ਇਸ ਦੀ ਅਦਭੁਤ ਸੱਭਿਆਚਾਰਕ ਵਿਭਿੰਨਤਾ ਦਾ ਜਸ਼ਨ ਮਨਾਉਂਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਰਾਸ਼ਟਰਪਤੀ ਨੇ ਨਿਰੰਤਰ ਭਾਰਤ ਦੀ ਸੱਭਿਆਚਾਰਕ ਸਮ੍ਰਿੱਧੀ, ਸਥਾਨਕ ਪਰੰਪਰਾਵਾਂ ਅਤੇ ਅਧਿਆਤਮਿਕ ਵਿਰਾਸਤ ਨੂੰ ਉਜਾਗਰ ਕੀਤਾ ਹੈ, ਜੋ ਵਿਭਿੰਨਤਾ ਦਾ ਜਸ਼ਨ ਮਨਾਉਂਦੇ ਹੋਏ ਵੀ ਦੇਸ਼ ਨੂੰ ਇਕਜੁੱਟ ਰੱਖਦੀਆਂ ਹਨ।
ਰਾਸ਼ਟਰਪਤੀ ਦੁਆਰਾ ਓਲ ਚਿਕੀ (Ol Chiki) ਲਿਪੀ ਵਿੱਚ ਸੰਥਾਲੀ ਭਾਸ਼ਾ ਵਿੱਚ ਭਾਰਤ ਦੇ ਸੰਵਿਧਾਨ ਨੂੰ ਜਾਰੀ ਕੀਤੇ ਜਾਣ ਨੂੰ ਯਾਦ ਕਰਦੇ ਹੋਏ, ਉਪ-ਰਾਸ਼ਟਰਪਤੀ ਨੇ ਇਸ ਨੂੰ ਇੱਕ ਇਤਿਹਾਸਕ ਮੌਕਾ ਦੱਸਿਆ। ਇਸ ਘਟਨਾਕ੍ਰਮ ਨੇ ਕਬਾਇਲੀ ਭਾਈਚਾਰੇ ਦੇ ਮੈਂਬਰਾਂ ਨੂੰ ਮਾਣ ਦੀ ਭਾਵਨਾ ਨਾਲ ਭਰ ਦਿੱਤਾ ਅਤੇ ਭਾਰਤ ਦੀ ਭਾਸ਼ਾਈ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਸੰਭਾਲਣ ਅਤੇ ਉਸ ਨੂੰ ਉਤਸ਼ਾਹਿਤ ਕਰਨ ਪ੍ਰਤੀ ਦੇਸ਼ ਦੀ ਵਚਨਬੱਧਤਾ ਨੂੰ ਮੁੜ ਤੋਂ ਦੁਹਰਾਇਆ।
ਨਵੀਂ ਦਿੱਲੀ ਵਿਖੇ ਰਾਸ਼ਟਰਪਤੀ ਭਵਨ ਵਿੱਚ ਇਨ੍ਹਾਂ ਪੁਸਤਕਾਂ ਦੇ ਰਿਲੀਜ਼ ਦੇ ਮੌਕੇ ‘ਤੇ ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਮੰਤਰਾਲੇ ਵਿੱਚ ਕੇਂਦਰੀ ਰਾਜ ਮੰਤਰੀ ਡਾ. ਐੱਲ. ਮੁਰੂਗਨ ਵੀ ਮੌਜੂਦ ਸਨ। ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕਿ ਇਹ ਪੁਸਤਕਾਂ ਦੇਸ਼ ਦੀ ਸੱਭਿਆਚਾਰਕ ਵਿਭਿੰਨਤਾ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪੁਸਤਕਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਦਰਭ ਪੁਸਤਕਾਂ ਦੇ ਰੂਪ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅੱਜ ਜਾਰੀ ਕੀਤੇ ਗਏ ਇਹ ਪ੍ਰਕਾਸ਼ਨ ਮਾਣਯੋਗ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਰਾਸ਼ਟਰਪਤੀ ਦੇ ਤੌਰ ‘ਤੇ ਯਾਤਰਾ ਨੂੰ ਦਰਜ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹਨ।
****************
ਮਹੇਸ਼ ਕੁਮਾਰ/ ਵਿਵੇਕ ਵਿਸ਼ਵਾਸ਼/ਬਲਜੀਤ ਸਿੰਘ
(रिलीज़ आईडी: 2291186)
आगंतुक पटल : 2