ਰੱਖਿਆ ਮੰਤਰਾਲਾ
azadi ka amrit mahotsav

ਆਪ੍ਰੇਸ਼ਨ ਸਿੰਦੂਰ ਪਾਕਿਸਤਾਨ ਦੇ ਹਰ ਦੁਸਾਹਸ ਦਾ ਨਿਰਣਾਇਕ ਜਵਾਬ ਦੇਣ ਦੀ ਭਾਰਤ ਦੀ ਸਮਰੱਥਾ ਦਾ ਪ੍ਰਮਾਣ ਹੈ: ਰਕਸ਼ਾ ਮੰਤਰੀ ਨੇ 27ਵੇਂ ਕਾਰਗਿਲ ਵਿਜੈ ਦਿਵਸ ‘ਤੇ ਦਰਾਸ ਵਿਖੇ ਕਿਹਾ


​“ਪਾਕਿਸਤਾਨ ਨਾਲ ਕੋਈ ਵੀ ਗੱਲਬਾਤ ਪੂਰੀ ਤਰ੍ਹਾਂ ਭਾਰਤ ਦੇ ਅਭਿੰਨ ਅੰਗ, ਪੀਓਕੇ ‘ਤੇ ਹੋਵੇਗੀ”

​“ਭਾਰਤ ਤਰੱਕੀ ਅਤੇ ਨਵੀਨਤਾ ਦੇ ਰਾਹ ‘ਤੇ ਚੱਲਦਾ ਹੈ, ਜਦੋਂ ਕਿ ਪਾਕਿਸਤਾਨ ਅੱਤਵਾਦ ਅਤੇ ਘੁਸਪੈਠ ਨੂੰ ਉਤਸ਼ਾਹਤ ਕਰਦਾ ਹੈ”

​“’ਯੇ ਦਿਲ ਮਾਂਗੇ ਮੋਰ’ ਰੱਖਿਆ ਖੇਤਰ ਵਿੱਚ ਭਾਰਤ ਦੀ ਆਤਮ-ਨਿਰਭਰਤਾ ਦੀਆਂ ਕੋਸ਼ਿਸ਼ਾਂ ਨੂੰ ਉਤਸ਼ਾਹ ਦਿੰਦਾ ਹੈ

​“ਵਿਕਸਿਤ ਭਾਰਤ@2047 ਸਿਰਫ਼ ਆਰਥਿਕ ਖੁਸ਼ਹਾਲੀ ਤੱਕ ਹੀ ਸੀਮਤ ਨਹੀਂ ਹੈ, ਇਹ ਰਣਨੀਤਕ ਸ਼ਕਤੀ, ਸੱਭਿਆਚਾਰਕ ਮਾਣ ਅਤੇ ਸਮਾਜਿਕ ਸਦਭਾਵਨਾ ਪ੍ਰਤੀ ਵਚਨਬੱਧਤਾ ਹੈ”

प्रविष्टि तिथि: 26 JUL 2026 12:25PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ, “ਆਪ੍ਰੇਸ਼ਨ ਸਿੰਦੂਰ ਦੀ ਸਫਲਤਾ ਇਸ ਗੱਲ ਦਾ ਪ੍ਰਮਾਣ ਹੈ ਕਿ ਭਾਰਤ ਪਾਕਿਸਤਾਨ ਦੇ ਹਰ ਦੁਸਾਹਸ ਦਾ ਉਸ ਦੀ ਕਲਪਨਾ ਤੋਂ ਪਰ੍ਹੇ ਸਖਤ ਜਵਾਬ ਦੇਣ ਵਿੱਚ ਸਮਰੱਥ ਹੈ।” ਉਨ੍ਹਾਂ ਨੇ ਦੁਹਰਾਇਆ ਕਿ ਪਾਕਿਸਤਾਨ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ ਅਤੇ ਕੋਈ ਵੀ ਸੰਵਾਦ ਸਿਰਫ਼ ਪੀਓਕੇ (PoK) ‘ਤੇ ਹੋਵੇਗਾ। ਉਨ੍ਹਾਂ ਨੇ ਪੀਓਕੇ ਨੂੰ ਪਾਕਿਸਤਾਨ ਦੁਆਰਾ ਗ਼ੈਰ-ਕਾਨੂੰਨੀ ਢੰਗ ਨਾਲ ਕਬਜ਼ਾ ਕੀਤਾ ਗਿਆ ਭਾਰਤ ਦਾ ਅਭਿੰਨ ਅੰਗ ਦੱਸਿਆ। ਰਕਸ਼ਾ ਮੰਤਰੀ ਨੇ 26 ਜੁਲਾਈ, 2026 ਨੂੰ ਦਰਾਸ ਵਿਖੇ 27ਵੇਂ ਕਾਰਗਿਲ ਵਿਜੈ ਦਿਵਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੀ ਪ੍ਰਭੂਸੱਤਾ ਦੇ ਵਿਰੁੱਧ ਹਰ ਨਫ਼ਰਤ ਭਰੇ ਕਾਰੇ ਦਾ ਉਸੇ ਦ੍ਰਿੜ੍ਹਤਾ ਨਾਲ ਜਵਾਬ ਦਿੱਤਾ ਜਾਵੇਗਾ, ਜਿਸ ਦ੍ਰਿੜ੍ਹ ਜਵਾਬ ਨਾਲ ਭਾਰਤੀ ਰੱਖਿਆ ਬਲਾਂ ਨੇ ਆਪ੍ਰੇਸ਼ਨ ਸਿੰਦੂਰ ਦੇ ਮਾਧਿਅਮ ਨਾਲ ਅੱਤਵਾਦੀਆਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਨੂੰ ਬੇਮਿਸਾਲ ਵੀਰਤਾ ਨਾਲ ਦਿੱਤਾ ਸੀ।

 

​ਸ਼੍ਰੀ ਰਾਜਨਾਥ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਵਿੱਚ ਫ਼ੌਜ ਅਤੇ ਅੱਤਵਾਦੀਆਂ ਵਿਚਕਾਰ ਅੰਤਰ ਖ਼ਤਮ ਹੋ ਚੁੱਕਿਆ ਹੈ, ਕਿਉਂਕਿ ਪਾਕਿਸਤਾਨ ਨੇ ਅੱਤਵਾਦ ਨੂੰ ਆਪਣੀ ਰਾਜ ਨੀਤੀ ਦਾ ਹਿੱਸਾ ਬਣਾ ਲਿਆ ਹੈ। ਉਨ੍ਹਾਂ ਕਿਹਾ, “ਪਾਕਿਸਤਾਨ ਦੀ ਫ਼ੌਜ ਨਾ ਸਿਰਫ਼ ਅੱਤਵਾਦੀ ਸੰਗਠਨਾਂ ਨੂੰ ਸ਼ਰਨ ਦਿੰਦੀ ਹੈ, ਸਗੋਂ ਉਨ੍ਹਾਂ ਨਾਲ ਮਿਲ ਕੇ ਕੰਮ ਵੀ ਕਰਦੀ ਹੈ। ਇਸੇ ਲਈ ਆਪ੍ਰੇਸ਼ਨ ਸਿੰਦੂਰ ਦੌਰਾਨ ਅਸੀਂ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਭਾਰਤ ਹੁਣ ਅੱਤਵਾਦੀਆਂ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਸਰਕਾਰਾਂ ਨੂੰ ਵੱਖ-ਵੱਖ ਇਕਾਈਆਂ ਵਜੋਂ ਨਹੀਂ ਦੇਖਦਾ।”

ਰਕਸ਼ਾ ਮੰਤਰੀ ਨੇ ਅੱਗੇ ਕਿਹਾ ਕਿ ਕਾਰਗਿਲ ਯੁੱਧ ਨੂੰ 27 ਸਾਲ ਬੀਤ ਚੁੱਕੇ ਹਨ ਅਤੇ ਭਾਰਤ ਤੇ ਪਾਕਿਸਤਾਨ ਦੇ ਰਾਹ ਪੂਰੀ ਤਰ੍ਹਾਂ ਵੱਖ ਹੋ ਗਏ ਹਨ। “ਜਿੱਥੇ ਭਾਰਤ ਨਵੀਨਤਾ ਦੇ ਨਵੇਂ ਰਾਹ ਤਲਾਸ਼ ਰਿਹਾ ਹੈ, ਉੱਥੇ ਹੀ ਪਾਕਿਸਤਾਨ ਘੁਸਪੈਠ ਦੇ ਨਵੇਂ ਰਾਹ ਲੱਭ ਰਿਹਾ ਹੈ। ਭਾਰਤ ਚਿੱਪ ਡਿਜ਼ਾਈਨਿੰਗ ਵਿੱਚ ਲੱਗਿਆ ਹੋਇਆ ਹੈ, ਉੱਥੇ ਹੀ ਪਾਕਿਸਤਾਨ ਅੱਤਵਾਦ ਨੂੰ ਉਤਸ਼ਾਹਿਤ ਕਰਨ ਵਿੱਚ ਰੁੱਝਿਆ ਹੋਇਆ ਹੈ। ਭਾਰਤ ਸਟਾਰਟਅੱਪ ਈਕੋਸਿਸਟਮ ਬਣਾ ਰਿਹਾ ਹੈ, ਉੱਥੇ ਹੀ ਪਾਕਿਸਤਾਨ ਅੱਤਵਾਦੀ ਨੈੱਟਵਰਕ ਬਣਾ ਰਿਹਾ ਹੈ। ਭਾਰਤ ਸੈਮੀਕੰਡਕਟਰਾਂ ਦਾ ਨਿਰਮਾਣ ਕਰ ਰਿਹਾ ਹੈ; ਪਾਕਿਸਤਾਨ ਆਤਮਘਾਤੀ ਹਮਲਾਵਰਾਂ ਨੂੰ ਤਿਆਰ ਕਰ ਰਿਹਾ ਹੈ।

ਭਾਰਤ ਸਪੇਸ ਮਿਸ਼ਨਾਂ ਲਈ ਜਾਣਿਆ ਜਾਂਦਾ ਹੈ, ਉੱਥੇ ਹੀ ਪਾਕਿਸਤਾਨ ਪ੍ਰੌਕਸੀ ਮਿਸ਼ਨ ਚਲਾ ਰਿਹਾ ਹੈ। ਭਾਰਤ ਸਪੇਸ ਵਿੱਚ ਉਪਗ੍ਰਹਿ ਭੇਜ ਰਿਹਾ ਹੈ, ਉੱਥੇ ਹੀ ਪਾਕਿਸਤਾਨ ਸਰਹੱਦ ਪਾਰ ਅੱਤਵਾਦੀਆਂ ਨੂੰ ਭੇਜ ਰਿਹਾ ਹੈ। ਭਾਰਤ ਦੁਨੀਆ ਨੂੰ ਸੌਫਟਵੇਅਰ ਉਪਲਬਧ ਕਰਵਾ ਰਿਹਾ ਹੈ, ਉੱਥੇ ਹੀ ਪਾਕਿਸਤਾਨ ਸਲੀਪਰ ਸੈੱਲਾਂ ਦੀ ਐਕਸਪੋਰਟ ਕਰ ਰਿਹਾ ਹੈ। ਭਾਰਤ ਡਾਟਾ ਸੈਂਟਰ ਸਥਾਪਿਤ ਕਰ ਰਿਹਾ ਹੈ; ਉੱਥੇ ਹੀ ਪਾਕਿਸਤਾਨ ਕੱਟੜਪੰਥੀ ਕੇਂਦਰ ਸਥਾਪਿਤ ਕਰ ਰਿਹਾ ਹੈ।ਉਨ੍ਹਾਂ ਨੇ ਕਿਹਾ ਭਾਰਤ ਯੂਪੀਆਈ ਦੇ ਮਾਧਿਅਮ ਨਾਲ ਦੁਨੀਆ ਨੂੰ ਜੋੜ ਰਿਹਾ ਹੈ, ਉੱਥੇ ਹੀ ਪਾਕਿਸਤਾਨ ਹਵਾਲਾ ਨੈੱਟਵਰਕ ਨਾਲ ਅੱਤਵਾਦ ਨੂੰ ਜੋੜ ਰਿਹਾ ਹੈ। ਸੰਖੇਪ ਵਿੱਚ, ਸਾਡੇ ਰਾਹ ਵੱਖਰੇ ਹਨ; ਜੇਕਰ ਪਾਕਿਸਤਾਨ ਆਪਣੇ ਨਾਪਾਕ ਇਰਾਦਿਆਂ ਨਾਲ ਸਾਡੀ ਖੁਸ਼ਹਾਲੀ ਦੇ ਰਾਹ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਸਾਡੀਆਂ ਰੱਖਿਆ ਬਲਾਂ ਮੂੰਹ-ਤੋੜ ਜਵਾਬ ਦੇਣ ਲਈ ਤਿਆਰ ਹਨ,।”

 

​ਸ਼੍ਰੀ ਰਾਜਨਾਥ ਸਿੰਘ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕੇਂਦਰ ਸਰਕਾਰ ਵਿੱਚ ਰੱਖਿਆ ਬਲਾਂ ਨੂੰ ਖ਼ਤਰਿਆਂ ਦਾ ਨਿਰਣਾਇਕ ਰੂਪ ਵਿੱਚ ਜਵਾਬ ਦੇਣ ਲਈ ਪੂਰੀ ਛੋਟ ਦੇਣ ਦੀ ਰਾਜਨੀਤਿਕ ਇੱਛਾ-ਸ਼ਕਤੀ ਹੈ ਅਤੇ ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਜਦੋਂ ਤੱਕ ਭਾਰਤ ਦੇ ਸੈਨਿਕ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹਨ, ਤਦ ਤੱਕ ਕੋਈ ਵੀ ਦੁਸ਼ਮਣ ਭਾਰਤ ਵੱਲ ਦੁਸ਼ਮਣੀ ਦ੍ਰਿਸ਼ਟੀ ਨਾਲ ਦੇਖਣ ਦਾ ਸਾਹਸ ਨਹੀਂ ਕਰੇਗਾ।

ਰਕਸ਼ਾ ਮੰਤਰੀ ਨੇ 1999 ਦੇ ਕਾਰਗਿਲ ਯੁੱਧ ਵਿੱਚ ਮਾਤ-ਭੂਮੀ ਦੀ ਰੱਖਿਆ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਭਾਰਤ ਦੇ ਵੀਰ ਸੈਨਿਕਾਂ ਨੂੰ ਭਾਵਪੂਰਨ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਪਰਮਵੀਰ ਚੱਕਰ ਨਾਲ ਸਨਮਾਨਿਤ ਕੈਪਟਨ ਵਿਕਰਮ ਬੱਤਰਾ ਅਤੇ ਕੈਪਟਨ ਮਨੋਜ ਕੁਮਾਰ ਪਾਂਡੇ ਸਮੇਤ ਅਣਗਿਣਤ ਵੀਰ ਸੈਨਿਕਾਂ ਨੂੰ ਯਾਦ ਕੀਤਾ, ਜੋ ਰਾਸ਼ਟਰ, ਵਿਸ਼ੇਸ਼ ਤੌਰ ‘ਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਹਨ। ਉਨ੍ਹਾਂ ਨੇ ਕਾਰਗਿਲ ਵਿਜੈ ਦਿਵਸ ਨੂੰ ਨਿੱਜੀ ਸਫਲਤਾ ਅਤੇ ਰਾਸ਼ਟਰੀ ਕਰਤੱਵ ਦਰਮਿਆਨ  ਅੰਤਰ ਸਮਝਣ ਦੀ ਚਾਹ ਰੱਖਣ ਵਾਲੇ ਹਰ ਨੌਜਵਾਨ ਲਈ ਪ੍ਰੇਰਨਾ ਦਾ ਦਿਨ ਦੱਸਿਆ। ਉਨ੍ਹਾਂ ਕਿਹਾ, “ਇਹ ਦਿਨ ਸਾਨੂੰ ਸਿਖਾਉਂਦਾ ਹੈ ਕਿ ‘ਕੁਰਬਾਨੀ’ ਅਤੇ ‘ਸੇਵਾ’ ਦੀ ਭਾਵਨਾ ਕਿਸੇ ਵੀ ਰਾਸ਼ਟਰ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ।”

​ਸ਼੍ਰੀ ਰਾਜਨਾਥ ਸਿੰਘ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਾਰਗਿਲ ਯੁੱਧ ਸਮਾਰਕ ਭਾਰਤ ਦੀ ਅਖੰਡਤਾ ਨੂੰ ਦਰਸਾਉਂਦਾ ਹੈ, ਇੱਥੇ ਸ਼ਹੀਦ ਹੋਏ ਵੀਰ ਦੇਸ਼ ਦੇ ਹਰ ਖੇਤਰ ਦਾ ਪ੍ਰਤੀਨਿੱਧਤਾ ਕਰਦੇ ਹਨ। ਉਨ੍ਹਾਂ ਕਿਹਾ, “ਵਿਭਿੰਨਤਾਵਾਂ ਦੇ ਬਾਵਜੂਦ, ਏਕਤਾ ਦੀ ਇਹ ਦੀਵਾਰ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਮਜ਼ਬੂਤੀ ਨਾਲ ਖੜ੍ਹੀ ਹੈ ਜੋ ਸਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ।“

ਰਕਸ਼ਾ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੱਛਮੀ ਏਸ਼ੀਆ ਅਤੇ ਰੂਸ ਤੇ ਯੂਕਰੇਨ ਵਿਚਕਾਰ ਹੋਏ ਸੰਘਰਸ਼ਾਂ ਨੇ ਨਾ ਸਿਰਫ਼ ਰੱਖਿਆ ਬਲਾਂ ਦੀਆਂ ਸਮਰੱਥਾਵਾਂ ਦੀ ਪ੍ਰੀਖਿਆ ਲਈ ਹੈ, ਸਗੋਂ ਰਾਸ਼ਟਰਾਂ ਦੇ ਧੀਰਜ, ਸਹਿਣਸ਼ੀਲਤਾ ਅਤੇ ਸੰਕਲਪ ਦੀ ਵੀ ਪ੍ਰੀਖਿਆ ਲਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਭਾਰਤ ਕੋਲ ਇੱਕ ਮਜ਼ਬੂਤ ਅਤੇ ਸਮਰੱਥ ਸੈਨਾ ਹੈ, ਫਿਰ ਵੀ ਰਾਸ਼ਟਰੀ ਸੁਰੱਖਿਆ ਦੀ ਰਾਖੀ ਕਰਨਾ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ‘ਰਾਸ਼ਟਰ ਸਭ ਤੋਂ ਪਹਿਲਾਂ’ ਦੀ ਭਾਵਨਾ, ਅਨੁਸ਼ਾਸਨ ਅਤੇ ਫ਼ਰਜ਼ ਦੀ ਭਾਵਨਾ ਦੇ ਮਹੱਤਵ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਹਰ ਭਾਰਤੀ ਵਿੱਚ ਇੱਕ ਸੈਨਿਕ ਵਰਗੀ ਚੇਤਨਾ ਹੋਣੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ, “ਮੈਂ ਇਹ ਨਹੀਂ ਕਹਿ ਰਿਹਾ ਕਿ ਹਰ ਨਾਗਰਿਕ ਨੂੰ ਸੈਨਿਕ ਬਣਨਾ ਚਾਹੀਦਾ ਹੈ, ਪਰ ਜੇਕਰ ਕਦੇ ਰਾਸ਼ਟਰ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਵੇ ਜਿਸ ਵਿੱਚ ਪ੍ਰਤੱਖ ਜਾਂ ਅਪ੍ਰਤੱਖ ਤੌਰ ‘ਤੇ ਜਨਤਾ ਦੇ ਸਮਰਥਨ ਦੀ ਲੋੜ ਹੋਵੇ, ਤਾਂ ਹਰ ਭਾਰਤੀ ਨੂੰ ਮਾਨਸਿਕ, ਨੈਤਿਕ ਅਤੇ ਸਰੀਰਕ ਤੌਰ ‘ਤੇ ਦੇਸ਼ ਦੀ ਰੱਖਿਆ ਲਈ ਅੱਗੇ ਆਉਣ ਲਈ ਤਿਆਰ ਰਹਿਣਾ ਚਾਹੀਦਾ ਹੈ। ਜਿਸ ਤਰ੍ਹਾਂ ਹਰੇਕ ਸੈਨਿਕ ਸਭ ਤੋਂ ਪਹਿਲਾਂ ਇੱਕ ਭਾਰਤੀ ਹੁੰਦਾ ਹੈ, ਉਸੇ ਤਰ੍ਹਾਂ ਇੱਕ ਸੈਨਿਕ ਦਾ ਸਾਹਸ, ਅਨੁਸ਼ਾਸਨ ਅਤੇ ਦੇਸ਼ ਭਗਤੀ ਹਰੇਕ ਭਾਰਤੀ ਦੇ ਅੰਦਰ ਹਮੇਸ਼ਾ ਜਿਊਂਦੀ ਰਹਿਣੀ ਚਾਹੀਦੀ ਹੈ।”

 

​ਸ਼੍ਰੀ ਰਾਜਨਾਥ ਸਿੰਘ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ‘ਵਿਕਸਿਤ ਭਾਰਤ @ 2047’ ਦੀ ਪਰਿਕਲਪਨਾ ਆਰਥਿਕ ਖੁਸ਼ਹਾਲੀ ਤੋਂ ਕਿਤੇ ਵੱਧ ਵਿਆਪਕ ਹੈ ਅਤੇ ਇਸ ਨੂੰ ਰਣਨੀਤਕ ਸ਼ਕਤੀ, ਸੱਭਿਆਚਾਰਕ ਮਾਣ ਅਤੇ ਸਮਾਜਿਕ ਸਦਭਾਵਨਾ ਪ੍ਰਤੀ ਵਚਨਬੱਧਤਾ ਦੱਸਿਆ। ਉਨ੍ਹਾਂ ਨੇ ਇਸ ਗੱਲ ‘ਤੇ ਬਲ ਦਿੱਤਾ ਕਿ ਇਸ ਪਰਿਕਲਪਨਾ ਨੂੰ ਉਦੋਂ ਹੀ ਸਾਕਾਰ ਕੀਤਾ ਜਾ ਸਕਦਾ ਹੈ ਜਦੋਂ ਰਾਸ਼ਟਰ ਨਿਰਮਾਣ ਦੇ ਹਰ ਖੇਤਰ ਵਿੱਚ ਕਾਰਗਿਲ ਯੁੱਧ ਦੇ ਨਾਇਕਾਂ ਦੁਆਰਾ ਪ੍ਰਦਰਸ਼ਿਤ ਸਮਰਪਣ ਅਤੇ ਕਰਤੱਵਨਿਸ਼ਠਾ ਨੂੰ ਅਪਣਾਇਆ ਜਾਵੇ।

ਰਕਸ਼ਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਰਾਸ਼ਟਰੀ ਸੁਰੱਖਿਆ ਅਤੇ ਸੈਨਿਕਾਂ ਦੀ ਭਲਾਈ ਨੂੰ ਸਰਵਉੱਚ ਪਹਿਲ ਦੇ ਰਹੀ ਹੈ। ਉਨ੍ਹਾਂ ਕਿਹਾ, “ਕਾਰਗਿਲ ਯੁੱਧ ਨੇ ਸਾਨੂੰ ਸਿਖਾਇਆ ਹੈ ਕਿ ਸਾਨੂੰ ਹਰ ਮੌਸਮ ਅਤੇ ਹਰ ਸਥਿਤੀ ਵਿੱਚ ਆਪਣੀਆਂ ਸਰਹੱਦਾਂ ‘ਤੇ ਹਮੇਸ਼ਾ ਚੌਕਸ ਰਹਿਣਾ ਚਾਹੀਦਾ ਹੈ।” ਉਨ੍ਹਾਂ ਇਹ ਵੀ ਦੱਸਿਆ ਕਿ ਸਰਹੱਦੀ ਬੁਨਿਆਦੀ ਢਾਂਚੇ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਬਦਲਦੇ ਸਮੇ ਦੇ ਅਨੁਕੂਲ ਸੈਨਿਕ ਸਮਰੱਥਾਵਾਂ ਦੇ ਆਧੁਨਿਕੀਕਰਣ ‘ਤੇ ਵੀ ਉਨਾ ਹੀ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦੀ ਸੰਚਾਲਨ ਸਮਰੱਥਾ ਨੂੰ ਵਧਾਇਆ ਜਾ ਸਕੇ।

ਕੈਪਟਨ ਵਿਕਰਮ ਬੱਤਰਾ ਦੇ ਪ੍ਰਸਿੱਧ ਨਾਅਰੇ ‘ਯੇ ਦਿਲ ਮਾਂਗੇ ਮੋਰ’ ਤੋਂ ਪ੍ਰੇਰਨਾ ਲੈਂਦਿਆਂ, ਸ਼੍ਰੀ ਰਾਜਨਾਥ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਰੱਖਿਆ ਉਤਪਾਦਨ ਵਿੱਚ ਆਤਮ-ਨਿਰਭਰਤਾ ਹਾਸਲ ਕਰਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਪ੍ਰਗਤੀ ਹੋ ਰਹੀ ਹੈ ਅਤੇ ਸਰਕਾਰ ਇਸ ਪ੍ਰਗਤੀ ਨੂੰ ਹੋਰ ਤੇਜ਼ ਕਰਨ ਲਈ ਵਚਨਬੱਧ ਹੈ। “ਜਦੋਂ ਸਾਡੀ ਸਰਕਾਰ ਸੱਤਾ ਵਿੱਚ ਆਈ ਸੀ, ਉਦੋਂ ਭਾਰਤ 65 ਤੋਂ 70 ਫ਼ੀਸਦੀ ਰੱਖਿਆ ਉਪਕਰਣ ਆਯਾਤ  ਕਰਦਾ ਸੀ। ਅੱਜ ਅਸੀਂ ਆਪਣੇ 65 ਫ਼ੀਸਦੀ ਰੱਖਿਆ ਉਪਕਰਣ ਭਾਰਤ ਵਿੱਚ ਹੀ ਬਣਾ ਰਹੇ ਹਾਂ। ਅੱਜ ਸਾਡੇ ਸੈਨਿਕਾਂ ਕੋਲ ਸਵਦੇਸ਼ੀ ਰੂਪ ਵਿੱਚ ਵਿਕਸਿਤ ਹਵਾ ਰੱਖਿਆ ਨਿਯੰਤਰਣ ਪ੍ਰਣਾਲੀ ‘ਆਕਾਸ਼-ਤੀਰ’ ਹੈ। ਅਸੀਂ ਅਗਲੀ ਪੀੜ੍ਹੀ ਦੀ ਆਕਾਸ਼ ਮਿਜ਼ਾਈਲ ਵਿਕਸਿਤ ਕਰ ਲਈ ਹੈ। ਭਾਰਤ ਦਾ ਪਹਿਲਾ ਸਵਦੇਸ਼ੀ ਜਹਾਜ਼ਵਾਹਕ ਪੋਤ ‘ਆਈਐੱਨਐੱਸ ਵਿਕ੍ਰਾਂਤ’ (INS Vikrant), ਹਲਕਾ ਲੜਾਕੂ ਜਹਾਜ਼ ‘ਤੇਜਸ’, ਹਲਕਾ ਲੜਾਕੂ ਹੈਲੀਕੌਪਟਰ ‘ਪ੍ਰਚੰਡ’, ਉੱਨਤ ਹਲਕਾ ਹੈਲੀਕੌਪਟਰ ‘ਧਰੁਵ’, ਮੁੱਖ ਯੁੱਧਕ ਟੈਂਕ ‘ਅਰਜੁਨ’, ‘ਪਿਨਾਕਾ’ ਮਲਟੀ-ਬੈਰਲ ਰਾਕੇਟ ਲਾਂਚਰ, ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ‘ਅਸਤਰ’ ਮਿਜ਼ਾਈਲ ਅਤੇ ਆਧੁਨਿਕ ਡਰੋਨ ਅਤੇ ਡਰੋਨ-ਰੋਧੀ ਪ੍ਰਣਾਲੀਆਂ ਵੀ ਰੱਖਿਆ ਬਲਾਂ ਦੀ ਯੁੱਧ ਸਮਰੱਥਾ ਨੂੰ ਮਜ਼ਬੂਤ ਕਰ ਰਹੀਆਂ ਹਨ। ਪਰ, ‘ਯੇ ਦਿਲ ਮਾਂਗੇ ਮੋਰ’। ਅਸੀਂ ਭਾਰਤ ਵਿੱਚ ਹੀ ਹੋਰ ਵੀ ਆਧੁਨਿਕ ਹਥਿਆਰ, ਅਗਲੀ ਪੀੜ੍ਹੀ ਦੇ ਲੜਾਕੂ ਜਹਾਜ਼, ਪਣਡੁੱਬੀਆਂ ਅਤੇ ਮਿਜ਼ਾਈਲਾਂ ਬਣਾਉਣ ਲਈ ਕੰਮ ਕਰਦੇ ਰਹਾਂਗੇ,” ਉਨ੍ਹਾਂ ਨੇ ਕਿਹਾ।

ਇਸ ਮੌਕੇ ‘ਤੇ ਰਕਸ਼ਾ ਮੰਤਰੀ ਨੇ ਸਮਾਰਕ ‘ਤੇ  ਪੁਸ਼ਪਾਂਜਲੀ ਭੇਟ ਕੀਤੀਆਂ ਅਤੇ 1999 ਦੇ ਆਪ੍ਰੇਸ਼ਨ ਵਿਜੈ ਵਿੱਚ ਸਰਵਉੱਚ ਕੁਰਬਾਨੀ ਦੇਣ ਵਾਲੇ ਵੀਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੋਨ ਧਾਰਿਆ। ਲੱਦਾਖ ਦੇ ਉਪ-ਰਾਜਪਾਲ ਸ਼੍ਰੀ ਵਿਨੈ ਕੁਮਾਰ ਸਕਸੇਨਾ, ਸੈਨਾ ਪ੍ਰਮੁੱਖ ਜਨਰਲ ਧੀਰਜ ਸੇਠ, ਉੱਤਰੀ ਕਮਾਨ ਦੇ ਜਨਰਲ ਔਫੀਸਰ ਕਮਾਂਡਿੰਗ-ਇਨ-ਚੀਫ ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ, 14 ਕੋਰ ਦੇ ਜੀਓਸੀ ਲੈਫਟੀਨੈਂਟ ਜਨਰਲ ਮਦਨਰਾਜ ਪਾਂਡੇ ਅਤੇ 8 ਮਾਊਂਟੇਨ ਡਿਵੀਜ਼ਨ ਦੇ ਜੀਓਸੀ ਮੇਜਰ ਜਨਰਲ ਏ.ਪੀ. ਸਿੰਘ ਨੇ ਵੀ ਸ਼੍ਰੀ ਰਾਜਨਾਥ ਸਿੰਘ ਨਾਲ ਕਾਰਗਿਲ ਯੁੱਧ ਦੇ ਨਾਇਕਾਂ ਨੂੰ ਸ਼ਰਧਾਂਜਲੀ ਦਿੱਤੀ। ਸੀਨੀਅਰ ਸੈਨਿਕ ਅਤੇ ਨਾਗਰਿਕ ਸ਼ਖ਼ਸੀਅਤਾਂ, ਕਾਰਗਿਲ ਯੁੱਧ ਦੇ ਸਾਬਕਾ ਸੈਨਿਕ ਵੀਰਤਾ ਪੁਰਸਕਾਰ ਜੇਤੂ, ਵੀਰ ਨਾਰੀਆਂ, ਸ਼ਹੀਦਾਂ ਦੇ ਪਰਿਵਾਰਕ ਮੈਂਬਰ ਅਤੇ ਸਥਾਨਕ ਨਾਗਰਿਕ ਵੀ ‘ਸ਼ਰਧਾਂਜਲੀ ਸਮਾਰੋਹ’ ਵਿੱਚ ਮੌਜੂਦ ਸਨ।

ਰਕਸ਼ਾ ਮੰਤਰੀ ਨੇ ਵਿਜ਼ਟਰ ਬੁੱਕ ‘ਤੇ ਦਸਤਖ਼ਤ ਕੀਤੇ ਅਤੇ ਦੋ ਗ਼ੈਰ-ਕਮਿਸ਼ਨ ਅਧਿਕਾਰੀਆਂ ਦੁਆਰਾ ਪੇਸ਼ ਕੀਤੀ ਗਈ ‘ਗੌਰਵ ਗਾਥਾ’ ਸੁਣੀ, ਜਿਸ ਵਿੱਚ ਵਿਜੈ ਅਭਿਆਨ ਦੌਰਾਨ ਭਾਰਤੀ ਸੈਨਿਕਾਂ ਦੁਆਰਾ ਪ੍ਰਦਰਸ਼ਿਤ ਸਾਹਸ, ਦ੍ਰਿੜ੍ਹ ਸੰਕਲਪ ਅਤੇ ਅਦੁੱਤੀ ਭਾਵਨਾ ਦਾ ਵਰਣਨ ਕੀਤਾ ਗਿਆ ਸੀ। ਉਨ੍ਹਾਂ ਨੇ ਵਰਚੁਅਲ ਵਾਕਥ੍ਰੂ ਪੋਰਟਲ ਦਾ ਵੀ ਉਦਘਾਟਨ ਕੀਤਾ। ਇਸ ਨੂੰ ਕਾਰਗਿਲ ਯੁੱਧ ਦੇ ਇਤਿਹਾਸ ਅਤੇ ਵਿਰਾਸਤ ਤੱਕ ਵਿਆਪਕ ਜਨਤਕ ਪਹੁੰਚ ਬਣਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਸਮ੍ਰਿਤੀ ਕੁਟੀਆ ਦਾ ਦੌਰਾ ਕੀਤਾ ਅਤੇ ਵੀਰ ਭੂਮੀ ‘ਤੇ ਸ਼ਰਧਾਂਜਲੀ ਭੇਟ ਕੀਤੀ।

 

ਸ਼੍ਰੀ ਰਾਜਨਾਥ ਸਿੰਘ ਨੇ ਚਾਹ ‘ਤੇ ਮੌਜੂਦ ਸ਼ਖ਼ਸੀਅਤਾਂ, ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਵੀ ਗੱਲਬਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਕਾਰਗਿਲ ਵਿਜੈ ਦਿਵਸ ਦੇ ਮੌਕੇ ਆਯੋਜਿਤ ਮੋਟਰਸਾਈਕਲ ਰੈਲੀ ‘ਸ਼ੌਰਯ ਵਿਜੈ ਯਾਤਰਾ’ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜਿਸ ਨੂੰ ਉਨ੍ਹਾਂ ਨੇ 14 ਜੁਲਾਈ, 2026 ਨੂੰ ਨਵੀਂ ਦਿੱਲੀ ਸਥਿਤ ਰਾਸ਼ਟਰੀ ਯੁੱਧ ਸਮਾਰਕ ਤੋਂ ਹਰੀ ਝੰਡੀ ਦਿਖਾਈ ਸੀ।

ਰਕਸ਼ਾ ਮੰਤਰੀ ਨੇ ਦਰਾਸ ਵਿਖੇ ਕਾਰਗਿਲ ਵਿਜੈ ਦਿਵਸ ਦੇ ਮੌਕੇ ‘ਤੇ ਰੱਖਿਆ ਬਲਾਂ ਦੀ ਅਗਵਾਈ ਕੀਤੀ। ਇਸੇ ਮੌਕੇ ‘ਤੇ ਰਕਸ਼ਾ ਰਾਜ ਮੰਤਰੀ ਸ਼੍ਰੀ ਸੰਜੈ ਸੇਠ ਨੇ ਨਵੀਂ ਦਿੱਲੀ ਸਥਿਤ ਰਾਸ਼ਟਰੀ ਯੁੱਧ ਸਮਾਰਕ ‘ਤੇ ਪੁਸ਼ਪਾਂਜਲੀ ਅਰਪਿਤ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਚੀਫ਼ ਆਫ਼ ਡਿਫ਼ੈਂਸ ਸਟਾਫ਼ ਜਨਰਲ ਐੱਨਐੱਸ ਰਾਜਾ ਸੁਬ੍ਰਮਣਿ, ਚੀਫ਼ ਆਫ਼ ਏਅਰ ਸਟਾਫ਼ ਏਅਰ ਚੀਫ਼ ਮਾਰਸ਼ਲ ਏਪੀ ਸਿੰਘ, ਚੀਫ਼ ਆਫ਼ ਨੇਵਲ ਸਟਾਫ਼ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ, ਰੱਖਿਆ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਸਿੰਘ ਅਤੇ ਵਾਈਸ ਚੀਫ਼ ਆਫ਼ ਆਰਮੀ ਸਟਾਫ਼ ਲੈਫ਼ਟੀਨੈਂਟ ਜਨਰਲ ਸੰਦੀਪ ਜੈਨ ਨੇ ਵੀ ਵੀਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

****

 

ਵੀਕੇ/ਨਿਸ਼ਾਂਤ/ਸੈਵੀ/ਏਕੇ


(रिलीज़ आईडी: 2289744) आगंतुक पटल : 9
इस विज्ञप्ति को इन भाषाओं में पढ़ें: Urdu , English , हिन्दी , Marathi , Bengali , Bengali-TR , Assamese , Gujarati , Tamil , Telugu , Kannada , Malayalam